ਖ਼ਾਲਸਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ
ਹੋਲਾ ਮਹੱਲਾ ਸਿੱਖ ਭਾਈਚਾਰੇ ਵਿਚ ਅਹਿਮ ਅਤੇ ਵਿਲੱਖਣ ਸਥਾਨ ਰੱਖਦਾ ਹੈ। ਭਾਰਤ ਦੇ ਬਾਕੀ ਤਿਉਹਾਰਾਂ ਨਾਲੋਂ ਇਸ ਦੀ ਨਿਵੇਕਲੀ ਅਤੇ ਨਿਰਾਲੀ ਸ਼ਾਨ ਹੈ। ਗੁਰੂ ਗੋਬਿੰਦ ਸਿੰਘ ਖ਼ਾਲਸਾ ਫ਼ੌਜ ਵਿਚ ਉਸ ਜਜ਼ਬੇ ਨੂੰ ਸਦਾ ਵਾਸਤੇ ਜਵਾਨ ਰੱਖਣਾ ਚਾਹੁੰਦੇ ਸਨ ਜਿਹੜਾ ਉਨ੍ਹਾਂ...
ਹੋਲਾ ਮਹੱਲਾ ਸਿੱਖ ਭਾਈਚਾਰੇ ਵਿਚ ਅਹਿਮ ਅਤੇ ਵਿਲੱਖਣ ਸਥਾਨ ਰੱਖਦਾ ਹੈ। ਭਾਰਤ ਦੇ ਬਾਕੀ ਤਿਉਹਾਰਾਂ ਨਾਲੋਂ ਇਸ ਦੀ ਨਿਵੇਕਲੀ ਅਤੇ ਨਿਰਾਲੀ ਸ਼ਾਨ ਹੈ। ਗੁਰੂ ਗੋਬਿੰਦ ਸਿੰਘ ਖ਼ਾਲਸਾ ਫ਼ੌਜ ਵਿਚ ਉਸ ਜਜ਼ਬੇ ਨੂੰ ਸਦਾ ਵਾਸਤੇ ਜਵਾਨ ਰੱਖਣਾ ਚਾਹੁੰਦੇ ਸਨ ਜਿਹੜਾ ਉਨ੍ਹਾਂ ਨੇ ਹੱਕ ਅਤੇ ਸੱਚ ਦੀ ਖਾਤਰ ਜੂਝਣ ਲਈ ਜਗਾਇਆ ਸੀ। ਇਸ ਮਨੋਰਥ ਦੀ ਸਿੱਧੀ ਲਈ ਹੀ ਦਸਮ ਪਿਤਾ ਨੇ ਹਿੰਦੁਸਤਾਨ ਦੇ ਰਵਾਇਤੀ ਤਿਉਹਾਰ ‘ਹੋਲੀ’ ਨੂੰ ਸਿੰਘਾਂ ਦੇ ਜੰਗਜੂ ਅਭਿਆਸ ਨਾਲ ਜੋੜ ਦਿੱਤਾ ਅਤੇ ਸਿੱਖੀ ਵਿਚ ਨਵੀਂ ਪਿਰਤ ਪਾ ਦਿੱਤੀ। ਇਸ ਪਿਰਤ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲੇ ਮਹੱਲੇ ਦਾ ਖ਼ਾਲਸਾਈ ਤਿਉਹਾਰ ਮਨਾਇਆ ਜਾਂਦਾ ਹੈ।
ਦਸਵੇਂ ਪਾਤਸ਼ਾਹ ਨੇ 1699 ਈ. ਦੀ ਵਿਸਾਖੀ ਵਾਲੇ ਦਿਨ ਸਾਜੇ ਖ਼ਾਲਸਾ ਪੰਥ ਦਾ ਨਾ ਸਿਰਫ ਲਿਬਾਸ ਹੀ ਬਦਲਿਆ ਸਗੋਂ ਵਿਸ਼ਵਾਸ ਅਤੇ ਅਭਿਆਸ (ਰੀਤੀ-ਰਿਵਾਜ ਤੇ ਤਿਉਹਾਰ ਪੱਖੋਂ) ਵੀ ਬਦਲ ਦਿੱਤਾ। ਇਸ ਬਦਲਾਅ ਤਹਿਤ ਦੇਸ਼ ਭਰ ਵਿਚ ਮਨਾਏ ਜਾਂਦੇ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦਾ ਤਿਉਹਾਰ ਮਨਾਇਆ ਜਾਣ ਲੱਗਾ। ਗੁਰੂ ਜੀ ਨੇ ਹੋਲੇ ਮਹੱਲੇ ਨੂੰ ਖ਼ਾਲਸਾਈ (ਚੜ੍ਹਦੀ ਕਲਾ ਦੇ) ਰੰਗ ਵਿਚ ਰੰਗ ਦਿੱਤਾ। ਸੂਰਬੀਰ ਕਰਤਬਾਂ ਨਾਲ ਭਰਪੂਰ ਹੋਲੇ-ਮਹੱਲੇ ਦੇ ਇਸ ਤਿਉਹਾਰ ਨੂੰ ਖ਼ਾਲਸਾ ਪੰਥ ਵੱਲੋਂ ਮਨਾਉਣ ਦਾ ਮੁੱਖ ਮਨੋਰਥ ਸੀ: ‘ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ।’
ਇਸ ਮਨੋਰਥ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾਈ ਫ਼ੌਜ ਨੂੰ ਦੋ ਜਥਿਆਂ ਵਿਚ ਵੰਡ ਦਿੱਤਾ ਜਾਂਦਾ ਸੀ। ਇਨ੍ਹਾਂ ਦੋਵਾਂ ਦੇ ਵਸਤਰ ਵੀ ਵੱਖ-ਵੱਖ ਹੁੰਦੇ ਸਨ। ਇੱਕ ਜਥਾ ਕਿਲ੍ਹੇ ਰੂਪੀ ਹਵੇਲੀ ਵਿਚ ਪੜਾਅ (ਮਹੱਲਾ) ਕਰਦਾ ਸੀ ਅਤੇ ਦੂਸਰਾ ਜਥਾ ਗੁਰੂ ਜੀ ਦੀ ਅਗਵਾਈ ਹੇਠ ਹੱਲਾ (ਹੋਲਾ) ਬੋਲਦਾ ਸੀ। ਦੋਵਾਂ ਜਥਿਆਂ ਵਿਚ ਖ਼ੂਬ (ਬਣਾਉਟੀ) ਲੜਾਈ ਹੁੰਦੀ ਜਿਸ ਵਿਚ ਜਾਨੀ ਨੁਕਸਾਨ ਤੋਂ ਗ਼ੁਰੇਜ਼ ਕੀਤਾ ਜਾਂਦਾ ਸੀ। ਕਲਗੀਧਰ ਪਿਤਾ ਵੱਲੋਂ ਜੇਤੂ ਜਥੇ ਨੂੰ ਕਈ ਤਰ੍ਹਾਂ ਦੇ ਇਨਾਮਾਂ ਨਾਲ ਨਿਵਾਜਿਆ ਜਾਂਦਾ ਅਤੇ ਕੜਾਹ-ਪ੍ਰਸ਼ਾਦ ਦੇ ਖੁੱਲ੍ਹੇ ਗ਼ੱਫ਼ੇ ਵਰਤਾਏ ਜਾਂਦੇ ਸਨ। ਇਸ ਤਰ੍ਹਾਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ (ਖ਼ਾਲਸੇ) ਵੱਲੋਂ ਮਨਾਇਆ ਜਾਂਦਾ ਹੋਲੇ-ਮਹੱਲੇ ਦਾ ਇਹ ਤਿਉਹਾਰ ਆਪਣਾ ਵਿਲੱਖਣ ਅਤੇ ਨਿਆਰਾ ਪ੍ਰਭਾਵ ਛੱਡ ਜਾਂਦਾ ਸੀ। ਇਸ ਨਿਵੇਕਲੇ ਅਤੇ ਠੋਸ ਪ੍ਰਭਾਵ ਨੂੰ ਨਿਹੰਗ ਸਿੰਘਾਂ ਨੇ ਅੱਜ ਤੱਕ ਵੀ ਕਾਇਮ ਰੱਖਿਆ ਹੋਇਆ ਹੈ। ਇਨ੍ਹਾਂ ਫ਼ੌਜਾਂ ਵੱਲੋਂ ਇਸ ਤਿਉਹਾਰ ਨੂੰ ਹਰ ਸਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਨੂੰ ਦੇਖਣ ਲਈ ਸੰਗਤ ਦੂਰ-ਦੁਰਾਡੇ ਤੋਂ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੀ ਹੈ।
ਹੋਲੇ-ਮਹੱਲੇ ਦੀ ਰੌਣਕ ਵਧਾਉਣ ਅਤੇ ਸਿੱਖੀ ਦੀ ਸ਼ਾਨ ਬਣਾਉਣ ਲਈ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਉਰਫ਼ ਨਿਹੰਗ ਸਿੰਘਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਲੇਖ ਵਿਚ ਪੇਸ਼ ਹੈ ਦਸਮ ਪਾਤਸ਼ਾਹ ਤੋਂ ਵਰੋਸਾਏ ਨਿਰਭਉ ਅਤੇ ਨਿਰਵੈਰ ਬਿਰਤੀ ਦੇ ਮਾਲਕ ਨਿਹੰਗ ਸਿੰਘਾਂ ਬਾਬਤ ਵਿਸ਼ੇਸ਼ ਜਾਣਕਾਰੀ:
1708 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ ਜਿੱਥੇ ਪੰਥ ਨੂੰ ਸਦੀਵੀ ਤੌਰ ’ਤੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜ ਦਿੱਤਾ ਹੈ, ਉੱਥੇ ਨਾਲ ਹੀ ਇਸ (ਪੰਥ) ਦੀ ਚੜ੍ਹਦੀ ਕਲਾ ਲਈ ਕੁਝ ਕੁ ਜਥੇਬੰਦੀਆਂ/ਸੰਪ੍ਰਦਾਵਾਂ ਦੀ ਸਥਾਪਨਾ ਵੀ ਕੀਤੀ। ਇਨ੍ਹਾਂ ਜਥੇਬੰਦੀਆਂ ’ਚੋਂ ਹੀ ਇੱਕ ਸਿਰਕੱਢਵੀਂ ਜਥੇਬੰਦੀ ਨਿਹੰਗ ਸਿੰਘਾਂ ਦੀ ਹੈ, ਜਿਸ ਨੂੰ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਨਿਹੰਗ ਸਿੰਘ ਸਿੱਖ ਪੰਥ ਦਾ ਅਨਿੱਖੜਵਾਂ ਅਤੇ ਅਹਿਮ ਅੰਗ ਹਨ। ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਦੀ ਅੱਡਰੀ ਅਤੇ ਵਿਲੱਖਣ ਪਛਾਣ ਹੈ। ਪੁਰਾਤਨ ਜੰਗੀ ਸਰੂਪ ਅਤੇ ਆਚਾਰ-ਵਿਹਾਰ ਨੂੰ ਸੰਭਾਲਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ‘ਨਿਹੰਗ’ ਸ਼ਬਦ ਫ਼ਾਰਸੀ ਭਾਸ਼ਾ ’ਚੋਂ ਲਿਆ ਗਿਆ ਹੈ ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ ਜਿਸ ਨੂੰ ਮੌਤ ਦਾ ਭੈਅ ਨਾ ਹੋਵੇ।
‘ਚੰਡੀ ਦੀ ਵਾਰ’ ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ:
ਪਹਿਲਾ ਦਲਾ ਮਿਲੰਦਿਆਂ ਭੇੜੁ ਪਾਇਆ ਨਿਹੰਗਾਂ॥
ਭਾਈ ਰਤਨ ਸਿੰਘ ਭੰਗੂ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਨਿਹੰਗ ਸਿੰਘਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ:
ਨਿਹੰਗ ਕਹਾਵੈ ਸੋ ਪੁਰਸ਼, ਦੁਖ ਸੁਖ ਮੰਨੇ ਨਾ ਅੰਗ।
‘ਮਹਾਨ ਕੋਸ਼’ ਦੇ ਪੰਨਾ ਨੰਬਰ 704 ਉੱਪਰ ਨਿਹੰਗ ਸਿੰਘਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ:
‘ਨਿਹੰਗ ਸਿੰਘ, ਸਿੰਘਾਂ ਦਾ ਇੱਕ ਫਿਰਕਾ ਹੈ, ਜੋ ਸੀਸ ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।’
ਪੰਥ ਦੀ ਸ਼ਸਤਰਧਾਰੀ ਧਿਰ ਨਿਹੰਗ ਸਿੰਘਾਂ ਨੂੰ ‘ਅਕਾਲੀ’ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਅਕਾਲ (ਵਾਹਿਗੁਰੂ) ਦੇ ਪੁਜਾਰੀ ਹਨ ਅਤੇ ਅਕਾਲ-ਅਕਾਲ ਜਪਦੇ ਹਨ। ਇਨ੍ਹਾਂ ਦੇ ਵਿਲੱਖਣ ਸਰੂਪ ਬਾਰੇ ਕਈ ਧਾਰਨਾਵਾਂ ਪ੍ਰਚਲਿਤ ਹਨ। ਜੇ ‘ਮਾਲਵਾ ਇਤਿਹਾਸ’ ਦੇ ਸਫ਼ਾ ਨੰਬਰ 436 ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਸਫ਼ਾ ਕਹਿੰਦਾ ਹੈ ਕਿ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕੀਤੇ ਗਏ ਸਨ ਤਾਂ ਉਸ ਵੇਲੇ ਗੁਰੂ ਨਾਨਕ ਨਾਮ-ਲੇਵਾ ਸੰਗਤ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਗੁਰੂ-ਦਰਸ਼ਨਾਂ ਲਈ ਕਿਲ੍ਹੇ ਵੱਲ ਜਾਇਆ ਕਰਦੀ ਸੀ। ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਸੰਗਤ ਦੇ ਅੱਗੇ-ਅੱਗੇ ਚੱਲਿਆ ਕਰਦੇ ਸਨ। ਬਾਬਾ ਜੀ ਦੀ ਇਸ ਪਿਆਰ ਅਤੇ ਦੀਦਾਰ ਭਾਵਨਾ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ, ‘ਬਾਬਾ ਜੀ ਕੁਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਆਪਣੀ ਵੱਖਰੀ ਪਛਾਣ ਸਥਾਪਿਤ ਕਰੇਗਾ।’
ਇੱਕ ਹੋਰ ਧਾਰਨਾ ਅਨੁਸਾਰ ਇੱਕ ਵਾਰ ਸਾਹਿਬਜ਼ਾਦਾ ਫ਼ਤਹਿ ਸਿੰਘ ਸੀਸ ’ਤੇ ਦੁਮਾਲਾ ਸਜਾ ਕੇ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹੋਏ, ਜਿਸ ਨੂੰ ਦੇਖ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇੱਕ ਵਿਚਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ (ਉੱਚ ਦਾ ਪੀਰ ਬਣ ਕੇ) ਚੱਲਣ ਸਮੇਂ ਜਿਹੜਾ ਨੀਲਾ ਬਾਣਾ ਧਾਰਨ ਕੀਤਾ ਸੀ, ਜਦੋਂ ਉਸ ਨੂੰ ਸਾੜਿਆ ਗਿਆ ਤਾਂ ਉਸ ਦੀ ਇੱਕ ਲੀਰ ਭਾਈ ਮਾਨ ਸਿੰਘ ਨੇ ਆਪਣੀ ਦਸਤਾਰ ਵਿਚ ਸਜਾ ਲਈ ਸੀ, ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਆਰੰਭਤਾ ਮੰਨੀ ਜਾਂਦੀ ਹੈ।
ਜਦੋਂ ਮੁਗਲਾਂ ਨੇ ਖ਼ਾਲਸਾ ਪੰਥ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਅਤਿਆਚਾਰੀ ਹੀਲਾ-ਵਸੀਲਾ ਵਰਤਣਾ ਸ਼ੁਰੂ ਕੀਤਾ ਤਾਂ ਉਸ ਸੰਕਟਕਾਲੀ ਸਥਿਤੀ ਦਾ ਟਾਕਰਾ ਕਰਨ ਲਈ ਖ਼ਾਲਸਾ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲੱਗਾ। ਇਸ ਟਾਕਰੇ ਲਈ ਉਸ (ਖ਼ਾਲਸੇ) ਨੇ ਵੱਧ ਤੋਂ ਵੱਧ ਸ਼ਸਤਰ ਰੱਖਣ ਦੇ ਨਾਲ-ਨਾਲ ਆਪਣੀ ਵੱਖਰੀ ਵਰਦੀ ਵੀ ਧਾਰਨ ਕਰ ਲਈ ਜਿਸ ਵਿਚ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਗੋਡਿਆਂ ਤੱਕ ਕਛਹਿਰਾ, ਸਿਰ ’ਤੇ ਉੱਚੀ ਦਸਤਾਰ ਤੇ ਉਸ ਦੁਆਲੇ ਚੱਕਰ ਸਜਾਉਣਾ ਸ਼ਾਮਲ ਹੈ। ਇਸ ਤਰ੍ਹਾਂ ਸ਼ਸਤਰ ਅਤੇ ਬਸਤਰ (ਨਿਹੰਗੀ ਬਾਣੇ) ਦਾ ਧਾਰਨੀ ਹੋ ਕੇ ਖ਼ਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਵਿਚ ਮੈਦਾਨ-ਏ-ਜੰਗ ਵਿਚ ਨਿੱਤਰਦਾ ਰਿਹਾ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਭਾਜੜਾਂ ਪਾਉਂਦਾ ਰਿਹਾ ਹੈ।
ਸਿੱਖ ਧਰਮ ਦੀ ਪਰੰਪਰਾ ਅਤੇ ਗੁਰ-ਮਰਿਆਦਾ ਕਾਇਮ ਰੱਖਣ ਅਤੇ ਗੁਰਧਾਮਾਂ ਦੀ ਸੇਵਾ-ਸੰਭਾਲ ਹਿੱਤ ਨਿਹੰਗ ਸਿੰਘਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਲੋੜ ਪੈਣ ’ਤੇ ਕੁਰਬਾਨੀਆਂ ਵੀ ਕੀਤੀਆਂ ਹਨ। ਪੰਜ ਸ਼ਸਤਰ ਕਿਰਪਾਨ, ਖੰਡਾ, ਬਾਘ ਨਖ, ਤੀਰ-ਕਮਾਨ ਅਤੇ ਚੱਕਰ ਨਿਹੰਗ ਸਿੰਘਾਂ ਨੂੰ ਜਾਨ ਤੋਂ ਵੀ ਪਿਆਰੇ ਹਨ। ਇਨ੍ਹਾਂ ’ਚੋਂ ਬਹੁਤੇ ਨਿੱਕੇ ਅਕਾਰ ਦੇ ਹੁੰਦੇ ਹਨ ਅਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੁਮਾਲੇ ਵਿਚ ਸਜਾ ਕੇ ਰੱਖਦੇ ਹਨ। ਸਿੱਖ ਫੌਜਾਂ ਵਿਚ ਵੱਡੀ ਗਿਣਤੀ ਨਿਹੰਗ ਸਿੰਘਾਂ ਦੀ ਹੀ ਹੁੰਦੀ ਸੀ।
ਉੱਚੇ ਅਤੇ ਸੁੱਚੇ ਕਿਰਦਾਰ ਦੇ ਮਾਲਕ ਨਿਹੰਗ ਸਿੰਘ ਬਹੁਤ ਹੀ ਭਜਨੀਕ, ਸੂਰਬੀਰ, ਨਿਰਭੈ, ਨਿਰਵੈਰ ਅਤੇ ਕਹਿਣੀ-ਕਰਨੀ ਦੇ ਧਨੀ ਹੋਏ ਹਨ। ਸਿੱਖ ਵਿਸ਼ਵਾਸ ਅਤੇ ਇਤਿਹਾਸ ਨੂੰ ਮਾਣ-ਮੱਤਾ ਬਣਾਉਣ ਵਿਚ ਇਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ। ਲੰਮੇ ਸਮੇਂ ਤੋਂ ਕਈ ਸ਼ਹੀਦੀ ਸਥਾਨਾਂ ਅਤੇ ਡੇਰਿਆਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਹੰਗ ਸਿੰਘਾਂ ਵੱਲੋਂ ਨਿਭਾਈ ਜਾ ਰਹੀ ਹੈ। ਇਨ੍ਹਾਂ ਦੇ ਡੇਰਿਆਂ ਨੂੰ ‘ਛਾਉਣੀਆਂ’ ਕਿਹਾ ਜਾਂਦਾ ਹੈ। ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਵਿਸਾਖੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਿਨਾਂ ਅਧੂਰੇ ਮੰਨੇ ਜਾਂਦੇ ਹਨ। ਹੋਲੇ-ਮਹੱਲੇ ਦੇ ਰੰਗ ਤਾਂ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਗ਼ੈਰ ਉੱਘੜਦੇ ਹੀ ਨਹੀਂ। ਸਰਬ-ਲੋਹ ਦੇ ਬਰਤਨਾਂ ਅਤੇ ਘੋੜਿਆਂ ਨਾਲ ਨਿਹੰਗ ਸਿੰਘਾਂ ਨੂੰ ਵਿਸ਼ੇਸ਼ ਪ੍ਰੇਮ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸ਼ਸਤਰਾਂ ਨੂੰ ਵੀ ਅੰਗ-ਸੰਗ ਰੱਖਦੇ ਹਨ।
ਨਿਹੰਗ ਸਿੰਘਾਂ ਦੀ ਬੋਲ-ਬਾਣੀ ਵੀ ਵਿਲੱਖਣ ਅਤੇ ਰੋਚਕਤਾ ਭਰਪੂਰ ਹੁੰਦੀ ਹੈ। ਤੰਗੀ-ਤੁਰਸ਼ੀ ਵਾਲੀ ਸਥਿਤੀ ਨੂੰ ਚੜ੍ਹਦੀ ਕਲਾ ਵਾਲੀ ਨਜ਼ਰ ਨਾਲ ਦੇਖਣਾ ਇਸ ਬੋਲ-ਬਾਣੀ ਦਾ ਅਹਿਮ ਪੱਖ ਰਿਹਾ ਹੈ। ਇਸੇ ਕਰਕੇ ਹੀ ਇਸ ਬੋਲ-ਬਾਣੀ ਨੂੰ ‘ਗੜਗੱਜ ਬੋਲਿਆਂ’ ਦਾ ਨਾਮ ਦਿੱਤਾ ਜਾਂਦਾ ਹੈ। ਇਨ੍ਹਾਂ ਬੋਲਿਆਂ ਤਹਿਤ ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣ ਦੰਗ ਰਹਿ ਜਾਂਦੇ ਸਨ ਅਤੇ ਮੈਦਾਨ ਛੱਡ ਜਾਂਦੇ ਸਨ। ਇਹ ‘ਗੜਗੱਜ ਬੋਲੇ’ ਸਿਰਫ਼ ਸ਼ਬਦਾਵਲੀ ਨਹੀਂ, ਸਗੋਂ ਜੀਵਨ ਜਿਊਣ ਦਾ ਉਹ ਫਲਸਫ਼ਾ ਹਨ ਜੋ ਸਿਖਾਉਂਦੇ ਹਨ ਕਿ ਖਾਲਸਾ ਕਦੇ ਵੀ ਨਿਰਾਸ਼ ਨਹੀਂ ਹੁੰਦਾ। ਸੋ, ਨਿਹੰਗ ਸਿੰਘਾਂ ਦਾ ਸਮੁੱਚਾ ਜੀਵਨ ਭਗਤੀ ਅਤੇ ਸ਼ਕਤੀ ਦਾ ਅਨੋਖਾ ਸੁਮੇਲ ਹੈ। ਗੁਰੂ ਸਾਹਿਬ ਦੀ ਬਖਸ਼ੀ ਹੋਈ ਮਰਿਆਦਾ ਨੂੰ ਇੰਨ-ਬਿੰਨ ਨਿਭਾਉਂਦੇ ਹੋਏ, ਇਹ ਸਿੰਘ ਅੱਜ ਵੀ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਸ਼ਾਨ ਨੂੰ ਚਾਰ ਚੰਨ ਲਗਾ ਰਹੇ ਹਨ।
ਸੰਪਰਕ: 94631-32719

