ਸਰਕਾਰ-ਏ-ਖ਼ਾਲਸਾ ਦੇ ਦੌਰ ਦਾ ਗਵਾਹ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ
ਅੰਮ੍ਰਿਤਸਰ ਸਥਿਤ ਕਿਲ੍ਹਾ ਗੋਬਿੰਦਗੜ੍ਹ ਸਿੱਖ ਇਤਿਹਾਸ ਦਾ ਉਹ ਤਵਾਰੀਖ਼ੀ ਪੰਨਾ ਹੈ, ਜਿਸ ’ਚੋਂ ਸਿੱਖ ਮਿਸਲਾਂ ਦੇ ਸੰਘਰਸ਼ ਤੋਂ ਲੈ ਕੇ ਸਰਕਾਰ-ਏ-ਖ਼ਾਲਸਾ ਦੇ ਸ਼ਾਨਦਾਰ ਦੌਰ ਦੀ ਝਲਕ ਦੇਖੀ ਜਾ ਸਕਦੀ ਹੈ। ਕਿਲ੍ਹਾ ਗੋਬਿੰਦਗੜ੍ਹ, ਸਰਕਾਰ-ਏ-ਖ਼ਾਲਸਾ ਦਾ ਪ੍ਰਮੁੱਖ ਕਿਲ੍ਹਾ ਸੀ ਅਤੇ ਦੁਨੀਆ ਦਾ...
ਅੰਮ੍ਰਿਤਸਰ ਸਥਿਤ ਕਿਲ੍ਹਾ ਗੋਬਿੰਦਗੜ੍ਹ ਸਿੱਖ ਇਤਿਹਾਸ ਦਾ ਉਹ ਤਵਾਰੀਖ਼ੀ ਪੰਨਾ ਹੈ, ਜਿਸ ’ਚੋਂ ਸਿੱਖ ਮਿਸਲਾਂ ਦੇ ਸੰਘਰਸ਼ ਤੋਂ ਲੈ ਕੇ ਸਰਕਾਰ-ਏ-ਖ਼ਾਲਸਾ ਦੇ ਸ਼ਾਨਦਾਰ ਦੌਰ ਦੀ ਝਲਕ ਦੇਖੀ ਜਾ ਸਕਦੀ ਹੈ। ਕਿਲ੍ਹਾ ਗੋਬਿੰਦਗੜ੍ਹ, ਸਰਕਾਰ-ਏ-ਖ਼ਾਲਸਾ ਦਾ ਪ੍ਰਮੁੱਖ ਕਿਲ੍ਹਾ ਸੀ ਅਤੇ ਦੁਨੀਆ ਦਾ ਪ੍ਰਸਿੱਧ ਕੋਹੇਨੂਰ ਹੀਰਾ ਵੀ ਕਦੇ ਇਸ ਕਿਲ੍ਹੇ ਦੀ ਸ਼ਾਨ ਰਿਹਾ ਹੈ। ਅੰਮ੍ਰਿਤਸਰ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ 43 ਏਕੜ ਰਕਬੇ ਵਿੱਚ ਬਣਾਏ ਗਏ ਇਸ ਕਿਲ੍ਹੇ ਨੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਹਮਲਾਵਰਾਂ ਤੋਂ ਸੁਰੱਖਿਅਤ ਰੱਖਿਆ ਅਤੇ ਆਪਣੀ ਵਿਲੱਖਣ ਪਛਾਣ ਸਦਕਾ ਇਹ ਕਿਲ੍ਹਾ ਅੱਜ ਤੱਕ ਸ਼ਾਨਦਾਰ ਇਤਿਹਾਸਕ ਜ਼ਖੀਰਿਆਂ ਵਿੱਚ ਸ਼ਾਮਲ ਹੈ।
18ਵੀਂ ਸਦੀ ਦੇ ਅੱਧ ਵਿੱਚ ਜਦੋਂ ਸਿੱਖ ਮਿਸਲਾਂ ਨੇ ਬਹਾਦਰੀ ਨਾਲ ਅਫ਼ਗਾਨਾਂ ਅਤੇ ਮੁਗਲਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਕੇ ਪੰਜਾਬ ਦੇ ਆਪੋ-ਆਪਣੇ ਇਲਾਕਿਆਂ ਵਿੱਚ ਖ਼ਾਲਸਾਈ ਝੰਡੇ ਲਹਿਰਾ ਦਿੱਤੇ, ਤਾਂ ਮਿਸਲਾਂ ਵਿੱਚੋਂ ਸਭ ਤੋਂ ਤਾਕਤਵਰ ਭੰਗੀ ਮਿਸਲ ਨੇ ਅੰਮ੍ਰਿਤਸਰ ਨੂੰ ਆਪਣੇ ਪ੍ਰਬੰਧ ਅਧੀਨ ਲੈ ਲਿਆ। ਭੰਗੀ ਮਿਸਲ ਦੇ ਸਰਦਾਰ ਗੁੱਜਰ ਸਿੰਘ ਭੰਗੀ ਦੀ ਅਗਵਾਈ ਹੇਠ ਸੰਨ 1760 ਵਿੱਚ ਅੰਮ੍ਰਿਤਸਰ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਕੱਚਾ ਕਿਲ੍ਹਾ ਉਸਾਰਿਆ ਗਿਆ। ਸਿੱਖਾਂ ਵੱਲੋਂ ਰਾਮਰੌਣੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਉਸਾਰਿਆ ਜਾਣ ਵਾਲਾ ਇਹ ਦੂਜਾ ਕਿਲ੍ਹਾ ਸੀ। ਉਸ ਵੇਲੇ ਮਹਿਜ਼ ਮਿੱਟੀ ਦਾ ਬਣਿਆ ਹੋਣ ਕਰਕੇ ਇਹ ਕਿਲ੍ਹਾ ‘ਮਿੱਟੀ ਦੇ ਕਿਲ੍ਹੇ’ ਅਤੇ ਭੰਗੀਆਂ ਵੱਲੋਂ ਬਣਵਾਏ ਜਾਣ ਕਰਕੇ ‘ਭੰਗੀਆਂ ਦੇ ਕਿਲ੍ਹੇ’ ਵਜੋਂ ਜਾਣਿਆ ਜਾਂਦਾ ਸੀ। ਸਮਾਂ ਬੀਤਿਆ ਅਤੇ ਸੰਨ 1800 ਵਿੱਚ ਗੁੱਜਰ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਜਦੋਂ ਗੁਰਦਿੱਤ ਸਿੰਘ ਭੰਗੀ ਨੇ ਮਿਸਲ ਦੀ ਵਾਗਡੋਰ ਆਪਣੀ ਮਾਂ, ਮਾਈ ਸੁੱਖਾਂ ਦੀ ਮਦਦ ਨਾਲ ਸੰਭਾਲੀ ਤਾਂ ਮਿਸਲ ਵਿੱਤੀ ਸੰਕਟਾਂ ’ਚ ਘਿਰ ਗਈ।
ਮਹਾਰਾਜਾ ਰਣਜੀਤ ਸਿੰਘ, ਜੋ ਉਸ ਸਮੇਂ ਲਾਹੌਰ ’ਤੇ ਕਾਬਜ਼ ਸਨ, ਪੰਜਾਬ ਦੀ ਰਾਜਨੀਤਕ ਰਾਜਧਾਨੀ ਲਾਹੌਰ ਤੇ ਸਿੱਖਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਨੂੰ ਮਿਲਾਉਣਾ ਚਾਹੁੰਦੇ ਸਨ। ਰਣਜੀਤ ਸਿੰਘ ਅੰਮ੍ਰਿਤਸਰ ਉੱਤੇ ਅਧਿਕਾਰ ਤੋਂ ਬਗੈਰ ਆਪਣੇ ਆਪ ਨੂੰ ਅਧੂਰਾ ਸਮਝਦੇ ਸਨ।
ਇਤਿਹਾਸਕਾਰ ਹਰੀ ਰਾਮ ਗੁਪਤਾ ਆਪਣੀ ਕਿਤਾਬ ‘ਹਿਸਟਰੀ ਆਫ ਸਿੱਖਸ’ ਦੇ ਭਾਗ ਪੰਜਵੇਂ ਵਿੱਚ ਲਿਖਦੇ ਹਨ ਕਿ ਰਣਜੀਤ ਸਿੰਘ ਨੇ ਮਾਈ ਸੁੱਖਾਂ ਕੋਲ ਪੇਸ਼ਕਸ਼ ਭੇਜੀ ਕਿ ਉਹ ਅੰਮ੍ਰਿਤਸਰ ਸ਼ਹਿਰ ਅਤੇ ਕਿਲ੍ਹਾ ਗੋਬਿੰਦਗੜ੍ਹ ਉਨ੍ਹਾਂ ਦੇ ਹਵਾਲੇ ਕਰ ਦੇਵੇ। ਮਾਈ ਸੁੱਖਾਂ ਨੇ ਰਣਜੀਤ ਸਿੰਘ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸ ਤੋਂ ਬਾਅਦ 1802 ਦੇ ਦਸੰਬਰ ਮਹੀਨੇ ਵਿੱਚ ਰਣਜੀਤ ਸਿੰਘ ਨੇ ਆਪਣੀ ਸੱਸ ਅਤੇ ਘਨੱਈਆ ਮਿਸਲ ਦੀ ਮਿਸਲਦਾਰ ਸਦਾ ਕੌਰ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨਾਲ ਮਿਲ ਕੇ ਅੰਮ੍ਰਿਤਸਰ ਉੱਪਰ ਚੜ੍ਹਾਈ ਕਰ ਦਿੱਤੀ। ਭੰਗੀ ਮਿਸਲ ਦੀ ਸਰਦਾਰਨੀ ਮਾਈ ਸੁੱਖਾਂ ਅਤੇ ਉਸ ਦੇ ਪੁੱਤਰ ਗੁਰਦਿੱਤ ਸਿੰਘ ਵੱਲੋਂ ਅੰਮ੍ਰਿਤਸਰ ਨੂੰ ਆਪਣੇ ਅਧੀਨ ਰੱਖਣ ਲਈ ਪੂਰਾ ਯਤਨ ਕੀਤਾ ਗਿਆ, ਪਰ ਰਣਜੀਤ ਸਿੰਘ ਅੱਗੇ ਕੋਈ ਪੇਸ਼ ਨਾ ਜਾਂਦੀ ਦੇਖ ਕੇ ਆਖ਼ਰ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਕਿਲ੍ਹੇ ‘ਰਾਮਗੜ੍ਹ’ ਵਿੱਚ ਜਾ ਕੇ ਸ਼ਰਨ ਲੈਣੀ ਪਈ। ਰਣਜੀਤ ਸਿੰਘ ਨੇ ਗੋਬਿੰਦਗੜ੍ਹ ਕਿਲ੍ਹੇ, ਜ਼ਮਜ਼ਮਾ ਤੋਪ ਸਮੇਤ ਅੰਮ੍ਰਿਤਸਰ ਸਥਿਤ ਭੰਗੀ ਮਿਸਲ ਦੇ ਸਾਰੇ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ। ਕਿਲ੍ਹਾ ਫ਼ਤਹਿ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਤੇ ਭੰਗੀ ਸਰਦਾਰਾਂ ਨੂੰ ਕਈ ਪਿੰਡਾਂ ਦੀ ਜਗੀਰ ਦੇ ਦਿੱਤੀ।
ਅੰਮ੍ਰਿਤਸਰ ਵਿੱਚ ਗੁੱਜਰ ਸਿੰਘ ਭੰਗੀ ਦੇ ਕਿਲ੍ਹੇ, ਜਿਸ ਨੂੰ ‘ਕਿਲ੍ਹਾ ਭੰਗੀਆਂ’ ਅਤੇ ‘ਲੋਹਗੜ੍ਹ’ ਵੀ ਕਿਹਾ ਜਾਂਦਾ ਸੀ, ਦਾ ਨਾਮ ਬਦਲ ਕੇ ‘ਗੋਬਿੰਦਗੜ੍ਹ ਕਿਲ੍ਹਾ’ ਰੱਖਿਆ ਗਿਆ। ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ 1808-09 ਵਿੱਚ ਮੁੜ ਤਿਆਰ ਕਰਵਾਇਆ। ਇਸ ਕਿਲ੍ਹੇ ਨੂੰ ਖ਼ਜ਼ਾਨੇ ਵਜੋਂ ਵਰਤਿਆ ਜਾਂਦਾ ਸੀ, ਜਿੱਥੇ ਨਕਦ ਰਕਮ, ਗਹਿਣੇ, ਕੋਹਿਨੂਰ ਵਰਗੇ ਹੀਰੇ ਅਤੇ ਹੋਰ ਕੀਮਤੀ ਵਸਤਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ।
ਇਸ ਦੇ ਚਾਰੇ ਪਾਸੇ ਕੱਚੀਆਂ ਇੱਟਾਂ ਦੀ ਇੱਕ ਵੱਡੀ ਕੰਧ ਸੀ, ਜਿਸ ਵਿੱਚ 8 ਬੁਰਜ ਅਤੇ 2 ਵੱਡੇ ਦਰਵਾਜ਼ੇ ਸਨ। ਇਸ ਦੇ ਆਲੇ-ਦੁਆਲੇ ਪੱਕੀਆਂ ਇੱਟਾਂ ਅਤੇ ਚੂਨੇ ਨਾਲ ਬਣੀ ਡੂੰਘੀ ਅਤੇ ਚੌੜੀ ਖੱਡ ਸੀ। ਦੋਵੇਂ ਡਿਉਢੀਆਂ ਦੇ ਬਾਹਰ ਵੱਡੇ ਦਮਦਮੇ ਬਣਾਏ ਗਏ ਸਨ। ਤਕਰੀਬਨ 2,000 ਸਿਪਾਹੀ ਹਮੇਸ਼ਾ ਇਸ ਦੀ ਰਾਖੀ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਲ੍ਹਾ ਗੋਬਿੰਦਗੜ੍ਹ ਦੀ ਦੇਖਭਾਲ ਇਮਾਮ-ਉਦ-ਦੀਨ ਨੂੰ ਸੌਂਪੀ ਗਈ ਸੀ, ਜੋ ਫਕੀਰ ਅਜ਼ੀਜ਼-ਉਦ-ਦੀਨ ਦਾ ਭਰਾ ਸੀ।
ਮੁੜ-ਉਸਾਰੀ ਤੋਂ ਬਾਅਦ ਇਹ ਮਿੱਟੀ ਦੇ ਕਿਲ੍ਹੇ ਤੋਂ ਬਦਲ ਕੇ ਆਲੀਸ਼ਾਨ ਕਿਲ੍ਹੇ ’ਚ ਤਬਦੀਲ ਹੋ ਗਿਆ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਰਹਿੰਦੇ ਸਨ ਅਤੇ ਉਹ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਕਿਲ੍ਹਾ ਗੋਬਿੰਦਗੜ੍ਹ ਵਿੱਚ ਵੀ ਆਉਂਦੇ ਸਨ। ਸਰਕਾਰ-ਏ-ਖ਼ਾਲਸਾ ਵੇਲੇ ਕਿਲ੍ਹਾ ਗੋਬਿੰਦਗੜ੍ਹ ਨੇ ਇਤਿਹਾਸ ਦਾ ਬਹੁਤ ਸ਼ਾਨਦਾਰ ਦੌਰ ਦੇਖਿਆ ਅਤੇ ਇਹ ਕਿਲ੍ਹਾ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ। ਸਿੱਖਾਂ ਵੱਲੋਂ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਸੁਰੱਖਿਆ ਲਈ ਬਣਾਇਆ ਗਿਆ ਇਹ ਦੂਸਰਾ ਕਿਲ੍ਹਾ ਇਤਿਹਾਸ ਵਿੱਚ ਆਪਣਾ ਖ਼ਾਸ ਮੁਕਾਮ ਹਾਸਲ ਕਰ ਚੁੱਕਾ ਸੀ।
ਭਾਵੇਂ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ‘ਰਾਮ ਬਾਗ’ ’ਚ ਆਪਣੇ ਲਈ ਸ਼ਾਹੀ ਰਿਹਾਇਸ਼ ਵੀ ਬਣਾ ਲਈ ਗਈ ਸੀ, ਪਰ ਮਹਾਰਾਜਾ ਰਣਜੀਤ ਸਿੰਘ ਆਪਣੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਅਕਸਰ ਹੀ ਕਿਲ੍ਹਾ ਗੋਬਿੰਦਗੜ੍ਹ ਵਿੱਚ ਵੀ ਜਾਂਦੇ ਸਨ ਅਤੇ ਆਪਣੇ ਸਿੱਖ ਜਰਨੈਲਾਂ ਅਤੇ ਫ਼ੌਜਾਂ ਨੂੰ ਮਿਲਦੇ ਸਨ।
27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਬਣੇ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਅਤੇ ਸ਼ੇਰ ਸਿੰਘ ਦੇ ਕਤਲਾਂ ਤੋਂ ਬਾਅਦ ਅੰਗਰੇਜ਼ ਹਕੂਮਤ ਨੇ 29 ਮਾਰਚ 1849 ਨੂੰ ਖ਼ਾਲਸਾ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਤੋਂ ਧੋਖੇ ਅਤੇ ਗਦਾਰੀ ਨਾਲ ਰਾਜ ਹਥਿਆ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਸਰਕਾਰ-ਏ-ਖ਼ਾਲਸਾ ਨੂੰ ਖ਼ਤਮ ਕਰਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ’ਚ ਸ਼ਾਮਲ ਕਰ ਲਿਆ।
ਸਿੱਖ ਰਾਜ ਦੇ ਪਤਨ ਤੋਂ ਬਾਅਦ ਵਾਰੀ ਆਈ ਅੰਗਰੇਜ਼ੀ ਹੁਕਮਰਾਨਾਂ ਦੀ। ਅੰਗਰੇਜ਼ ਹੁਕਮਰਾਨਾਂ ਨੇ ਲੋੜ ਮੁਤਾਬਕ ਕਿਲ੍ਹਾ ਗੋਬਿੰਦਗੜ੍ਹ ਦੀ ਰੂਪ-ਰੇਖਾ ਬਦਲੀ ਅਤੇ ਕਿਲ੍ਹੇ ’ਚ ਫਾਂਸੀ ਘਰ, ਦਰਬਾਰ ਹਾਲ, ਕਲੋਰੋਨੋਮ ਘਰ ਅਤੇ ਡਾਇਰ ਬੰਗਲੇ ਜਿਹੀਆਂ ਇਮਾਰਤਾਂ ਨੂੰ ਸ਼ਾਮਲ ਕੀਤਾ। ਸੰਨ 1947 ਦੀ ਵੰਡ ਅਤੇ ਕਤਲੇਆਮ ਦੇ ਸਮੇਂ ਕਿਲ੍ਹਾ ਗੋਬਿੰਦਗੜ੍ਹ ਨੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਮੁਹਾਜ਼ਰਾਂ ਦੀ ਸ਼ਰਨਾਗਤ ਦਾ ਕੰਮ ਵੀ ਬਖ਼ੂਬੀ ਨਿਭਾਇਆ।
ਸੰਨ 1947 ਤੋਂ ਬਾਅਦ ਕਿਲ੍ਹਾ ਗੋਬਿੰਦਗੜ੍ਹ ਭਾਰਤੀ ਫ਼ੌਜ ਅਧੀਨ ਆ ਗਿਆ, ਜਿਸ ਕਾਰਨ ਆਮ ਲੋਕਾਂ ਦੇ ਕਿਲ੍ਹੇ ਅੰਦਰ ਜਾਣ ’ਤੇ ਪਾਬੰਦੀ ਲੱਗ ਗਈ। ਪੰਜਾਬ ਸਰਕਾਰ ਨੇ ਸੰਨ 1964 ਵਿੱਚ ਇਸ ਕਿਲ੍ਹੇ ਨੂੰ ਸੁਰੱਖਿਅਤ ਇਤਿਹਾਸਕ ਸਮਾਰਕ ਦਾ ਦਰਜਾ ਦੇ ਦਿੱਤਾ। ਪੰਜਾਬ ਸਰਕਾਰ ਨੇ ਸੰਨ 2012 ਵਿੱਚ ਇਸ ਇਤਿਹਾਸਕ ਕਿਲ੍ਹੇ ਦੀ ਮੁਰੰਮਤ ਕਰਵਾ ਕੇ ਸੰਨ 2017 ’ਚ ਇਸ ਕਿਲ੍ਹੇ ਦੇ ਸ਼ਾਹੀ ਦਰਵਾਜ਼ੇ ਆਮ ਜਨਤਾ ਲਈ ਖੋਲ੍ਹ ਦਿੱਤੇ।
ਅੱਜ ਇਸ ਕਿਲ੍ਹੇ ਵਿੱਚ ਪੁਰਾਤਨ ਬਣਤਰ ਨੂੰ ਬਰਕਰਾਰ ਰੱਖਦਿਆਂ ਤੋਸ਼ਾਖਾਨਾ, ਜਿਸ ’ਚ ਪੁਰਾਣੇ ਸਮੇਂ ਦੇ ਸਿੱਕਿਆਂ ਤੇ ਕੋਹਿਨੂਰ ਹੀਰੇ ਦੀ ਨਕਲ ਰੱਖੀ ਗਈ ਹੈ, ਨੂੰ ਸ਼ਾਮਲ ਕੀਤਾ ਗਿਆ ਹੈ। ਇੱਥੇ ਬਰਤਾਨੀਆ ’ਚ ਬਣੀ 1863 ਦੀ ਘੰਟੀ ਵੀ ਦੇਖੀ ਜਾ ਸਕਦੀ ਹੈ। ਡਾਇਰ ਬੰਗਲੇ ਨੂੰ ਬਦਲ ਕੇ ਅਜਾਇਬ ਘਰ ਬਣਾਇਆ ਗਿਆ ਹੈ, ਜਿਸ ’ਚ ਸਿਲੀਕੋਨ ਦੇ ਬੁੱਤ ਰੱਖੇ ਗਏ ਹਨ। ਨਵੀਆਂ ਤਕਨੀਕਾਂ ਭਾਵ ਸੈਵਨ-ਡੀ ਸ਼ੋਅ ਅਤੇ ‘ਕੰਧਾਂ ਬੋਲਦੀਆਂ’ ਲੇਜ਼ਰ ਸ਼ੋਅ ਰਾਹੀਂ ਲੋਕਾਂ ਨੂੰ ਪੁਰਾਣੇ ਇਤਿਹਾਸ ’ਚ ਲਿਜਾ ਕੇ ਇਤਿਹਾਸ ਨਾਲ ਤਾਰੁਫ਼ ਕਰਵਾਇਆ ਜਾਂਦਾ ਹੈ।
ਕਿਲ੍ਹੇ ਦੇ ਵਿਹੜੇ ਬਣੇ ਮੰਚ ’ਤੇ ਪੰਜਾਬ ਦੇ ਲੋਕ-ਨਾਚ ਗਿੱਧੇ, ਭੰਗੜੇ ਤੇ ਗੱਤਕਾ ਦੀਆਂ ਪੇਸ਼ਕਾਰੀਆਂ ਰਾਹੀਂ ਸੈਲਾਨੀਆਂ ਦਾ ਮਨ ਮੋਹਿਆ ਜਾਂਦਾ ਹੈ। ਅੰਮ੍ਰਿਤਸਰੀ ਜ਼ਾਇਕਾ, ਪੰਜਾਬੀ ਪਹਿਰਾਵਿਆਂ ਦਾ ਹਾਟ-ਬਾਜ਼ਾਰ, ਖੇਡਾਂ, ਊਠ ਤੇ ਘੋੜੇ ਦੀ ਸਵਾਰੀ ਆਦਿ ਰਾਹੀਂ ਪੰਜਾਬ ਦੇ ਬਹੁਰੰਗਾਂ ਨੂੰ ਦੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ।
ਕਿਲ੍ਹਾ ਗੋਬਿੰਦਗੜ੍ਹ ਨੇ ਭਾਵੇਂ ਅੱਜ ਵੀ ਆਪਣੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਿਆ ਹੋਇਆ ਹੈ। ਅੰਮ੍ਰਿਤਸਰ ਆਉਂਦੇ ਦੇਸ਼-ਵਿਦੇਸ਼ ਦੇ ਸੈਲਾਨੀ ਹੋਰ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਇਲਾਵਾ ਕਿਲ੍ਹਾ ਗੋਬਿੰਦਗੜ੍ਹ ਵੀ ਪਹੁੰਚਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬਹੁਤ ਘੱਟ ਪੰਜਾਬੀ ਕਿਲ੍ਹਾ ਗੋਬਿੰਦਗੜ੍ਹ ਨੂੰ ਦੇਖਣ ਲਈ ਪਹੁੰਚਦੇ ਹਨ। ਇਹੀ ਹਾਲ ਅੰਮ੍ਰਿਤਸਰ ਸਥਿਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਰਾਮ ਬਾਗ ਅਤੇ ਉਸ ਵਿੱਚ ਬਣੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦਾ ਹੈ, ਉਸ ਬਾਰੇ ਵੀ ਬਹੁਤੇ ਪੰਜਾਬੀਆਂ ਨੂੰ ਜਾਣਕਾਰੀ ਨਹੀਂ ਹੈ।
ਕਿਲ੍ਹਾ ਗੋਬਿੰਦਗੜ੍ਹ ਸਿਰਫ ਇੱਟਾਂ ਤੇ ਗਾਰੇ ਦੀਆਂ ਕੰਧਾਂ ਦਾ ਕਿਲ੍ਹਾ ਹੀ ਨਹੀਂ ਹੈ, ਸਗੋਂ ਇਹ ਸਿੱਖ ਇਤਿਹਾਸ ਦੇ ਉਹ ਪੰਨੇ ਹਨ, ਜਿਨ੍ਹਾਂ ਉੱਪਰ ਪੰਜਾਬੀ ਮਾਣ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਇਸ ਕਿਲ੍ਹੇ ਨੂੰ ਕਿਸੇ ਵੀ ਤਰ੍ਹਾਂ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਘੱਟ ਨਹੀਂ ਸੀ ਬਣਾਇਆ। ਜੇ ਸਿੱਖ ਮਿਸਲਾਂ ਦੇ ਦੌਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਾਨ ਨੂੰ ਦੇਖਣਾ ਤੇ ਮਹਿਸੂਸ ਕਰਨਾ ਹੋਵੇ ਤਾਂ ਕਿਲ੍ਹਾ ਗੋਬਿੰਦਗੜ੍ਹ ਇੱਕ ਬਿਹਤਰੀਨ ਥਾਂ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਦੇ ਨਾਮ ਉੱਪਰ ਬਣੇ ਸਰਕਾਰ-ਏ-ਖ਼ਾਲਸਾ ਦੇ ਇਸ ਸ਼ਾਹੀ ਕਿਲ੍ਹੇ ਗੋਬਿੰਦਗੜ੍ਹ ਦਾ ਮਰਤਬਾ ਹਮੇਸ਼ਾ ਉੱਚਾ ਰਹੇਗਾ।
ਸੰਪਰਕ: 98155-77574
