ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਾਥੀ
ਗੁਰੂ ਤੇਗ ਬਹਾਦਰ ਦੀ ਕੁਰਬਾਨੀ ਲਾਸਾਨੀ ਹੈ। ਦੂਜਿਆਂ ਲਈ ਆਪਣਾ ਸਿਰ ਦੇਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ, ਉਹ ਵੀ ਉਦੋਂ ਜਦੋਂ ਤੁਸੀਂ ਉਸ ਜਨੇਊ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜਿਸ ਨੂੰ ਸ਼ਾਹੀ ਤਖ਼ਤ ਲੁਹਾ ਰਿਹਾ ਹੈ। ਇੱਥੋਂ ਤੱਕ ਕਿ ਪਹਿਲੇ ਗੁਰੂ...
ਗੁਰੂ ਤੇਗ ਬਹਾਦਰ ਦੀ ਕੁਰਬਾਨੀ ਲਾਸਾਨੀ ਹੈ। ਦੂਜਿਆਂ ਲਈ ਆਪਣਾ ਸਿਰ ਦੇਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ, ਉਹ ਵੀ ਉਦੋਂ ਜਦੋਂ ਤੁਸੀਂ ਉਸ ਜਨੇਊ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜਿਸ ਨੂੰ ਸ਼ਾਹੀ ਤਖ਼ਤ ਲੁਹਾ ਰਿਹਾ ਹੈ। ਇੱਥੋਂ ਤੱਕ ਕਿ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਤਾਂ ਉਸ ਜਨੇਊ ਨੂੰ ਪਾਉਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਪਰ ਗੁਰੂ ਜੀ ਦਾ ਅਕੀਦਾ ਸੀ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।
ਅਰਥਾਤ, ਨਾ ਕਿਸੇ ਨੂੰ ਡਰਾਉਣਾ ਹੈ ਅਤੇ ਨਾ ਕਿਸੇ ਤੋਂ ਡਰਨਾ ਹੈ। ਦੂਜਾ, ਜਦੋਂ ਕੋਈ ਫ਼ਰਿਆਦੀ ਦਰ ਉੱਤੇ ਆ ਹੀ ਗਿਆ, ਤਾਂ ਖਾਲੀ ਹੱਥ ਨਹੀਂ ਮੋੜਨਾ।
ਗੁਰੂ ਤੇਗ ਬਹਾਦਰ ਦੀ ਸ਼ਹੀਦੀ ਪਿੱਛੇ ਕੋਈ ਰਾਜਸੀ ਕਾਰਨ ਨਹੀਂ ਸੀ, ਬਲਕਿ ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਸੀ, ਜਿਸ ਰਾਹੀਂ ਉਹ ਇਸ ‘ਦਾਰੁਲ ਹਰਬ’ (ਕਾਫ਼ਰਾਂ ਦੀ ਧਰਤੀ) ਨੂੰ ‘ਦਾਰੁਲ ਇਸਲਾਮ’ (ਮੋਮਨਾਂ ਦੀ ਧਰਤੀ) ਵਿੱਚ ਬਦਲਣਾ ਚਾਹੁੰਦਾ ਸੀ। ਭਾਵੇਂ ਗੁਰੂ ਸਾਹਿਬ ਜਨੇਊ ਨਹੀਂ ਪਹਿਨਦੇ ਸਨ, ਪਰ ਕਿਸੇ ਦਾ ਜਨੇਊ ਉਤਾਰਨ ਤੋਂ ਉਨ੍ਹਾਂ ਨੂੰ ਸਖ਼ਤ ਗਿਲਾ ਸੀ।
ਉਨ੍ਹਾਂ ਦੀ ਕੁਰਬਾਨੀ ਬਾਰੇ ਬੜਾ ਕੁਝ ਇਤਿਹਾਸ ਵਿੱਚ ਦਰਜ ਹੈ। ਆਓ, ਆਪਾਂ ਉਨ੍ਹਾਂ ਨਾਲ ਸ਼ਹਾਦਤ ਉੱਤੇ ਗਏ ਸਾਥੀਆਂ ਬਾਰੇ ਚਰਚਾ ਕਰੀਏ। ਸਾਡੀਆਂ ਇਤਿਹਾਸਕ ਕਿਤਾਬਾਂ ਉਸ ਵਰਤਾਰੇ ਬਾਰੇ ਕੀ ਲਿਖਦੀਆਂ ਹਨ:
ਸਿੱਖ ਰਵਾਇਤ ਅਨੁਸਾਰ ਗੁਰੂ ਤੇਗ ਬਹਾਦਰ ਨਾਲ ਸ਼ਹਾਦਤ ਦੇਣ ਵਾਲੇ ਤਿੰਨ ਸਾਥੀ ਸਨ— ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ (ਕਈ ਥਾਂ ਇਨ੍ਹਾਂ ਦਾ ਨਾਂ ਭਾਈ ਦਿਆਲਾ ਲਿਖਿਆ ਗਿਆ ਹੈ)।
ਗੁਰੂ ਜੀ ਦੀਆਂ ਸਾਖੀਆਂ ਅਨੁਸਾਰ ਭਾਈ ਸਤੀ ਦਾਸ (ਭਾਈ ਸਤੀ ਰਾਮ) ਭਾਈ ਹੀਰਾ ਮੱਲ ਦੇ ਪੁੱਤਰ ਅਤੇ ਭਾਈ ਮਤੀ ਦਾਸ ਦੇ ਭਰਾ ਸਨ। ਇਨ੍ਹਾਂ ਦੇ ਘਰਾਣੇ ਵਿੱਚੋਂ ਹੀ ਭਾਈ ਪਰਾਗਾ ਜੀ ਗੁਰੂ ਹਰਿਗੋਬਿੰਦ ਸਾਹਿਬ ਦੇ ਯੋਧੇ ਸਿੱਖ ਸਨ। ਭਾਈ ਪਰਾਗਾ ਦਾ ਪੁੱਤਰ ਦੁਆਰਕਾ ਦਾਸ, ਉਸ ਦੇ ਪੁੱਤਰ ਦਰਗਾਹ ਮੱਲ ਅਤੇ ਹੀਰਾ ਮੱਲ ਸਨ। ਭਾਈ ਦਰਗਾਹ ਮੱਲ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦੀਵਾਨ ਰਿਹਾ। ਉਸ ਨੇ ਬਜ਼ੁਰਗ ਹੋਣ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰ ਕੇ ਆਪਣੇ ਦੋਵੇਂ ਭਤੀਜਿਆਂ, ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਨੂੰ ਦੀਵਾਨ ਦੀ ਪਦਵੀ ਦਾ ਕਾਰੋਬਾਰ ਸੰਭਾਲਿਆ।
‘ਭੱਟ ਵਹੀ ਮੁਲਤਾਨੀ ਸਿੰਧੀ’ ਵਿੱਚ ਦਰਜ ਹੈ:
‘ਗੁਰੂ ਤੇਗ ਬਹਾਦਰ ਜੀ ਮਹਲ ਨਾਮਾਂ ਕੋ ਨੂਰ ਮੁਹੰਮਦ ਖਾਨ ਮਿਰਜਾ ਚਉਂਕੀ ਰੋਪੜ ਵਾਲੇ ਨੇ ਸਾਲ ਸਤਰਾਂ ਸੈ ਬਤੀਸ ਗਾਮ ਮਲਕਪੁਰ ਰੰਘੜਾਂ, ਪਰਗਣਾਂ ਘਨੌਲਾ ਸੇ ਪਕੜ ਕੇ ਸਰਹੰਦ ਮੇਂ ਪਹੁੰਚਾਇਆ। ਗੈਲੋ ਦੀਵਾਨ ਮਤੀਦਾਸ, ਸਤੀਦਾਸ ਬੇਟਾ ਹੀਰਾ ਮੱਲ ਛਿੱਬਰ ਬਲਾਉਂਤ ਕਾ ਪਕੜਾ ਆਇਆ। ਚਾਰ ਮਾਸ ਬੱਸੀ ਪਠਾਨਾਂ ਬੰਦੀਖਾਨੇ ਬੰਦ ਰਹੇ।’
‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਅਨੁਸਾਰ:
‘ਭਾਈ ਸਤੀ ਦਾਸ ਜੀ ਇੱਕ ਲਿਖਾਰੀ ਵੀ ਸਨ – ਬਾਣੀ ਜੋ ਸਾਹਿਬ ਕਰਨ ਉਚਾਰੁ
ਸੋ ਸਤੀਦਾਸ ਨਿਤ ਕਰੇ ਫਾਰਸੀ ਅਖਰਾਂ ਵਿਚਿ ਉਤਾਰੁ।’
‘ਭਾਈ ਦਿਆਲ ਦਾਸ, ਭਾਈ ਮਾਈ ਦਾਸ ਦੇ ਸਪੁੱਤਰ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਭਰਾ ਸਨ। ਇਨ੍ਹਾਂ ਦਾ ਜਨਮ ਪਿੰਡ ਅਲੀਪੁਰ, ਤਹਿਸੀਲ ਤੇ ਜ਼ਿਲ੍ਹਾ ਮੁਜ਼ੱਫ਼ਰਗੜ੍ਹ ਦੇ ਇੱਕ ਰਾਜਪੂਤ ਘਰਾਣੇ ਵਿੱਚ ਮਧੁਰ ਬਾਈ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਪਿਤਾ ਸ਼ਾਹਜਹਾਂ ਦੇ ਜ਼ਮਾਨੇ ਵਿੱਚ ਸਰਕਾਰੀ ਅਹੁਦੇ ਉੱਤੇ ਸਨ। ਇਸ ਦੇ ਦੋ ਵਿਆਹ ਸਨ— ਮਧੁਰ ਬਾਈ ਅਤੇ ਲਡਿਕੀ। ਇਨ੍ਹਾਂ ਦੇ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ 11 ਸਿੱਖੀ ਖਾਤਰ ਸ਼ਹੀਦ ਹੋਏ। ਮਧੁਰ ਬਾਈ ਦੇ ਬੇਟੇ ਅਮਰ ਚੰਦ ਨੂੰ ਛੱਡ ਕੇ ਜੇਠਾ, ਦਿਆਲ ਦਾਸ, ਮਨੀ ਰਾਮ, ਦੁਨੀਆਂ, ਮਾਨਾ, ਰੂਪਾ ਅਤੇ ਲਡਿਕੀ ਦੇ ਜਗਤੂ, ਸੋਹਣਾ, ਲਹਿਣਾ ਤੇ ਰਾਇ ਸ਼ਹੀਦ ਹੋ ਗਏ। ਭਾਈ ਦਿਆਲ ਦਾਸ ਦੇ ਸਪੁੱਤਰ ਭਾਈ ਕਲਿਆਣਾ ਜੀ ਤਾਰਾਗੜ੍ਹ, ਪਹਾੜੀ ਰਾਜਿਆਂ ਨਾਲ ਅਤੇ ਭਾਈ ਮਥਰਾ ਸਿੰਘ ਨਿਰਮੋਹਗੜ੍ਹ ਦੀ ਲੜਾਈ ਵਿੱਚ ਸ਼ਹੀਦ ਹੋਏ।’
ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਨੂੰ ਭੇਜਿਆ ਅਤੇ ਉਸ ਨੇ ਉਹ ਹੁਕਮ ਸਰਹਿੰਦ ਦੇ ਫ਼ੌਜਦਾਰ ਦਿਲਾਵਰ ਖ਼ਾਂ ਨੂੰ ਦਿੱਤਾ, ਜਿਸ ਨੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖ਼ਾਂ ਤੱਕ ਪਹੁੰਚਾਇਆ। ਗੁਰੂ ਜੀ ਆਨੰਦਪੁਰ ਸਾਹਿਬ ਤੋਂ ਬਾਹਰ ਜਾਣ ਲਈ ਜਦੋਂ ਰੋਪੜ ਦੇ ਲਾਗੇ ਪਿੰਡ ਮਲਕਪੁਰ ਰੰਘੜਾਂ ਵਿੱਚ ਰਾਤ ਠਹਿਰੇ, ਤਾਂ ਸੂਹੀਆਂ ਨੇ ਇਹ ਖ਼ਬਰ ਤੁਰੰਤ ਹੀ ਰੋਪੜ ਦੇ ਕੋਤਵਾਲ ਨੂੰ ਪਹੁੰਚਾ ਦਿੱਤੀ। ਭੱਟ ਵਹੀਆਂ ਵਿੱਚ ਇਹ ਦਰਜ ਹੈ। ਇਸ ਦੀ ਪੁਸ਼ਟੀ ‘ਭੱਟ ਵਹੀ ਪੂਰਬੀ ਦੱਖਣੀ’ ਤੋਂ ਵੀ ਹੁੰਦੀ ਹੈ।
ਗੁਲਾਮ ਹੁਸੈਨ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਰੱਖਿਆ ਗਿਆ। ਕੁਝ ਦਿਨਾਂ ਪਿੱਛੋਂ ਦੂਜਾ ਹੁਕਮ ਆ ਗਿਆ ਕਿ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ।
ਕੇਸਰ ਸਿੰਘ ਛਿੱਬਰ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਲਿਖਦਾ ਹੈ:
‘ਪਿੰਡ ਤੇ ਰੰਘੜ ਆਏ ਧਾਇ।
ਗਹਿ ਲੀਤੇ ਸਾਹਿਬ ਤੇ ਸਤੀ ਦਾਸ।
ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ।
ਭੇਜ ਆਦਮੀ ਫ਼ੌਜ ਰੂਪੜੋਂ ਮੰਗਾਈ।’
ਡਾ. ਹਰਜਿੰਦਰ ਸਿੰਘ ਦਿਲਗੀਰ ‘ਸਿੱਖ ਤਵਾਰੀਖ’ ਵਿੱਚ ਲਿਖਦੇ ਹਨ: ‘ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਸੀ ਪਠਾਣਾਂ ਵਿੱਚ ਕੈਦ ਸਨ, ਤਾਂ ਔਰੰਗਜ਼ੇਬ ਨੇ ਸਰਹਿੰਦ ਦੇ ਮੁਸਲਮਾਨ, ਨਕਸ਼ਬੰਦੀ ਫਿਰਕੇ ਦੇ ਸ਼ੈਖ ਸੈਫ਼-ਉਦ-ਦੀਨ ਦੀ ਡਿਊਟੀ ਲਾਈ ਕਿ ਉਹ ਗੁਰੂ ਜੀ ਨੂੰ ਇਸਲਾਮ ਧਰਮ ਵਿੱਚ ਲਿਆਉਣ ਵਾਸਤੇ ਕੋਸ਼ਿਸ਼ ਕਰੇ। ਉਸ ਨੇ ਕਈ ਵਾਰ ਗੁਰੂ ਜੀ ਨਾਲ ਚਰਚਾ ਕੀਤੀ ਪਰ ਸਫਲ ਨਹੀਂ ਹੋ ਸਕਿਆ। ਫਿਰ ਔਰੰਗਜ਼ੇਬ ਨੇ ਦਿੱਲੀ ਦੇ ਸੂਬੇਦਾਰ ਸਾਫ਼ੀ ਖਾਨ ਨੂੰ ਹਦਾਇਤ ਕੀਤੀ ਕਿ ਜੇ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲਵੇ, ਤਾਂ ਠੀਕ ਹੈ, ਨਹੀਂ ਤਾਂ ਉਸ ਨੂੰ ਸ਼ਾਹੀ ਕਾਜ਼ੀ ਤੋਂ ਫ਼ਤਵਾ ਦਿਵਾ ਕੇ ਕਤਲ ਕਰ ਦਿੱਤਾ ਜਾਵੇ।’
‘ਮਹਿਮਾ ਪ੍ਰਕਾਸ਼’ ਵਿੱਚ ਦਰਜ ਹੈ ਕਿ ਗੁਰੂ ਜੀ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਸਨ। ਉਨ੍ਹਾਂ ਨੂੰ ਤਿੰਨ ਵਾਰ ਗ੍ਰਿਫ਼ਤਾਰ ਕੀਤਾ ਗਿਆ। ਪਹਿਲੀ ਵਾਰ 1665 ਈਸਵੀ ਵਿੱਚ ਧਮਧਾਨ ਤੋਂ, ਦੂਜੀ ਵਾਰ 1670 ਈਸਵੀ ਵਿੱਚ ਆਗਰੇ ਤੋਂ ਅਤੇ ਤੀਜੀ ਵਾਰ 11 ਜੁਲਾਈ 1675 ਈਸਵੀ ਨੂੰ ਮਲਕਪੁਰ ਰੰਘੜਾਂ ਤੋਂ ਗੁਰੂ ਸਾਹਿਬ ਗ੍ਰਿਫ਼ਤਾਰ ਹੋਏ (‘ਸਾਕੀ ਮੁਸਤਾਦ ਖ਼ਾਂ’, ‘ਮੁਆਸਿਰੇ ਆਲਮਗਿਰੀ’)।
‘ਸੀਅਰ-ਉਲ-ਮੁਤਾਖਰੀਨ’ ਵਿੱਚ ਗੁਲਾਮ ਹੁਸੈਨ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਦੀ ਤਰੀਕ 801 ਹਿਜਰੀ ਹੈ, ਜੋ 1398 ਈਸਵੀ ਬਣਦੀ ਹੈ, ਜਦਕਿ ਸ਼ਹੀਦੀ 1675 ਈਸਵੀ ਵਿੱਚ ਹੋਈ। ਅਗਲੀ ਗ਼ਲਤੀ ਇਹ ਹੈ ਕਿ ਗੁਰੂ ਸਾਹਿਬ ਅਤੇ ਸ਼ੇਖ਼ ਆਦਮ ਹਾਫ਼ਿਜ਼ ਮਿਲ ਕੇ ਪੰਜਾਬ ਵਿੱਚ ਦੌਰੇ ਕਰਦੇ ਸਨ। ਜਦਕਿ ਹਾਫ਼ਿਜ਼ ਆਦਮ ਬਨੂੜੀ ਗੁਰੂ ਜੀ ਦੇ ਗੱਦੀ ਸੰਭਾਲਣ ਤੋਂ 21 ਵਰ੍ਹੇ ਪਹਿਲਾਂ ਮਰ ਚੁੱਕਾ ਸੀ। ਖ਼ੈਰ, ਕਾਜ਼ੀ ਅਬਦੁਲ ਵਹਾਬ ਵੱਲੋਂ ਤਿੰਨ ਸ਼ਰਤਾਂ ਲਾਈਆਂ ਗਈਆਂ: ਕਰਾਮਾਤ ਵਿਖਾਉਣੀ, ਦੀਨ ਕਬੂਲ ਕਰਨਾ ਜਾਂ ਸ਼ਹੀਦ ਹੋਣਾ। ਗੁਰੂ ਜੀ ਨੇ ਪਹਿਲੀਆਂ ਦੋ ਸ਼ਰਤਾਂ ਠੁਕਰਾ ਦਿੱਤੀਆਂ।
‘ਤਵਾਰੀਖ ਗੁਰੂ ਖ਼ਾਲਸਾ’ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਔਰੰਗਜ਼ੇਬ ਨੇ ਭਾਈ ਮਤੀ ਰਾਮ ਨੂੰ ਦੋ ਆਰਿਆਂ ਵਿੱਚ ਬੰਨ੍ਹਵਾ ਕੇ ਸਾਰੀ ਕਚਹਿਰੀ ਸਾਹਮਣੇ ਆਰਿਆਂ ਨਾਲ ਚਿਰਵਾ ਦਿੱਤਾ ਅਤੇ ਭਾਈ ਦਿਆਲੇ ਦੇ ਹੱਥ-ਪੈਰ ਬੰਨ੍ਹਾ ਕੇ ਉੱਬਲਦੇ ਪਾਣੀ ਦੇ ਕੜਾਹੇ ਵਿੱਚ ਸੁਟਾ ਕੇ ਹੇਠਾਂ ਹੋਰ ਅੱਗ ਬਾਲ ਦਿੱਤੀ। ਦੀਵਾਨ ਮਤੀ ਰਾਮ ਸਮੇਤ ਦੋਵਾਂ ਨੂੰ ਦੇਵਤੇ ਬਿਬਾਨ ਉੱਤੇ ਚੜ੍ਹਾ ਕੇ ਗੁਰੂ ਜੀ ਦੀ ਜੈ-ਜੈਕਾਰ ਕਰਦੇ ਹੋਏ ਸੱਚਖੰਡ ਵਿੱਚ ਲੈ ਗਏ। ਅੱਗੇ ਵੀ ਲੇਖਕ ਦੋਵਾਂ ਦੀ ਸ਼ਹੀਦੀ ਬਾਬਤ ਹੀ ਜਾਣਕਾਰੀ ਦਿੰਦਾ ਹੈ। ਇਸ ਤਰ੍ਹਾਂ ਲੇਖਕ ਨੇ ਦੋਵਾਂ ਸਿੱਖਾਂ ਦੀ ਸ਼ਹੀਦੀ ਬਾਰੇ ਦੱਸਿਆ ਹੈ ਅਤੇ ਨਾਂ ਭਾਈ ਮਤੀ ਰਾਮ ਲਿਖਿਆ ਹੈ। ਇਨ੍ਹਾਂ ਨੇ ਭਾਈ ਸਤੀ ਦਾਸ ਦਾ ਨਾਂ ਨਹੀਂ ਲਿਖਿਆ।
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਕਰਤਾਰ ਸਿੰਘ ਐੱਮ ਏ ਕਿਤਾਬ ‘ਸਿੱਖ ਇਤਿਹਾਸ’ ਵਿੱਚ ਲਿਖਦੇ ਹਨ:
‘ਆਪ ਨਾਲ ਕੇਵਲ ਭਾਈ ਗੁਰਦਿੱਤਾ, ਦੀਵਾਨ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਊਦਾ ਅਤੇ ਭਾਈ ਚੀਮਾ ਸਨ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਉਦੋ ਅਤੇ ਭਾਈ ਚੀਮਾ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਇਸ ਤਰ੍ਹਾਂ ਨਹੀਂ ਮਰਨਾ ਚਾਹੁੰਦੇ। ਸਾਨੂੰ ਬਾਹਰ ਜਾਣ ਦੀ ਆਗਿਆ ਦਿਓ। ਗੁਰੂ ਜੀ ਦੀ ਆਗਿਆ ਤੋਂ ਬਾਅਦ ਉਹ ਜੇਲ੍ਹ ਤੋੜ ਕੇ ਦੌੜ ਗਏ।’ ਇਨ੍ਹਾਂ ਨੇ ਵੀ ਭਾਈ ਸਤੀ ਦਾਸ ਦਾ ਨਾਂ ਨਹੀਂ ਲਿਖਿਆ।
ਪ੍ਰਿੰ. ਸਤਿਬੀਰ ਸਿੰਘ ‘ਸਾਡਾ ਇਤਿਹਾਸ ਦਸ ਪਾਤਸ਼ਾਹੀਆਂ’ ਵਿੱਚ ਲਿਖਦੇ ਹਨ:
‘ਗੁਰੂ ਤੇਗ ਬਹਾਦਰ ਜੀ ਪੰਜ ਸਿੱਖਾਂ— ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਜੈਤਾ, ਭਾਈ ਊਧਾ ਤੇ ਭਾਈ ਗੁਰਦਿੱਤਾ ਜੀ ਨਾਲ ਦਿੱਲੀ ਗਏ। ਮਤੀ ਰਾਮ ਚਿਰਾਇਆ ਫਾੜਿਆ। ਦਿਆਲਾ ਦੇਗ ’ਚ ਸਾੜਿਆ। ਭਾਈ ਸਤੀ ਦਾਸ ਨੂੰ ਰੂੰ ’ਚ ਲਪੇਟ ਅੱਗ ਲਾ ਸ਼ਹੀਦ ਕੀਤਾ ਗਿਆ। ਉਨ੍ਹਾਂ ਤਿੰਨ ਸਿੱਖਾਂ ਨੂੰ ਪਹਿਲਾਂ ਹੀ ਵੱਖ ਕਰ ਦਿੱਤਾ ਸੀ।’
ਲੇਖਕ ਪਹਿਲਾਂ ਦਿੱਲੀ ਜਾਣ ਵਾਲੇ ਸਿੱਖਾਂ ਵਿੱਚ ਭਾਈ ਸਤੀ ਦਾਸ ਦਾ ਨਾਂ ਨਹੀਂ ਲੈਂਦਾ, ਪਰ ਸ਼ਹੀਦੀ ਸਮੇਂ ਉਹ ਭਾਈ ਸਤੀ ਦਾਸ ਬਾਬਤ ਲਿਖਦਾ ਹੈ। ਉਹ ਇਹ ਵੀ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਸਮਾਣੇ ਦਾ ਜਲਾਲ-ਉਦ-ਦੀਨ ਸੀ।
ਡਾ. ਅਰਵਿੰਦਰ ਕੌਰ ਕਾਕੜਾ ਇਸ ਵਰਤਾਰੇ ਬਾਰੇ ਲਿਖਦੇ ਹਨ: ‘ਔਰੰਗਜ਼ੇਬ ਨੇ ਗੁਰੂ ਜੀ ਨੂੰ ਇਸਲਾਮ ਨਾ ਕਬੂਲਣ ਬਦਲੇ ਵੱਡੀ ਤੋਂ ਵੱਡੀ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨਾਲ ਆਏ ਸਿੱਖਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਭਾਈ ਜੈਤਾ, ਭਾਈ ਨਾਨੂੰ ਰਾਮ, ਭਾਈ ਤੁਲਸੀ, ਭਾਈ ਊਦਾ ਨੇ ਗੁਰੂ ਜੀ ਦਾ ਸੀਸ ਲੈ ਕੇ ਜਾਣ ਦੀ ਵਿਉਂਤ ਘੜੀ।’
ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਕਿਤਾਬ ‘ਪ੍ਰਮੁੱਖ ਸਿੱਖ ਸ਼ਖ਼ਸੀਅਤਾਂ’, ਜਿਸ ਦੇ ਸੰਪਾਦਕ ਡਾ. ਰੂਪ ਸਿੰਘ ਹਨ, ਵਿੱਚ ਬੀਬੀ ਮਲਕਿੰਦਰ ਕੌਰ ਲਿਖਦੇ ਹਨ:
‘ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੀ ਜਨਮ ਤਰੀਕ, ਵਿਆਹ ਆਦਿ ਬਾਰੇ ਕੋਈ ਹਵਾਲਾ ਨਹੀਂ ਮਿਲਦਾ। ਦਿੱਲੀ ਜਾਣ ਸਮੇਂ ਗੁਰੂ ਜੀ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਗੋਪਾਲ ਦਾਸ, ਭਾਈ ਸੰਗਤੀਆ, ਭਾਈ ਜੇਠਾ ਜੀ ਅਤੇ ਭਾਈ ਦਿਆਲ ਦਾਸ ਜੀ ਸਨ। ਦੂਜੀ ਮੁਲਾਕਾਤ ਸਮੇਂ ਆਪ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਅਤੇ ਭਾਈ ਊਦਾ ਜੀ ਸਨ। ਭਾਈ ਗੁਰਦਿੱਤਾ ਜੀ ਅਤੇ ਭਾਈ ਊਦਾ ਜੀ ਨੂੰ ਗੁਰੂ ਜੀ ਨੇ ਆਪ ਹੀ ਪਕੜੇ ਜਾਣ ਤੋਂ ਰੋਕ ਦਿੱਤਾ ਸੀ। ਭਾਈ ਸਤੀ ਦਾਸ ਜੀ ਨੇ ਸਾਰਾ ਬਿਰਤਾਂਤ ਨੋਟ ਕੀਤਾ, ਜੋ ਅਹਿਲਕਾਰਾਂ ਨੇ ਖੋਹ ਲਿਆ।’
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਕਿਤਾਬ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸਿੱਖ’ ਵਿੱਚ ਡਾ. ਰਾਜਵਿੰਦਰ ਸਿੰਘ ਜੋਗਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਗ੍ਰਿਫ਼ਤਾਰ ਕੀਤੇ ਸਿੱਖਾਂ— ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ।
ਮੈਕਾਲਿਫ ਇਸ ਸ਼ਹਾਦਤ ਨੂੰ ‘ਵੱਖਰੀ, ਅਨੋਖੀ ਅਤੇ ਅਲੌਕਿਕ ਘਟਨਾ’ ਕਹਿੰਦਾ ਹੈ। ਇਸ ਦੀ ਤੁਲਨਾ ਦੁਨੀਆ ਦੀ ਕਿਸੇ ਹੋਰ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ਸੈਨਾਪਤਿ ‘ਸਗਲ ਸ੍ਰਿਸ਼ਟ ਪੈ ਢਾਪੀ ਚਾਦਰ’ ਕਹਿੰਦਾ ਹੈ। ਲਾਲਾ ਦੌਲਤ ਰਾਇ ਆਪਣੀ ਕਿਤਾਬ ‘ਮਹਾਂ-ਬਲੀ’ ਵਿੱਚ ਇਸ ਸ਼ਹਾਦਤ ਬਾਬਤ ਲਿਖਦਾ ਹੈ:
‘ਆਜ ਤਕ ਯਿਹ ਤੋ ਹੂਆ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯਿਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ, ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾ ਦੀ।’ ਅਸੰਭਵ ਨੂੰ ਸੰਭਵ ਕਰ ਦਿੱਤਾ। ਆਪ ਤੁਰ ਕੇ ਸ਼ਹੀਦ ਹੋਣ ਗਏ। ਬੈਨਰਜੀ ਇਸ ਸ਼ਹਾਦਤ ਨੂੰ ‘ਆਪ ਸਹੇੜੀ ਸ਼ਹਾਦਤ’ ਕਹਿੰਦਾ ਹੈ। ਧਰਮ ਵਾਸਤੇ ਚਾਅ ਨਾਲ ਉਨ੍ਹਾਂ ਕੁਰਬਾਨੀ ਦਿੱਤੀ। ਗਾਰਡਨ ਲਿਖਦਾ ਹੈ:
‘ਜੋ ਤਿੱਖੀਆਂ ਸੂਲਾਂ, ਗੁਰੂ ਤੇਗ ਬਹਾਦਰ ਜੀ ਦੇ ਖ਼ੂਨ ਨਾਲ ਦਿੱਲੀ ਵਿੱਚ ਬੀਜੀਆਂ ਗਈਆਂ ਸਨ, ਉਨ੍ਹਾਂ ਨੇ ਜਲਦੀ ਹੀ ਖ਼ਾਲਸਾ ਰੂਪ ਵਿੱਚ ਭਾਰੀ ਫ਼ਸਲ ਬਖ਼ਸ਼ੀ।’
‘ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ’ ਵਿੱਚ ਡਾ. ਸੁਰਿੰਦਰ ਸਿੰਘ ਦੁਸਾਂਝ, ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਕਿਤਾਬ ‘ਬਚਨ ਗੁਰੂ ਤੇਗ ਬਹਾਦਰ ਜੀ ਦੇ’ (ਲੇਖਕ ਡਾ. ਮਹਿੰਦਰ ਸਿੰਘ ਢਿੱਲੋਂ), ਗਿਆਨੀ ਭਜਨ ਸਿੰਘ ਦੀ ਕਿਤਾਬ ‘ਸਾਡੇ ਸ਼ਹੀਦ’ ਅਤੇ ਗਿਆਨੀ ਸੋਹਣ ਸਿੰਘ ਸੀਤਲ ਦੀ ਕਿਤਾਬ ‘ਗੁਰ ਇਤਿਹਾਸ ਦਸ ਪਾਤਸ਼ਾਹੀਆਂ’ ਵਿੱਚ ਵੀ ਤਿੰਨ ਸਿੱਖਾਂ ਦੀ ਸ਼ਹੀਦੀ ਬਾਰੇ ਹੀ ਲਿਖਿਆ ਮਿਲਦਾ ਹੈ।
ਸੰਪਰਕ: 89689-46129
