ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ 1563 ਈ. ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਉਹ ਤਿੰਨ ਭਰਾ ਸਨ ਪਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ...
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ 1563 ਈ. ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਉਹ ਤਿੰਨ ਭਰਾ ਸਨ ਪਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿੱਚ ਪੂਰਾ ਹੱਥ ਵਟਾਉਂਦੇ ਸਨ ਅਤੇ ਸਰੋਵਰ ਦੀ ਸ਼ੁਰੂ ਕੀਤੀ ਸੇਵਾ ਉਨ੍ਹਾਂ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਖ਼ੁਦ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤ ਵੱਲੋਂ ਦਿੱਤੀ ਮਾਇਆ ਨਾਲ ਚੱਲਣ ਲੱਗਾ। ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ, ਗੁਰੂ ਅਰਜਨ ਦੇਵ ਜੀ ਦਾ ਭਰਾ ਪ੍ਰਿਥੀ ਚੰਦ ਉਨ੍ਹਾਂ ਨਾਲ ਦੁਰਵਿਹਾਰ ਕਰਦਾ। ਉਨ੍ਹਾਂ ਦਿਨਾਂ ਵਿੱਚ ਭਾਈ ਗੁਰਦਾਸ ਜੀ (ਬੀਬੀ ਭਾਨੀ ਜੀ ਦੇ ਚਾਚੇ ਦੇ ਪੁੱਤਰ) ਆਗਰੇ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਜਦੋਂ ਉਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਆਏ, ਤਾਂ ਪ੍ਰਿਥੀ ਚੰਦ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਵੇਖ ਕੇ ਉਹ ਗੁਰੂ-ਘਰ ਦੇ ਪ੍ਰਬੰਧ ਵਿੱਚ ਮਦਦ ਕਰਨ ਲਈ ਉੱਥੇ ਹੀ ਰਹਿਣ ਲੱਗ ਪਏ। ਉਸ ਸਮੇਂ ਤੱਕ ਸਿੱਖੀ ਦਾ ਬੂਟਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਾ ਸੀ। ਦੇਸ਼ ਦੇ ਕੋਨੇ-ਕੋਨੇ ਵਿੱਚ ਸਿੱਖ ਵਸੇ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਦਸਵੰਧ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਅਤੇ ਉਹ ਮਸੰਦ ਹਰੇਕ ਵਿਸਾਖੀ ’ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ। ਇਸ ਤਰ੍ਹਾਂ ਪ੍ਰਿਥੀ ਚੰਦ ਦਾ ਸੰਗਤ ਨੂੰ ਤੰਗ ਕਰਨਾ ਥੋੜ੍ਹਾ ਘਟਿਆ ਪਰ ਗੁਰੂ ਜੀ ਨਾਲ ਉਸ ਦੀ ਰੰਜਿਸ਼ ਹੋਰ ਵਧ ਗਈ।
1589 ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਜਿਸ ਦੇ ਚਾਰ ਦਰਵਾਜ਼ੇ ਹਨ, ਜੋ ਹਰ ਮਜ਼ਹਬ, ਹਰ ਜਾਤ ਲਈ ਖੁੱਲ੍ਹੇ ਹਨ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
ਉਨ੍ਹਾਂ 1590 ’ਚ ਤਰਨ ਤਾਰਨ ਅਤੇ 1594 ’ਚ ਕਰਤਾਰਪੁਰ ਸ਼ਹਿਰ ਵਸਾਇਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਮਉ ਸਾਹਿਬ (ਫਿਲੌਰ ਕੋਲ) ਦੇ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਨਾਲ ਹੋਇਆ। ਗੰਗਾ ਦੇਈ ਦੀ ਕੁੱਖੋਂ (ਛੇਵੇਂ ਗੁਰੂ) ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਿਗੋਬਿੰਦ ਨੂੰ ਮੁਕਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਦਾ ਮਾਲਕ ਉਹ ਆਪ ਬਣੇ, ਪਰ ਉਹ ਨਾਕਾਮ ਰਿਹਾ।
ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਲਾ ਦਿੱਤਾ। ਇਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਦੀ ਬਾਣੀ ਇਕੱਤਰ ਕੀਤੀ। ਪਹਿਲੇ, ਦੂਜੇ ਅਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨ੍ਹਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਰੱਦ ਕਰਨੀਆਂ ਪਈਆਂ। ਉਹ ਜਾਂ ਤਾਂ ਨਾਰੀ ਜਾਤੀ ਵਿਰੁੱਧ ਸਨ ਜਾਂ ਉਨ੍ਹਾਂ ਦਾ ਝੁਕਾਅ ਵੇਦਾਂਤਿਕ ਸੀ। ਇਸ ਤਰ੍ਹਾਂ ਬਾਣੀ ਇਕੱਠੀ ਕਰ ਕੇ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ। 1604 ਈ. ਵਿੱਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਵਿੱਚ ਰਚੀ ਗਈ (31ਵਾਂ ਰਾਗ ਜੈਜਾਵੰਤੀ ਨੌਵੇਂ ਗੁਰੂ ਨੇ ਜੋੜਿਆ)।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦਾ ਗੁਰੂ ਅਜਿਹਾ ਗ੍ਰੰਥ ਲਿਖਵਾ ਰਿਹਾ ਹੈ, ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ। ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁੱਝ ਨਾ ਲੱਗਿਆ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ, ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਹੁੰਦਾ ਰਿਹਾ।
ਅਕਬਰ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਿਸ ਬਣਿਆ, ਜਿਹੜਾ ਬਹੁਤ ਕੱਟੜ ਸੀ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸ ਦਾ ਪੁੱਤਰ ਖੁਸਰੋ ਬਗ਼ਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰ ਕੇ ਇਹ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗ਼ਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਮਦਦ ਕੀਤੀ ਸੀ। ਇਸ ’ਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਉੱਪਰ ਹੋਰ ਦੋਸ਼ ਵੀ ਮੜ੍ਹੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫ਼ਲਤਾ ਲਈ ਅਰਦਾਸ ਕੀਤੀ ਅਤੇ ਉਸ ਨੂੰ ਰਕਮ ਦਿੱਤੀ। ਇਨ੍ਹਾਂ ਕਾਰਨਾਂ ਕਰਕੇ, ਭਾਵੇਂ ਇਹ ਝੂਠੇ ਸਨ, ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਅਨੁਸਾਰ ਚੰਦੂ ਦੀ ਗੁਰੂ ਘਰ ਨਾਲ ਪਹਿਲਾਂ ਤੋਂ ਹੀ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ-ਹਾੜ੍ਹ ਦੀ ਤਪਦੀ ਦੁਪਹਿਰ ਵਿੱਚ ‘ਯਾਸਾ ਵਿਧੀ’ ਰਾਹੀਂ ਲਾਹੌਰ ਵਿੱਚ ਤੱਤੀ ਤਵੀ ’ਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ। ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਰਹੇ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖ਼ਮਾਂ ਨਾਲ ਭਰ ਗਿਆ ਤਾਂ ਉਨ੍ਹਾਂ ਦੀਆਂ ਪੀੜਾਂ ਵਿੱਚ ਹੋਰ ਵਾਧਾ ਕਰਨ ਲਈ ਉਨ੍ਹਾਂ ਨੂੰ ਰਾਵੀ ਦੇ ਠੰਢੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਇਹ ਘਟਨਾ 30 ਮਈ 1606 ਨੂੰ ਵਾਪਰੀ।
ਹਿੰਦੁਸਤਾਨ ਬਹੁ-ਜਾਤੀ, ਬਹੁ-ਕੌਮੀ ਅਤੇ ਬਹੁ-ਧਰਮੀ ਦੇਸ਼ ਹੈ। ਇੱਥੋਂ ਦਾ ਰਾਜ-ਪ੍ਰਬੰਧ ਬਹੁ-ਕੇਂਦਰਿਤ ਹੋਣਾ ਚਾਹੀਦਾ ਹੈ, ਪਰ ਕੋਸ਼ਿਸ਼ ਹਮੇਸ਼ਾ ਏਕਾ-ਕੇਂਦਰਿਤ ਰਾਜ ਸਥਾਪਿਤ ਕਰਨ ਦੀ ਰਹੀ ਹੈ। ਇਸ ਏਕਾ-ਕੇਂਦਰਿਤ ਸੋਚ ਅਧੀਨ ਹੀ ਸਾਮੀ ਤੇ ਆਰਿਆਈ ਪਰੰਪਰਾਵਾਂ ਦਾ ਭੇੜ ਹੁੰਦਾ ਰਿਹਾ ਹੈ। ਪਹਿਲਾਂ ਹਿੰਦੂ ਸ਼ਾਸਕ ਏਕਾ-ਕੇਂਦਰਿਤ ਸੋਚ ਅਧੀਨ ਰਾਜ ਕਰਦੇ ਰਹੇ, ਫਿਰ ਮੁਸਲਮਾਨਾਂ ਦੇ ਆਉਣ ’ਤੇ ਉਨ੍ਹਾਂ ਨੇ ਇਸ ਸੋਚ ਨੂੰ ਧਾਰਨ ਕਰ ਲਿਆ। ਏਕਾ-ਕੇਂਦਰਿਤ ਹੋਣਾ ਕੱਟੜਵਾਦੀ ਤੇ ਇੱਕ-ਪਾਸੜ ਸੋਚ ਦਾ ਵਰਤਾਰਾ ਹੈ, ਜਿਸ ਵਿੱਚ ਮਨੁੱਖੀ ਆਤਮਾ ਹਮੇਸ਼ਾ ਬੋਝ ਅਧੀਨ ਰਹਿੰਦੀ ਹੈ ਅਤੇ ਇਹ ਮਨੁੱਖ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਹੈ। ਇਸ ਦੇ ਉਲਟ ਬਹੁ-ਕੇਂਦਰਿਤ ਸਮਾਜ, ਮਨੁੱਖੀ ਵਿਅਕਤੀਤਵ ਤੇ ਮਨੁੱਖੀ ਆਤਮਾ ਨੂੰ ਪ੍ਰਭੂ-ਸੱਤਾ ਸੰਪੰਨ ਤੇ ਪੂਰਨ ਅਧਿਕਾਰ ਪ੍ਰਾਪਤ ਸਵੀਕਾਰ ਕਰਕੇ ਸਭ ਨੂੰ ਰਾਜ-ਭਾਗ ਦੀ ਹਿੱਸੇਦਾਰੀ ਦਾ ਮਾਣ ਦੇਣਾ ਹੈ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਏਕਾ-ਕੇਂਦਰਿਤ ਦੀ ਥਾਂ ਬਹੁ-ਕੇਂਦਰਿਤ ਸੀ, ਜੋ ਮਨੁੱਖ ਨੂੰ ਜਾਤਾਂ, ਕੌਮਾਂ ਅਤੇ ਮਜ਼ਹਬਾਂ ਵਿੱਚ ਵੰਡ ਕੇ ਨਹੀਂ ਵੇਖਦੀ ਸੀ ਸਗੋਂ ਸਭ ਨੂੰ ਇੱਕ ਜੋਤ ਦਾ ਪਸਾਰਾ ਮੰਨਦੀ ਸੀ।
ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਅਤੇ ਪ੍ਰਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਹੀ ਹੋ ਨਿਬੜਦੀ ਹੈ। ਉਸ ਵੇਲੇ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਵਿੱਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ’ਤੇ ਕਰਾਰੀ ਚੋਟ, ਉਸ ਵੇਲੇ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ, ਜਿੱਥੇ ਬਿਨਾਂ ਕਿਸੇ ਭੇਦ-ਭਾਵ, ਕੁਲ ਜਾਂ ਜਾਤ ਦੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਹੋਇਆ। ਕਿਉਂਕਿ ਜਿੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਵਜੋਂ ਹੋਈ, ਉੱਥੇ ਪੁਜਾਰੀਵਾਦ ਦੀ ਆਰਥਿਕਤਾ ’ਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ’ਤੇ ਜਾਂਦੇ ਸਨ ਅਤੇ ਚੜ੍ਹਾਵੇ ਚੜ੍ਹਾਉਂਦੇ ਸਨ, ਉਹ ਚੜ੍ਹਾਵਾ ਹੁਣ ਸੰਗਤ ਵਿੱਚ ਵਰਤਣਾ ਸ਼ੁਰੂ ਹੋ ਗਿਆ ਅਤੇ ਊਚ-ਨੀਚ ਦਾ ਭੇਦ-ਭਾਵ ਖ਼ਤਮ ਹੋ ਗਿਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪੈਣੇ ਹਨ ਅਤੇ ਧਰਮ ਨੂੰ ਖ਼ਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ‘ਧਰਮ ਸੰਕਟ’ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ।
ਜਹਾਂਗੀਰ ਖ਼ੁਦ ਕੱਟੜਵਾਦ ਦਾ ਸ਼ਿਕਾਰ ਹੋ ਚੁੱਕਿਆ ਸੀ। ਅਕਬਰ ਬਾਦਸ਼ਾਹ ਦੇ ਸਬੰਧ ਤਾਂ ਗੁਰੂ ਘਰ ਨਾਲ ਸੁਖਾਵੇਂ ਰਹੇ, ਪਰ ਕੱਟੜਵਾਦੀਆਂ ਅਤੇ ਨਕਸ਼ਬੰਦੀਆਂ ਦੇ ਪ੍ਰਭਾਵ ਅਧੀਨ ਜਹਾਂਗੀਰ ਦਾ ਗੁਰੂ ਸਾਹਿਬ ਨਾਲ ਵਿਰੋਧ ਸ਼ੁਰੂ ਹੋ ਗਿਆ। ਪੰਜਾਬ ਦੇ ਸਾਰੇ ਸੂਫ਼ੀ ਫਿਰਕੇ (ਚਿਸ਼ਤੀ, ਸੁਹਰਾਵਰਦੀ ਅਤੇ ਕਾਦਰੀ) ਤਾਂ ਗੁਰੂ ਸਾਹਿਬਾਨ ਨਾਲ ਰਲ ਕੇ ਚੱਲ ਰਹੇ ਸਨ, ਪਰ ਸ਼ੇਖ ਅਹਿਮਦ ਸਰਹੰਦੀ, ਜੋ ਕਿ ਨਕਸ਼ਬੰਦੀ ਸੰਪਰਦਾਇ ਦਾ ਕਰਤਾ-ਧਰਤਾ ਸੀ, ਨੇ ਸ਼ਹਿਜ਼ਾਦਾ ਖੁਸਰੋ ਦੀ ਬਗਾਵਤ ਦਾ ਲੱਕ ਤੋੜਿਆ ਸੀ। ਸ਼ਹਿਜ਼ਾਦਾ ਖੁਸਰੋ ਵੀ ਗੁਰੂ ਘਰ ਪ੍ਰਤੀ ਡੂੰਘੀ ਸ਼ਰਧਾ ਰੱਖਦਾ ਸੀ ਅਤੇ ਉਹ ਗੁਰੂ ਦੇ ਬਹੁ-ਕੇਂਦਰਿਤ ਸਮਾਜ ਦੀ ਸਥਾਪਨਾ ਦਾ ਹਾਮੀ ਸੀ। ਜਹਾਂਗੀਰ ਆਪਣੀ ਰਾਜਸੀ ਤਾਕਤ ਤੇ ਏਕਾ-ਕੇਂਦਰਿਤ ਸੋਚ ਰਾਹੀਂ ਹਰ ਭਾਰਤੀ ਨੂੰ ਧਰਮ ਪਰਿਵਰਤਨ ਰਾਹੀਂ ਇਸਲਾਮ ਦੇ ਰੰਗ ਵਿੱਚ ਰੰਗਣਾ ਲੋਚਦਾ ਸੀ। ਗੁਰੂ ਸਾਹਿਬ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਸਨ ਅਤੇ ਬਹੁ-ਕੇਂਦਰਿਤ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ।
ਸੰਪਰਕ: 98146-99446
