DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਰਦੁਆਰਾ ਕੌੜਿਆਲਾ ਘਾਟ ਸਾਹਿਬ, ਲਖੀਮਪੁਰ ਖੀਰੀ

ਭਾਰਤ ਅਤੇ ਨੇਪਾਲ ਦੀ ਸਰਹੱਦ ’ਤੇ ਸਥਿਤ ਗੁਰਦੁਆਰਾ ਕੌੜਿਆਲਾ ਘਾਟ ਸਾਹਿਬ ਸਿੱਖ ਧਰਮ ਦਾ ਪ੍ਰਮੁੱਖ ਅਤੇ ਇਤਿਹਾਸਕ ਅਸਥਾਨ ਹੈ। ਉੱਤਰ ਪ੍ਰਦੇਸ਼ ਰਾਜ ਦੇ ਪ੍ਰਮੁੱਖ ਗੁਰਦੁਆਰਿਆਂ ਵਿੱਚ ਸ਼ੁਮਾਰ ਇਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਤਿਹਾਸਕ...

  • fb
  • twitter
  • whatsapp
  • whatsapp
Advertisement

ਭਾਰਤ ਅਤੇ ਨੇਪਾਲ ਦੀ ਸਰਹੱਦ ’ਤੇ ਸਥਿਤ ਗੁਰਦੁਆਰਾ ਕੌੜਿਆਲਾ ਘਾਟ ਸਾਹਿਬ ਸਿੱਖ ਧਰਮ ਦਾ ਪ੍ਰਮੁੱਖ ਅਤੇ ਇਤਿਹਾਸਕ ਅਸਥਾਨ ਹੈ। ਉੱਤਰ ਪ੍ਰਦੇਸ਼ ਰਾਜ ਦੇ ਪ੍ਰਮੁੱਖ ਗੁਰਦੁਆਰਿਆਂ ਵਿੱਚ ਸ਼ੁਮਾਰ ਇਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਤਿਹਾਸਕ ਵੇਰਵਿਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਸੰਨ 1514 ਈਸਵੀ ਵਿੱਚ ਇੱਥੇ ਆਏ ਸਨ। ਜਦੋਂ ਗੁਰੂ ਜੀ ਆਪਣੇ ਸਾਥੀਆਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਇੱਥੋਂ ਦੇ ਪਿੰਡ ਦੁਪਾਲਪੁਰ ਪਹੁੰਚੇ ਤਾਂ ਕਾਫ਼ੀ ਹਨੇਰਾ ਹੋ ਚੁੱਕਾ ਸੀ। ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਅੱਜ ਦੀ ਰਾਤ ਇੱਥੇ ਹੀ ਬਤੀਤ ਕੀਤੀ ਜਾਵੇ। ਪਰ ਪਿੰਡ ਦਾ ਕੋਈ ਵੀ ਵਿਅਕਤੀ ਗੁਰੂ ਜੀ ਨੂੰ ਰਾਤ ਠਹਿਰਣ ਲਈ ਆਸਰਾ ਦੇਣ ਵਾਸਤੇ ਤਿਆਰ ਨਾ ਹੋਇਆ।

ਅਖੀਰ ਪਿੰਡ ਦੇ ਕਿਸੇ ਵਿਅਕਤੀ ਨੇ ਦੱਸਿਆ ਕਿ ਪਿੰਡੋਂ ਬਾਹਰ ਇੱਕ ਕੋਹੜੀ ਦੀ ਕੁਟੀਆ ਬਣੀ ਹੋਈ ਹੈ, ਜਿੱਥੇ ਰਾਤ ਕੱਟੀ ਜਾ ਸਕਦੀ ਹੈ। ਗੁਰੂ ਜੀ ਨੇ ਪਰਮਾਤਮਾ ਦਾ ਭਾਣਾ ਮੰਨਦਿਆਂ ਇਹ ਗੱਲ ਸਵੀਕਾਰ ਕਰ ਲਈ। ਇਸ ਮਗਰੋਂ ਗੁਰੂ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਸ ਕੁਟੀਆ ਵੱਲ ਚੱਲ ਪਏ, ਜਿੱਥੇ ਪਿੰਡ ਵਾਲਿਆਂ ਨੇ ਇੱਕ ਕੋਹੜੀ ਨੂੰ ਰੱਖਿਆ ਹੋਇਆ ਸੀ। ਪਿੰਡ ਵਾਲਿਆਂ ਨੂੰ ਡਰ ਸੀ ਕਿ ਜੇ ਕੋਹੜੀ ਨੂੰ ਪਿੰਡ ਵਿੱਚ ਰੱਖਿਆ ਗਿਆ, ਤਾਂ ਇਹ ਛੂਤ ਦੀ ਬਿਮਾਰੀ ਹੋਰਨਾਂ ਲੋਕਾਂ ਨੂੰ ਵੀ ਲੱਗ ਜਾਵੇਗੀ। ਉਸ ਵਿਅਕਤੀ ਦੇ ਸਾਰੇ ਸਰੀਰ ਵਿੱਚ ਕੋਹੜ ਫੈਲ ਚੁੱਕਾ ਸੀ, ਜਿਸ ਕਾਰਨ ਬਹੁਤ ਬਦਬੂ ਆਉਂਦੀ ਸੀ। ਇਹ ਕੋਹੜੀ ਕਿਸੇ ਸਮੇਂ ਆਪਣੇ ਪਿੰਡ ਦਾ ਮੁਖੀ ਹੁੰਦਾ ਸੀ, ਪਰ ਸਮਾਂ ਬਦਲਣ ਕਾਰਨ ਜਦੋਂ ਉਸ ਨੂੰ ਕੋਹੜ ਦਾ ਰੋਗ ਲੱਗਿਆ ਤਾਂ ਉਸ ਦੇ ਆਪਣੇ ਪਰਿਵਾਰ ਵਾਲੇ ਵੀ ਉਸ ਨੂੰ ਪਿੰਡੋਂ ਬਾਹਰ ਇਸ ਕੁਟੀਆ ਵਿੱਚ ਛੱਡ ਗਏ ਸਨ। ਉਸ ਕੋਲ ਪਾਣੀ ਦਾ ਘੜਾ ਤੇ ਮਿੱਟੀ ਦਾ ਭਾਂਡਾ (ਠੂਠਾ) ਰੱਖ ਦਿੱਤਾ ਗਿਆ ਸੀ। ਜਿਸ ਕਿਸੇ ਦੇ ਮਨ ਵਿੱਚ ਤਰਸ ਆਉਂਦਾ, ਉਹ ਉਸ ਮਿੱਟੀ ਦੇ ਠੂਠੇ ਵਿੱਚ ਖਾਣ ਲਈ ਕੋਈ ਰੋਟੀ ਵਗੈਰਾ ਪਾ ਦਿੰਦਾ ਸੀ।

Advertisement

ਜਦੋਂ ਗੁਰੂ ਜੀ ਉਸ ਕੋਹੜੀ ਦੀ ਕੁਟੀਆ ਕੋਲ ਪਹੁੰਚੇ ਤਾਂ ਉਹ ਉਨ੍ਹਾਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਹ ਦੂਰੋਂ ਹੀ ਰੌਲਾ ਪਾਉਣ ਲੱਗ ਪਿਆ ਕਿ ਉਸ ਕੋਲ ਕੋਈ ਨਾ ਆਵੇ ਕਿਉਂਕਿ ਉਹ ਕੋਹੜੀ ਹੈ ਅਤੇ ਉਸ ਦੇ ਨੇੜੇ ਆਉਣ ਨਾਲ ਉਨ੍ਹਾਂ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ। ਉਸ ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਉਸ ਦੇ ਆਪਣੇ ਘਰ ਵਾਲੇ ਵੀ ਉਸ ਦੇ ਨੇੜੇ ਨਹੀਂ ਆਉਂਦੇ, ਤਾਂ ਇਹ ਅਜਨਬੀ ਉਸ ਕੋਲ ਕਿਉਂ ਆ ਰਹੇ ਹਨ। ਪਰ ਗੁਰੂ ਜੀ ਨੇ ਉਸ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਉਸ ਦੇ ਬਿਲਕੁਲ ਕੋਲ ਜਾ ਬੈਠੇ। ਰਾਤ ਹੋਣ ’ਤੇ ਗੁਰੂ ਨਾਨਕ ਦੇਵ ਜੀ ਸਮਾਧੀ ਲਾ ਕੇ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਗਏ। ਇਸੇ ਦੌਰਾਨ ਇਲਾਹੀ ਬਾਣੀ ਦਾ ਉਤਾਰਾ ਹੋਇਆ। ਗੁਰੂ ਜੀ ਦੇ ਹੁਕਮ 'ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਗੁਰੂ ਜੀ ਨੇ ਹੇਠ ਲਿਖਿਆ ਸ਼ਬਦ ਉਚਾਰਨ ਕੀਤਾ:

Advertisement

ਜੀਉ ਤਪਤੁ ਹੈ ਬਾਰੋ ਬਾਰ॥

ਤਪਿ ਤਪਿ ਖਪੈ ਬਹੁਤੁ ਬੇਕਾਰ॥

ਜੈ ਤਨਿ ਬਾਣੀ ਵਿਸਰਿ ਜਾਇ॥

ਜਿਉ ਪਕਾ ਰੋਗੀ ਵਿਲਲਾਇ॥੧॥

ਬਹੁਤਾ ਬੋਲਣੁ ਝਖਣੁ ਹੋਇ॥

ਵਿਣੁ ਬੋਲੇ ਜਾਣੈ ਸਭੁ ਸੋਇ॥

ਗੁਰੂ ਜੀ ਦੇ ਇਲਾਹੀ ਕੀਰਤਨ ਨੇ ਕੋਹੜੀ ਨੂੰ ਬਹੁਤ ਰਾਹਤ ਦਿੱਤੀ। ਉਸ ਨੂੰ ਕਈ ਦਿਨਾਂ ਤੋਂ ਨੀਂਦ ਨਹੀਂ ਆ ਰਹੀ ਸੀ ਪਰ ਬਾਣੀ ਸੁਣ ਕੇ ਉਸ ਨੂੰ ਸਕੂਨ ਭਰੀ ਨੀਂਦ ਆ ਗਈ ਅਤੇ ਉਹ ਸਾਰੀ ਰਾਤ ਆਰਾਮ ਨਾਲ ਸੁੱਤਾ ਰਿਹਾ। ਅੰਮ੍ਰਿਤ ਵੇਲੇ ਜਾਗਣ ’ਤੇ ਕੋਹੜੀ ਨੇ ਗੁਰੂ ਜੀ ਨੂੰ ਕੋਈ ਦੈਵੀ ਸ਼ਕਤੀ ਸਮਝਿਆ ਅਤੇ ਆਪਣੀ ਬਿਮਾਰੀ ਠੀਕ ਕਰਨ ਲਈ ਉਨ੍ਹਾਂ ਅੱਗੇ ਫਰਿਆਦ ਕੀਤੀ। ਗੁਰੂ ਜੀ ਨੇ ਉਸ ਕੋਲ ਪਏ ਪਾਣੀ ਦੇ ਛਿੱਟੇ ਉਸ ਦੇ ਸਰੀਰ ’ਤੇ ਮਾਰੇ ਅਤੇ ਉਸ ਨੂੰ ਨੇੜੇ ਵਗਦੀ ਘਾਘਰਾ ਨਦੀ ਵਿੱਚ ਇਸ਼ਨਾਨ ਕਰਨ ਲਈ ਕਿਹਾ। ਗੁਰੂ ਜੀ ਦੀ ਮਿਹਰ ਸਦਕਾ ਨਦੀ ਵਿੱਚ ਇਸ਼ਨਾਨ ਕਰਨ ਉਪਰੰਤ ਉਸ ਵਿਅਕਤੀ ਦਾ ਕੁਸ਼ਟ ਰੋਗ (ਕੋਹੜ) ਪੂਰੀ ਤਰ੍ਹਾਂ ਠੀਕ ਹੋ ਗਿਆ।

ਜਦੋਂ ਇਸ ਬਾਰੇ ਪਿੰਡ ਦੁਪਾਲਪੁਰ ਦੇ ਵਾਸੀਆਂ ਨੇ ਸੁਣਿਆ, ਜਿਨ੍ਹਾਂ ਨੇ ਬੀਤੀ ਰਾਤ ਗੁਰੂ ਜੀ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਉਹ ਗੁਰੂ ਜੀ ਕੋਲ ਆ ਕੇ ਮੁਆਫੀ ਮੰਗਣ ਲੱਗੇ। ਗੁਰੂ ਜੀ ਨੇ ਪਿੰਡ ਵਾਸੀਆਂ ਨੂੰ ਅਸ਼ੀਰਵਾਦ ਦਿੰਦਿਆਂ ਸਮਝਾਇਆ ਕਿ ਮਹਿਮਾਨਾਂ ਅਤੇ ਲੋੜਵੰਦਾਂ ਨੂੰ ਝਿੜਕ ਕੇ ਘਰੋਂ ਭਜਾਉਣ ਦੀ ਬਜਾਏ ਉਨ੍ਹਾਂ ਨੂੰ ਆਸਰਾ ਅਤੇ ਭੋਜਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਹਦਾਇਤ ਕੀਤੀ ਕਿ ਯਾਤਰੀਆਂ ਦੇ ਠਹਿਰਨ ਲਈ ਧਰਮਸ਼ਾਲਾ ਬਣਾਈ ਜਾਵੇ, ਜਿੱਥੇ ਆਉਣ ਵਾਲੇ ਮਹਿਮਾਨਾਂ ਅਤੇ ਲੋੜਵੰਦਾਂ ਦੀ ਸੇਵਾ ਅਤੇ ਲੰਗਰ ਪਾਣੀ ਦਾ ਪ੍ਰਬੰਧ ਹੋਵੇ। ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ ਉਹ ਕੋਹੜੀ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਉਸ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪਿੰਡ ਵਾਸੀਆਂ ਨੇ ਵੀ ਸਿੱਖੀ ਧਾਰਨ ਕਰ ਲਈ। ਜਿੱਥੇ ਅੱਜ ਗੁਰਦੁਆਰਾ ਕੌੜਿਆਲਾ ਸਾਹਿਬ ਸੁਸ਼ੋਭਿਤ ਹੈ, ਉਥੋਂ ਹੀ ਗੁਰੂ ਜੀ ਦਰਿਆ ਪਾਰ ਕਰ ਕੇ ਨੇਪਾਲ ਵੱਲ ਚਲੇ ਗਏ ਸਨ। ਇਸ ਇਤਿਹਾਸਕ ਘਟਨਾ ਕਰਕੇ ਇਸ ਅਸਥਾਨ ਦਾ ਨਾਂ ‘ਕੋਹੜੀਵਾਲਾ’ ਪੈ ਗਿਆ, ਜਿਸ ਨੂੰ ਹੌਲੀ-ਹੌਲੀ ਲੋਕ ਵਿਗਾੜ ਕੇ ‘ਕੌੜਿਆਲਾ’ ਕਹਿਣ ਲੱਗ ਪਏ। ਪੁਰਾਣੇ ਸਮੇਂ ਤੋਂ ਨੇਪਾਲ ਵਾਲੇ ਪਾਸੇ ਜਾਣ ਲਈ ਇੱਥੋਂ ਹੀ ਕਿਸ਼ਤੀਆਂ ਚੱਲਦੀਆਂ ਸਨ, ਜਿਸ ਕਾਰਨ ਇਸ ਪਿੰਡ ਦਾ ਨਾਂ ‘ਕੌੜਿਆਲਾ ਘਾਟ’ ਪ੍ਰਚਲਿਤ ਹੋ ਗਿਆ।

1970 ਦੇ ਦਹਾਕੇ ਤੱਕ ਇੱਥੇ ਕੋਈ ਪੱਕਾ ਧਾਰਮਿਕ ਸਥਾਨ ਨਹੀਂ ਸੀ, ਸਗੋਂ ਸਥਾਨਕ ਲੋਕ ਕਿਸੇ ਖਾਸ ਤਿਉਹਾਰ ’ਤੇ ਘਾਘਰਾ ਨਦੀ ਵਿੱਚ ਇਸ਼ਨਾਨ ਕਰਿਆ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਤਕਰੀਬਨ 500 ਸਾਲ ਪਹਿਲਾਂ ਨਾਨਕ ਨਾਮ ਦੇ ਇੱਕ ਪੀਰ ਨੇ ਇੱਥੇ ਆ ਕੇ ਇਸ ਅਸਥਾਨ ਨੂੰ ਬਖਸ਼ਿਸ਼ ਕੀਤੀ ਸੀ, ਜਿਸ ਕਰਕੇ ਇੱਥੇ ਇਸ਼ਨਾਨ ਕਰਨ ਨਾਲ ਕੋਹੜ ਅਤੇ ਚਮੜੀ ਦੇ ਹੋਰ ਗੰਭੀਰ ਰੋਗ ਠੀਕ ਹੋ ਜਾਂਦੇ ਹਨ। ਭਾਰਤ ਵਿੱਚ ਹਰੀ ਕ੍ਰਾਂਤੀ ਦੌਰਾਨ ਜਦੋਂ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਵਿੱਚ ਸਿੱਖ ਭਾਈਚਾਰੇ ਦੀ ਆਬਾਦੀ ਵਧੀ, ਤਾਂ ਇਲਾਕੇ ਦੇ ਕੁਝ ਜਾਗਰੂਕ ਲੋਕਾਂ ਨੇ ਇਸ ਅਸਥਾਨ ਬਾਰੇ ਖੋਜ-ਪੜਤਾਲ ਕੀਤੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਉਹੀ ਪਵਿੱਤਰ ਅਸਥਾਨ ਹੈ ਜਿਸ ਦਾ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੋਹੜੀ ਦਾ ਰੋਗ ਠੀਕ ਕੀਤਾ ਸੀ।

ਇਸ ਮਗਰੋਂ ਸੰਗਤ ਤੋਂ ਮਾਇਆ ਇਕੱਠੀ ਕਰ ਕੇ ਅਤੇ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਕੁਝ ਜ਼ਮੀਨ ਖਰੀਦ ਕੇ ਉੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ। ਕੁਝ ਸਮੇਂ ਬਾਅਦ ਇਲਾਕਾ ਨਿਵਾਸੀਆਂ ਦੀ ਬੇਨਤੀ ’ਤੇ ਇਸ ਗੁਰਦੁਆਰੇ ਦਾ ਪ੍ਰਬੰਧ ਕਾਰਸੇਵਾ ਵਾਲੇ ਮਹਾਂਪੁਰਖ ਜਥੇਦਾਰ ਫੌਜਾ ਸਿੰਘ ਜੀ ਨੇ ਸੰਭਾਲ ਲਿਆ। ਉਨ੍ਹਾਂ ਦੀ ਦੇਖ-ਰੇਖ ਹੇਠ ਇਸ ਜਗ੍ਹਾ ’ਤੇ ਗੁਰਦੁਆਰੇ ਦੀ ਇਮਾਰਤ ਉਸਾਰੀ ਗਈ, ਜਿਸ ਵਿੱਚ ਦਰਬਾਰ ਸਾਹਿਬ, ਦੀਵਾਨ ਹਾਲ, ਲੰਗਰ ਹਾਲ, ਰਸੋਈ ਅਤੇ ਸਰਾਵਾਂ ਦੇ ਨਾਲ-ਨਾਲ ਇਕ ਸੁੰਦਰ ਸਰੋਵਰ ਵੀ ਬਣਾਇਆ ਗਿਆ। ਅੱਜ-ਕੱਲ੍ਹ ਸ਼ਰਧਾਲੂ ਘਾਘਰਾ ਨਦੀ ਦੀ ਬਜਾਏ ਇਸ ਸਰੋਵਰ ਵਿੱਚ ਹੀ ਇਸ਼ਨਾਨ ਕਰਦੇ ਹਨ।

ਮੌਜੂਦਾ ਸਮੇਂ ਇਸ ਗੁਰਦੁਆਰੇ ਦਾ ਪ੍ਰਬੰਧ ਜਥੇਦਾਰ ਫੌਜਾ ਸਿੰਘ ਦੇ ਜਾਨਸ਼ੀਨ ਜਥੇਦਾਰ ਕਾਲਾ ਸਿੰਘ ਜੀ ਕਰ ਰਹੇ ਹਨ। ਇਹ ਗੁਰਦੁਆਰਾ ਹੜ੍ਹ ਜਾਂ ਕੋਈ ਹੋਰ ਕੁਦਰਤੀ ਆਫ਼ਤ ਆਉਣ ’ਤੇ ਇਲਾਕੇ ਦੇ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਪਨਾਹਗਾਰ ਅਤੇ ਸੇਵਾ ਦਾ ਕੇਂਦਰ ਬਣਦਾ ਹੈ। ਇਸ ਤੋਂ ਇਲਾਵਾ ਤਿਕੂਨੀਆ ਕਸਬੇ ਵਿੱਚ ਗੁਰਦੁਆਰੇ ਵੱਲੋਂ ਇੰਟਰ ਕਾਲਜ ਵੀ ਚਲਾਇਆ ਜਾ ਰਿਹਾ ਹੈ, ਜੋ ਇਸ ਪਛੜੇ ਇਲਾਕੇ ਵਿੱਚ ਵਿੱਦਿਆ ਦੇ ਪ੍ਰਸਾਰ ਲਈ ਅਹਿਮ ਯੋਗਦਾਨ ਪਾ ਰਿਹਾ ਹੈ।

ਭੂਗੋਲਿਕ ਸਥਿਤੀ ਦੀ ਗੱਲ ਕਰੀਏ ਤਾਂ ਗੁਰਦੁਆਰਾ ਕੌੜਿਆਲਾ ਘਾਟ, ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਦੀ ਨਿਘਾਸਨ ਤਹਿਸੀਲ ਦੇ ਕੌੜਿਆਲਾ ਘਾਟ ਨਾਮਕ ਪਿੰਡ ਵਿੱਚ ਸਥਿਤ ਹੈ। ਇਹ ਪਿੰਡ ਭਾਰਤ-ਨੇਪਾਲ ਸਰਹੱਦ ’ਤੇ ਵਗਦੀ ਘਾਘਰਾ (ਕਰਨਾਲੀ) ਨਦੀ ਦੇ ਕੰਢੇ, ਬਰੇਲੀ-ਗੋਂਡਾ (ਵਾਇਆ ਮੈਲਾਨੀ) ਛੋਟੀ ਰੇਲਵੇ ਲਾਈਨ ’ਤੇ ਪੈਂਦਾ ਹੈ। ਇੱਥੋਂ ਸਭ ਤੋਂ ਨਜ਼ਦੀਕੀ ਕਸਬਾ ਤਿਕੂਨੀਆ 3 ਕਿਲੋਮੀਟਰ ਦੀ ਦੂਰੀ ’ਤੇ ਹੈ, ਜਦਕਿ ਜ਼ਿਲ੍ਹਾ ਹੈੱਡਕੁਆਰਟਰ ਲਖੀਮਪੁਰ 80 ਕਿਲੋਮੀਟਰ, ਬਰੇਲੀ 250 ਕਿਲੋਮੀਟਰ, ਦਿੱਲੀ 550 ਕਿਲੋਮੀਟਰ ਅਤੇ ਨੇਪਾਲ ਦੀ ਰਾਜਧਾਨੀ ਕਾਠਮੰਡੂ 500 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਸੰਪਰਕ: 75891-55501

Advertisement
×