DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਦੁਨੀਆਂ ਭਰ ਵਿੱਚ ਕਰੋੜਾਂ ਸਿੱਖ ਉਨ੍ਹਾਂ ਦੇ ਪੈਰੋਕਾਰ ਹਨ। ਸਿੱਖਾਂ ਤੋਂ ਵੀ ਜ਼ਿਆਦਾ ਹਿੰਦੂ, ਮੁਸਲਮਾਨ, ਬੋਧੀ ਆਦਿ ਬਾਬਾ ਨਾਨਕ ਦੇ ਸ਼ਰਧਾਲੂ ਹਨ। ਉਨ੍ਹਾਂ ਦਾ ਜੱਦੀ ਪਿੰਡ ਪੱਠੇਵਿੰਡ (ਹੁਣ ਜ਼ਿਲ੍ਹਾ ਤਰਨ ਤਾਰਨ)...

  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਦੁਨੀਆਂ ਭਰ ਵਿੱਚ ਕਰੋੜਾਂ ਸਿੱਖ ਉਨ੍ਹਾਂ ਦੇ ਪੈਰੋਕਾਰ ਹਨ। ਸਿੱਖਾਂ ਤੋਂ ਵੀ ਜ਼ਿਆਦਾ ਹਿੰਦੂ, ਮੁਸਲਮਾਨ, ਬੋਧੀ ਆਦਿ ਬਾਬਾ ਨਾਨਕ ਦੇ ਸ਼ਰਧਾਲੂ ਹਨ। ਉਨ੍ਹਾਂ ਦਾ ਜੱਦੀ ਪਿੰਡ ਪੱਠੇਵਿੰਡ (ਹੁਣ ਜ਼ਿਲ੍ਹਾ ਤਰਨ ਤਾਰਨ) ਹੈ। ਪਿਤਾ ਮਹਿਤਾ ਕਾਲੂ ਜੀ ਰਾਏ ਬੁਲਾਰ ਕੋਲ ਪਟਵਾਰੀ ਦੀ ਨੌਕਰੀ ਕਰਦੇ ਸਨ। ਨੌਕਰੀ ਦੇ ਸਿਲਸਿਲੇ ਵਿੱਚ ਉਹ ਤਲਵੰਡੀ ਰਾਇ ਭੋਇ ਜਾ ਵੱਸੇ। ਉੱਥੇ ਹੀ ਬਾਲ ਨਾਨਕ ਦਾ ਸੰਮਤ 1526 (1469 ਈਸਵੀ) ਵਿੱਚ ਜਨਮ ਹੋਇਆ। ਬਾਬਾ ਨਾਨਕ ਦਾ ਜਨਮ ਹੋਣ ਕਰਕੇ ਹੀ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਈ। ਗੁਰੂ ਜੀ ਦਾ ਵਿਆਹ ਬਟਾਲਾ ਨਗਰ ਵਿੱਚ ਹੋਇਆ। ਉਨ੍ਹਾਂ ਦੇ ਸਹੁਰਾ ਸ੍ਰੀ ਮੂਲ ਚੰਦ ਵੀ ਪਟਵਾਰੀ ਸਨ। ਪਟਵਾਰੀ ਹੋਣ ਦੇ ਨਾਤੇ ਸਹੁਰਾ ਪਰਿਵਾਰ ਪਿੰਡ ਪੱਖੋਕੇ ਰੰਧਾਵਾ ਵਿੱਚ ਰਹਿੰਦਾ ਰਿਹਾ ਹੈ। ਉਦਾਸੀਆਂ ਤੋਂ ਪਰਤਣ ਮਗਰੋਂ ਇਸ ਪਿੰਡ ਵਿੱਚ ਹੀ ਗੁਰੂ ਜੀ ਆਪਣੇ ਪਰਿਵਾਰ ਨੂੰ ਆ ਕੇ ਮਿਲੇ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਤੋਂ ਬਾਅਦ ਇੱਥੇ ਹੀ ਸੰਨ 1522 ਈ. ਤੋਂ ਪਰਿਵਾਰ ਸਮੇਤ ਪੱਕੀ ਰਿਹਾਇਸ਼ ਕੀਤੀ। ਇਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।

Advertisement

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।

Advertisement

ਇੱਥੇ ਉਨ੍ਹਾਂ ਨੇ ਆਪਣੇ ਹੱਥੀਂ ਖੇਤੀ ਕੀਤੀ, ਧਰਮ ਪ੍ਰਚਾਰ ਦਾ ਕੇਂਦਰ ਸਥਾਪਤ ਕੀਤਾ ਅਤੇ ਕਈ ਬਾਣੀਆਂ ਦੀ ਰਚਨਾ ਕੀਤੀ। ਇਤਿਹਾਸਕਾਰਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਕਰਤਾਰਪੁਰ ਸਾਹਿਬ ਦੀ ਸਥਾਪਨਾ ਜਿਸ ਸਥਾਨ ’ਤੇ ਕੀਤੀ ਗਈ, ਉਹ ਜ਼ਮੀਨ ਉਸ ਇਲਾਕੇ ਦੇ ਰੰਧਾਵੇ ਗੋਤ ਦੇ ਤਪੇ ਦੀ ਸੀ ਕਿਉਂਕਿ ਉਸ ਇਲਾਕੇ ਦੁਆਲੇ ਜ਼ਿਆਦਾਤਰ ਰੰਧਾਵੇ ਗੋਤ ਦੇ ਲੋਕਾਂ ਦਾ ਵਸੇਬਾ ਹੈ। ਜ਼ਿਮੀਂਦਾਰਾਂ ਨੇ ਬਾਬੇ ਨੂੰ ਟਿਕਾਉਣ ਲਈ ਇੱਕ ਪਿੰਡ ਦੀ ਜ਼ਮੀਨ ਦਿੱਤੀ, ਜਿਸ ਦਾ ਨਾਮ ਕਰਤਾਰਪੁਰ ਰੱਖਿਆ ਗਿਆ। ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ, ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਇਸ ਸੰਸਾਰ ਤੋਂ ਵਿਦਾ ਹੋਏ ਅਤੇ ਰਾਵੀ ਕੰਢੇ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਇਸ ਨਗਰ ਵਿੱਚ 18 ਵਰ੍ਹੇ ਨਿਵਾਸ ਕਰਨ ਮਗਰੋਂ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰਿਆਈ ਬਖਸ਼ ਕੇ 7 ਸਤੰਬਰ, ਸੰਨ 1539 ਈ. ਵਿੱਚ ਜੋਤੀ ਜੋਤਿ ਸਮਾਏ। ਇਹ ਨਗਰ ਬਾਅਦ ਵਿੱਚ ਹੜ੍ਹਾਂ ਨੇ ਰੋੜ੍ਹ ਲਿਆ। ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਗੁਰੂ ਜੀ ਦਾ ਨਵਾਂ ਦੇਹਰਾ ਰਾਵੀ ਨਦੀ ਦੇ ਖੱਬੇ ਕੰਢੇ ਉੱਤੇ ਬਣਵਾਇਆ। ਜਿਸ ਦੇ ਆਲੇ-ਦੁਆਲੇ ਵਸਿਆ ਨਗਰ ਹੁਣ ਡੇਰਾ ਬਾਬਾ ਨਾਨਕ ਦੇ ਨਾਂ ਨਾਲ ਪ੍ਰਸਿੱਧ ਹੈ, ਜੋ ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ। ਕੁਝ ਪ੍ਰੇਮੀ ਤੇ ਉੱਦਮੀ ਸਿੱਖਾਂ ਨੇ ਰਾਵੀ ਨਦੀ ਦੇ ਪਾਰਲੇ ਕੰਢੇ ਪੁਰਾਤਨ ਕਰਤਾਰਪੁਰ ਨਗਰ ਦੀ ਨਿਸ਼ਾਨਦੇਹੀ ਕਰ ਕੇ ਫਿਰ ਤੋਂ ਕਰਤਾਰਪੁਰ ਨਗਰ ਵਸਾਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਉੱਥੇ ਗੁਰੂ-ਧਾਮ ਉਸਾਰਿਆ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਗੁਰਦੁਆਰੇ ਦਾ ਕਲਸ਼ ਸਾਫ਼ ਦਿਸਦਾ ਹੈ। ਗੁਰਬਾਣੀ ਦਾ ਮਹਾਂਵਾਕ ਹੈ:

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥

ਉਪਰੋਕਤ ਸ਼ਬਦ ਅਨੁਸਾਰ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਚਰਨ ਪਾਏ, ਉਹ ਪਵਿੱਤਰ ਸਥਾਨ ਸਿੱਖ ਪੰਥ ਲਈ ਸਤਿਕਾਰਤ ਅਤੇ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਇਸੇ ਤਹਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਗੁਰਧਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਦਰਿਆ ਰਾਵੀ ਦੇ ਉਰਾਰ ਤੇ ਪਾਰ ਮੌਜੂਦ ਹਨ। ਜਦੋਂ ਪੰਜਾਬ ਅੰਗਰੇਜ਼ੀ ਰਾਜ ਅਧੀਨ ਆਇਆ ਤਾਂ ਅੰਗਰੇਜ਼ਾਂ ਨੇ ਪ੍ਰਬੰਧ ਚਲਾਉਣ ਲਈ ਡਵੀਜ਼ਨਾਂ, ਜ਼ਿਲ੍ਹਿਆਂ ਤੇ ਤਹਿਸੀਲਾਂ ਦੀ ਵੰਡ ਕੀਤੀ। ਕਰਤਾਰਪੁਰ ਸਾਹਿਬ ਨੂੰ ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਾਮਲ ਕੀਤਾ ਗਿਆ। ਗੁਰਦਾਸਪੁਰ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਗੁਰਦਾਸਪੁਰ, ਪਠਾਨਕੋਟ, ਬਟਾਲਾ ਰਾਵੀ ਤੋਂ ਉਰਲੇ ਪਾਸੇ ਅਤੇ ਸ਼ਕਰਗੜ੍ਹ ਪਰਲੇ ਪਾਸੇ ਸੀ। 1947 ਦੀ ਪੰਜਾਬ ਵੰਡ ਵੇਲੇ ਰਾਵੀ ਤੋਂ ਉਰਲੀਆਂ ਤਿੰਨੇ ਤਹਿਸੀਲਾਂ ਭਾਰਤ ਵਾਲੇ ਪਾਸੇ ਆ ਗਈਆਂ ਤੇ ਸ਼ਕਰਗੜ੍ਹ ਪਾਕਿਸਤਾਨ ਵਾਲੇ ਪਾਸੇ ਚਲੀ ਗਈ।

ਵੰਡ ਮਗਰੋਂ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਸਿਆਲਕੋਟ ਨਾਲ ਸ਼ਾਮਲ ਕਰ ਦਿੱਤੀ ਗਈ। ਬਾਅਦ ਵਿੱਚ ਨਾਰੋਵਾਲ ਨਵਾਂ ਜ਼ਿਲ੍ਹਾ ਬਣਨ ਕਰਕੇ ਸ਼ਕਰਗੜ੍ਹ ਤਹਿਸੀਲ ਉਸ ਵਿੱਚ ਸ਼ਾਮਲ ਹੋ ਗਈ। ਮੌਜੂਦਾ ਸਮੇਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) ਤਹਿਸੀਲ ਸ਼ਕਰਗੜ੍ਹ ਵਿੱਚ ਸ਼ਕਰਗੜ੍ਹ-ਨਾਰੋਵਾਲ ਸੜਕ ’ਤੇ ਸਥਿਤ ਹੈ। ਲਾਹੌਰ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ 125 ਕਿਲੋਮੀਟਰ ਅਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਰਾਵੀ ਪਾਰ ਤਕਰੀਬਨ 4 ਕਿਲੋਮੀਟਰ ਦੀ ਦੂਰੀ ’ਤੇ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਪਰਿਵਾਰ ਨੂੰ ਮਿਲਣ ਲਈ ਤਲਵੰਡੀ ਰਾਇ ਭੋਇ ਵਿੱਚ ਆਏ, ਪਰਿਵਾਰ ਨੂੰ ਮਿਲਣ ਉਪਰੰਤ ਤਲਵੰਡੀ ਤੋਂ ਦਰਿਆ ਰਾਵੀ ਵੱਲ ਚਲਦਿਆਂ ਗੁਰੂ ਜੀ ਨੇ ਰਾਵੀ ਦੇ ਸੱਜੇ ਕੰਢੇ ਪੱਖੋਕੇ ਨਗਰ ਨਜ਼ਦੀਕ ਇੱਕ ਰਮਣੀਕ ਸਥਾਨ ’ਤੇ ਨਿਵਾਸ ਕੀਤਾ। ਪੁਰਾਤਨ ਜਨਮ ਸਾਖੀ ਅਨੁਸਾਰ:-

‘ਤਬ ਬਾਬਾ ਦਰੀਆਉ ਉਪਰ ਬਹਿ ਗਇਆ, ਤਲਵੰਡੀ ਕੇ ਨਜ਼ੀਕ ਇਕ ਥਾਉਂ।’

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਦੀ ਇਮਾਰਤ ਤੋਂ ਚੜ੍ਹਦੇ ਵੱਲ ਗੁਰੂ ਜੀ ਦੇ ਸਮੇਂ ਕਰਤਾਰਪੁਰ ਨਗਰ ਹੋਇਆ ਕਰਦਾ ਸੀ, ਜੋ ਕਿ ਜਲਦੀ ਹੀ ਦਰਿਆ-ਬੁਰਦ ਹੋ ਗਿਆ ਅਤੇ ਗੁਰਦੁਆਰੇ ਦੀ ਪੁਰਾਤਨ ਇਮਾਰਤ ਵੀ 1784 ਈ. ਦੌਰਾਨ ਦਰਿਆ ਰਾਵੀ ਦੇ ਵਹਾਅ ਵਿੱਚ ਆ ਗਈ। ਬੁੱਧ ਸਿੰਘ ਦੋਦੇ ਨੇ ਪੱਕੀ ਧਰਮਸ਼ਾਲਾ ਬਣਵਾਈ ਅਤੇ ਲੰਗਰ ਦੇ ਨਾਮ ਜਾਗੀਰ ਲਾਈ। ਗੁਰਦੁਆਰੇ ਦੇ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ 375 ਰੁਪਏ ਸਾਲਾਨਾ ਜਾਗੀਰ ਅਤੇ 70 ਕਿੱਲੇ ਜ਼ਮੀਨ ਲਾਈ ਗਈ। ਮਹਾਰਾਜਾ ਪਟਿਆਲਾ, ਭੁਪਿੰਦਰ ਸਿੰਘ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਦਰਿਆ ਰਾਵੀ ’ਤੇ ਬੰਨ੍ਹ ਬਣਾਇਆ ਗਿਆ। ਮਹਾਰਾਜਾ ਪਟਿਆਲਾ ਨੇ ਬੰਨ੍ਹ ਬਣਾਉਣ ਲਈ 1,35,600 ਰੁਪਏ ਦੀ ਸੇਵਾ ਕੀਤੀ ਅਤੇ ਗੁਰਦੁਆਰੇ ਦੀ ਮੌਜੂਦਾ ਇਮਾਰਤ ਦੀ ਸੇਵਾ ਵੀ ਕਰਵਾਈ। ਦਰਿਆ ਰਾਵੀ ਕਰਤਾਰਪੁਰ ਨਗਰ ਦਾ ਸਭ ਕੁਝ ਵਹਾ ਕੇ ਲੈ ਗਿਆ, ਪਰ ਗੁਰਦੁਆਰਾ ਸਾਹਿਬ ਬਚਿਆ ਰਿਹਾ ਅਤੇ ਦਰਿਆ ਇਸ ਦੇ ਆਲੇ-ਦੁਆਲੇ ਹੀ ਵਹਿੰਦਾ ਰਿਹਾ। ਦਰਿਆ ਰਾਵੀ ਦੇ ਵਿੱਚੋਂ ਹੀ ਕਦੇ ਡੇਰਾ ਬਾਬਾ ਨਾਨਕ ਨੂੰ ਰਸਤਾ ਜਾਂਦਾ ਸੀ। ਸੰਨ 1947 ਦੀ ਵੰਡ ਉਪਰੰਤ ਖਾਲਸਾ ਪੰਥ ਕਈ ਸਾਲ ਵਾਹਿਗੁਰੂ ਅੱਗੇ ਜੋਦੜੀ ਕਰਦਾ ਰਿਹਾ ਹੈ:

‘ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖ਼ਸ਼ੋ।’

ਭਾਰਤ ਸਰਕਾਰ, ਬੀ ਐੱਸ ਐੱਫ ਅਤੇ ਨਾਨਕ ਨਾਮ ਲੇਵਾ ਸੰਗਤ ਦੀਆਂ ਕੋਸ਼ਿਸ਼ਾਂ ਸਦਕਾ ਰਾਵੀ ਪਾਰ, ਪਾਕਿਸਤਾਨ ਦੀ ਧਰਤੀ ’ਤੇ ਮੌਜੂਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ-ਦੀਦਾਰੇ ਕਰਨ ਲਈ ਧੁੱਸੀ ਬੰਨ੍ਹ ’ਤੇ ‘ਦਰਸ਼ਨ ਸਥਲ’ ਤਿਆਰ ਕੀਤਾ ਗਿਆ। 4 ਮਈ 2008 ਨੂੰ ਇਸ ‘ਦਰਸ਼ਨ ਸਥਲ’ ਦਾ ਉਦਘਾਟਨ ਕੀਤਾ ਗਿਆ। ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਦੋਵੇਂ ਦੇਸ਼ ਪੂਰੇ ਚਾਅ ਨਾਲ ਮਨਾਉਣਾ ਚਾਹੁੰਦੇ ਸਨ। ਇਸੇ ਤਹਿਤ ਨਵੰਬਰ 2018 ਈ. ਵਿੱਚ ਦੋਵਾਂ ਦੇਸ਼ਾਂ ਦੀ ਸਹਿਮਤੀ ਹੋਣ ’ਤੇ 26 ਨਵੰਬਰ 2018 ਈ. ਨੂੰ ਭਾਰਤ ਵੱਲੋਂ ਤੇ 28 ਨਵੰਬਰ 2018 ਈ. ਨੂੰ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ।

ਆਖ਼ਰ 9 ਨਵੰਬਰ 2019 ਨੂੰ ਇਹ ਲਾਂਘਾ ਗੁਰੂ ਮਹਾਰਾਜ ਦੀ ਬਖ਼ਸ਼ਿਸ਼ ਨਾਲ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਦੀ ਸਹਿਮਤੀ ਹੋਣ ’ਤੇ 72 ਸਾਲ ਬਾਅਦ ਖੁੱਲ੍ਹਿਆ। ਲਾਂਘਾ ਖੁੱਲ੍ਹਣ ’ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰ ਸ਼ਖ਼ਸੀਅਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਈਆਂ। ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ’ਤੇ ਹਰ ਰੋਜ਼ ਹਜ਼ਾਰਾਂ ਸੰਗਤ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਲੱਗੀ। ਸੰਗਤ ਸਵੇਰੇ ਦਰਸ਼ਨਾਂ ਲਈ ਜਾਂਦੀ ਤੇ ਸ਼ਾਮ ਨੂੰ ਵਾਪਸ ਆ ਜਾਂਦੀ। ਕਰੋਨਾ ਕਾਰਨ ਮਾਰਚ 2020 ਵਿੱਚ ਯਾਤਰਾ ਬੰਦ ਹੋ ਗਈ। ਮੈਂ ਵੀ 24 ਮਾਰਚ 2020 ਨੂੰ ਪਹਿਲੀ ਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਸੀ, ਪਰ ਕੋਵਿਡ ਕਾਰਨ ਯਾਤਰਾ ਬੰਦ ਹੋਣ ਕਰਕੇ ਜਾ ਨਹੀਂ ਸਕਿਆ।

ਮਗਰੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2021 ਵਿੱਚ ਲਾਂਘਾ ਦੁਬਾਰਾ ਖੁੱਲ੍ਹਿਆ। ਇਸ ਸਮੇਂ ਦੌਰਾਨ ਮੈਂ ਦੋ ਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਹਿੰਦੇ ਪੰਜਾਬ ਦੀ ਹਕੂਮਤ ਵੱਲੋਂ ਵਧੀਆ ਪ੍ਰਬੰਧ ਕੀਤਾ ਗਿਆ ਹੈ। ਪਾਕਿਸਤਾਨ ਦੇ ਲੋਕ ਬਹੁਤ ਹੀ ਪਿਆਰ ਨਾਲ ਮਿਲਦੇ ਹਨ। ਸਿੰਧੀ ਹਿੰਦੂ (ਸਹਿਜਧਾਰੀ ਸਿੱਖ) ਜੋ ਕਿ ਬਾਬਾ ਨਾਨਕ ਦੇ ਪੈਰੋਕਾਰ ਹਨ, ਉਚੇਚੇ ਤੌਰ ’ਤੇ ਦਰਸ਼ਨਾਂ ਲਈ ਦੂਰੋਂ ਚੱਲ ਕੇ ਆਉਂਦੇ ਹਨ। ਪਰ ਮਾੜੇ ਅਨਸਰਾਂ ਵੱਲੋਂ ਪਹਿਲਗਾਮ ਵਿੱਚ ਨਿਰਦੋਸ਼ਾਂ ਦਾ ਕਤਲ ਕਰਨ ਕਰਕੇ ਤਣਾਅਪੂਰਨ ਹਾਲਾਤ ਬਣਨ ਕਾਰਨ ‘ਅਪਰੇਸ਼ਨ ਸਿੰਧੂਰ’ ਮਗਰੋਂ ਇਹ ਲਾਂਘਾ 7 ਮਈ 2025 ਨੂੰ ਫਿਰ ਬੰਦ ਹੋ ਗਿਆ, ਜਿਸ ਕਾਰਨ ਨਾਨਕ ਨਾਮ ਲੇਵਾ ਸੰਗਤ ਫਿਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀ ਹੋ ਗਈ।

7 ਮਈ ਨੂੰ ਮੈਂ ਵੀ ਪਰਿਵਾਰ ਸਮੇਤ ਦਰਸ਼ਨਾਂ ਲਈ ਜਾਣਾ ਸੀ, ਪਰ ਹਾਲਾਤ ਤਣਾਅਪੂਰਨ ਹੋਣ ਕਰਕੇ ਹੋਰ ਸੰਗਤ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਵਾਪਸ ਮੁੜਨਾ ਪਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁਬਾਰਾ ਲਾਂਘਾ ਸ਼ੁਰੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਾਂਘਾ ਖੁੱਲ੍ਹਵਾਉਣ ਲਈ ਨਿੱਜੀ ਤੌਰ ’ਤੇ ਦਿਲਚਸਪੀ ਲੈ ਰਹੇ ਹਨ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਤੇ ਅੰਤ੍ਰਿੰਗ ਕਮੇਟੀ ਵੱਲੋਂ ਲਾਂਘਾ ਸ਼ੁਰੂ ਕਰਨ ਲਈ ਕਈ ਮਤੇ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜੇ ਗਏ ਹਨ। ਪਰ ਕੇਂਦਰ ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ। ਸਿੱਖਾਂ ਤੋਂ ਇਲਾਵਾ ਹਿੰਦੂ ਭਾਈਚਾਰਾ ਵੀ ਲਾਂਘਾ ਖੁੱਲ੍ਹਣ ਦੀ ਉਡੀਕ ਵਿੱਚ ਹੈ, ਤਾਂ ਜੋ ਉਹ ਖੁੱਲ੍ਹੇ ਦਰਸ਼ਨ-ਦੀਦਾਰੇ ਕਰ ਸਕਣ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹ ਦੇਵੇ ਤਾਂ ਜੋ ਪਹਿਲਾਂ ਦੀ ਤਰ੍ਹਾਂ ਹੀ ਸੰਗਤ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਅਸਥਾਨ ਦੇ ਦਰਸ਼ਨ ਕਰ ਸਕੇ।

ਸੰਪਰਕ: 98148-98179

Advertisement
×