ਮਹਾਨ ਵਿਦਵਾਨ ਤੇ ਸੂਰਬੀਰ ਜਰਨੈਲ ਬਾਬਾ ਦੀਪ ਸਿੰਘ
ਦੁਨੀਆਂ ਦੇ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨੇ ਧਰਮ ਖਾਤਰ ਸੀਸ ਤਲੀ ’ਤੇ ਰੱਖ ਕੇ 18 ਸੇਰ ਦੇ ਦੋ-ਧਾਰੀ ਖੰਡੇ ਨਾਲ ਜ਼ੁਲਮ ਖ਼ਿਲਾਫ਼ ਲੜਦਿਆਂ ਮੁਗਲ ਜ਼ਾਲਮਾਂ ਦੇ ਅਜਿਹੇ ਆਹੂ ਲਾਹੇ ਕਿ ਉਹ...
ਦੁਨੀਆਂ ਦੇ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨੇ ਧਰਮ ਖਾਤਰ ਸੀਸ ਤਲੀ ’ਤੇ ਰੱਖ ਕੇ 18 ਸੇਰ ਦੇ ਦੋ-ਧਾਰੀ ਖੰਡੇ ਨਾਲ ਜ਼ੁਲਮ ਖ਼ਿਲਾਫ਼ ਲੜਦਿਆਂ ਮੁਗਲ ਜ਼ਾਲਮਾਂ ਦੇ ਅਜਿਹੇ ਆਹੂ ਲਾਹੇ ਕਿ ਉਹ ਭੈਅ ਨਾਲ ਥਰ-ਥਰ ਕੰਬਣ ਲੱਗੇ ਤੇ ਮੈਦਾਨ-ਏ-ਜੰਗ ’ਚੋਂ ਭੱਜ ਨਿਕਲੇ। ਬਾਬਾ ਦੀਪ ਸਿੰਘ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਅਜਿਹਾ ਉਕਰਿਆ ਕਿ ਅੱਜ ਨਾ ਸਿਰਫ ਸਿੱਖ ਸਗੋਂ ਹੋਰਨਾਂ ਧਰਮਾਂ ਦੇ ਲੋਕ ਵੀ ਇਸ ਨਾਇਕ ਨੂੰ ਨਤਮਸਤਕ ਹੁੰਦੇ ਹਨ। ਉਹ ਇੱਕ ਸੁਘੜ ਸਿਆਣੇ ਵਿਦਵਾਨ ਤੇ ਮਹਾਨ ਸੂਰਬੀਰ ਯੋਧਾ ਸਨ।
ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਸ੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਜੀ ਦਾ ਨਾਂ ਜਿਊਣੀ ਜੀ ਤੇ ਪਿਤਾ ਜੀ ਦਾ ਨਾਂ ਭਗਤਾ ਜੀ ਸੀ। ਛੋਟੇ ਹੁੰਦੇ ਤੋਂ ਹੀ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਪੜ੍ਹੀ ਤੇ ਗੁਰਬਾਣੀ ਪਾਠ ਕਰਨਾ ਸਿੱਖ ਲਿਆ ਸੀ। ਬਚਪਨ ’ਚ ਹੀ ਉਨ੍ਹਾਂ ਖੇਤੀ ਕਰਨ ਦੇ ਨਾਲ-ਨਾਲ ਨੇਜਾ ਸੁੱਟਣ ਤੇ ਘੋੜ ਸਵਾਰੀ ’ਚ ਮੁਹਾਰਤ ਹਾਸਲ ਕਰ ਲਈ ਸੀ। ਉਹ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ, ਚੰਗੇ ਕੱਦ-ਕਾਠ ਵਾਲੇ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ।
ਜਦੋਂ ਸੰਨ 1699 ਈਸਵੀ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਤਾਂ ਬਾਬਾ ਦੀਪ ਸਿੰਘ ਜੀ ਆਪਣੀ ਮਾਤਾ ਜੀ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਚਰਨਾਂ ’ਚ ਜਾ ਨਤਮਸਤਕ ਹੋਏ। ਉਨ੍ਹਾਂ ਦਸਵੇਂ ਪਾਤਸ਼ਾਹ ਤੋਂ ਅੰਮ੍ਰਿਤ ਪਾਨ ਕੀਤਾ। ਉਸ ਵੇਲੇ ਬਾਬਾ ਜੀ ਦੀ ਉਮਰ ਮਹਿਜ਼ 18 ਸਾਲ ਸੀ। ਇਤਿਹਾਸ ਮੁਤਾਬਕ ਗੁਰੂ ਜੀ ਨੇ ਬਾਬਾ ਦੀਪ ਸਿੰਘ ਨੂੰ ਸ੍ਰੀ ਆਨੰਦਪੁਰ ਸਾਹਿਬ ਰਹਿ ਕੇ ਲੰਗਰ ਦੀ ਸੇਵਾ ਤੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਨਾਲ ਹੀ ਗੁਰਮੁਖੀ, ਅਰਬੀ ਤੇ ਫ਼ਾਰਸੀ ਭਾਸ਼ਾ ਦੀ ਪੜ੍ਹਾਈ ਕਰਵਾ ਕੇ ਸੁਘੜ ਸਿਆਣੇ ਵਿਦਵਾਨ ਬਣਾ ਦਿੱਤਾ।
ਸ੍ਰੀ ਆਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਹੀ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸ਼ਸਤਰ ਯੁੱਧ ਵਿੱਚ ਜੂਝਣ ਦੀ ਮੁਹਾਰਤ ਹਾਸਲ ਕੀਤੀ। 20-22 ਵਰ੍ਹਿਆਂ ’ਚ ਹੀ ਉਹ ਸੂਰਬੀਰ ਯੋਧਾ ਬਣ ਗਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਮਗਰੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਈ ਮਨੀ ਸਿੰਘ ਕੋਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਇਆ ਤਾਂ ਬਾਬਾ ਦੀਪ ਸਿੰਘ ਜੀ ਨੇ ਵੀ ਉਸ ’ਚ ਪੂਰੀ ਸਹਾਇਤਾ ਕੀਤੀ। ਉਹ ਕਲਮਾਂ, ਸਿਆਹੀ ਤੇ ਕਾਗਜ਼ ਆਦਿ ਤਿਆਰ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਵਾਈ ਗਈ ਉਸ ਬੀੜ ਨੂੰ ‘ਦਮਦਮਾ ਸਾਹਿਬ ਵਾਲੀ ਬੀੜ’ ਕਿਹਾ ਜਾਂਦਾ ਹੈ। ਇਹ ਬੀੜ ਹੀ ਇਸ ਵੇਲੇ ਸਾਰੇ ਗੁਰੂ ਘਰਾਂ ’ਚ ਸੁਸ਼ੋਭਿਤ ਹੈ।
ਬਾਬਾ ਦੀਪ ਸਿੰਘ ਜੀ ਦੀ ਲਿਖਾਈ ਦੀ ਬਨਾਵਟ ਵੀ ਬੜੀ ਸੁੰਦਰ ਸੀ, ਜਿਸ ਕਰਕੇ ਗੁਰੂ ਜੀ ਵੱਲੋਂ ਚਾਰ ਹੱਥ ਲਿਖਤ ਬੀੜਾਂ ਤਿਆਰ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ। ਇਹ ਕੰਮ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਸੰਪੂਰਨ ਕੀਤਾ। ਇਸ ’ਤੇ 1716 ਤੋਂ 1726 ਈਸਵੀ ਤੱਕ ਦਾ ਸਮਾਂ ਲੱਗਾ। ਸੰਪੂਰਨ ਹੋਣ ਮਗਰੋਂ ਇਨ੍ਹਾਂ ਨੂੰ ਚਾਰੇ ਤਖ਼ਤਾਂ ਨੂੰ ਭੇਜਿਆ ਗਿਆ। ਖਾਸ ਗੱਲ ਇਹ ਕਿ ਬਾਬਾ ਦੀਪ ਸਿੰਘ ਜੀ ਅਰਬੀ ਭਾਸ਼ਾ ਦੇ ਵਿਦਵਾਨ ਸਨ। ਉਨ੍ਹਾਂ ਬੜੀ ਮਿਹਨਤ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਅਰਬੀ ਭਾਸ਼ਾ ’ਚ ਤਰਜਮਾ ਵੀ ਕੀਤਾ। ਪ੍ਰਸਿੱਧ ਸਿੱਖ ਇਤਿਹਾਸਕਾਰ ਸਰਦਾਰ ਕਿਰਪਾਲ ਸਿੰਘ ਅਨੁਸਾਰ ਇਹ ਬੀੜ ਅੱਜਕੱਲ੍ਹ ਬਗਦਾਦ ਯੂਨੀਵਰਸਿਟੀ ’ਚ ਸੰਭਾਲ ਕੇ ਰੱਖੀ ਹੋਈ ਹੈ।
ਗੁਰੂ ਗੋਬਿੰਦ ਸਿੰਘ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਤਾਂ ਬਾਬਾ ਦੀਪ ਸਿੰਘ ਜੀ ਵੀ ਤਲਵੰਡੀ ਸਾਬੋ ਤੋਂ ਉਨ੍ਹਾਂ ਨਾਲ ਆ ਮਿਲੇ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਸਾਰੇ ਇਲਾਕਿਆਂ ਨੂੰ ਜਿੱਤਣ ’ਚ ਮਦਦ ਕੀਤੀ। ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦੇ ਕੁੱਝ ਇਲਾਕਿਆਂ ’ਤੇ ਕਬਜ਼ਾ ਕਰ ਲਿਆ, ਜੋ ਮੁਹੰਮਦ ਅਮੀਨ ਖ਼ਾਨ ਕੋਲ ਸੀ। ਬਾਅਦ ’ਚ ਬਾਬਾ ਦੀਪ ਸਿੰਘ ਜੀ ਨੇ ਇਹ ਇਲਾਕੇ ਆਪਣੇ ਸਾਥੀ ਦਿਆਲ ਸਿੰਘ ਤੇ ਨੱਥਾ ਸਿੰਘ ਨੂੰ ਸੌਂਪ ਦਿੱਤੇ। ਬਾਬਾ ਦੀਪ ਸਿੰਘ ਜੀ ਨੇ 1708 ਤੋਂ 1715 ਤੱਕ ਬੰਦਾ ਬਹਾਦਰ ਦਾ ਸਾਥ ਦਿੱਤਾ।
ਜਦੋਂ ਸਤਾਰ੍ਹਵੀਂ ਸਦੀ ’ਚ ਪੰਜਾਬ 12 ਮਿਸਲਾਂ ’ਚ ਵੰਡਿਆ ਗਿਆ ਤਾਂ ਬਾਰਾਂ ਮਿਸਲਾਂ ਦੇ ਵੱਖ-ਵੱਖ ਜਥੇਦਾਰ ਥਾਪੇ ਗਏ ਤੇ ਬਾਬਾ ਦੀਪ ਸਿੰਘ ਜੀ ਨੂੰ ‘ਸ਼ਹੀਦ ਮਿਸਲ’ ਦਾ ਮੁੱਖ ਸੇਵਾਦਾਰ ਥਾਪਿਆ ਗਿਆ। ਅੱਗੇ ਚੱਲ ਕੇ ਜਦੋਂ ਸੰਨ 1756 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਚੌਥਾ ਹਮਲਾ ਕਰ ਕੇ ਕਈ ਸ਼ਹਿਰਾਂ ਨੂੰ ਲੁੱਟਿਆ ਅਤੇ ਉਹ ਭਾਰਤੀ ਔਰਤਾਂ ਨੂੰ ਦਾਸੀਆਂ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਦੀ ‘ਸ਼ਹੀਦ ਮਿਸਲ’ ਨੇ ਕੁਰੂਕਸ਼ੇਤਰ ਦੇ ਕੋਲ ਪਿਪਲੀ ਅਤੇ ਮਾਰਕੰਡੇ ਦੇ ਦਰਿਆ ਤੋਂ ਤਕਰੀਬਨ ਤਿੰਨ ਸੌ ਔਰਤਾਂ ਦੇ ਨਾਲ-ਨਾਲ ਬਹੁਤ ਸਾਰਾ ਕੀਮਤੀ ਸਾਮਾਨ ਵਾਪਸ ਹਾਸਲ ਕੀਤਾ। ਇਸ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਕੇ ਸਿੱਖਾਂ ਨੂੰ ਖ਼ਤਮ ਕਰਨ ਅਤੇ ਗੁਰਦੁਆਰਿਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਸ ਦਾ ਬਦਲਾ ਲੈਣ ਲਈ ਬਾਬਾ ਦੀਪ ਸਿੰਘ ਜੀ ਨੇ ਤੈਮੂਰ ਸ਼ਾਹ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕਰ ਲਿਆ। ਉਸ ਵੇਲੇ ਬਾਬਾ ਜੀ ਦੀ ਉਮਰ ਤਕਰੀਬਨ 75 ਸਾਲ ਦੀ ਸੀ। ਉਹ ਆਪਣੇ ਹਜ਼ਾਰਾਂ ਸਾਥੀਆਂ ਸਣੇ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਵੱਲ ਚੱਲ ਪਏ। ਉਨ੍ਹਾਂ ਪ੍ਰਣ ਕੀਤਾ ਕਿ ਉਨ੍ਹਾਂ ਦਾ ਸਿਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਡਿੱਗੇ। ਅੰਮ੍ਰਿਤਸਰ ਨੇੜੇ ਘਮਸਾਨ ਦੀ ਲੜਾਈ ਹੋਈ। ਇਸ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਵੱਖ ਹੋ ਗਿਆ। ਬਾਬਾ ਦੀਪ ਸਿੰਘ ਜੀ ਖੱਬੇ ਹੱਥ ’ਤੇ ਸੀਸ ਰੱਖ ਕੇ ਸੱਜੇ ਹੱਥ ਨਾਲ 18 ਸੇਰ ਦੇ ਦੋ-ਧਾਰੀ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਰਿਕਰਮਾ ਆ ਪਹੁੰਚੇ ਅਤੇ 13 ਨਵੰਬਰ 1757 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਆਪਣਾ ਪ੍ਰਣ ਪੂਰਾ ਕੀਤਾ।
ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਾਨੂੰ ਇੱਕ ਜੋਸ਼ ਭਰਪੂਰ ਸੁਨੇਹਾ ਦਿੰਦੀ ਹੋਈ ਜ਼ੁਲਮ ਖ਼ਿਲਾਫ਼ ਡਟ ਕੇ ਲੜਨ ਲਈ ਪ੍ਰੇਰਿਤ ਕਰਦੀ ਹੈ ਤੇ ਨਾਲ ਹੀ ਆਪਣੇ ਧਰਮ ਦੀ ਰਾਖੀ ਲਈ ਇਕਜੁੱਟ ਹੋ ਕੇ ਆਪਾ ਕੁਰਬਾਨ ਕਰ ਦੇਣ ਵਾਸਤੇ ‘ਤਿਆਰ ਬਰ ਤਿਆਰ’ ਰਹਿਣ ਦਾ ਸੰਦੇਸ਼ ਵੀ ਦਿੰਦੀ ਹੈ।
ਸੰਪਰਕ: 76967-54669

