DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖੀ ਦੀ ਨੀਂਹ: ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ

ਸਰਹਿੰਦ ਵਿੱਚ ਇੱਕ ਆਮ ਬੁਰਜ ਉਸਾਰਿਆ ਗਿਆ ਸੀ। ਇਸ ਆਮ ਬੁਰਜ ਨੂੰ ਉਸ ਵੇਲੇ ਇਤਿਹਾਸਕ ਰੰਗਤ ਚੜ੍ਹਨੀ ਸ਼ੁਰੂ ਹੋ ਗਈ, ਜਦੋਂ ਲਾਲਚ ਤੇ ਗ਼ਦਾਰਪੁਣੇ ਦੀ ਜ਼ਦ ਵਿੱਚ ਆਏ ‘ਗੰਗੂ’ ਨਾਂ ਦੇ ਰਸੋਈਏ ਦੀ ਸ਼ਿਕਾਇਤ ਕਰਨ ’ਤੇ ਜਾਬਰ ਮੁਗ਼ਲ ਹਕੂਮਤ ਦੇ...

  • fb
  • twitter
  • whatsapp
  • whatsapp
Advertisement

ਸਰਹਿੰਦ ਵਿੱਚ ਇੱਕ ਆਮ ਬੁਰਜ ਉਸਾਰਿਆ ਗਿਆ ਸੀ। ਇਸ ਆਮ ਬੁਰਜ ਨੂੰ ਉਸ ਵੇਲੇ ਇਤਿਹਾਸਕ ਰੰਗਤ ਚੜ੍ਹਨੀ ਸ਼ੁਰੂ ਹੋ ਗਈ, ਜਦੋਂ ਲਾਲਚ ਤੇ ਗ਼ਦਾਰਪੁਣੇ ਦੀ ਜ਼ਦ ਵਿੱਚ ਆਏ ‘ਗੰਗੂ’ ਨਾਂ ਦੇ ਰਸੋਈਏ ਦੀ ਸ਼ਿਕਾਇਤ ਕਰਨ ’ਤੇ ਜਾਬਰ ਮੁਗ਼ਲ ਹਕੂਮਤ ਦੇ ਹੁਕਮਰਾਨਾਂ ਨੇ ਜ਼ਬਰ ਦੀ ਹੱਦ ਪਾਰ ਕਰ ਦਿੱਤੀ। ਉਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ (ਸੱਤ ਸਾਲ), ਬਾਬਾ ਜ਼ੋਰਾਵਰ ਸਿੰਘ (ਨੌਂ ਸਾਲ) ਤੇ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੂੰ ਪੋਹ (ਦਸੰਬਰ) ਦੇ ਯਖ ਠੰਢੇ ਦਿਨਾਂ ਵਿੱਚ ਇਸ ਬੁਰਜ ਵਿੱਚ ਕੈਦ ਕਰ ਕੇ ਈਨ ਮਨਵਾਉਣ ਜਾਂ ਦੀਨ ਵਿੱਚ ਲਿਆਉਣ ਲਈ ਕਚਹਿਰੀ ਵਿੱਚ ਪੇਸ਼ੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਇਤਿਹਾਸਕ ਘਟਨਾਕ੍ਰਮ ਨੇ ਇਸ ਆਮ ਬੁਰਜ ਨੂੰ ਖਾਸ ਬੁਰਜ ਬਣਾ ਦਿੱਤਾ।

ਫ਼ੌਲਾਦੀ ਜਿਗਰੇ ਤੇ ਬੁਲੰਦ ਹੌਸਲੇ ਦੇ ਮਾਲਕ ‘ਬਚਪਨ ਤੇ ਬੁਢਾਪਾ’ (ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ) ਨੇ ਬਰਫ਼ੀਲੀਆਂ ਤੇ ਕੱਕਰੀਲੀਆਂ (ਠੰਢੀਆਂ ਠਾਰ) ਰਾਤਾਂ ਵਿੱਚ ਵੀ ਜਾਬਰ ਦੇ ਜ਼ੁਲਮ ਦਾ ਸਬਰ ਨਾਲ ਡੱਟ ਕੇ ਤੇ ਚੜ੍ਹਦੀਕਲਾ ਅਵਸਥਾ ਵਿੱਚ ਮੁਕਾਬਲਾ ਕੀਤਾ। ਪਰ ਜ਼ੁਲਮ ਦੀ ਇੰਤਹਾ ਨੂੰ ਤੱਕ ਕੇ ਇੱਥੋਂ ਦੀ ਫਿਜ਼ਾ ਨੇ ਖੂਨ ਦੇ ਅੱਥਰੂਆਂ ਨਾਲ ਉਦਾਸ ਤੇ ਗ਼ਮਗੀਨ ਮਾਹੌਲ ਦੀ ਪੀੜਾ ਨੂੰ ਬੜੇ ਹੀ ਔਖ ਨਾਲ ਸਹਿਣ ਕੀਤਾ ਹੋਵੇਗਾ। ਠੰਢੇ ਬੁਰਜ ਦੇ ਕਿੰਗਰੇ ਇਸ ਭਾਰੀ ਕਹਿਰ ਦੇ ਚਸ਼ਮਦੀਦ ਗਵਾਹ ਬਣੇ:

Advertisement

‘ਠੰਢੇ ਬੁਰਜ ਦੇ ਕਿੰਗਰੇ ਰੋ ਰੋ ਪਾਉਂਦੇ ਵੈਣ ਨੀਂ।

Advertisement

ਨਾ ਕਮਾ ਏਨਾ ਕਹਿਰ, ਜੋਦੜੀ ਕਰ ਕਰ ਤੈਨੂੰ ਕਹਿਣ ਨੀਂ।

ਹਾਏ ਨੀਂ ਜ਼ਾਲਮ ਹਕੂਮਤੇ!... ਸਾਥੋਂ ਨੀਂ ਹੁੰਦਾ ਇਹ ਸਭ ਸਹਿਣ ਨੀਂ।

ਮਾਸੂਮ ਜਿੰਦਾਂ ਨੂੰ... ਔਹ, ਜ਼ਾਲਮ ਆ ਗਏ ਲੈਣ ਨੀਂ...।’

ਅੱਜ ਵੀ ਇਸ ਮਹਾਨ ਅਸਥਾਨ ਠੰਢੇ ਬੁਰਜ ਦੇ ਦਰਸ਼ਨ-ਦੀਦਾਰੇ ਕਰਨ ਵੇਲੇ ਇਸ ਸੂਰਮਗਤੀ ਭਰੇ ਬਿਰਤਾਂਤ ਦਾ ਸੁਨਹਿਰੀ ਇਤਿਹਾਸ ਅੱਖਾਂ ਅੱਗੇ ਆਣ ਘੁੰਮਣ ਲੱਗ ਜਾਂਦਾ ਹੈ। ਠੰਢੇ ਬੁਰਜ ਦਾ ਆਲਾ-ਦੁਆਲਾ, ਇਸ ਦੀ ਫਿਜ਼ਾ, ਥੰਮ੍ਹ ਤੇ ਕਿੰਗਰੇ ਆਦਿ ਧਰਮ ਪ੍ਰਤੀ ਵਫ਼ਾਦਾਰੀ ਤੇ ਕੁਰਬਾਨੀ ਦੀ ਵੀਰ-ਗਾਥਾ ਸੁਣਾਉਂਦੇ ਮਹਿਸੂਸ ਹੁੰਦੇ ਹਨ। ਅਹਿਸਾਸ ਵੀ ਕਰਵਾਉਂਦੇ ਹਨ ਕਿ ਉਹ ਘੜੀ ਕਿੰਨੀ ਔਖੀ ਤੇ ਅਸਹਿ ਹੋਵੇਗੀ। ਫਿਰ ਵੀ ਮਾਤਾ ਗੁਜਰੀ ਜੀ ਆਪਣੇ ਲਾਲ (ਦਸਮੇਸ਼) ਦੇ ਲਾਲਾਂ (ਪੋਤਰਿਆਂ/ਸਾਹਿਬਜ਼ਾਦਿਆਂ) ਨਾਲ ਠੰਢੇ ਬੁਰਜ ਦੀ ਕੈਦ ਸਮੇਂ ਆਉਣ ਵਾਲੇ ਹੋਰ ਵੀ ਸਖ਼ਤ ਇਮਤਿਹਾਨਾਂ ਨੂੰ ਬੜੇ ਠਰੰਮੇ, ਸਬਰ ਤੇ ਹੌਸਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਸਨ।

‘ਮਨਜ਼ੂਰ ਇਸ ਘੜੀ ਜੋ ਤੁਝੇ ਇਮਤਿਹਾਨ ਹੈ।

ਹਾਜ਼ਿਰ ਬਜਾਇ ਪੋਤੋਂ ਕੇ ਦਾਦੀ ਕੀ ਜਾਨ ਹੈ।’

(ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ)

ਪਰ ਕੈਦ ਵਿੱਚ ਬੇਦੋਸ਼ੇ ਮਜ਼ਲੂਮਾਂ ’ਤੇ ਜ਼ਾਲਮ ਹਕੂਮਤ ਦੇ ਅਣਮਨੁੱਖੀ ਵਿਵਹਾਰ ਨੂੰ ਵੇਖ ਕੇ ਮੋਤੀ ਰਾਮ ਮਹਿਰਾ ਦੀ ਰੂਹ ਕੁਰਲਾ ਉੱਠੀ। ਸਜ਼ਾ ਦੇ ਰੂਪ ਵਿੱਚ ਜ਼ਾਲਮ ਹਕੂਮਤ ਹੱਥੋਂ ਆਪਣੀ ਹੋਣ ਵਾਲੀ ਦੁਰਦਸ਼ਾ ਤੋਂ ਬੇਪਰਵਾਹ ਹੋ ਕੇ ਉਹ ਆਪਣਾ ਸਭ ਕੁਝ ਦਾਅ ’ਤੇ ਲਾਉਂਦਿਆਂ ਉਨ੍ਹਾਂ ਮਹਾਨ ਪੁਰਖਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਕਮਾਉਣ ਵਿੱਚ ਸਫਲ ਹੋ ਗਿਆ।

ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਮੁਗਲ ਹਕੂਮਤ ਸਾਹਮਣੇ ਹੋਣ ਵਾਲੀ ਪੇਸ਼ੀ ਸਮੇਂ ਵਾਪਰਨ ਵਾਲੇ ਘਟਨਾਕ੍ਰਮ ਤੇ ਉਨ੍ਹਾਂ ਦੇ ਨਿਕਲਣ ਵਾਲੇ ਨਤੀਜਿਆਂ ਨੂੰ ਹਰ ਪੱਖੋਂ ਘੋਖਿਆ ਤੇ ਪਰਖਿਆ ਸੀ। ਵਾਪਰਨ ਵਾਲੀ ਭਿਆਨਕ ਹੋਣੀ ਨੂੰ ਭਾਂਪਦਿਆਂ ਉਨ੍ਹਾਂ ਨੇ ਆਪਣੇ ਪੋਤਰਿਆਂ ਨੂੰ ਗੋਦੀ ਦੇ ਨਿੱਘ ਵਿੱਚ ਬਿਠਾਇਆ ਤੇ ਸਿੱਖੀ ਸਿਦਕ ਕਮਾਉਣ ਤੇ ਹੰਢਾਉਣ ਵਾਲੇ ਆਪਣੇ ਪੁਰਖਿਆਂ ਦੇ ਮਾਣਮੱਤੇ ਇਤਿਹਾਸ ਸੁਣਾ ਕੇ ਮਾਸੂਮ ਤੇ ਨੰਨ੍ਹੇ ਪਰ ਮਜ਼ਬੂਤ ਦਿਲਾਂ ਉੱਪਰ ਚੜ੍ਹੀ ਹੋਈ ਬਹਾਦਰੀ ਦੀ ਪਾਣ ਨੂੰ ਹੋਰ ਤਿੱਖਾ ਕਰਦਿਆਂ ਜ਼ੁਲਮ ਦੇ ਟਾਕਰੇ ਲਈ ਹੋਰ ਦ੍ਰਿੜ੍ਹ ਕੀਤਾ। ਦਿਲ ’ਤੇ ਸਬਰ ਦਾ ਪੱਥਰ ਰੱਖ ਕੇ ਸਵੇਰ ਵੇਲੇ ਅਣਖ ਭਰੀ ਦਲੇਰਾਨਾ ਰੀਝ ਨਾਲ ਦਾਦੀ ਮਾਂ ਨੇ ਪੋਤਰਿਆਂ ਤੋਂ ਮਮਤਾ ਨਿਸ਼ਾਵਰ ਕਰਦਿਆਂ ਤੇ ਸਦਕੇ ਜਾਂਦਿਆਂ, ਪੇਸ਼ੀ ਲਈ ਤਿਆਰ ਵੀ ਕੀਤਾ:

‘ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।

ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।

ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।

ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ।’

(ਅੱਲ੍ਹਾ ਯਾਰ ਖਾਂ ਜੋਗੀ)

ਸਿਰ ਅਤੇ ਦਿਮਾਗ ’ਤੇ ਹੰਕਾਰ ਅਤੇ ਜਨੂੰਨ ਦੇ ਨਾਲ-ਨਾਲ ਹਕੂਮਤ ਦੇ ਨਸ਼ੇ ਵਿੱਚ ਚੂਰ ਹੋਇਆ ਸਰਹਿੰਦ ਦਾ ਸੂਬੇਦਾਰ ਨਵਾਬ ਵਜ਼ੀਰ ਖਾਨ ਵਿਸ਼ੇਸ਼ ਕਚਹਿਰੀ (ਸਭਾ) ਬੁਲਾ ਕੇ ਬੈਠਾ ਹੋਇਆ ਸੀ। ਉਹ ਚਮਕੌਰ ਦੀ ਗੜ੍ਹੀ ਵਿੱਚ ਮਿਲੀ ਨਮੋਸ਼ੀ ਭਰੀ ਹਾਰ ਦਾ ਬਦਲਾ ਗੁਰੂ ਪਰਿਵਾਰ ਦੇ ਮਾਸੂਮਾਂ ਤੋਂ ਲੈਣ ਲਈ ਬਜ਼ਿਦ ਸੀ। ਪਰ ਇਸ ਸਭਾ ਵਿੱਚ ਪ੍ਰੇਸ਼ਾਨੀ ਭਰਿਆ ਤੌਖਲਾ ਤੇ ਫ਼ਿਕਰਮੰਦੀ ਦਾ ਆਲਮ ਵੀ ਬਣਿਆ ਹੋਇਆ ਸੀ ਤੇ ਪ੍ਰਤੱਖ ਰੂਪ ਵਿੱਚ ਪਸਰੇ ਹੋਏ ਇਸ ਸੰਨਾਟੇ ਤੋਂ ਸਪੱਸ਼ਟ ਸੀ ਕਿ ਇਨ੍ਹਾਂ ਬਾਲ ਨਿਆਣਿਆਂ ਨੂੰ ਝੁਕਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਸਗੋਂ ਇਨ੍ਹਾਂ ਨੇ ਮੌਤ ਨੂੰ ਗਲੇ ਲਗਾ ਕੇ ਨਮੋਸ਼ੀ ਭਰੀ ਨੈਤਿਕ ਹਾਰ ਦਾ ਮੂੰਹ ਵਿਖਾ ਦੇਣਾ ਹੈ। ਇਸੇ ਕਰਕੇ ਸਾਹਿਬਜ਼ਾਦਿਆਂ ਦੀ ਕਚਹਿਰੀ ਵਿੱਚ ਪੇਸ਼ੀ ਸਮੇਂ ਸਾਜ਼ਿਸ਼ ਤਹਿਤ ਮੁੱਖ ਦਰਵਾਜ਼ਾ ਬੰਦ ਕਰਕੇ ਛੋਟੀ ਬਾਰੀ (ਖਿੜਕੀ) ਖੋਲ੍ਹੀ ਗਈ, ਤਾਂ ਕਿ ਉਹ ਸਿਰ ਝੁਕਾ ਕੇ ਕਚਹਿਰੀ ਵਿੱਚ ਜਾ ਸਕਣ, ਜਿਸ ਨੂੰ ‘ਗੋਬਿੰਦ ਸਿੰਘ ਦੇ ਫਰਜ਼ੰਦ ਝੁਕ ਗਏ’ ਆਖ ਕੇ ਹਕੂਮਤ ਦੀ ਇੱਕ ਜਿੱਤ ਬਣਾ ਕੇ ਉਛਾਲਿਆ ਜਾ ਸਕੇ।

ਸੋ, ਸਾਹਿਬਜ਼ਾਦਿਆਂ ਦੀ ਪੇਸ਼ੀ ਵੇਲੇ ਸਿਪਾਹੀ ਤਾਂ ਸਿਰ ਝੁਕਾ ਕੇ ਅੰਦਰ ਲੰਘੇ ਤਾਂ ਜੋ ਸਾਹਿਬਜ਼ਾਦੇ ਵੀ ਉਨ੍ਹਾਂ ਦੀ ਦੇਖਾ-ਦੇਖੀ ਅਜਿਹਾ ਹੀ ਕਰਨ। ਪਰ ਧਰਮ ਖਾਤਰ ਵੱਡੇ ਸਾਕੇ ਵਰਤਾਉਣ ਲਈ ਦ੍ਰਿੜ੍ਹ ਸਾਹਿਬਜ਼ਾਦਿਆਂ ਨੇ ਇਸ ਚਾਲ ਨੂੰ ਭਾਂਪ ਲਿਆ। ਉਨ੍ਹਾਂ ਨੇ ਸਿਰ ਝੁਕਾਉਣ ਦੀ ਬਜਾਏ, ਪਹਿਲਾਂ ਆਪਣੇ ਪੈਰ ਦਰਵਾਜ਼ੇ ਅੰਦਰ ਧਰੇ ਅਤੇ ਫਿਰ ਸਿਰ ਨੂੰ ਉੱਚਾ ਰੱਖਦਿਆਂ ਅੰਦਰ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਨ੍ਹਾਂ ਨੇ ਬੁਲੰਦ ਆਵਾਜ਼ ਵਿੱਚ ‘ਫਤਹਿ’ ਗਜਾਈ, ਜਿਸ ਨੂੰ ਸੁਣ ਕੇ ਸੂਬਾ ਸਰਹਿੰਦ ਸਮੇਤ ਸਾਰੇ ਦਰਬਾਰੀ ਸੜ-ਬਲ ਉੱਠੇ। ਪਰ ਮਾਸੂਮ ਜਿੰਦਾਂ ਨੂੰ ਈਨ ਮਨਾ ਕੇ ਦੀਨ ਵਿੱਚ ਲਿਆਉਣ ਲਈ ਲਾਲਚ ਤੇ ਡਰਾਵਿਆਂ ਦੇ ਨਾਲ-ਨਾਲ ਸਾਜ਼ਿਸ਼ਾਂ ਰਚਣ ਦਾ ਦੌਰ ਵੀ ਜਾਰੀ ਰੱਖਿਆ ਗਿਆ।

ਸਾਹਿਬਜ਼ਾਦਿਆਂ ਦਾ ਮਨੋਬਲ ਡੇਗਣ ਲਈ ਹਕੂਮਤ ਵੱਲੋਂ ਇਹ ਝੂਠੀ ਅਫ਼ਵਾਹ ਫੈਲਾਈ ਗਈ ਕਿ ਉਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘਾਂ ਸਮੇਤ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਬਿਲਕੁਲ ਇਕੱਲੇ ਰਹਿ ਗਏ ਹਨ। ਸੂਬੇਦਾਰ ਨੇ ਪੁੱਛਿਆ ਕਿ ਜੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ, ਤਾਂ ਉਹ ਇਕੱਲੇ ਕੀ ਕਰ ਲੈਣਗੇ? ਅੱਗੋਂ ਸਾਹਿਬਜ਼ਾਦਿਆਂ ਨੇ ਦਲੇਰੀ ਨਾਲ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਜ਼ਾਲਮਾਂ ਤੋਂ ਜਿਉਂਦੇ ਛੱਡੇ ਜਾਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਕੂਮਤ ਦੇ ਇਸ ਝੂਠ ’ਤੇ ਉਨ੍ਹਾਂ ਨੂੰ ਰਤੀ ਭਰ ਵੀ ਵਿਸ਼ਵਾਸ ਨਹੀਂ ਹੈ ਕਿ ਗੁਰੂ ਸਾਹਿਬ ਜੰਗ ਵਿੱਚ ਸ਼ਹੀਦ ਹੋ ਗਏ ਹਨ। ਨਾਲ ਹੀ ਉਨ੍ਹਾਂ ਨੇ ਲਲਕਾਰ ਕੇ ਕਿਹਾ ਕਿ ਜੇ ਧੋਖੇ ਨਾਲ ਅਜਿਹਾ ਹੋ ਵੀ ਗਿਆ ਹੋਵੇ ਅਤੇ ਉਨ੍ਹਾਂ (ਸਾਹਿਬਜ਼ਾਦਿਆਂ) ਨੂੰ ਰਿਹਾਅ ਕਰ ਦਿੱਤਾ ਜਾਵੇ, ਤਾਂ ਉਹ ਬਚੇ ਸਿੱਖਾਂ ਨੂੰ ਮੁੜ ਲਾਮਬੰਦ ਕਰਨਗੇ ਅਤੇ ਆਖ਼ਰੀ ਸਾਹਾਂ ਤੱਕ ਜ਼ੁਲਮ ਵਿਰੁੱਧ ਜੰਗ ਜਾਰੀ ਰੱਖਣਗੇ।

‘ਦੁਨੀਯਾ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।

ਕਰ ਲੇ ਮੁਕਾਬਲਾ ਤੂ ਜ਼ਰਾ ਅਪਨੇ ਸ਼ਾਹ ਸੇ।

ਪਾਪੀ ਹੈ ਵੁਹ ਤੋ ਹਮ ਹੈਂ ਬਰੀ ਹਰ ਗੁਨਾਹ ਸੇ।

ਉਸ ਨੇ ਫ਼ਰੇਬ ਖੇਲਾ ਥਾ ਪੁਸ਼ਤ-ਏ-ਪਨਾਹ ਸੇ।

ਮਰਨੇ ਪਿਤਾ ਕੇ ਵਾਸਤੇ ਹਮ ਆਏ ਚਾਹ ਸੇ।

ਕਾਮ ਇਸ ਨੇ ਭਾਈਯੋਂ ਸੇ ਕੀਯਾ ਥਾ ਯਜ਼ੀਦ ਕਾ।

ਦਾਰਾ ਕਾ ਹੈ, ਮੁਰਾਦ ਕਾ ਹੈ ਰੁਤਬਾ ਸ਼ਹੀਦ ਕਾ।’

(ਅੱਲ੍ਹਾ ਯਾਰ ਖਾਂ ਜੋਗੀ)

ਸਾਹਿਬਜ਼ਾਦਿਆਂ ਦਾ ਅਜਿਹਾ ਦਲੇਰਾਨਾ ਤੇ ਅਣਖੀਲਾ ਜਵਾਬ ਸੁਣ ਕੇ ਸੂਬਾ ਸਰਹਿੰਦ ਹੱਕਾ-ਬੱਕਾ ਰਹਿ ਗਿਆ ਅਤੇ ਜ਼ਖ਼ਮੀ ਨਾਗ ਵਾਂਗ ਤਿਲਮਿਲਾ ਉੱਠਿਆ। ਇਸ ਮੌਕੇ ਸੁੱਚਾ ਨੰਦ ਨੇ ਬਲਦੀ ’ਤੇ ਤੇਲ ਪਾਉਣ ਦਾ ਘਿਨਾਉਣਾ ਕੰਮ ਕੀਤਾ। ਉਸ ਨੇ ਕਿਹਾ ਕਿ ਕਾਬੂ ਆਏ ਦੁਸ਼ਮਣ ਦੇ ਬੱਚਿਆਂ ਨੂੰ ਦੁਸ਼ਮਣ ਸਮਝ ਕੇ ਹੀ ਸਜ਼ਾ ਦੇਣੀ ਚਾਹੀਦੀ ਹੈ। ਉਸ ਨੇ ਸਲਾਹ ਦਿੱਤੀ ਕਿ ਇਨ੍ਹਾਂ ਬਾਲਕਾਂ ਨੂੰ ਰਿਹਾਅ ਕਰਨ ਦੀ ਭੁੱਲ ਹਰਗਿਜ਼ ਨਹੀਂ ਕਰਨੀ ਚਾਹੀਦੀ।

ਖੇਂਚੋ ਜ਼ਬਾਨੇਂ ਬਰ-ਸਰ-ਏ-ਦਰਬਾਰ ਐਸੋਂ ਕੀ।

ਮੇਰਾ ਜੋ ਬਸ ਚਲੇ ਹੈ ਸਜ਼ਾ ਦਾਰ ਐਸੋਂ ਕੀ।

---

ਮਨਜ਼ੂਰ ਜਬ ਕਿ ਸਾਂਪ ਕਾ ਸਰ ਭੀ ਹੈ ਤੋੜਨਾ।

ਬੇਜਾ ਹੈ ਫਿਰ ਤੋ ਬੱਚਾ-ਏ-ਅਫਈ ਕੋ ਛੋੜਨਾ।

ਦਸਵੇਂ ਗੁਰੂ ਕਾ ਹੈ ਜੋ ਖ਼ਜ਼ਾਨਾ ਬਟੋਰਨਾ।

ਬੱਚੇ ਕੀ ਪਹਲੇ ਬਾਪ ਸੇ ਗਰਦਨ ਮਰੋੜਨਾ

(ਅੱਲ੍ਹਾ ਯਾਰ ਖਾਂ ਜੋਗੀ)

ਸੂਬਾ ਸਰਹਿੰਦ ਨੇ ਕਾਜ਼ੀ ਨੂੰ ਫਤਵਾ ਸੁਣਾਉਣ ਲਈ ਆਖਿਆ ਤਾਂ ਕਾਜ਼ੀ ਨੇ ਪਹਿਲਾਂ ਇਸਲਾਮ ਦੇ ਅਸੂਲਾਂ ਦੇ ਮੱਦੇਨਜ਼ਰ ਬੇਗੁਨਾਹ ਮਾਸੂਮਾਂ ਨੂੰ ਸਜ਼ਾ ਸੁਣਾਉਣ ਤੋਂ ਕੁਝ ਝਿਜਕ ਵਿਖਾਈ, ਪਰ ਫਿਰ ਆਕਾਵਾਂ ਦੀ ਘੂਰੀ ਨਾਲ ਧਰਮ/ਈਮਾਨ ਤੇ ਸ਼ਰ੍ਹਾ ਦੇ ਅਸੂਲਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਨੂੰ ਖੁਸ਼ ਕਰਨ ਲਈ ਉਸ ਕਾਜ਼ੀ ਨੇ ‘ਇਨ੍ਹਾਂ ਬਾਲਕਾਂ ਨੂੰ ਜਿੰਦਾ ਹੀ ਨੀਂਹਾਂ ਵਿੱਚ ਚਿਣ ਦਿੱਤਾ ਜਾਵੇ’ ਦਾ ਫਤਵਾ ਸੁਣਾ ਦਿੱਤਾ। ਇਹ ਜ਼ੁਲਮੀ ਫੈਸਲਾ ਸੁਣਦਿਆਂ ਹੀ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਇਨਸਾਨੀਅਤ ਤੜਫ ਉੱਠੀ। ਉਸ ਨੇ ਭਰੀ ਕਚਹਿਰੀ ਵਿੱਚ ‘ਹਾਅ ਦਾ ਨਾਅਰਾ’ ਮਾਰਦਿਆਂ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। ਨਵਾਬ ਨੇ ਸੂਬੇਦਾਰ ਨੂੰ ਸਵਾਲ ਕੀਤਾ ਕਿ ਇਹ ਕਿੱਧਰ ਦਾ ਇਨਸਾਫ਼ ਹੈ? ਉਸ ਨੇ ਦਲੀਲ ਦਿੱਤੀ ਕਿ ਸ਼ਰ੍ਹਾ ਦੀ ਕੋਈ ਵੀ ਕਿਤਾਬ ਕਿਸੇ ਦਾ ਬਦਲਾ ਕਿਸੇ ਤੋਂ ਲੈਣ ਦੀ ਇਜਾਜ਼ਤ ਨਹੀਂ ਦਿੰਦੀ। ਉਸ ਨੇ ਸਪੱਸ਼ਟ ਆਖਿਆ ਕਿ ਬੇਕਸੂਰ ਬੱਚਿਆਂ ਨੂੰ ਸਜ਼ਾ ਦੇਣੀ ਘੋਰ ਬੇਇਨਸਾਫ਼ੀ ਹੈ।

ਕਹਨੇ ਲਗੇ ਵੁਹ ਤੁਮ ਤੋ ਨਿਹਾਯਤ ਜ਼ਲੀਲ ਹੋ।

ਨਾਮਰਦੀ ਕੀ ਬਤਾਤੇ ਜਰੀ ਕੋ ਸਬੀਲ ਹੋ।

ਮੁਖ਼ਤਾਰ ਤੁਮ ਹਮਾਰੇ ਹੋ ਯਾ ਤੁਮ ਵਕੀਲ ਹੋ?

ਨਾਹਕ ਬਯਾਨ ਕਰਤੇ ਜੋ ਬੋਦੀ ਦਲੀਲ ਹੋ।

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।

ਮਹਫ਼ੂਸ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

(ਅੱਲ੍ਹਾ ਯਾਰ ਖਾਂ ਜੋਗੀ)

ਪਰ ਸਭਾ ਵਿੱਚ ਸ਼ੈਤਾਨੀਅਤ ਭਾਰੂ ਰਹੀ ਤੇ ਆਖਰ ਨਿੱਕੀਆਂ ਜਿੰਦਾਂ, ਵੱਡਾ ਸਾਕਾ ਵਰਤਾ ਗਈਆਂ।

ਦੋ ਬੜੀਆਂ ਕੀਮਤੀ ਜਿੰਦਾਂ ਨੀਂਹਾਂ ’ਚ ਆਣ ਖਲੋ ਗਈਆਂ,

ਇਹ ਤੱਕ ਕੇ ਤਸੀਹਾ ਗ਼ਮ ਦਾ ਕੰਧਾਂ ਵੀ ਪਾਗ਼ਲ ਹੋ ਗਈਆਂ।

ਓਧਰ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿੱਚ ਗੁਰਪੁਰੀ ਪਿਆਨਾ ਕਰ ਗਏ।

ਹਮ ਜਾਨ ਦੇ ਕੇ ਔਰੌਂ ਕੀ ਜਾਨੇਂ ਬਚਾ ਚਲੇ।

ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।

ਸਮੇਂ ਦੇ ਧਨੀ ਦੀਵਾਨ ਟੋਡਰ ਮੱਲ, ਜੋ ਦਿਲ ਦੇ ਵੀ ਧਨੀ ਸਨ, ਨੇ ਖੜ੍ਹੇ ਰੁਖ (ਖੜ੍ਹੇ ਦਾਅ) ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁਗ਼ਲ ਹੁਕਮਰਾਨ ਤੋਂ ਜ਼ਮੀਨ ਖਰੀਦੀ ਤੇ ਸ਼ਹੀਦਾਂ ਦੇ ਸਸਕਾਰ ਕਰਕੇ ਇਨਸਾਨੀਅਤ ਧਰਮ ਦੀ ਪਾਲਣਾ ਕੀਤੀ। ਇਸ ਪਾਕਿ ਪਵਿੱਤਰ ਜਗ੍ਹਾ (ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ) ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੋਣ ਦਾ ਸਦੀਵੀ ਮਾਣ ਪ੍ਰਾਪਤ ਹੈ। ਸਾਕਾ ਸਰਹਿੰਦ ਸਮੇਂ ਨਵਾਬ ਮਾਲੇਰਕੋਟਲਾ ਸ਼ੇਰ ਮੁਹੰਮਦ ਵੱਲੋਂ ਹਾਅ ਦਾ ਨਾਅਰਾ ਮਾਰਨਾ ਅਤੇ ਦੀਵਾਨ ਟੋਡਰ ਮੱਲ ਵੱਲੋਂ ਸ਼ਹੀਦਾਂ ਦਾ ਸਸਕਾਰ ਹੋਣਾ, ਇਹ ਗੱਲ ਸਪੱਸ਼ਟ ਕਰਦੇ ਹਨ ਕਿ ਇਨਸਾਨੀਅਤ ਹਮੇਸ਼ਾਂ ਹੀ ਸਭ ਤੋਂ ਉੱਚੀ ਤੇ ਸੁੱਚੀ ਰਹੀ ਹੈ ਤੇ ਰਹੇਗੀ ਵੀ।

ਵਟਸਐਪ: 98764-74858

Advertisement
×