DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ: ਗੁਰੂ ਅਰਜਨ ਦੇਵ ਦਾ ਇਲਾਹੀ ਨਿਸ਼ਚਾ

ਗੁਰੂ ਅਰਜਨ ਦੇਵ ਜੀ ਇਕ ਸਵੇਰ ਸ਼ਬਦ ਰਚਨਾ ਕਰ ਰਹੇ ਸਨ। ਉਨ੍ਹਾਂ ਦੇ ਮਨ ਅੰਦਰ ਇਕ ਵਿਚਾਰ ਪੈਦਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਨਿਰਮਲ ਪੰਥ ਇਸ ਵੇਲੇ ਇਸ ਧਰਤੀ ’ਤੇ ਪੂਰੀ ਤਰ੍ਹਾਂ ਤਰੱਕੀ ਦੇ ਰਾਹ ’ਤੇ...

  • fb
  • twitter
  • whatsapp
  • whatsapp
Advertisement

ਗੁਰੂ ਅਰਜਨ ਦੇਵ ਜੀ ਇਕ ਸਵੇਰ ਸ਼ਬਦ ਰਚਨਾ ਕਰ ਰਹੇ ਸਨ। ਉਨ੍ਹਾਂ ਦੇ ਮਨ ਅੰਦਰ ਇਕ ਵਿਚਾਰ ਪੈਦਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਨਿਰਮਲ ਪੰਥ ਇਸ ਵੇਲੇ ਇਸ ਧਰਤੀ ’ਤੇ ਪੂਰੀ ਤਰ੍ਹਾਂ ਤਰੱਕੀ ਦੇ ਰਾਹ ’ਤੇ ਚੱਲ ਰਿਹਾ ਹੈ ਅਤੇ ਉੱਘਾ ਸਥਾਨ ਹਾਸਲ ਕਰ ਚੁੱਕਿਆ ਹੈ। ਨਾਨਕ ਪਾਤਸ਼ਾਹ ਤੇ ਦੂਸਰੇ ਗੁਰੂ ਸਾਹਿਬਾਨ ਤਾਂ ਆਪੋ-ਆਪਣੇ ਸਮੇਂ ’ਤੇ ਸ਼ਬਦ ਬਾਣੀ ਰਚ ਕੇ ਇਸ ਫਾਨੀ ਜਹਾਨ ਤੋਂ ਜਾ ਚੁੱਕੇ ਹਨ। ਉਨ੍ਹਾਂ ਦੀ ਪਾਕਿ-ਪਵਿੱਤਰ ਰਚਨਾ ਸਾਡੇ ਪੰਥ ਦੇ ਸੇਵਕਾਂ, ਸ਼ਰਧਾਵਾਨ ਸਿੱਖਾਂ ਅਤੇ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਵਜੋਂ ਪ੍ਰਗਟ ਹੋਣ ਵਾਲੀ ਹੈ। ਉਸ ਇਲਾਹੀ ਬਾਣੀ ਨੂੰ ਹੁਣ ਸੁਰੱਖਿਅਤ ਰੂਪ ਵਿਚ ਸਾਂਭ ਲੈਣਾ ਲਾਜ਼ਮੀ ਹੋ ਗਿਆ ਹੈ। ਬਿਨਾਂ ਕਿਸੇ ਦੇਰੀ ਦੇ ਪਹਿਲੇ ਗੁਰੂ ਸਾਹਿਬਾਨ ਦੀ ਸਾਰੀ ਸ਼ਬਦ ਰਚਨਾ ਨੂੰ ਨੇਮ ਨਾਲ ਅਤੇ ਸਹੀ ਤਰੀਕੇ ਨਾਲ ਪਵਿੱਤਰ ਗ੍ਰੰਥ ਵਿਚ ਤਿਆਰ ਕਰਕੇ ਲੋਕਾਈ ਦੇ ਸਾਹਮਣੇ ਰੱਖਣਾ ਫਰਜ਼ ਬਣ ਗਿਆ ਹੈ।

ਏਕ ਦਿਵਸ ਪ੍ਰਭ ਪ੍ਰਾਤਾਕਾਲ॥

Advertisement

ਦਇਆ ਭਰੇ ਪ੍ਰਭ ਦੀਨ ਦਇਆਲ॥

Advertisement

ਯਹ ਮਨ ਉਪਜੀ ਪ੍ਰਗਟਿਓ ਜਗ ਪੰਥ॥

ਤਿਹ ਕਾਰਨ ਕੀਜੈ ਅਬ ਗ੍ਰੰਥ॥

(ਮਹਿਮਾ ਪ੍ਰਕਾਸ਼ ਸਾਖੀ 11)

ਪੰਚਮ ਪਾਤਸ਼ਾਹ ਦੇ ਖਿਆਲਾਂ ਅੰਦਰ ਇਸ ਪਵਿੱਤਰ ਪੋਥੀ ‘ਆਦਿ ਗ੍ਰੰਥ ਸਾਹਿਬ’ ਨੂੰ ਤਿਆਰ ਕਰਨ ਦਾ ਇਕ ਹੋਰ ਠੀਕ ਅਤੇ ਢੁੱਕਵਾਂ ਕਾਰਨ ਵੀ ਸਾਹਮਣੇ ਆਉਂਦਾ ਹੈ। ਕੁਝ ਮਾੜੀਆਂ ਖਬਰਾਂ ਮਿਲਣ ਕਾਰਨ ਸੂਝਵਾਨ ਸਿੱਖਾਂ ਦੇ ਮਨਾਂ ਵਿਚ ਉਸ ਵੇਲੇ ਵੱਡੀ ਚਿੰਤਾ ਵਾਲੀ ਗੱਲ ਇਹ ਬਣ ਚੁੱਕੀ ਸੀ ਕਿ ਗੁਰੂ ਸਾਹਿਬਾਨ ਵੱਲੋਂ ਉਚਾਰੀ ਬਾਣੀ ਵਿਚ ਖੋਟ ਪਾਈ ਜਾ ਰਹੀ ਹੈ। ਗੁਰੂ ਘਰ ਨਾਲ ਈਰਖਾ ਰੱਖਣ ਵਾਲੇ ਪਾਵਨ ਬਾਣੀ ਵਿਚ ਮਿਲਾਵਟਾਂ ਕਰਨ ਵਿਚ ਸਰਗਰਮ ਹੋ ਚੁੱਕੇ ਹਨ। ਭਟਕਾਉਣ ਵਾਲੇ ਲੋਕ ਗੁਰੂ ਸਾਹਿਬਾਨ ਦੀ ਸੱਚੀ-ਬਾਣੀ ਵਿਚ ਕੱਚੀ ਬਾਣੀ ਦੇ ਰਲੇ ਪਾ ਕੇ ਆਪਣੀ ਵਡਿਆਈ ਲਈ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਇਸ ਬਾਰੇ ਸੁਚੇਤ ਕਰਨ ਵਾਲੀ ਵੱਡੀ ਤੇ ਪੱਕੀ ਗਵਾਹੀ ਤੀਸਰੇ ਗੁਰੂ ਅਮਰਦਾਸ ਜੀ ਦੇ ਉਚਾਰੇ ਬਚਨਾਂ ਰਾਹੀਂ ਸੰਗਤ ਨੂੰ ਪਹਿਲਾਂ ਹੀ ਸ਼ਬਦ ਰੂਪ ਵਿਚ ਮਿਲ ਚੁੱਕੀ ਸੀ।

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥

ਇਸ ਤਰ੍ਹਾਂ ਹੀ ਚੌਥੇ ਗੁਰੂ ਰਾਮਦਾਸ ਜੀ ਨੇ ਵੀ ਸਿੱਖਾਂ ਨੂੰ ਸੰਭਲਣ ਤੇ ਗੁਰੂ-ਬਾਣੀ ਨੂੰ ਸੰਭਾਲਣ ਲਈ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਸੀ। ਦਿਲਜਲੇ ਲੋਕ ਆਪਣੇ ਆਪ ਨੂੰ ਉੱਚਾ ਵਿਖਾਉਣ ਲਈ ਗੁਰੂ ਘਰ ਦੀ ਰੀਸ ਕਰਨ ਵਿਚ ਲੱਗੇ ਹਨ। ਉਹ ਗੁਰੂਆਂ ਦੀ ਬਾਣੀ (ਰਚਨਾ) ਨੂੂੰ ਸੱਟ ਮਾਰਨ ਲਈ ਆਪਣੀ ਖੋਟੀ ਤੇ ਕੱਚੀ ਬਾਣੀ ਸ਼ਾਮਲ ਕਰਨ ਦੀ ਪੂਰੀ ਵਾਹ ਲਾ ਰਹੇ ਹਨ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥

ਤੀਜੇ ਗੁਰੂ ਅਮਰਦਾਸ ਜੀ ਵੱਲੋਂ ਕੱਚੀ ਬਾਣੀ ਬਾਰੇ ਅਹਿਸਾਸ ਕਰਾਉਣ ਦਾ ਮਕਸਦ ਇਸ ਗੱਲ ਨੂੰ ਸਾਫ਼ ਜਾਂ ਚੇਤੰਨ ਕਰਦਾ ਸੀ ਕਿ ਪਹਿਲੇ ਗੁਰੂ ਸਾਹਿਬਾਨ ਦੀ ਅਸਲ ਬਾਣੀ ਹੋਰਨਾਂ ਹੱਥਾਂ ਵਿਚ ਬਿਲਕੁਲ ਨਹੀਂ ਜਾਣੀ ਚਾਹੀਦੀ। ਇਸ ਨੂੰ ਚੰਗੀ ਤਰ੍ਹਾਂ ਸਾਂਭ ਲੈਣਾ ਪਹਿਲਾ ਕੰਮ ਹੋਣਾ ਚਾਹੀਦਾ ਹੈ। ਗੁਰੂ ਸਾਹਿਬਾਨ ਦੀ ਪਵਿੱਤਰ ਸ਼ਬਦ ਰਚਨਾ ਗੁਰੂ ਸਿਧਾਂਤ ਦੇ ਵਿਰੋਧੀ ਹੱਥਾਂ ’ਚ ਜਾ ਕੇ ਖਰਾਬ ਨਹੀਂ ਹੋਣੀ ਚਾਹੀਦੀ। ਪੰਜਵੇਂ ਪਾਤਸ਼ਾਹ ਦੀ ਗੁਰਿਆਈ ਵੇਲੇ ਹਾਲਾਤ ਪਹਿਲਾਂ ਨਾਲੋਂ ਹੋਰ ਵੀ ਬਹੁਤ ਔਖੇ ਹੋ ਚੁੱਕੇ ਸਨ। ਗੁਰੂ ਘਰ ਦੇ ਵਿਰੋਧੀਆਂ ਵਿਚ ਕੱਚੀ ਬਾਣੀ ਰਚਣ ਦੀ ਰੁਚੀ ਵਧਦੀ ਜਾ ਰਹੀ ਸੀ। ਸਮੇਂ ਦੀ ਲੋੜ ਨੂੰ ਵੇਖਦਿਆਂ ਸੱਚੀ ਬਾਣੀ ਨੂੰ ਸਾਂਭ ਲੈਣਾ ਤਾਂ ਜ਼ਰੂਰੀ ਹੋ ਹੀ ਗਿਆ ਸੀ, ਸਗੋਂ ਗੁਰੂ ਸਾਹਿਬਾਨ ਦੀ ਬਾਣੀ ਵਿਚ ਪਾਏ ਗਏ ਰਲਿਆਂ ਨੂੰ ਵੱਖਰਾ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਸੀ।

ਪੰਚਮ ਪਾਤਸ਼ਾਹ ਦੇ ਸਮੇਂ ਗੁਰੂ-ਘਰ ਵਿਚ ਘਰੋਗੀ ਫੁੱਟ ਬਹੁਤ ਵਧ ਗਈ ਸੀ। ਗੁਰੂ ਸਾਹਿਬ ਦੇ ਵੱਡੇ ਭਾਈ ਪਿਰਥੀ ਚੰਦ ਨੇ ਗੁਰੂ-ਨੂਰ ਦੇ ਵਿਰੁੱਧ ਸਿੱਧੇ ਤੌਰ ’ਤੇ ਵਿਰੋਧੀ ਪੱਖ ਅਪਣਾਇਆ ਹੋਇਆ ਸੀ। ਉਸ ਦਾ ਗੁਰਗੱਦੀ ਦੇ ਹੁਕਮ ਵਿਚ ਹੋ ਕੇ ਚੱਲਣਾ ਤਾਂ ਇਕ ਪਾਸੇ ਰਿਹਾ ਸਗੋਂ ਆਪਣੇ ਆਪ ਨੂੰ ਗੁਰੂ-ਰੂਪ ਮੰਨ ਕੇ ਉਹ ਹੰਕਾਰੀ ਵਿਰੋਧੀ ਵਹਿਣ ਵਿਚ ਵਹਿ ਰਿਹਾ ਸੀ। ਅੱਗੇ ਉਸ ਦਾ ਪੁੱਤਰ ਮਿਹਰਬਾਨ ਵੀ ਗੁਰੂ-ਘਰ ਦੇ ਸਿਧਾਂਤ ਦੇ ਉਲਟ ਚੱਲਦਾ ਹੋਇਆ ਆਪਣੀ ਨਿੱਜੀ ਵਡਿਆਈ ਹਾਸਲ ਕਰਨ ਲਈ ਗੁਰੂ ਸਾਹਿਬਾਨ ਦੇ ਬਰਾਬਰ ‘ਨਾਨਕ’ ਨਾਮ ਵਰਤ ਕੇ ਆਪਣੀ ਬਾਣੀ ਉਚਾਰਨ ਲੱਗ ਪਿਆ ਸੀ।

‘ਬੰਸਾਵਲੀਨਾਮਾ’ ਦੇ ਲੇਖਕ ਕੇਸਰ ਸਿੰਘ ਛਿੱਬਰ ਲਿਖਦੇ ਹਨ ਕਿ ਪੰਚਮ ਪਾਤਸ਼ਾਹ ਵੇਲੇ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਤੇ ਅੱਗੇ ਉਸ ਦਾ ਪੁੱਤਰ ਹਰਿ ਜੀ ਗੁਰਬਾਣੀ ਤੋਂ ਹਟ ਕੇ ਕੱਚੀ ਬਾਣੀ ਲਿਖਣ ਤੇ ਉਸ ਦਾ ਪ੍ਰਚਾਰ ਕਰਨ ਵਿਚ ਮੋਹਰੀ ਬਣੇ ਹੋਏ ਸਨ। ਮਿਹਰਬਾਨ ਆਪਣੇ ਆਪ ਨੂੰ ਗੁਰਗੱਦੀ ਦੇ ਸੱਤਵੇਂ ਗੁਰੂ ਵਜੋਂ ਜ਼ਾਹਰ ਕਰਦਾ ਹੋਇਆ ਆਪਣੀ ਰਚੀ ਹੋਈ ਰਚਨਾ ਵਿਚ ਅਖੀਰ ’ਤੇ ਗੁਰੂ ਸਾਹਿਬਾਨ ਵਾਂਗ ਹੀ ਗੁਰੂ ਨਾਨਕ ਜੀ ਦਾ ਨਾਮ ਲਿਖਣ (ਵਰਤਣ) ਲੱਗ ਪਿਆ ਸੀ।

ਗੁਰੂ ਅਰਜਨ ਦੇਵ ਜੀ ਨੂੰ ਜਦ ਇਸ ਮੰਦਭਾਗੀ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਗੁਰਦਾਸ ਨੂੰ ਇਸ ਦੀ ਪੜਤਾਲ ਕਰਨ ਦਾ ਹੁਕਮ ਦਿੱਤਾ। ਭਾਈ ਗੁਰਦਾਸ ਜੀ ਗਏ ਤੇ ਵੇਖ-ਪਰਖ ਕੇ ਉਨ੍ਹਾਂ ਨੇ ਗੁਰੂ ਘਰ ਦੀ ਸ਼ਾਨ ਦੇ ਵਿਰੁੱਧ ਚੱਲਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ। ਪਰ ਉਹ ਫਿਰ ਵੀ ਸਹੀ ਰਾਹ ’ਤੇ ਨਾ ਆਏ, ਸਗੋਂ ਆਪੂੰ ਗੁਰੂ ਬਣ ਬੈਠੇ ਵਿਰੋਧੀ ਕਾਰਵਾਈਆਂ ਕਰਨ ਵਿਚ ਲੱਗੇ ਰਹੇ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਗੁਰੂ ਘਰ ਨਾਲ ਧੋਖਾ ਕਰਨ ਵਿਚ ਲੱਗੇ ਹੋਏ ਇਸ ਪਿਰਥੀ ਚੰਦ ਘਰਾਣੇ ਨੂੰ ‘ਮੀਣੇ’ ਨਾਮ ਦਿੱਤਾ। ਉਦੋਂ ਤੋਂ ਸਿੱਖਾਂ ਵਿਚ ਪਿਰਥੀ ਚੰਦ ਵਾਲਿਆਂ ਨੂੰ ਮੀਣਿਆਂ ਦਾ ਘਰਾਣਾ ‘ਮੀਣਾ ਸੰਪ੍ਰਦਾਇ’ ਕਿਹਾ ਜਾਣ ਲੱਗਾ।

ਕੇਸਰ ਸਿੰਘ ਛਿੱਬਰ ਅੱਗੇ ਲਿਖਦੇ ਹਨ ਕਿ ਇਨ੍ਹਾਂ ਮੀਣਿਆਂ ਨੇ, ਮਿਹਰਬਾਨ ਤੇ ਉਸ ਦੇ ਪੁੱਤਰ ਹਰਿ ਜੀ ਨੇ, ਗੁਰੂ ਘਰ ਨਾਲ ਵੱਡਾ ਧੋਖਾ ਕਮਾਇਆ। ਉਨ੍ਹਾਂ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਵਿਚ ਆਪਣੀ ਕੱਚੀ ਬਾਣੀ ਦਾ ਰਲਾ ਪਾ ਕੇ ਆਪਣਾ ਹੀ ਇਕ ਗ੍ਰੰਥ ਤਿਆਰ ਕਰ ਲਿਆ। ਨਤੀਜੇ ਵਜੋਂ ਉਲਟਾ ਕੰਮ ਇਹ ਹੋਇਆ ਕਿ ਜੋ ਅਣਜਾਨ ਭੋਲੇ ਗਵੱਈਏ ਡੂੰਮ (ਰਾਗੀ) ਸਨ; ਉਹ ਉਨ੍ਹਾਂ ਮੀਣਿਆਂ ਦੇ ਸ਼ਬਦ ਗਾਉਣ ਲੱਗ ਪਏ। ਉਨ੍ਹਾਂ ਦੇ ਪ੍ਰਚਾਰ ਵੱਲ ਹੋ ਤੁਰੇ। ਕਈ ਪ੍ਰੋਹਤ, ਬ੍ਰਾਹਮਣ, ਰਾਗੀ ਰਾਇ ਬਲਵੰਡ ਤੇ ਸੱਤਾ ਵਰਗੇ ਜੋ ਗੁਰੂ ਘਰ ’ਚੋਂ ਕੱਢੇ ਗਏ ਸਨ, ਮਿਹਰਬਾਨ ਵੱਲ ਚਲੇ ਗਏ ਤੇ ਮੀਣਿਆਂ ਦੀ ਰਚਨਾ ਦਾ ਕੀਰਤਨ ਕਰਨ ਲੱਗ ਪਏ।

ਗੁਰੂ ਅਰਜਨ ਦੇਵ ਜੀ ਇਕ ਵਾਰ ਕਿਸੇ ਧਾਰਮਿਕ ਸਮਾਗਮ ’ਤੇ ਗਏ ਸਨ। ਉਥੇ ਜੋ ਰਾਗੀ ਕੀਰਤਨ ਕਰ ਰਹੇ ਸਨ; ਉਹ ਰਲੇ ਵਾਲੀ (ਕੱਚੀ) ਬਾਣੀ ਗਾ ਰਹੇ ਸੀ। ਇਥੇ ਕਿਸੇ ਸਿੱਖ ਨੇ ਮਿਹਰਬਾਨ ਦਾ ਸ਼ਬਦ ਪੜ੍ਹਿਆ।

ਤਾਂ ਸੁਣ ਵੇਖ ਕੇ ਗੁਰੂ ਜੀ ਨੂੰ ਦੁੱਖ ਹੋਇਆ। ਬੰਸਾਵਲੀਨਾਮਾ ਦਾ ਲਿਖਾਰੀ ਲਿਖਦਾ ਹੈ ਕਿ ਗੁਰਬਾਣੀ ਵਿਚ ਪੈ ਰਹੀ ਖੋਟ ਤੇ ਰਲੇ ਪੈਂਦੇ ਵੇਖ ਕੇ ਗੁਰੂ ਸਾਹਿਬ ਨੇ ਧੁਰ ਕੀ ਬਾਣੀ ਦਾ ਅਸਲੀ ਗ੍ਰੰਥ ਤਿਆਰ ਕਰਨ ਦਾ ਪੱਕਾ ਮਨ ਬਣਾ ਲਿਆ।

ਪੰਚਮ ਪਾਤਸ਼ਾਹ ਦੇ ਮਨ ਵਿਚ ਇਹ ਵਿਚਾਰ ਪੱਕਾ ਹੋ ਗਿਆ ਕਿ ਗੁਰੂ ਸਾਹਿਬਾਨ ਦੀ ਰਚੀ ਅਸਲ ਰਚਨਾ ਨੂੰ ਬਿਨਾਂ ਹੋਰ ਢਿੱਲ-ਮੱਠ ਦੇ ਸਾਂਭ ਲੈਣਾ ਚਾਹੀਦਾ ਹੈ ਅਤੇ ‘ਆਦਿ ਗ੍ਰੰਥ’ ਨਾਮੀ ਪੋਥੀ ਤਿਆਰ ਕਰ ਲੈਣੀ ਹੁਣ ਲਾਜ਼ਮੀ ਹੋ ਗਈ ਹੈ। ਆਦਿ ਗ੍ਰੰਥ ਰਚਣ ਦਾ ਇਕ ਹੋਰ ਮੁੱਖ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਉਦੋਂ ਸੁਚੇਤ ਲੋਕਾਂ ਵਿਚ ਇਹ ਖਾਸ ਰਿਵਾਇਤ ਪੱਕੀ ਹੋ ਚੁੱਕੀ ਸੀ ਕਿ ਧਰਮ ਦੀ ਪ੍ਰਸਿੱਧੀ ਅਤੇ ਧਰਮ ਨੂੰ ਅੱਗੇ ਵਧੇਰੇ ਫੈਲਾਉਣ ਲਈ ਉਸ ਧਰਮ ਦੀ ਧਰਮ-ਪੋਥੀ ਹੋਣੀ ਬਹੁਤ ਜ਼ਰੂਰੀ ਹੈ। ਇਕ ਤਰ੍ਹਾਂ ਨਾਲ ਉਦੋਂ ਧਰਮ ਲਈ ਉਸ ਦੀ ‘ਧਰਮ ਪੋਥੀ’ ਦਾ ਹੋਣਾ ਲਾਜ਼ਮੀ ਸ਼ਰਤ ਮੰਨੀ ਜਾਂਦੀ ਸੀ। ਉਸ ਵੇਲੇ ਹਰ ਵੱਡੇ ਧਰਮ ਕੋਲ ਆਪੋ-ਆਪਣੀ ਧਰਮ ਪੋਥੀ ਮੌਜੂਦ ਸੀ। ਆਦਿ-ਬੀੜ ਰਚਣ ਦੇ ਹੋਰ ਕਾਰਨਾਂ ਤੋਂ ਇਲਾਵਾ ਵਿਦਵਾਨਾਂ ਦਾ ਮਤ ਹੈ ਕਿ ਇਹ ਅਸੂਲ ਵੀ ਗੁਰੂ ਸਾਹਿਬ ਦੇ ਖਿਆਲਾਂ ਵਿੱਚ ਮੁੱਖ-ਵਿਚਾਰ ਦਾ ਵਿਸ਼ਾ ਬਣਿਆ ਹੋਵੇਗਾ ਕਿ ਸਿੱਖ ਪੰਥ ਕੋਲ ਹਰ-ਹਾਲਤ ਵਿਚ ਆਪਣੀ ਧਰਮ-ਪੋਥੀ ਹੋਣੀ ਜ਼ਰੂਰੀ ਹੈ। ਇਸ ਲਈ ਤੇਜ਼ੀ ਨਾਲ ਵਿਗੜ ਰਹੇ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਬਿਨਾਂ ਕੋਈ ਦੇਰ ਕੀਤਿਆਂ ‘ਆਦਿ ਗ੍ਰੰਥ’ ਦਾ ਹੋਂਦ ਵਿਚ ਆਉਣਾ ਗੁਰੂ ਸਾਹਿਬ ਜੀ ਦਾ ਮੁੱਖ ਨਿਸ਼ਾਨਾ, ਮੁੱਖ ਮਕਸਦ ਬਣ ਚੁੱਕਾ ਸੀ।

ਸੰਪਰਕ: 99151-06449

Advertisement
×