DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿੱਲੀ ਤੋਂ ਆਨੰਦਪੁਰ ਸਾਹਿਬ: ਭਾਈ ਜੈਤਾ ਜੀ ਦਾ 322 ਕਿਲੋਮੀਟਰ ਪੈਦਲ ਸਫ਼ਰ

ਭਾਰਤ ਸੂਰਬੀਰ ਯੋਧਿਆਂ, ਭਗਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਇੱਥੇ ਜਿੱਥੇ ਫਕੀਰਾਂ-ਸਾਧੂਆਂ ਨੇ ਜਨਮ ਲੈ ਕੇ ਕੁਰਾਹੇ ਪਈ ਮਨੁੱਖਤਾ ਦੇ ਸੁਧਾਰ ਲਈ ਇਨਕਲਾਬੀ ਕਦਮ ਚੁੱਕੇ, ਉੱਥੇ ਜ਼ੁਲਮ ਦਾ ਟਾਕਰਾ ਕਰਨ ਲਈ ਗੁਰੂ ਸਾਹਿਬਾਨ ਅਤੇ ਯੋਧਿਆਂ ਨੇ ਤਲਵਾਰ ਚੁੱਕ ਕੇ...

  • fb
  • twitter
  • whatsapp
  • whatsapp
Advertisement

ਭਾਰਤ ਸੂਰਬੀਰ ਯੋਧਿਆਂ, ਭਗਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਇੱਥੇ ਜਿੱਥੇ ਫਕੀਰਾਂ-ਸਾਧੂਆਂ ਨੇ ਜਨਮ ਲੈ ਕੇ ਕੁਰਾਹੇ ਪਈ ਮਨੁੱਖਤਾ ਦੇ ਸੁਧਾਰ ਲਈ ਇਨਕਲਾਬੀ ਕਦਮ ਚੁੱਕੇ, ਉੱਥੇ ਜ਼ੁਲਮ ਦਾ ਟਾਕਰਾ ਕਰਨ ਲਈ ਗੁਰੂ ਸਾਹਿਬਾਨ ਅਤੇ ਯੋਧਿਆਂ ਨੇ ਤਲਵਾਰ ਚੁੱਕ ਕੇ ਜਬਰ ਨੂੰ ਮੂੰਹ-ਤੋੜਵਾਂ ਜਵਾਬ ਦਿੱਤਾ ਅਤੇ ਸੰਤ-ਸਿਪਾਹੀ ਹੋਣ ਦਾ ਠੋਸ ਪ੍ਰਮਾਣ ਦਿੱਤਾ। ਮੁਗਲ ਹਾਕਮ ਔਰੰਗਜ਼ੇਬ ਦੀ ਜਾਬਰ ਹਕੂਮਤ ਵਿੱਚ ਹਿੰਦੂ ਧਰਮ ਦੀ ਰਾਖੀ ਲਈ ਸੀਸ ਭੇਟ ਕਰਨ ਵਾਲੀ ਦਰਵੇਸ਼ ਰੂਹ ਨੌਵੇਂ ਗੁਰੂ ਤੇਗ ਬਹਾਦਰ ਨੇ 11 ਨਵੰਬਰ 1675 ਈ. ਨੂੰ ਸ਼ਹਾਦਤ ਦਿੱਤੀ। ਸ਼ਹਾਦਤ ਪਿੱਛੋਂ ਸੀਸ ਅਤੇ ਧੜ ਦੀ ਬੇਅਦਬੀ ਹੋਣ ਤੋਂ ਬਚਾਉਣ ਲਈ ਦਸਮੇਸ਼ ਪਿਤਾ ਅਤੇ ਸਮੂਹ ਸਿੱਖ ਸੰਗਤ ਵਿੱਚ ਵਿਚਾਰਾਂ ਹੋਈਆਂ। ਗੁਰੂ ਜੀ ਨੇ ਭਰੀ ਸਭਾ ਵਿੱਚ ਅਜਿਹੇ ਸਿੱਖ ਯੋਧੇ ਦੀ ਮੰਗ ਕੀਤੀ, ਜੋ ਗੁਰੂ ਪਿਤਾ ਗੁਰੂ ਤੇਗ ਬਹਾਦਰ ਦਾ ਸੀਸ ਅਤੇ ਧੜ ਉਠਾ ਲਿਆਵੇ। ਕਵੀ ਕੰਕਣ ਜੀ ਨੇ ਇਨ੍ਹਾਂ ਕਾਵਿ ਸਤਰਾਂ ਰਾਹੀਂ ਇਸ ਬਿਰਤਾਂਤ ਨੂੰ ਬਿਆਨ ਕੀਤਾ ਹੈ:

ਦੋਹਰਾ: ਹੋਵੇ ਐਸਾ ਸਿਖ ਮਮ ਸਤਿਗੁਰ ਕਹਯਾ ਸੁਨਾਇ।

Advertisement

ਸੀਸ ਹਮਰੋ ਪਿਤਾ ਕਾ ਤਹਿ ਤੇ ਲਿਆਵਹਿ ਜਾਇ।

Advertisement

ਔਰ ਸਭੈ ਚੁਪਿ ਕਰਿ ਰਹੇ ਮਜਬੀ ਉਠਯੋ ਰੋਇ।

ਮੈ ਹੁੰ ਉਦਮ ਕਰਉਗਾ ਹੋਣੀ ਹੋਇ ਸੁ ਹੋਇ।

ਮਜਬੀ ਵਹੁ ਸਤਿਗੁਰੂ ਕਾ ਬਾਰ ਬੁਹਾਰਨ ਹਾਰ।

ਗੁਰੂ ਕਿਰਪਾ ਤਹਿ ਪਰ ਕਰੀ ਚਲਿਆ ਜਨਮ ਸਵਾਰ।

(‘ਸੰਖੇਪ ਦਸ ਗੁਰ ਕਥਾ’ ਸਮਕਾਲੀ ਕਵੀ ਕੰਕਣ ਜੀ ਪੰਨਾ ਨੰ: 45, ਰਚਨਾ ਕਾਲ: 1711, ਸੰਪਾਦਕ ਸੱਯਦਾ ਫ਼ਰਾਹ ਅਦੀਲ, ਸੁਚੇਤ ਕਿਤਾਬ ਘਰ ਲਾਹੌਰ, ਪਾਕਿਸਤਾਨ)

ਜੁੜੀ ਸਿੱਖ ਸੰਗਤ ’ਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦਿਆਂ ਪਾਵਨ ਸੀਸ ਅਤੇ ਧੜ ਚੁੱਕਣ ਦੀ ਜ਼ਿੰਮੇਵਾਰੀ ਭਾਈ ਜੈਤਾ ਜੀ ਨੇ ਲਈ, ਜੋ ਅੰਮ੍ਰਿਤ ਛਕਣ ਪਿੱਛੋਂ ਭਾਈ ਜੀਵਨ ਸਿੰਘ ਬਣੇ ਸਨ। ਗੁਰੂ ਜੀ ਦੇ ਧੜ ਦਾ ਸਸਕਾਰ ਭਾਈ ਜੈਤਾ ਜੀ, ਭਾਈ ਆਗਿਆ ਰਾਮ ਜੀ, ਭਾਈ ਉਦੈ ਜੀ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਆਦਿ ਗੁਰਸਿੱਖਾਂ ਨੇ ਭਾਈ ਸਾਹਿਬ ਦੇ ਵਡੇਰੇ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ, ਮੁਹੱਲਾ ਦਿਲਵਾਲੀ, ਰਾਇਸੀਨਾ (ਦਿੱਲੀ) ਵਿੱਚ ਕਰ ਦਿੱਤਾ, ਜਿੱਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਮੌਜੂਦ ਹੈ। ਕੁਝ ਸਮਕਾਲੀ ਇਤਿਹਾਸਕਾਰਾਂ ਮੁਤਾਬਕ ਗੁਰੂ ਜੀ ਦਾ ਪਾਵਨ ਸੀਸ ਅਤੇ ਧੜ ਉਠਾਉਣ ਵੇਲੇ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਦਾ ਸੀਸ ਅਤੇ ਧੜ ਉੱਥੇ ਰੱਖਿਆ ਗਿਆ। ਇਸ ਬਿਰਤਾਂਤ ਦੀ ਗਵਾਹੀ ਸਮਕਾਲੀ ਦਰਬਾਰੀ ਕਵੀ ਕੰਕਣ ਜੀ ਅਨੁਸਾਰ ਵੀ ਇਸ ਤਰ੍ਹਾਂ ਪੜ੍ਹਨ ਨੂੰ ਮਿਲਦੀ ਹੈ:-

ਤਾਤ ਕਹੀ ਸੁਨ ਬਾਤ ਸੁਤੋ ਐਸੀ ਬਿਧਿ ਹਮਿ ਕਰੈ ਬਨਾਇ।

ਸੀਸ ਕੇ ਥਾਨ ਪੈ ਸੀਸ ਧਰੈ ਪਹਿਰੇਦਾਰਨਿ ਤੇ ਆਂਖ ਬਚਾਈ।

ਧੂੜੀ ਆਂਖਨਮੇ ਡਾਲ ਤਿਨਹਿ ਗੁਰ ਸੀਸ ਲੈ ਭਾਗੋ ਧਾਈ।

ਪੁਨ ਅਰਦਾਸ ਕਰੀ ਕਰਿ ਜੋੜਿਨੈ ਕਲਗੀਧਰੁ ਤੁਮ ਕਰੁਹ ਸਹਾਈ।

(‘ਸੰਖੇਪ ਦਸ ਗੁਰ ਕਥਾ’, ਕਵੀ ਕੰਕਣ ਜੀ, ਪੰਨਾ ਨੰ: 45-46)

ਸੀਸ ਲੈ ਕੇ ਭਾਈ ਜੈਤਾ ਜੀ ਪਹਿਲਾਂ ਕੀਰਤਪੁਰ ਸਾਹਿਬ ਪੁੱਜੇ, ਅਤੇ ਫਿਰ ਇੱਥੋਂ ਬਾਲ ਗੋਬਿੰਦ ਰਾਏ ਅਤੇ ਸੰਗਤ ਸਮੇਤ ਸੀਸ ਪਾਲਕੀ ਸਾਹਿਬ ਵਿੱਚ ਲੈ ਕੇ ਬਿਬਾਨ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪਹੁੰਚੇ। ਇੱਥੇ ਗੁਰੂ ਜੀ ਦੇ ਪਾਵਨ ਸੀਸ ਦਾ ਸਸਕਾਰ ਕੀਤਾ ਗਿਆ। ਅੱਜ ਉਸ ਜਗ੍ਹਾ ’ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸਥਿਤ ਹੈ। ਕਵੀ ਕੰਕਣ ਅਨੁਸਾਰ ਭਾਈ ਜੈਤਾ ਜੀ ਨੇ ਗੋਬਿੰਦ ਰਾਏ ਦੇ ਹੁਕਮ ’ਤੇ ਪੂਰਾ ਉਤਰਦਿਆਂ ਆਪਣੇ ਆਪ ਨੂੰ ਵਡਭਾਗਾ ਸਮਝਿਆ:

ਚੌਪਈ: ਸੀਸ ਗੁਰੂ ਕੀ ਸੇਵਾ ਲਾਗੈ।

ਹਮ ਸੋ ਕੋਨ ਹੋਵਹਿ ਬਢਭਾਗੈ।

ਤਾਹਿ ਸੀਸ ਦੀਓ ਝਕਾਈ।

ਭਾਈ ਜੈਤਾ ਹੁਕਮ ਬਜਾਈ।

(‘ਸੰਖੇਪ ਦਸ ਗੁਰ ਕਥਾ’ ਕਵੀ ਕੰਕਣ ਜੀ, ਪੰਨਾ ਨੰ: 46)

ਬਾਲ ਗੋਬਿੰਦ ਰਾਏ ਦਾ ਹੁਕਮ ਮੰਨਦਿਆਂ ਭਾਈ ਜੈਤਾ ਜੀ ਨੇ ਗੁਰੂ ਜੀ ਦੇ ਧੜ ਦਾ ਸਸਕਾਰ ਆਪਣੇ ਵਡੇਰੇ ਭਾਈ ਕਲਿਆਣੇ ਦੀ ਧਰਮਸ਼ਾਲਾ ਰਾਇਸੀਨਾ ਵਿੱਚ ਕਰਨ ਪਿੱਛੋਂ ਪਾਵਨ ਸੀਸ ਲੈ ਕੇ ਤਕਰੀਬਨ 322 ਕਿਲੋਮੀਟਰ ਪੈਦਲ ਪੈਂਡਾ ਤੈਅ ਕਰ ਕੇ ਪੰਜ ਪੜਾਅ ਕਰਦਿਆਂ ਪਹਿਲਾਂ ਕੀਰਤਪੁਰ ਸਾਹਿਬ ਅਤੇ ਫਿਰ ਆਨੰਦਪੁਰ ਸਾਹਿਬ ਪੁੱਜੇ। ਉਹ ਪੜਾਅ ਇਸ ਤਰ੍ਹਾਂ ਹਨ:

ਪਹਿਲਾ ਪੜਾਅ, ਦਿੱਲੀ ਤੋਂ ਬਾਗਪਤ (ਉੱਤਰ ਪ੍ਰਦੇਸ਼): ਭਾਈ ਜੈਤਾ ਜੀ 11 ਨਵੰਬਰ 1675 ਈ. ਨੂੰ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਆਪਣੇ ਜੱਦੀ ਘਰ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ (ਮੁਹੱਲਾ ਦਿਲਵਾਲੀ, ਪਿੰਡ ਰਾਇਸੀਨਾ, ਦਿੱਲੀ) ਵਿੱਚ ਸਸਕਾਰ ਕਰਨ ਤੋਂ ਬਾਅਦ ਅੱਧੀ ਰਾਤ ਬੀਤਣ ਮਗਰੋਂ ਗੁਰੂ ਜੀ ਦਾ ਪਾਵਨ ਸੀਸ ਲੈ ਕੇ ਦਿੱਲੀ ਤੋਂ ਬਾਗਪਤ ਵੱਲ ਨੂੰ ਤੁਰ ਪਏ ਅਤੇ 12 ਨਵੰਬਰ 1675 ਨੂੰ ਵੱਡੇ ਤੜਕੇ ਬਾਗਪਤ ਪਹੁੰਚ ਗਏ। ਭਾਈ ਸਾਹਿਬ ਨੇ ਚਾਂਦਨੀ ਚੌਕ ਤੋਂ ਰਕਾਬ ਗੰਜ ਅਤੇ ਰਕਾਬ ਗੰਜ ਤੋਂ ਬਾਗਪਤ ਤੱਕ ਤਕਰੀਬਨ 52 ਕਿਲੋਮੀਟਰ ਪੈਦਲ ਪੈਂਡਾ ਤੈਅ ਕੀਤਾ। ਬਾਗਪਤ ਪਹੁੰਚ ਕੇ ਭਾਈ ਜੈਤਾ ਜੀ ਸੂਫੀ ਫਕੀਰ ਬਾਬਾ ਹਜ਼ਰਤ ਸ਼ੇਖ ਵਾਊਦੀਨ ਦੀ ਦਰਗਾਹ ਸ਼ਰੀਫ ’ਤੇ ਗਏ। ਬਾਬਾ ਹਜ਼ਰਤ ਸ਼ੇਖ ਵਾਊਦੀਨ ਨੇਕ ਅਤੇ ਖੁੱਲ੍ਹੇ ਖਿਆਲਾਂ ਵਾਲੇ ਸੂਫੀ ਫ਼ਕੀਰ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਉਨ੍ਹਾਂ ਦੇ ਸੇਵਕ ਅਤੇ ਸ਼ਰਧਾਲੂ ਸਨ। ਬਾਬਾ ਜੀ ਦੇ ਕਹਿਣ ’ਤੇ ਉਨ੍ਹਾਂ ਦੇ ਸੇਵਕ ਕ੍ਰਿਸ਼ਨ ਪਾਲ ਨੇ ਭਾਈ ਜੈਤਾ ਜੀ ਨੂੰ ਆਪਣੇ ਘਰ ਰੱਖਿਆ, ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ, ਭੋਜਨ ਛਕਾਇਆ ਅਤੇ 12 ਨਵੰਬਰ 1675 ਈ. ਨੂੰ ਯਮੁਨਾ ਨਦੀ ਪਾਰ ਕਰਵਾਈ।

ਦੂਜਾ ਪੜਾਅ, ਤਰਾਵੜੀ (ਤਰਾਉੜੀ) ਸਾਹਿਬ, ਜ਼ਿਲ੍ਹਾ ਕਰਨਾਲ (ਹਰਿਆਣਾ): ਬਾਗਪਤ ਤੋਂ ਯਮੁਨਾ ਨਦੀ ਪਾਰ ਕਰ ਕੇ ਭਾਈ ਜੈਤਾ ਜੀ 12 ਨਵੰਬਰ 1675 ਈ. ਨੂੰ ਤਰਾਵੜੀ ਵੱਲ ਰਵਾਨਾ ਹੋਏ। ਤੇਜ਼ ਚਾਲ ਚਲਦਿਆਂ ਉਨ੍ਹਾਂ ਨੂੰ ਰਾਹ ਵਿੱਚ ਕਈ ਕੁਦਰਤੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤਰਾਵੜੀ ਨਗਰ ਵਿੱਚ ਗੁਰੂ ਘਰ ਦੇ ਸ਼ਰਧਾਲੂ ਭਾਈ ਦੇਵਾ ਰਾਮ ਜੀ ਅਤੇ ਉਨ੍ਹਾਂ ਦਾ ਪਰਿਵਾਰ ਪਾਵਨ ਸੀਸ ਦੇ ਦਰਸ਼ਨਾਂ ਲਈ ਉਤਾਵਲਾ ਸੀ ਅਤੇ ਭਾਈ ਸਾਹਿਬ ਦੀ ਉਡੀਕ ਕਰ ਰਿਹਾ ਸੀ। ਤਕਰੀਬਨ 36 ਪਿੰਡਾਂ ਦੀਆਂ ਜੂਹਾਂ ਦਾ ਪੈਂਡਾ ਪੈਦਲ ਤੈਅ ਕਰਦਿਆਂ, ਥੱਕੇ-ਟੁੱਟੇ ਤੇ ਭੁੱਖਣ-ਭਾਣੇ ਭਾਈ ਜੈਤਾ ਜੀ 12 ਨਵੰਬਰ 1675 ਨੂੰ ਸ਼ਾਮ ਮੂੰਹ-ਹਨੇਰੇ ਤਰਾਵੜੀ ਵਿੱਚ ਪੁੱਜੇ। ਉਸ ਵੇਲੇ ਭਾਈ ਦੇਵਾ ਰਾਮ ਧੋਬੀ ਘਾਟ ’ਤੇ ਕੱਪੜੇ ਧੋ ਕੇ ਸੁਕਾਉਣ ਪਿੱਛੋਂ ਕੱਪੜੇ ਘਰ ਲਿਜਾ ਰਹੇ ਸਨ। ਰਾਹ ਵਿੱਚ ਭਾਈ ਸਾਹਿਬ ਨੇ ਉਨ੍ਹਾਂ ਨੂੰ ਕੁਝ ਨਾ ਦੱਸਿਆ ਪਰ ਘਰ ਜਾ ਕੇ ਸਾਰੀ ਦੁੱਖਾਂ ਭਰੀ ਵਾਰਤਾ ਸੁਣਾਈ। ਪਰਿਵਾਰ ਦੇ ਜੀਆਂ ਨੇ ਪਾਵਨ ਸੀਸ ਦੇ ਦਰਸ਼ਨ ਕੀਤੇ ਅਤੇ ਭਾਈ ਜੀ ਨੂੰ ਪ੍ਰਸ਼ਾਦਾ ਛਕਾਇਆ। ਭਾਈ ਜੈਤਾ ਜੀ ਨੇ ਦਿੱਲੀ ਤੋਂ ਤਰਾਵੜੀ ਤੱਕ ਤਕਰੀਬਨ 137 ਕਿਲੋਮੀਟਰ ਰਸਤਾ ਬਿਨਾਂ ਕਿਸੇ ਆਰਾਮ ਤੋਂ ਤੈਅ ਕੀਤਾ। ਰਾਤ ਕੱਟਣ ਮਗਰੋਂ 13 ਨਵੰਬਰ 1675 ਈ. ਨੂੰ ਭਾਈ ਜੈਤਾ ਜੀ ਅੰਬਾਲਾ ਵੱਲ ਨੂੰ ਚੱਲ ਪਏ।

ਤੀਜਾ ਪੜਾਅ, ਅੰਬਾਲਾ ਸ਼ਹਿਰ (ਹਰਿਆਣਾ): ਤਰਾਵੜੀ ਤੋਂ ਪਾਵਨ ਸੀਸ ਲੈ ਕੇ ਭਾਈ ਜੈਤਾ ਜੀ ਰਾਤ ਨੂੰ ਅੰਬਾਲਾ ਸ਼ਹਿਰ ਪਹੁੰਚ ਗਏ ਅਤੇ 13-14 ਨਵੰਬਰ ਦੀ ਰਾਤ ਇੱਥੇ ਠਹਿਰੇ। ਅੰਬਾਲਾ ਪੁੱਜ ਕੇ ਉਨ੍ਹਾਂ ਨੇ ਟਾਂਗਰੀ ਨਦੀ ਦੇ ਕਿਨਾਰੇ ਜੰਗਲੀ ਇਲਾਕੇ ਵਿੱਚ ਜੰਡ ਦੇ ਦਰੱਖਤ ਹੇਠ ਆਰਾਮ ਕੀਤਾ। ਇਹ ਉਹੀ ਪਾਵਨ ਅਸਥਾਨ ਹੈ ਜਿੱਥੇ ਅੱਜ ‘ਗੁਰਦੁਆਰਾ ਸ੍ਰੀ ਸਤਿ ਸੰਗਤ ਸਾਹਿਬ’ ਸੁਸ਼ੋਭਿਤ ਹੈ। ਭਾਈ ਜੈਤਾ ਜੀ ਦੇ ਇੱਥੇ ਕੁਝ ਸਮਾਂ ਆਰਾਮ ਕਰਨ ਕਰ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 14 ਦਿਨ ਠਹਿਰਨ ਕਰ ਕੇ ਉਨ੍ਹਾਂ ਦੀ ਯਾਦ ਵਿੱਚ ਸ਼ਾਨਦਾਰ ਗੁਰਧਾਮ ਦੀ ਉਸਾਰੀ ਕੀਤੀ ਹੋਈ ਹੈ। ਹਨੇਰਾ ਹੋਣ ’ਤੇ ਭਾਈ ਜੈਤਾ ਜੀ ਅੰਬਾਲਾ ਸ਼ਹਿਰ ਦੇ ਮੌਜੂਦਾ ‘ਗੁਰਦੁਆਰਾ ਸੀਸ ਗੰਜ ਸਾਹਿਬ’ (ਕੈਂਥ ਮਾਜਰੀ) ਵਾਲੀ ਥਾਂ ’ਤੇ ਠਹਿਰੇ ਅਤੇ ਸਿੱਖ ਸੰਗਤ ਨੂੰ ਪਾਵਨ ਸੀਸ ਦੇ ਦਰਸ਼ਨ ਕਰਵਾਏ।

ਚੌਥਾ ਪੜਾਅ, ਨਾਭਾ ਸਾਹਿਬ, ਪਟਿਆਲਾ (ਪੰਜਾਬ): 14 ਨਵੰਬਰ 1675 ਈ. ਨੂੰ ਅੰਮ੍ਰਿਤ ਵੇਲੇ ਭਾਈ ਜੈਤਾ ਜੀ ਨੇ ਆਪਣਾ ਚੌਥਾ ਪੜਾਅ ਅੰਬਾਲਾ ਤੋਂ ਆਰੰਭ ਕੀਤਾ। 12 ਪਿੰਡਾਂ ਦੀਆਂ ਜੂਹਾਂ ਵਿੱਚੋਂ ਦੀ ਗੁਜ਼ਰਦੇ ਹੋਏ 14 ਨਵੰਬਰ 1675 ਈ. ਦੀ ਰਾਤ ਉਹ ਪੀਰ ਦਰਗਾਹੀ ਸ਼ਾਹ ਦੀ ਕੁਟੀਆ ਵਿੱਚ ਠਹਿਰੇ। ਖਤਰਨਾਕ ਇਲਾਕਾ ਲੰਘਣ ਤੋਂ ਬਾਅਦ ਦਰਗਾਹ ’ਤੇ ਉਨ੍ਹਾਂ ਨੂੰ ਮਾਣ-ਇੱਜ਼ਤ ਅਤੇ ਆਰਾਮ ਕਰਨ ਦਾ ਆਪਣਾ ਸੁਰੱਖਿਅਤ ਸਥਾਨ ਪ੍ਰਾਪਤ ਹੋਇਆ। ਆਪਣੇ ਖੇਤਰ ਵਿੱਚ ਆ ਕੇ ਉਨ੍ਹਾਂ ਦੀ ਪੈਂਡਾ ਤੈਅ ਕਰਨ ਦੀ ਰਫ਼ਤਾਰ ਵੀ ਪਹਿਲਾਂ ਨਾਲੋਂ ਧੀਮੀ ਪੈ ਗਈ। ਹੁਣ ਇਹ ਪਾਵਨ ਅਸਥਾਨ ਚੰਡੀਗੜ੍ਹ-ਰਾਜਪੁਰਾ ਮੁੱਖ ਮਾਰਗ ’ਤੇ ਸਥਿਤ ਹੈ। ਦਸਮੇਸ਼ ਪਿਤਾ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਜਾਂਦੇ ਸਮੇਂ ਵੀ ਇੱਥੇ ਬਿਰਾਜੇ ਸਨ।

ਪੰਜਵਾਂ ਪੜਾਅ, ਕੀਰਤਪੁਰ ਸਾਹਿਬ (ਰੂਪਨਗਰ): ਫਕੀਰ ਦਰਗਾਹੀ ਸ਼ਾਹ ਦੀ ਕੁਟੀਆ ਵਿੱਚ ਰਾਤ ਕੱਟਣ ਮਗਰੋਂ 15 ਨਵੰਬਰ 1675 ਈ. ਨੂੰ ਭਾਈ ਜੈਤਾ ਜੀ ਨਾਭਾ ਸਾਹਿਬ ਤੋਂ ਆਨੰਦਪੁਰ ਸਾਹਿਬ ਵੱਲ ਚੱਲ ਪਏ। ਕੱਚੇ ਰਾਹਾਂ ’ਤੇ ਪੈਂਡਾ ਕਰਦਿਆਂ ਉਹ ਦਿਆਲਪੁਰਾ, ਨਡਿਆਲੀ ਅਤੇ ਬੂੜੈਲ ਕੋਲੋਂ ਦੀ ਲੰਘਦੇ ਹੋਏ ਪਿੰਡ ਫ਼ਤਹਿਪੁਰ ਮਾਦੜਾਂ ਪਹੁੰਚੇ। ਇੱਥੇ ਕੁਝ ਪਲਾਂ ਲਈ ਪਿੱਪਲ ਦੇ ਦਰੱਖ਼ਤ ਹੇਠ ਰੁਕੇ। ਇਸ ਪਿੱਪਲ ਦੇ ਪੁਰਾਤਨ ਦਰੱਖ਼ਤ ’ਤੇ ਇਤਿਹਾਸਕਾਰ ਡਾਕਟਰ ਭਗਵਾਨ ਸਿੰਘ ਖੋਜੀ ਵੀ ਖੋਜ ਕਾਰਜ ਕਰ ਰਹੇ ਹਨ। ਇੱਥੋਂ ਉਹ ਕਜਹੇੜੀ ਲਾਗੇ ਪਹੁੰਚੇ ਅਤੇ ਇੱਥੇ ਵੀ ਕੁਝ ਕੁ ਪਲਾਂ ਲਈ ਆਰਾਮ ਕਰਨ ਰੁਕੇ। ਇਸੇ ਰਸਤੇ ਭਾਈ ਸਾਹਿਬ ਮੰਡੀ ਖਰੜ ਅਤੇ ਦਾਊਂ ਮਾਜਰਾ ਵਿੱਚ ਵੀ ਕੁਝ ਪਲਾਂ ਲਈ ਰੁਕੇ। ਇੱਥੇ ਨੌਵੀਂ ਪਾਤਸ਼ਾਹੀ ਦੀ ਯਾਦ ਵਿੱਚ ਪਾਵਨ ਅਸਥਾਨ ਸੁਸ਼ੋਭਿਤ ਹਨ। ਉਸ ਵੇਲੇ ਮੁਸਲਮਾਨਾਂ ਅਤੇ ਰੰਘੜ ਜ਼ਿਮੀਂਦਾਰਾਂ ਦੀ ਆਬਾਦੀ ਵਾਲੇ ਪਿੰਡਾਂ ਕਾਰਨ ਭਾਈ ਸਾਹਿਬ ਨੂੰ ਕਈ ਟੇਢੇ-ਮੇਢੇ ਰਸਤਿਆਂ ਅਤੇ ਪਗਡੰਡੀਆਂ ਉੱਤੋਂ ਦੀ ਤੁਰਨਾ ਪਿਆ। ਦਿੱਲੀ ਤੋਂ ਬਾਗਪਤ ਅਤੇ ਅੰਬਾਲਾ ਤੱਕ ਦਾ ਉਨ੍ਹਾਂ ਦਾ ਪੈਂਡਾ ਔਖਾ ਤੇ ਡਰਾਉਣਾ ਸੀ।

ਭਾਈ ਜੈਤਾ ਜੀ ਦਾ ਕੀਰਤਪੁਰ ਸਾਹਿਬ ਪਹੁੰਚਣਾ: ਦਰਿਆ ਸਤਲੁਜ ਦੇ ਕਿਨਾਰੇ ਕੀਰਤਪੁਰ ਸਾਹਿਬ, ਪਹਾੜੀਆਂ ਦੀ ਗੋਦ ਵਿੱਚ ਰਮਣੀਕ ਅਸਥਾਨ ਹੈ। ਇਹ ਆਨੰਦਪੁਰ ਸਾਹਿਬ ਤੋਂ ਨੌਂ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਇਹ ਪਾਵਨ ਧਰਤੀ ਗੁਰੂ ਨਾਨਕ ਦੇਵ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਦੀ ਚਰਨਛੋਹ ਪ੍ਰਾਪਤ ਹੈ। ਔਖਾ ਪੈਂਡਾ ਕੱਟਦਿਆਂ ਭਾਈ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਇੱਥੇ ਹਾਜ਼ਰ ਗੁਰੂ ਘਰ ਦੇ ਸ਼ਰਧਾਲੂਆਂ ਨਾਲ ਸਲਾਹ-ਮਸ਼ਵਰਾ ਕਰ ਕੇ ਬਾਲ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਸੁਨੇਹਾ ਭੇਜ ਦਿੱਤਾ ਕਿ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਪਹੁੰਚ ਗਏ ਹਨ। ਅਗਲਾ ਪ੍ਰੋਗਰਾਮ ਜਿਵੇਂ ਬਾਲ ਗੋਬਿੰਦ ਰਾਏ ਜੀ ਚਾਹੁੰਦੇ ਹਨ, ਉਹ ਬਣਾ ਲੈਣ।

ਸੁਨੇਹਾ ਮਿਲਣ ’ਤੇ ਬਾਲ ਗੋਬਿੰਦ ਰਾਏ ਦੇ ਹੁਕਮ ਨਾਲ ਸੰਗਤ ਕੀਰਤਪੁਰ ਸਾਹਿਬ ਪਹੁੰਚੀ। ਉੱਥੋਂ ਪਾਲਕੀ ਸਾਹਿਬ ਵਿੱਚ ਪਾਵਨ ਸੀਸ ਸੁਭਾਇਮਾਨ ਕਰ ਕੇ ਨਗਰ ਕੀਰਤਨ ਸਜਾਇਆ ਗਿਆ, ਜਿਸ ਕਰ ਕੇ ਅੱਜ ਇਸ ਅਸਥਾਨ ਨੂੰ ‘ਗੁਰਦੁਆਰਾ ਬਿਬਾਨਗੜ੍ਹ ਸਾਹਿਬ’ ਕਿਹਾ ਜਾਂਦਾ ਹੈ। ਬਾਲ ਗੋਬਿੰਦ ਰਾਏ ਵੀ ਸੰਗਤ ਨਾਲ ਨੱਕੀਆਂ, ਬੱਢਲ, ਮੇਢਣਾ, ਮਟੌਰ ਅਤੇ ਲੋਧੀਪੁਰ ਆਦਿ ਪਿੰਡਾਂ ਤੋਂ ਹੁੰਦੇ ਹੋਏ 15 ਨਵੰਬਰ 1675 ਈ. ਨੂੰ ਆਨੰਦਪੁਰ ਸਾਹਿਬ ਪਹੁੰਚੇ। ਇੱਥੇ ਮਾਮਾ ਕਿਰਪਾਲ ਚੰਦ ਨੇ ਸੀਸ ਨੂੰ ਮੱਥਾ ਟੇਕਿਆ ਅਤੇ ਪਾਵਨ ਸੀਸ ਭਾਈ ਜੈਤਾ ਜੀ ਦੇ ਸਿਰ ਤੋਂ ਉਤਾਰ ਕੇ ਚਬੂਤਰੇ (ਮੌਜੂਦਾ ਗੁਰਦੁਆਰਾ ਸੀਸ ਗੰਜ ਸਾਹਿਬ) ’ਤੇ ਰੱਖਿਆ।

16 ਨਵੰਬਰ 1675 ਈ. ਨੂੰ ਸੀਸ ਦਾ ਸਸਕਾਰ ਕੀਤਾ ਗਿਆ। ਇਸ ਮਗਰੋਂ ਦਸਮ ਪਿਤਾ ਨੇ ਭਾਈ ਜੈਤਾ ਜੀ ਤੋਂ ਸਫ਼ਰ ਦੀ ਦਾਸਤਾਨ ਸੁਣ ਕੇ ਉਨ੍ਹਾਂ ਨੂੰ ਗਲਵੱਕੜੀ ਵਿੱਚ ਲਿਆ ਤੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਸਨਮਾਨ ਬਖਸ਼ਿਆ। ਇਸੇ ਸਤਿਕਾਰ ਵਜੋਂ ਦਰਬਾਰ ਸਾਹਿਬ, ਅੰਮ੍ਰਿਤਸਰ (ਦੁੱਖ ਭੰਜਨੀ ਬੇਰੀ ਕੋਲ) ਸਿੱਖ ਇਤਿਹਾਸ ਦਾ ਸਭ ਤੋਂ ਪੁਰਾਤਨ ‘ਬੁੰਗਾ ਰੰਘਰੇਟਿਆਂ’ ਉਸਾਰਿਆ ਗਿਆ। ਭਾਵੇਂ ਇਹ ਵਿਰਾਸਤੀ ਯਾਦਗਾਰ ਢਾਹ ਦਿੱਤੀ ਗਈ ਹੈ, ਪਰ ਸੰਗਤ ਅੱਜ ਵੀ ਇਸ ਦੀ ਮੁੜ ਉਸਾਰੀ ਦੀ ਮੰਗ ਕਰ ਰਹੀ ਹੈ।

ਸੰਪਰਕ: 62399-82884

Advertisement
×