ਸਿੱਖ ਇਤਿਹਾਸ ਨੂੰ ਦਰਸਾਉਂਦਾ ਭਾਈ ਜੈਤਾ ਜੀ ਯਾਦਗਾਰੀ ਮਿਊਜ਼ੀਅਮ
ਸਿੱਖ ਧਰਮ ਦੀਆਂ ਕੁਰਬਾਨੀਆਂ ਦੇ ਗੌਰਵਮਈ ਇਤਿਹਾਸ ਅਤੇ ਸੂਰਬੀਰਤਾ ਦੇ ਕਾਰਨਾਮਿਆਂ ’ਤੇ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਮਾਣ ਹੈ ਅਤੇ ਰਹੇਗਾ। ਜਿਵੇਂ-ਜਿਵੇਂ ਮਨੁੱਖਤਾ ਦਾ ਘਾਣ ਕਰਨ ਵਾਲੀਆਂ ਜ਼ੁਲਮੀ ਹਕੂਮਤਾਂ ਨੇ ਜ਼ੁਲਮ ਦੀ ਇੰਤਹਾ ਕੀਤੀ, ਉਨ੍ਹਾਂ ਦੇ ਅੰਤ ਲਈ ਸਿੱਖ ਗੁਰੂ...
ਸਿੱਖ ਧਰਮ ਦੀਆਂ ਕੁਰਬਾਨੀਆਂ ਦੇ ਗੌਰਵਮਈ ਇਤਿਹਾਸ ਅਤੇ ਸੂਰਬੀਰਤਾ ਦੇ ਕਾਰਨਾਮਿਆਂ ’ਤੇ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਮਾਣ ਹੈ ਅਤੇ ਰਹੇਗਾ। ਜਿਵੇਂ-ਜਿਵੇਂ ਮਨੁੱਖਤਾ ਦਾ ਘਾਣ ਕਰਨ ਵਾਲੀਆਂ ਜ਼ੁਲਮੀ ਹਕੂਮਤਾਂ ਨੇ ਜ਼ੁਲਮ ਦੀ ਇੰਤਹਾ ਕੀਤੀ, ਉਨ੍ਹਾਂ ਦੇ ਅੰਤ ਲਈ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੇ ਯੋਧਿਆਂ ਨੇ ਜਾਨ ਤਲੀ ’ਤੇ ਧਰ ਕੇ ਖ਼ੁਦ ਨੂੰ ਕੁਰਬਾਨ ਕਰਨ ਤੋਂ ਝਿਜਕ ਨਹੀਂ ਦਿਖਾਈ ਅਤੇ ਜ਼ੁਲਮ ਵਿਰੁੱਧ ਡਟ ਕੇ ਖੜ੍ਹੇ ਹੋਏ। ਉਨ੍ਹਾਂ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀਆਂ ਇਤਿਹਾਸਕ ਯਾਦਗਾਰਾਂ ਸਾਂਭਣ ਅਤੇ ਨਵੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਬਣਾਉਣ ਲਈ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਸਰਕਾਰਾਂ ਮਿਊਜ਼ੀਅਮ ਦਾ ਨਿਰਮਾਣ ਕਰ ਕੇ ਲੋਕਾਈ ਨੂੰ ਸਮਰਪਿਤ ਕਰਨਾ ਆਪਣਾ ਫਰਜ਼ ਸਮਝਦੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਖ਼ਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ਸਿੱਖ ਪੰਥ ਦੇ ਮਹਾਨ ਯੋਧੇ ਅਤੇ ਕੁਰਬਾਨੀ ਦੇ ਪੁੰਜ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਦੀ ਸ਼ਹਾਦਤ ਨੂੰ ਸਮਰਪਿਤ ‘ਭਾਈ ਜੈਤਾ ਜੀ ਯਾਦਗਾਰੀ ਮਿਊਜ਼ੀਅਮ’ ਦੀ ਸਥਾਪਨਾ ਕਰ ਕੇ ਇਸ ਨੂੰ ‘ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ’ ਮੌਕੇ ਸਿੱਖ ਕੌਮ ਨੂੰ ਅਰਪਣ ਕੀਤਾ ਗਿਆ।
ਭਾਈ ਜੈਤਾ ਜੀ ਨਵੰਬਰ 1675 ਨੂੰ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਉਨ੍ਹਾਂ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਤੋਂ ਬਾਲ ਗੋਬਿੰਦ ਰਾਏ ਕੋਲ ਸ੍ਰੀ ਆਨੰਦਪੁਰ ਸਾਹਿਬ ਲਿਆਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਗਲ ਨਾਲ ਲਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜਿਆ। ਬਾਅਦ ਵਿੱਚ ਅੰਮ੍ਰਿਤ ਛਕ ਕੇ ਉਹ ਬਾਬਾ ਜੀਵਨ ਸਿੰਘ ਬਣ ਗਏ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਵਿਰੁੱਧ ਲੜੀਆਂ ਸਾਰੀਆਂ 17 ਜੰਗਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਆਖ਼ਰੀ ਦਮ ਤੱਕ ਲੜਦਿਆਂ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ।
ਨਵੰਬਰ 2025 ਵਿੱਚ ਪੰਜਾਬ ਸਰਕਾਰ ਨੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਅਜਾਇਬ ਘਰ ਕੌਮ ਦੇ ਨਾਮ ਕੀਤਾ। ਇਸ ਇਤਿਹਾਸਕ ਮੌਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਇਸੇ ਮਿਊਜ਼ੀਅਮ ਵਿੱਚ ਬੁਲਾ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ। ਸ੍ਰੀ ਆਨੰਦਪੁਰ ਸਾਹਿਬ ਤੋਂ ਬਰੋਟੂ ਪਿੰਡ ਨੂੰ ਜਾਂਦੀ ਸੜਕ ’ਤੇ ਭਾਖੜਾ ਨਹਿਰ ਦੇ ਪੁਲ ਤੋਂ ਪਹਿਲਾਂ ਇਸ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ।
ਮੁੱਖ ਦਰਵਾਜ਼ੇ ਤੋਂ ਅੰਦਰ ਵੜਦਿਆਂ ਹੀ ਗੋਲਾਈਦਾਰ ਦੋ ਭਾਗਾਂ ਵਿੱਚ ਵੰਡ ਕੇ ਬਣਾਈ ਇਮਾਰਤ ਮਨ ਮੋਂਹਦੀ ਹੈ। ਸਾਫ਼-ਸੁਥਰੇ ਘਾਹ ਦੇ ਮੈਦਾਨ, ਸ਼ਾਂਤਮਈ ਵਾਤਾਵਰਨ, ਪੂਰਨ ਸਹਿਯੋਗੀ ਮੁਲਾਜ਼ਮ/ਸੇਵਾਦਾਰਾਂ ਦਾ ਵਿਹਾਰ ਮਾਨਸਿਕਤਾ ਨੂੰ ਇਤਿਹਾਸ ਦੇ ਅਤੀਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਅਤੀਤ ਵਿੱਚ ਡੁਬੋ ਦਿੰਦਾ ਹੈ। 5 ਏਕੜ ਖੇਤਰਫਲ ਵਿੱਚ ਫੈਲੇ 25 ਕਰੋੜ ਦੀ ਲਾਗਤ ਨਾਲ ਮਹਿਜ਼ 9 ਮਹੀਨਿਆਂ ਦੇ ਸਮੇਂ ਵਿੱਚ ਤਿਆਰ ਹੋਏ ਇਸ ਸਿੱਖ ਅਜਾਇਬ ਘਰ ਵਿੱਚ ਇਤਿਹਾਸ ਨੂੰ ਪੰਜ ਹਿੱਸਿਆਂ (ਪੰਜ ਗੈਲਰੀਆਂ) ਵਿੱਚ ਵੰਡਿਆ ਹੋਇਆ ਹੈ ਅਤੇ ਪੰਜ ਗੈਲਰੀਆਂ, ਦੋ ਵਿੰਗ ਏ, ਬੀ ਬਣਾ ਕੇ ਇਤਿਹਾਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਮੁੱਖ ਦਰਵਾਜ਼ੇ ਤੋਂ ਸੱਜੇ ਪਾਸੇ ਨੂੰ ਗੋਲਾਈਦਾਰ ਰਸਤੇ ’ਤੇ ਚਲਦਿਆਂ ਅੱਗਿਓਂ ਖੱਬੇ ਪਾਸੇ ਐਂਟਰੀ ਗੇਟ ਹੈ, ਇੱਥੇ ਇਸ ਯਾਦਗਾਰ ਬਾਰੇ ਰੱਖੇ ਮਾਡਲ ਅਤੇ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਵਿੰਗ ਏ ਵਿੱਚ ਪਹਿਲੀ ਗੈਲਰੀ ਸ਼ੁਰੂ ਹੋ ਜਾਂਦੀ ਹੈ।
ਇਸ ਗੈਲਰੀ ਵਿੱਚ ਦਾਖਲ ਹੁੰਦਿਆਂ ਹੀ ਸਾਹਮਣੇ ‘ਜਪੁਜੀ ਸਾਹਿਬ’ ਦਾ ਮੂਲ ਮੰਤਰ ਲਿਖਿਆ ਹੋਇਆ ਹੈ, ਜੋ ਰੂਹਾਨੀ ਮਾਹੌਲ ਸਿਰਜਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਤਸਵੀਰਾਂ ਨਾਲ ਸਿਰਜੇ ਖੂਬਸੂਰਤ ਇਤਿਹਾਸ ਨੂੰ ਤੱਕਦਿਆਂ ਇਨਸਾਨੀ ਮਨ ਅਤੀਤ ਦੀਆਂ ਯਾਦਾਂ ਵਿੱਚ ਡੁੱਬ ਜਾਂਦਾ ਹੈ। ਇਸ ਵਿੱਚ ਭਾਈ ਜੈਤਾ ਜੀ ਦੇ ਪੁਰਖਿਆਂ ਅਤੇ ਦਾਦਾ ਕਲਿਆਣ ਦਾਸ ਦਾ ਪਿੰਡ ਕੱਥੂਨੰਗਲ, ਉਨ੍ਹਾਂ ਦੇ ਘਰ ਦਾ ਮਾਹੌਲ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਵਿੱਚ ਪਰਿਵਾਰ ਦਾ ਯੋਗਦਾਨ, ਦਿੱਲੀ ਵਿੱਚ ਰਾਏਸਿਨਾ ਵਿੱਚ ਆਸ਼ਰਮ ਆਦਿ ਨੂੰ ਤਸਵੀਰਾਂ ਦੇ ਖੂਬਸੂਰਤ ਤਰੀਕਿਆਂ ਅਤੇ ਰੰਗਾਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਭਾਈ ਜੈਤਾ ਜੀ ਦੇ ਪਿਤਾ ਸਦਾ ਨੰਦ ਦੇ ਪਰਿਵਾਰ ਅਤੇ ਮਾਤਾ ਲਾਜਵੰਤੀ (ਪ੍ਰੇਮੋ) ਦੇ ਪਰਿਵਾਰ ਦੀ ਮੁਲਾਕਾਤ ਦਾ ਦ੍ਰਿਸ਼ ਗੁਰੂ ਤੇਗ ਬਹਾਦਰ ਜੀ ਵੱਲੋਂ ਵਿਆਹ ਲਈ ਸਹਿਮਤੀ ਅਤੇ ਆਨੰਦ ਕਾਰਜ ਸਮੇਂ ਆਸ਼ੀਰਵਾਦ ਦਾ ਦ੍ਰਿਸ਼, ਭਾਈ ਜੈਤਾ ਜੀ ਦੇ ਜਨਮ ਆਦਿ ਸਮੇਂ ਦੇ ਸੀਨ ਬਹੁਤ ਸੋਹਣੇ ਢੰਗ ਨਾਲ ਤਸਵੀਰਾਂ ਰਾਹੀਂ ਦਿਖਾਏ ਗਏ ਹਨ।
ਦੂਸਰੀ ਗੈਲਰੀ ਵਿੱਚ ਭਾਈ ਜੈਤਾ ਜੀ ਦਾ ਦਸਮ ਗੁਰੂ ਸਾਹਿਬ ਨਾਲ ਬਚਪਨ, ਮੁੱਢਲੀ ਸਿੱਖਿਆ ਦੀ ਪ੍ਰਾਪਤੀ, ਮਾਮਾ ਕਿਰਪਾਲ ਚੰਦ ਜੀ ਤੋਂ ਗੁਰੂ ਸਾਹਿਬ ਦੇ ਨਾਲ ਸ਼ਾਸਤਰ ਵਿੱਦਿਆ ਵਿੱਚ ਨਿਪੁੰਨਤਾ, ਯੁੱਧ ਵਿੱਚ ਪ੍ਰਵੀਨਤਾ, ਬਾਘਣੀ ਅਤੇ ਨਾਗਣੀ ਬੰਦੂਕਾਂ ਦੀ ਮੁਹਾਰਤ ਹਾਸਲ ਕਰਨਾ ਆਦਿ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਚਿਤਰਿਆ ਗਿਆ ਹੈ। ਜੰਮੂ ਕਸ਼ਮੀਰ ਵਿੱਚ ਮੁਗਲ ਗਵਰਨਰ ਵੱਲੋਂ ਹਿੰਦੂ ਧਰਮ ’ਤੇ ਜ਼ੁਲਮ ਦੀ ਇੰਤਹਾ, ਜੰਮੂ ਕਸ਼ਮੀਰ ਦੇ ਡਰਾਵਣੇ ਮਾਹੌਲ ਦੀਆਂ ਖੌਫਨਾਕ ਤਸਵੀਰਾਂ, ਕਸ਼ਮੀਰੀ ਪੰਡਿਤਾਂ ਦਾ ਕਿਰਪਾ ਰਾਮ ਦੀ ਰਹਿਨੁਮਾਈ ਹੇਠ ਜਥੇ ਵੱਲੋਂ ਨਾਨਕ ਦੇ ਦਰ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਧਰਮ ਸਲਾਮਤੀ ਦੀ ਫਰਿਆਦ ਕਰਨਾ, ਗੋਬਿੰਦ ਰਾਏ ਦਾ ਸ਼ਹਾਦਤ ਲਈ ਕਹਿਣਾ, ਗੁਰੂ ਤੇਗ ਬਹਾਦਰ ਜੀ ਦਾ ਕੁਰਬਾਨੀ ਦੇਣ ਲਈ ਦਿੱਲੀ ਵੱਲ ਚਾਲੇ ਪਾਉਣ ਸਮੇਂ ਭਾਈ ਜੈਤਾ ਜੀ, ਭਾਈ ਮਤੀਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ ਨਾਲ ਜਾਣਾ, ਰਸਤੇ ਵਿੱਚ ਸੰਗਤ ਨੂੰ ਦੀਵਾਨ ਸਜਾ ਕੇ ਗੁਰਬਾਣੀ ਨਾਲ ਨਿਹਾਲ ਕਰਨਾ, ਆਗਰੇ ਤੋਂ ਗੁਰੂ ਸਾਹਿਬ ਨੂੰ ਮੁਗਲ ਹਕੂਮਤ ਵੱਲੋਂ ਗ੍ਰਿਫਤਾਰ ਕਰਨਾ, ਭਾਈ ਜੈਤਾ ਜੀ ਨੂੰ ਜਥੇ ਤੋਂ ਅਲੱਗ ਕਰਨਾ, ਗੁਰੂ ਜੀ ਨੂੰ ਕੈਦ ਕਰਨਾ, ਭਾਈ ਜੈਤਾ ਜੀ ਦਾ ਦਿੱਲੀ ਤੋਂ ਸਲੋਕ ਅਤੇ ਗੁਰਗੱਦੀ ਦਾ ਸਮਾਨ ਲੈ ਕੇ ਆਨੰਦਪੁਰ ਸਾਹਿਬ ਗੋਬਿੰਦ ਰਾਏ ਕੋਲ ਪਹੁੰਚਣਾ ਆਦਿ ਇਤਿਹਾਸਕ ਤੱਥਾਂ ਨੂੰ ਬਹੁਤ ਹੀ ਸੁਚੱਜੇ, ਸੁੰਦਰ ਅਤੇ ਆਕਰਸ਼ਕ ਤਸਵੀਰਾਂ ਨਾਲ ਪੇਸ਼ ਕੀਤਾ ਗਿਆ ਹੈ।
ਤੀਸਰੀ ਗੈਲਰੀ ਵਿੱਚ ਗੁਰੂ ਸਾਹਿਬ ਦੇ ਤਿਆਗ, ਦਿੱਲੀ ਦੇ ਚਾਂਦਨੀ ਚੌਕ ਵਿੱਚ 11 ਨਵੰਬਰ 1675 ਨੂੰ ਹੋਈ ਕੁਰਬਾਨੀ ਨੂੰ ਐਨੀਮੇਸ਼ਨ ਵੀਡੀਓ ਫਿਲਮਾਂਕਣ ਜ਼ਰੀਏ ਦਿਖਾਇਆ ਜਾਂਦਾ ਹੈ, ਜੋ ਲਗਾਤਾਰ ਚੱਲਦੀ ਰਹਿੰਦੀ ਹੈ। ਇੱਥੇ ਬਣਾਏ ਗਏ ਬੈਂਚਾਂ ਉੱਪਰ ਬੈਠ ਕੇ ਸ਼ਰਧਾਲੂ ਕੁਝ ਮਿੰਟਾਂ ਦੀ ਇਸ ਇਤਿਹਾਸਕ ਵੀਡੀਓ ਰਾਹੀਂ ਸਿਰਜੇ ਭਾਵਨਾਤਮਕ ਦ੍ਰਿਸ਼ ਦੇਖ ਕੇ ਭਾਵੁਕ ਹੋ ਜਾਂਦੇ ਹਨ। ਭਾਈ ਮਤੀਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਦਿਖਾਈਆਂ ਦਰਦਨਾਕ ਸ਼ਹਾਦਤਾਂ ਅੱਗੇ ਆਪਣੇ ਆਪ ਸਿਜਦਾ ਹੋ ਜਾਂਦਾ ਹੈ।
ਇਸ ਤੋਂ ਅੱਗੇ ਭਾਈ ਜੈਤਾ ਜੀ ਦਾ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਸੀਸ ਲੈ ਕੇ ਆਉਣ ਵਾਲੇ ਰਸਤੇ ਨੂੰ ਮਾਡਲ ਨਾਲ ਦਰਸਾਇਆ ਗਿਆ ਹੈ, ਇਸ ਵਿੱਚ ਬਣਾਉਟੀ ਜੰਗਲ ਦਾ ਨਿਰਮਾਣ ਕੀਤਾ ਹੋਇਆ ਹੈ ਅਤੇ ਭਾਈ ਜੈਤਾ ਜੀ ਦੀਆਂ ਠਹਿਰਾਂ ਵਾਲੇ ਸਥਾਨ ਚਾਂਦਨੀ ਚੌਕ, ਮਜਨੂੰ ਟਿੱਲਾ, ਬੜ ਖਾਲਸਾ, ਸੋਨੀਪਤ, ਕਰਨਾਲ, ਅੰਬਾਲਾ, ਕੁਰਾਲੀ, ਕੋਟਲਾ ਨਿਹੰਗ, ਕੀਰਤਪੁਰ ਸਾਹਿਬ ਨੂੰ ਬਾਕਾਇਦਾ ਬੋਰਡ ਲਾ ਕੇ ਦਰਸਾਏ ਗਏ ਹਨ। ਇਸ ਰਸਤੇ ਤੋਂ ਲੰਘਦਿਆਂ ਤੁਸੀਂ ਆਪਣੇ ਆਪ ਨੂੰ ਉਸ ਸਮੇਂ ਦੇ ਅਤੀਤ ਨੂੰ ਮਹਿਸੂਸ ਕਰਦੇ ਹੋ।
ਇਸ ਗੈਲਰੀ ’ਚੋਂ ਬਾਹਰ ਆਉਂਦਿਆਂ ਖੱਬੇ ਪਾਸੇ ਵਿਸ਼ਾਲ ਸਟੇਨਲੈਸ ਸਟੀਲ ਦਾ 32 ਟਨ ਵਜ਼ਨੀ ਖੰਡਾ ਸਥਾਪਿਤ ਕੀਤਾ ਗਿਆ ਹੈ ਜੋ ਸਿੱਖ ਧਰਮ ਦੀ ਸ਼ਾਨ ਦਾ ਪ੍ਰਤੀਕ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦਾ ਹੈ।
ਇਸ ਤੋਂ ਬਾਅਦ ਵਿੰਗ ਬੀ ਦੀ ਚਾਰ ਨੰਬਰ ਗੈਲਰੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਭਾਈ ਜੈਤਾ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਇਤਿਹਾਸਕ ਤੱਥਾਂ ਦੀ ਕਾਰਜਸ਼ੀਲ ਸਥਿਤੀ ਉਭਾਰਨ ਲਈ ਲਗਾਤਾਰ ਚੱਲਦੀ ਐਨੀਮੇਟਡ ਵੀਡੀਓ ਰਾਹੀਂ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਵਿੱਚ ਗੋਬਿੰਦ ਰਾਏ ਨੂੰ ਸੀਸ ਭੇਂਟ ਕਰਨਾ, ਵਰਦਾਨ ਦੇਣਾ, ਨਗਾਰਾ ਵਜਾਉਣ, ਬਾਘਣੀ ਅਤੇ ਨਾਗਣੀ ਬੰਦੂਕਾਂ ਦਾ ਦ੍ਰਿਸ਼, ਜੰਗਾਂ ਆਦਿ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈ।
ਗੈਲਰੀ ਨੰਬਰ ਪੰਜ ਵਿੱਚ ਭਾਈ ਜੈਤਾ ਜੀ ਸਮੇਤ ਗੁਰੂ ਸਾਹਿਬ ਦੀਆਂ ਜੰਗਾਂ ਅਤੇ ਹੋਰ ਸਿੰਘਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ, ਸਰਸਾ ਪਾਰ ਕਰਨਾ, ਜਥੇ ਦੀ ਅਗਵਾਈ, ਚਮਕੌਰ ਸਾਹਿਬ ਦੀ ਜੰਗ, ਭਾਈ ਜੈਤਾ ਜੀ ਜੰਗਾਂ ਵਿੱਚ ਦਿਖਾਏ ਜਲਵਿਆਂ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਦਰਸਾਇਆ ਗਿਆ ਹੈ। ਇਸ ਗੈਲਰੀ ਵਿੱਚੋਂ ਬਾਹਰ ਆਉਣ ਸਮੇਂ ਦਰਸ਼ਕ ਮਨ ਅੰਦਰ ਬਹੁਤ ਸਾਰੀਆਂ ਇਤਿਹਾਸਕ ਯਾਦਾਂ, ਸਿੱਖ ਯੋਧਿਆਂ ਪ੍ਰਤੀ ਸਤਿਕਾਰ ਅਤੇ ਮਾਣ ਲੈ ਕੇ ਆਉਂਦਾ ਹੈ। ਸ੍ਰੀ ਆਨੰਦਪੁਰ ਸਾਹਿਬ ਆਉਣ ਸਮੇਂ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ-ਨਾਲ ਸਿੱਖ ਸ਼ਰਧਾਲੂ ਇਤਿਹਾਸ ਤੋਂ ਜਾਣੂ ਹੋਣ ਲਈ ਵਿਰਾਸਤ-ਏ-ਖਾਲਸਾ ਅਤੇ ਭਾਈ ਜੈਤਾ ਜੀ ਯਾਦਗਾਰੀ ਮਿਊਜ਼ੀਅਮ ਵੀ ਜ਼ਰੂਰ ਦੇਖਣ ਜਾਣ।
ਸੰਪਰਕ: 97797-08257

