DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਈ ਗੁਰਦਾਸ ਜੀ: ਜੀਵਨ ਅਤੇ ਰਚਨਾ

ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਦੇ ਵਿਆਖਿਆਕਾਰ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਜੀ ਦਾ ਸਿੱਖ ਕੌਮ ਅੰਦਰ ਵਿਸ਼ੇਸ਼ ਸਥਾਨ ਅਤੇ ਸਤਿਕਾਰ ਹੈ। ਕਿਹਾ ਜਾਂਦਾ ਹੈ ਕਿ ਜਿਸ ਨੇ ਭਾਈ ਗੁਰਦਾਸ ਜੀ ਨੂੰ ਨਹੀਂ ਪੜ੍ਹਿਆ, ਉਸ ਨੂੰ ਗੁਰਬਾਣੀ ਦੀ ਪੂਰਨ ਸਮਝ ਨਹੀਂ...

  • fb
  • twitter
  • whatsapp
  • whatsapp
Advertisement

ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਦੇ ਵਿਆਖਿਆਕਾਰ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਜੀ ਦਾ ਸਿੱਖ ਕੌਮ ਅੰਦਰ ਵਿਸ਼ੇਸ਼ ਸਥਾਨ ਅਤੇ ਸਤਿਕਾਰ ਹੈ। ਕਿਹਾ ਜਾਂਦਾ ਹੈ ਕਿ ਜਿਸ ਨੇ ਭਾਈ ਗੁਰਦਾਸ ਜੀ ਨੂੰ ਨਹੀਂ ਪੜ੍ਹਿਆ, ਉਸ ਨੂੰ ਗੁਰਬਾਣੀ ਦੀ ਪੂਰਨ ਸਮਝ ਨਹੀਂ ਆ ਸਕਦੀ। ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਸੰਖੇਪ ਵਿੱਚ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।

ਭਾਈ ਗੁਰਦਾਸ ਜੀ ਦਾ ਜਨਮ 1551 ਈਸਵੀ ਨੂੰ ਈਸ਼ਰ ਦਾਸ ਅਤੇ ਮਾਤਾ ਜੀਵਨੀ ਦੇ ਘਰ ਪਿੰਡ ਗਿਲਵਾਲੀ ਵਿੱਚ ਹੋਇਆ। ਈਸ਼ਰ ਦਾਸ ਗੁਰੂ ਅਮਰਦਾਸ ਦੇ ਚਚੇਰੇ ਭਰਾ ਸਨ। ਭਾਈ ਗੁਰਦਾਸ ਜੀ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ। ਛੋਟੀ ਉਮਰ ਵਿੱਚ ਹੀ ਪਹਿਲਾਂ ਪਿਤਾ ਅਤੇ ਫਿਰ ਮਾਤਾ ਜੀ ਚੜ੍ਹਾਈ ਕਰ ਗਏ। ਮਗਰੋਂ ਉਹ ਗੁਰੂ ਅਮਰਦਾਸ ਜੀ ਦੇ ਵਸਾਏ ਨਗਰ ਗੋਇੰਦਵਾਲ ਸਾਹਿਬ ਵਿਚ ਆ ਵਸੇ ਅਤੇ ਗੁਰੂ ਦਰਬਾਰ ਨਾਲ ਜੁੜ ਗਏ।

Advertisement

1579 ਈਸਵੀ ਵਿੱਚ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਸਿੱਖੀ ਨਾਲ ਜੋੜਿਆ। ਉਹ ਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਆਪਣੇ ਪਿਆਰ ਸਦਕਾ ਗੁਰੂ ਸਾਹਿਬ ਦੇ ਨਜ਼ਦੀਕ ਹੁੰਦੇ ਗਏ। ਉਨ੍ਹਾਂ ਆਪਣੀ ਸਾਰੀ ਉਮਰ ਹੀ ਗੁਰੂ ਦਰਬਾਰ ਦੀ ਸੇਵਾ ਕਰਦਿਆਂ ਅਤੇ ਸਿੱਖੀ ਦਾ ਪ੍ਰਚਾਰ ਕਰਦਿਆਂ ਬਿਤਾਈ। ਉਨ੍ਹਾਂ ਸੰਸਕ੍ਰਿਤ, ਫ਼ਾਰਸੀ, ਪੰਜਾਬੀ ਅਤੇ ਬ੍ਰਜ ਭਾਸ਼ਾਵਾਂ ਦਾ ਗਿਆਨ ਸੀ। ਉਨ੍ਹਾਂ ਪੁਰਾਤਨ ਗ੍ਰੰਥਾਂ ਅਤੇ ਹੋਰ ਧਰਮਾਂ ਦਾ ਅਧਿਐਨ ਵੀ ਕੀਤਾ ਹੋਇਆ ਸੀ। ਉਹ ਵੱਖ ਵੱਖ ਸੰਤਾਂ, ਫਕੀਰਾਂ, ਜੋਗੀਆਂ ਆਦਿ ਦੀਆਂ ਗੁਰੂ ਸਾਹਿਬਾਨ ਨਾਲ ਮੁਲਾਕਾਤ ਸਮੇਂ ਕੋਲ ਹੁੰਦੇ ਸਨ, ਜਿਸ ਕਰਕੇ ਉਨ੍ਹਾਂ ਦਾ ਧਾਰਮਿਕ ਗਿਆਨ ਹੋਰ ਵਿਸ਼ਾਲ ਹੁੰਦਾ ਗਿਆ। ਗੁਰੂ ਰਾਮਦਾਸ ਜੀ ਦੇ ਭੇਜਣ ’ਤੇ ਉਹ ਆਗਰਾ, ਬਨਾਰਸ, ਲਖਨਊ, ਬੁਰਹਾਨਪੁਰ ਆਦਿ ਥਾਵਾਂ ’ਤੇ ਗੁਰਮਤਿ ਪ੍ਰਚਾਰ ਲਈ ਵੀ ਗਏ। 1581 ਈਸਵੀ ਵਿੱਚ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉਹ ਅੰਮ੍ਰਿਤਸਰ ਵਿੱਚ ਗੁਰੂ ਅਰਜਨ ਸਾਹਿਬ ਕੋਲ ਆ ਗਏ ਅਤੇ ਬਾਬਾ ਬੁੱਢਾ ਜੀ ਨਾਲ ਮਿਲ ਕੇ ਸਾਰੇ ਪ੍ਰਬੰਧ ਦੇਖਣ ਲੱਗੇ।

Advertisement

ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਵੀ ਉਨ੍ਹਾਂ ਅੱਗੇ ਹੋ ਕੇ ਸੇਵਾ ਕੀਤੀ। ਪ੍ਰਿਥੀ ਚੰਦ ਦੇ ਪਾਏ ਬਖੇੜੇ ਵੇਲੇ ਵੀ ਸੰਗਤ ਨੂੰ ਸੇਧ ਦੇਣ, ਸਚਾਈ ਸਮਝਾਉਣ ਅਤੇ ਸਿੱਖੀ ਦੇ ਮੂਲ ਰਸਤੇ ਤੋਂ ਨਾ ਡੋਲਣ ਦੇਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ।

1596-97 ਵਿੱਚ ਜਦੋਂ ਅਕਬਰ ਕਰਤਾਰਪੁਰ ਆਇਆ ਸੀ, ਤਾਂ ਉਸ ਨੂੰ ਗੁਰਬਾਣੀ ਵਿੱਚ ਮੁਸਲਮਾਨਾਂ ਦੇ ਵਿਰੁੱਧ ਲਿਖੇ ਹੋਣ ਬਾਰੇ ਭੜਕਾਇਆ ਗਿਆ। ਅਕਬਰ ਨੂੰ ਬਾਣੀ ਸੁਣਾਉਣ ਅਤੇ ਸਮਝਾਉਣ ਦੀ ਡਿਊਟੀ ਭਾਈ ਗੁਰਦਾਸ ਜੀ ਦੀ ਲੱਗੀ ਸੀ। ਭਾਈ ਸਾਹਿਬ ਨੇ ਬਿਨਾਂ ਕਿਸੇ ਖਾਸ ਤਰਤੀਬ ਤੋਂ ਕਿਤੋਂ ਵੀ ਸ਼ਬਦ ਲੈ ਕੇ ਜਦੋਂ ਉਸ ਦੇ ਅਰਥ ਅਕਬਰ ਨੂੰ ਸਮਝਾਏ, ਤਾਂ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਦੇ ਸਾਰੇ ਭੁਲੇਖੇ ਦੂਰ ਹੋ ਗਏ ਸਨ। ਜਦੋਂ ਗੁਰੂ ਅਰਜਨ ਸਾਹਿਬ ਨੇ ਬਾਣੀ ਨੂੰ ਮਿਲਾਵਟ ਤੋਂ ਬਚਾਉਣ ਲਈ ਗ੍ਰੰਥ ਰੂਪ ਵਿੱਚ ਸੰਕਲਨ ਕਰਨਾ ਸ਼ੁਰੂ ਕੀਤਾ ਅਤੇ ਪਹਿਲੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਨੂੰ ਰਾਗਾਂ ਅਨੁਸਾਰ ਨਵੀਂ ਤਰਤੀਬ ਦਿੱਤੀ, ਤਾਂ ਉਨ੍ਹਾਂ ਨੇ ਭਾਈ ਗੁਰਦਾਸ ਜੀ ਨੂੰ ਆਪਣਾ ਸਹਾਇਕ ਨਿਯੁਕਤ ਕੀਤਾ। ਪੋਥੀ ਨੂੰ ਆਦਿ ਗ੍ਰੰਥ ਦਾ ਰੂਪ ਦੇਣ ਲਈ ਲਿਖਾਰੀ ਹੋਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਮਿਲਿਆ। ਇਹ ਸਾਰਾ ਕਾਰਜ 1604 ਈਸਵੀ ਵਿੱਚ ਸੰਪੂਰਨ ਹੋਇਆ ਸੀ। ਇਸ ਤਰ੍ਹਾਂ ਸਾਰੀ ਦੀ ਸਾਰੀ ਬਾਣੀ ਭਾਈ ਗੁਰਦਾਸ ਜੀ ਦੇ ਹੱਥੋਂ ਲਿਖੀ ਗਈ ਹੋਣ ਕਰਕੇ ਉਨ੍ਹਾਂ ਦੀ ਬਾਣੀ ਦੀ ਸਮਝ ਅਤੇ ਸਿਧਾਂਤਕ ਪਕੜ ਬਾਕੀ ਸਭ ਨਾਲੋਂ ਵੱਧ ਸੀ।

1606 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਪਿੱਛੋਂ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਰਹੇ ਅਤੇ ਅਕਾਲ ਬੁੰਗੇ ਦੀ ਉਸਾਰੀ ਸਮੇਂ ਵੀ ਉਨ੍ਹਾਂ ਨੇ ਸੇਵਾ ਕਰਵਾਈ। 1621 ਈਸਵੀ ਨੂੰ ਮਾਤਾ ਗੰਗਾ ਜੀ ਦੇ ਸਵਰਗਵਾਸ ਹੋਣ ਉੱਤੇ ਅਤੇ 1631 ਈਸਵੀ ਵਿੱਚ ਬਾਬਾ ਬੁੱਢਾ ਜੀ ਦੇ ਅਕਾਲ ਚਲਾਣਾ ਕਰਨ ਉੱਤੇ ਅੰਤਿਮ ਅਰਦਾਸ ਭਾਈ ਗੁਰਦਾਸ ਜੀ ਨੇ ਹੀ ਕੀਤੀ ਸੀ। ਗੁਰੂ ਹਰਿਗੋਬਿੰਦ ਜੀ ਨੂੰ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ, ਤਾਂ ਸੰਗਤ ਨੂੰ ਧਰਵਾਸ ਦੇਣ ਅਤੇ ਗਵਾਲੀਅਰ ਲਿਜਾਣ ਸਮੇਂ ਵੀ ਉਨ੍ਹਾਂ ਨੇ ਅਗਵਾਈ ਕੀਤੀ ਸੀ। 1637 ਈਸਵੀ ਵਿਚ ਉਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਲਿਖੀ ਰਚਨਾ ਨੂੰ ਗੁਰੂ ਅਰਜਨ ਸਾਹਿਬ ਨੇ ਮਾਣ ਦਿੱਤਾ ਹੈ ਅਤੇ ਪਰੰਪਰਾ ਮੁਤਾਬਕ ਉਸ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ।

ਭਾਈ ਗੁਰਦਾਸ ਜੀ ਦੀਆਂ ਰਚਨਾਵਾਂ:

ਭਾਈ ਗੁਰਦਾਸ ਜੀ ਦੀ ਲਿਖਤ ਤਿੰਨ ਰੂਪਾਂ ਵਿੱਚ ਮਿਲਦੀ ਹੈ:

1. ਸੰਸਕ੍ਰਿਤ ਸਲੋਕ: ਇਹ ਗਿਣਤੀ ਵਿਚ ਸਿਰਫ 6 ਹਨ। ਅਨੁਸ਼ਟੁਪ ਛੰਦ ਵਿਚ ਲਿਖੇ ਇਨ੍ਹਾਂ ਸਲੋਕਾਂ ਬਾਰੇ ਪ੍ਰਚਲਿਤ ਹੈ ਕਿ ਇਹ ਪੰਡਿਤਾਂ ਦੇ ਆਖਣ ’ਤੇ ‘ਵਾਹਿਗੁਰੂ’ ਸ਼ਬਦ ਦੀ ਵਿਆਖਿਆ ਵਿਚ ਹੀ ਲਿਖੇ ਗਏ ਸਨ।

2. ਪੰਜਾਬੀ ਵਿੱਚ ਵਾਰਾਂ: ਇਨ੍ਹਾਂ ਦੀ ਗਿਣਤੀ 40 ਹੈ। ਇਨ੍ਹਾਂ ਵਾਰਾਂ ਦੀ ਸੰਕੁਚਿਤ ਭਾਸ਼ਾ ‘ਗਾਗਰ ਵਿੱਚ ਸਾਗਰ’ ਦੇ ਅਖਾਣ ’ਤੇ ਪੂਰਾ ਢੁਕਦੀ ਹੈ। ਭਾਵੇਂ ਪੁਰਾਤਨ ਸਰੋਤਾਂ ਵਿੱਚ 39 ਵਾਰਾਂ ਦਾ ਜ਼ਿਕਰ ਹੈ ਪਰ ਖੋਜੀ ਵਿਦਵਾਨਾਂ ਨੇ ਭਾਸ਼ਾ, ਸ਼ੈਲੀ ਆਦਿ ਦੇ ਮਿਲਣ ਕਰਕੇ 40ਵੀਂ ਵਾਰ ਵੀ ਸ਼ਾਮਲ ਕੀਤੀ ਹੈ। ਇਨ੍ਹਾਂ ਵਾਰਾਂ ਵਿੱਚ ਸਿੱਖੀ ਸਿਧਾਂਤਾਂ ਦੀ—ਸਿੱਖ ਦੀ ਗੁਰੂ ਨਾਲ ਪ੍ਰੀਤ, ਸਿਦਕ, ਪ੍ਰੇਮ, ਗੁਰਸਿੱਖ ਆਦਿ ਵਿਸ਼ਿਆਂ ’ਤੇ—ਬਹੁਤ ਖੂਬਸੂਰਤ ਉਦਾਹਰਣਾਂ ਅਤੇ ਅਲੰਕਾਰਾਂ ਨਾਲ ਸਜਾ ਕੇ ਵਿਆਖਿਆ ਕੀਤੀ ਗਈ ਹੈ। ਪੰਜਾਬੀ ਵਿੱਚ ਹੋਣ ਕਰਕੇ ਇਹ ਸਿੱਖਾਂ ਦੇ ਹਿਰਦੇ ਦੇ ਵਧੇਰੇ ਨੇੜੇ ਹੋਣ ਕਾਰਨ ਵਧੇਰੇ ਪ੍ਰਸਿੱਧ ਹੋਈਆਂ।

ਭਾਈ ਗੁਰਦਾਸ ਜੀ ਦੀ ਮਿਲਦੀ ਪੁਸਤਕ ਵਿੱਚ 41ਵੀਂ ਵਾਰ ਵੀ ਹੈ। ਕੁਦਰਤੀ ਇਸ ਦੇ ਲੇਖਕ ਦਾ ਨਾਂ ਵੀ ਭਾਈ ਗੁਰਦਾਸ ਹੀ ਹੈ। ਇਨ੍ਹਾਂ ਨੂੰ ਵੱਖਰਾ ਦਰਸਾਉਣ ਲਈ ‘ਭਾਈ ਗੁਰਦਾਸ ਦੂਜਾ’ ਕਹਿ ਕੇ ਯਾਦ ਕੀਤਾ ਜਾਂਦਾ ਹੈ ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਹੋਏ ਹਨ। ਇਹ 41ਵੀਂ ਵਾਰ ‘ਵਾਹ ਵਾਹ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ’ ਦੀ ਟੇਕ ਨਾਲ ਚੱਲਦੀ ਹੈ।

3. ਕਬਿਤ ਤੇ ਸਵਈਏ: ਇਹ ਬ੍ਰਜ ਭਾਸ਼ਾ ਵਿੱਚ ਲਿਖੇ ਗਏ ਮਿਲਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪਹਿਲਾਂ ਇਨ੍ਹਾਂ ਦੀ ਗਿਣਤੀ 556 ਲਿਖੀ ਸੀ, ਪਰ ਵਧੇਰੇ ਖੋਜ ਕਰਨ ’ਤੇ 119 ਹੋਰ ਮਿਲੇ ਜਿਨ੍ਹਾਂ ਨੂੰ ਭਾਈ ਵੀਰ ਸਿੰਘ ਜੀ ਨੇ ਦੂਜੇ ਸਕੰਧ ਵਜੋਂ ਛਪਵਾਇਆ। ਇਸ ਤਰ੍ਹਾਂ ਇਨ੍ਹਾਂ ਦੀ ਕੁੱਲ ਗਿਣਤੀ 675 ਹੋ ਗਈ। ਇਨ੍ਹਾਂ ਵਿੱਚ 3 ਸਵਈਏ, 8 ਦੋਹਰੇ, 8 ਸੋਰਠੇ ਅਤੇ 8 ਛੰਤ ਹਨ। ਕਬਿਤ ਸਵਈਏ ਭਾਈ ਗੁਰਦਾਸ ਜੀ ਨੇ ਆਪਣੀ ਪੰਜਾਬ ਤੋਂ ਬਾਹਰਲੀ ਯਾਤਰਾ ਸਮੇਂ ਲਿਖੇ ਸਨ, ਜਿਹੜਾ ਇੱਕ ਤਾਂ ਇਨ੍ਹਾਂ ਦੇ ਬ੍ਰਜ ਭਾਸ਼ਾ ਵਿੱਚ ਹੋਣ ਤੋਂ ਪਤਾ ਲੱਗਦਾ ਹੈ ਅਤੇ ਦੂਸਰਾ ਇਨ੍ਹਾਂ ਵਿਚ ਗੁਰੂ ਦੇ ਵਿਛੋੜੇ ਦਾ ਜ਼ਿਕਰ ਹੈ। ਬ੍ਰਜ ਭਾਸ਼ਾ ਵਿੱਚ ਹੋਣ ਕਰਕੇ ਹੀ ਇਹ ਸਿੱਖਾਂ ਵਿੱਚ ਵਧੇਰੇ ਪ੍ਰਸਿੱਧ ਨਹੀਂ ਹੋ ਸਕੇ।

ਇਹ ਸਵਾਲ ਅਕਸਰ ਹੀ ਬਹੁਤੇ ਮਨਾਂ ਵਿੱਚ ਆਉਂਦਾ ਹੈ ਕਿ ਭਾਈ ਗੁਰਦਾਸ ਜੀ ਦੀ ਲਿਖਤ ਸਿੱਖੀ ਸਿਧਾਂਤਾਂ ਅਨੁਸਾਰ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਹੈ? ਇਸ ਦੇ ਜਵਾਬ ਵਿੱਚ ਪਰੰਪਰਕ ਸੋਚ ਵਾਲਿਆਂ ਨੇ ਸਾਖੀ ਪੇਸ਼ ਕਰ ਦਿੱਤੀ ਹੈ। ਬਹੁਤ ਹੀ ਸੰਖੇਪ ਵਿਚ ਸਾਖੀ ਅਨੁਸਾਰ ਭਾਈ ਗੁਰਦਾਸ ਜੀ ਦੀ ਵਾਰ ਵਿਚ ਲਿਖਿਆ ਹੈ:

ਜੇ ਮਾਂ ਹੋਵੈ ਜਾਰਨੀ ਕਿਉ ਪੁਤੁ ਪਤਾਰੇ।

ਗਾਈ ਮਾਣਕੁ ਨਿਗਲਿਆ ਪੇਟੁ ਪਾੜਿ ਨ ਮਾਰੇ।

ਜੇ ਪਿਰੁ ਬਹੁ ਘਰੁ ਹੰਢਣਾ ਸਤੁ ਰਖੈ ਨਾਰੇ।

ਅਮਰੁ ਚਲਾਵੈ ਚੰਮ ਦੇ ਚਾਕਰ ਵੇਚਾਰੇ।

ਜੇ ਮਦੁ ਪੀਤਾ ਬਾਮ੍ਹਣੀ ਲੋਇ ਲੁਝਣਿ ਸਾਰੇ।

ਜੇ ਗੁਰ ਸਾਂਗਿ ਵਰਤਦਾ ਸਿਖੁ ਸਿਦਕ ਨ ਹਾਰੇ।

(ਵਾਰ 35, ਪਉੜੀ 20)

ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਨੂੰ ਇਸ ’ਚੋਂ ਸੂਖਮ ਹਉਮੈ ਨਜ਼ਰ ਆਈ ਤੇ ਉਨ੍ਹਾਂ ਨੇ ਭਾਈ ਸਾਹਿਬ ਨੂੰ ਪਰਖਣ ਲਈ ਕਾਬਲ ਤੋਂ ਘੋੜੇ ਲਿਆਉਣ ਲਈ ਭੇਜ ਦਿੱਤਾ। ਘੋੜੇ ਪਸੰਦ ਕਰਨ ਮਗਰੋਂ ਜਦੋਂ ਤੰਬੂ ਵਿਚੋਂ ਮਾਇਆ ਕੱਢਣ ਪੁੱਜੇ, ਤਾਂ ਮੋਹਰਾਂ ਦੀ ਜਗ੍ਹਾ ਠੀਕਰੀਆਂ ਨਿਕਲੀਆਂ। ਸਾਖੀ ਅਨੁਸਾਰ ਭਾਈ ਗੁਰਦਾਸ ਜੀ ਜ਼ਲੀਲ ਹੋਣ ਤੋਂ ਬਚਣ ਲਈ ਤੰਬੂ ਪਾੜ ਕੇ ਪਿੱਛੋਂ ਦੀ ਭੱਜ ਨਿਕਲੇ। ਪਿੱਛੋਂ ਬਾਕੀ ਸਿੱਖਾਂ ਨੇ ਆ ਕੇ ਉਸੇ ਥੈਲੇ ਵਿਚੋਂ ਮੋਹਰਾਂ ਲੈ ਕੇ ਭੁਗਤਾਨ ਕਰ ਦਿੱਤਾ। ਭਾਈ ਸਾਹਿਬ ਉਥੋਂ ਆਗਰੇ ਪੁੱਜ ਕੇ ਕਥਾ ਕਰਨ ਲੱਗੇ। ਉੱਧਰ ਗੁਰੂ ਸਾਹਿਬ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਇੱਕ ਸਿੱਖ ਆਗਰੇ ਭੇਜਿਆ ਤੇ ਸੁਨੇਹਾ ਦਿੱਤਾ ਕਿ ਇਸ ਦਰਬਾਰ ਵਿਚ ਸਾਡਾ ਇੱਕ ਚੋਰ ਹੈ। ਭਾਈ ਗੁਰਦਾਸ ਜੀ ਉਦੋਂ ਕਥਾ ਕਰ ਰਹੇ ਸਨ, ਉਨ੍ਹਾਂ ਨੇ ਤੁਰੰਤ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਗੁਰੂ ਅਰਜਨ ਸਾਹਿਬ ਕੋਲੋਂ ਆ ਮੁਆਫੀ ਮੰਗੀ। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਤਾਂ ਲਿਖਿਆ ਸੀ ‘ਸਿਖੁ ਸਿਦਕ ਨ ਹਾਰੇ।’ ਸਾਖੀਕਾਰ ਅਨੁਸਾਰ ਫਿਰ ਭਾਈ ਗੁਰਦਾਸ ਜੀ ਨੇ ਵਾਰ ਵਿਚ ਲਿਖਿਆ:

ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ।

ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ।

ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ।

ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।

ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।

ਜੇ ਗੁਰ ਭਰਮਾਏ ਸਾਂਗੁ ਕਰ ਕਿਆ ਸਿਖੁ ਵਿਚਾਰਾ।

(ਵਾਰ 35, ਪਉੜੀ 22)

ਪਰੰਪਰਾਗਤ ਸੋਚ ਕਹਿੰਦੀ ਹੈ ਕਿ ਭਾਈ ਸਾਹਿਬ ਸਿਦਕ ਤੋਂ ਡੋਲ ਗਏ ਸਨ, ਇਸ ਲਈ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ।

ਅਸਲ ਵਿੱਚ ਸਿੱਖ ਇਤਿਹਾਸ ਵਿੱਚ ਵੀ ਜਾਣੇ-ਅਣਜਾਣੇ ਕੁਝ ਮਿਥਿਹਾਸ ਰਲ ਚੁੱਕਿਆ ਹੈ। ਇਹ ਸਾਖੀ ਵੀ ਸਚਾਈ ਤੋਂ ਕੋਹਾਂ ਦੂਰ ਜਾਪਦੀ ਹੈ। ਭਾਈ ਗੁਰਦਾਸ ਜੀ ’ਤੇ ਇਸ ਤਰ੍ਹਾਂ ਦਾ ਦੋਸ਼ ਲਾਇਆ ਜਾਣਾ, ਵਿਰੋਧੀਆਂ ਦੀ ਸਾਜਿਸ਼ ਵੀ ਹੋ ਸਕਦੀ ਹੈ। ਆਪ ਹੀ ਪ੍ਰਸ਼ਨ ਕਰਕੇ ਉਸ ਦਾ ਉੱਤਰ ਲਿਖਣਾ ਗੁਰਮਤਿ ਦੀ ਸ਼ੈਲੀ ਰਹੀ ਹੈ। ਇਹ ਗੁਰਬਾਣੀ ਵਿੱਚ ਵੀ ਦੇਖੀ ਜਾ ਸਕਦੀ ਹੈ ਅਤੇ ਉਕਤ ਵਾਰ ਵਿੱਚ ਵੀ ਭਾਈ ਸਾਹਿਬ ਨੇ ਆਪ ਹੀ ਪ੍ਰਸ਼ਨ ਪਾ ਕੇ ਅਗਲੀ ਪਉੜੀ ਵਿੱਚ ਉਸ ਦਾ ਜਵਾਬ ਦਿੱਤਾ ਹੈ। ਸਾਖੀ ਨਿਰੋਲ ਮਨਘੜਤ ਲਗਦੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਨਾ ਹੋਣ ਦਾ ਅਸਲੀ ਕਾਰਨ ਇਹ ਹੈ ਕਿ ਭਾਈ ਸਾਹਿਬ ਦੀ ਸਾਰੀ ਲਿਖਤ ਆਦਿ ਗ੍ਰੰਥ ਦੇ ਸੰਪੂਰਨ ਹੋਣ ਤੋਂ ਬਾਅਦ ਲਿਖੀ ਗਈ ਸੀ। 1604 ਈਸਵੀ ਵਿਚ ਆਦਿ ਗ੍ਰੰਥ ਸੰਪੂਰਨ ਹੋਇਆ ਸੀ। ਖੋਜੀ ਵਿਦਵਾਨਾਂ ਅਨੁਸਾਰ ਭਾਈ ਸਾਹਿਬ ਦੀਆਂ ਬਹੁਤੀਆਂ ਵਾਰਾਂ 1628 ਈਸਵੀ ਦੇ ਇਰਦ-ਗਿਰਦ ਲਿਖੀਆਂ ਗਈਆਂ ਹਨ। ਇਸੇ ਲਈ ਤਾਂ ਉਨ੍ਹਾਂ ਵਿੱਚ ਗੁਰੂ ਹਰਿਗੋਬਿੰਦ ਜੀ ਬਾਰੇ ਵੀ ਜ਼ਿਕਰ ਹੈ। ਕੁਝ ਲਿਖਤਾਂ ਆਦਿ ਗ੍ਰੰਥ ਤੋਂ ਪਹਿਲਾਂ ਦੀਆਂ ਹੋ ਸਕਦੀਆਂ ਹਨ ਪਰ ਉਹ ਹਾਲੇ ਇੰਨੀਆਂ ਪ੍ਰਸਿੱਧ ਨਹੀਂ ਸਨ। ਭਾਈ ਗੁਰਦਾਸ ਜੀ ਆਪ ਸੇਵਕ ਭਾਵ ਵਿੱਚ ਇੰਨੀ ਜ਼ਿਆਦਾ ਨਿਮਰਤਾ ਵਿੱਚ ਸਨ ਕਿ ਉਹ ਆਪਣੀ ਲਿਖਤ ਨੂੰ ਗੁਰਬਾਣੀ ਦੇ ਬਰਾਬਰ ਰੱਖੇ ਜਾਣ ਬਾਰੇ ਸੋਚ ਵੀ ਨਹੀਂ ਸਨ ਸਕਦੇ।

Advertisement
×