ਦਲੇਰੀ ਤੇ ਗੁਰੂ ਪ੍ਰਤੀ ਸਮਰਪਣ ਦਾ ਪ੍ਰਤੀਕ ਭਾਈ ਬਿਧੀ ਚੰਦ ਛੀਨਾ
ਭਾਈ ਬਿਧੀ ਚੰਦ ਦਾ ਜਨਮ ਪਿੰਡ ਸੁਰ ਸਿੰਘ ਦੇ ਵਸਨੀਕ ਭਾਈ ਵੱਸਣ ਸਿੰਘ ਦੇ ਘਰ ਹੋਇਆ। ‘ਮਹਾਨ ਕੋਸ਼’ ਅਨੁਸਾਰ ਭਾਈ ਬਿਧੀ ਚੰਦ ਭਾਈ ਭਿਖੀ ਦੇ ਪੋਤੇ ਸਨ ਅਤੇ ਇਨ੍ਹਾਂ ਦਾ ਪਹਿਲਾਂ ਨਾਮ ਬਿਧੀਆ ਸੀ। ਭਾਈ ਬਿਧੀ ਚੰਦ ਜੀ ਦੇ ਬਚਪਨ...
ਭਾਈ ਬਿਧੀ ਚੰਦ ਦਾ ਜਨਮ ਪਿੰਡ ਸੁਰ ਸਿੰਘ ਦੇ ਵਸਨੀਕ ਭਾਈ ਵੱਸਣ ਸਿੰਘ ਦੇ ਘਰ ਹੋਇਆ। ‘ਮਹਾਨ ਕੋਸ਼’ ਅਨੁਸਾਰ ਭਾਈ ਬਿਧੀ ਚੰਦ ਭਾਈ ਭਿਖੀ ਦੇ ਪੋਤੇ ਸਨ ਅਤੇ ਇਨ੍ਹਾਂ ਦਾ ਪਹਿਲਾਂ ਨਾਮ ਬਿਧੀਆ ਸੀ। ਭਾਈ ਬਿਧੀ ਚੰਦ ਜੀ ਦੇ ਬਚਪਨ ਦਾ ਬਹੁਤਾ ਸਮਾਂ ਆਪਣੇ ਨਾਨਕੇ ਪਿੰਡ ਸਰਹਾਲੀ ਕਲਾਂ (ਤਰਨ ਤਾਰਨ) ਵਿੱਚ ਬਤੀਤ ਹੋਇਆ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ, ਆਲੇ-ਦੁਆਲੇ ਦੇ ਮਾਹੌਲ ਅਤੇ ਸੰਗਤ ਦੇ ਪ੍ਰਭਾਵ ਕਾਰਨ ਉਨ੍ਹਾਂ ਦਾ ਜੀਵਨ ਕੁਝ ਸਮੇਂ ਲਈ ਆਪਣੇ ਅਸਲ ਮਾਰਗ ਤੋਂ ਭਟਕ ਗਿਆ ਸੀ। ਇਸੇ ਭਟਕਣ ਵਾਲੇ ਦੌਰ ਵਿੱਚ ਉਨ੍ਹਾਂ ਦਾ ਮੇਲ ਚੋਹਲਾ ਸਾਹਿਬ ਦੇ ਨੇੜੇ ਗੁਰੂ ਰਾਮਦਾਸ ਜੀ ਦੇ ਸ਼ਰਧਾਲੂ ਬਾਬਾ ਅਦਲੀ ਜੀ ਨਾਲ ਹੋਇਆ। ਬਾਬਾ ਜੀ ਦੀ ਨੇਕ ਅਤੇ ਰੂਹਾਨੀ ਸ਼ਖ਼ਸੀਅਤ ਦਾ ਭਾਈ ਬਿਧੀ ਚੰਦ ਦੇ ਮਨ ’ਤੇ ਇੰਨਾ ਡੂੰਘਾ ਅਸਰ ਪਿਆ ਕਿ ਉਨ੍ਹਾਂ ਨੇ ਆਪਣਾ ਪਿਛਲਾ ਸਾਰਾ ਜੀਵਨ ਤਿਆਗ ਕੇ ਨੇਕੀ ਦੇ ਰਾਹ ’ਤੇ ਤੁਰਨ ਦਾ ਦ੍ਰਿੜ੍ਹ ਇਰਾਦਾ ਕਰ ਲਿਆ।
ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਉਣਾ
ਭਾਈ ਬਿਧੀ ਚੰਦ ਵਿੱਚ ਆਏ ਇਸ ਅਧਿਆਤਮਿਕ ਬਦਲਾਅ ਨੂੰ ਦੇਖ ਕੇ ਬਾਬਾ ਅਦਲੀ ਜੀ ਉਨ੍ਹਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚੇ। ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪਿਛਲੇ ਜੀਵਨ ਬਾਰੇ ਪੁੱਛਿਆ, ਤਾਂ ਭਾਈ ਸਾਹਿਬ ਨੇ ਬਿਨਾਂ ਕੁਝ ਲੁਕੋਏ ਬੜੀ ਨਿਮਰਤਾ ਨਾਲ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾਉਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਮੈਨੂੰ ਆਪਣੇ ਦਰ ਦਾ ਸੇਵਾਦਾਰ ਬਣਾ ਲਵੋ।
ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਹਾਜ਼ਰੀ
ਪੰਜਵੇਂ ਗੁਰੂ ਦੀ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਨੌਜਵਾਨ ਗੁਰਸਿੱਖਾਂ ਦੀ ਮੰਗ ਕੀਤੀ ਤਾਂ ਉਸ ਵੇਲੇ ਭਾਈ ਬਿਧੀ ਚੰਦ ਵੀ ਪਿੰਡ ਸੁਰ ਸਿੰਘ ਦੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਪਹੁੰਚ ਗਏ। ਇਨ੍ਹਾਂ ਵਿੱਚ ਦੋ ਢਾਡੀ ਵੀ ਸਨ। ਜਦੋਂ ਨੌਜਵਾਨਾਂ ਦੀ ਗਿਣਤੀ ਵੱਧ ਗਈ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪੰਜ ਜਥਿਆਂ ਵਿੱਚ ਵੰਡ ਦਿੱਤਾ। ਇਨ੍ਹਾਂ ਜਥਿਆਂ ਦੇ ਪੰਜ ਜਥੇਦਾਰ ਵੀ ਥਾਪੇ ਗਏ। ਪਹਿਲੇ ਜਥੇ ਦੀ ਜ਼ਿੰਮੇਵਾਰੀ ਭਾਈ ਲੰਗਾਹ ਤੇ ਦੂਸਰੇ ਦੀ ਭਾਈ ਬਿਧੀ ਚੰਦ ਨੂੰ ਸੌਂਪੀ ਗਈ।
ਗਵਾਲੀਅਰ ਦੇ ਕਿਲ੍ਹੇ ਦੀ ਸੇਵਾ
ਜਦੋਂ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਤਾਂ ਉਸ ਸਮੇਂ ਭਾਈ ਬਿਧੀ ਚੰਦ ਦੇ ਜਥੇ ਨੇ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ। ਜਿੱਥੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਪਣੀ ਸੂਝ-ਬੂਝ ਨਾਲ ਸੰਗਤ ਨੂੰ ਸਮੇਂ ਦਾ ਸੱਚ ਬਿਆਨ ਕਰਦੇ, ਉੱਥੇ ਭਾਈ ਬਿਧੀ ਚੰਦ (ਆਪਣੇ ਢਾਡੀਆਂ ਸਮੇਤ) ਪਹਿਲਾਂ ਹੀ ਪਹੁੰਚ ਜਾਂਦੇ ਅਤੇ ਵਿਸ਼ੇਸ਼ ਮਾਹੌਲ ਦੀ ਸਿਰਜਣਾ ਕਰ ਦਿੰਦੇ। ਇਨ੍ਹਾਂ ਗੁਰਮੁਖ ਪਿਆਰਿਆਂ ਦੀ ਘਾਲਣਾ ਨਾਲ ਵੱਡੀ ਗਿਣਤੀ ਵਿੱਚ ਸੰਗਤ ਗਵਾਲੀਅਰ ਪਹੁੰਚਣ ਲੱਗੀ ਅਤੇ ਕਿਲ੍ਹੇ ਦੀ ਪਰਿਕਰਮਾ ਕਰਨ ਲੱਗੀ। ਸੰਗਤ ਦੀ ਆਮਦ ਅਤੇ ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਵਕਤ ਦੇ ਹਾਕਮ ਨੇ ਗੁਰੂ ਸਾਹਿਬ ਨੂੰ ਕਿਲ੍ਹੇ ਵਿੱਚੋਂ ਰਿਹਾਅ ਕਰ ਦਿੱਤਾ।
ਰਿਹਾਈ ਤੋਂ ਬਾਅਦ ਭਾਈ ਬਿਧੀ ਚੰਦ ਜੀ ਗੁਰੂ ਸਾਹਿਬ ਦੇ ਪੱਕੇ ਅੰਗ-ਰੱਖਿਅਕ ਬਣ ਗਏ ਤੇ ਭਾਈ ਸਾਹਿਬ ਨੇ ਆਪਣਾ ਪੱਕਾ ਡੇਰਾ ਪਿਪਲੀ ਸਾਹਿਬ ਵਿੱਚ ਲਾ ਲਿਆ। ਜਹਾਂਗੀਰ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਨੇ ਸਿੱਖਾਂ ਵੱਲੋਂ ਸ਼ਾਹੀ ਬਾਜ਼ ਨੂੰ ਫੜਨ ਨੂੰ ‘ਸ਼ਾਹੀ ਤਾਜ’ ਨੂੰ ਹੱਥ ਪਾਉਣ ਦੇ ਬਰਾਬਰ ਜਾਣ ਕੇ ਮੁਖਲਿਸ ਖਾਨ ਦੀ ਕਮਾਂਡ ਹੇਠ ਸੱਤ ਹਜ਼ਾਰ ਫ਼ੌਜ ਭੇਜ ਦਿੱਤੀ। ਇੱਧਰ ਸਿੱਖ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ।
ਸੁਲਤਾਨ ਬੇਗ ਨਾਲ ਮੁਕਾਬਲਾ
ਇਸ ਫ਼ੌਜ ਦਾ ਮੁਕਾਬਲਾ ਭਾਈ ਬਿਧੀ ਚੰਦ ਦੇ ਜਥੇ ਨਾਲ ਹੋ ਗਿਆ। ਜਤੀ ਮੱਲ ਦੇ ਸਹਿਯੋਗ ਨਾਲ ਭਾਈ ਸਾਹਿਬ ਨੇ ਸ਼ਾਹੀ ਫ਼ੌਜ ਨੂੰ ਭਾਜੜਾਂ ਪਾ ਦਿੱਤੀਆਂ। ਮੁਖਲਿਸ ਖਾਨ ਨੇ ਆਪਣੀ ਫ਼ੌਜ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਪਰ ਉਹ ਸਿੱਖਾਂ ਦਾ ਟਾਕਰਾ ਨਾ ਕਰ ਸਕੀ। ਜੰਗ ਦੇ ਦੂਸਰੇ ਦਿਨ ਭਾਈ ਬਿਧੀ ਚੰਦ ਨੇ ਸੁਲਤਾਨ ਬੇਗ ਨੂੰ ਜਾ ਵੰਗਾਰਿਆ। ਗੁੱਸੇ ਵਿੱਚ ਆ ਕੇ ਬੇਗ ਨੇ ਇੱਕ ਨੇਜ਼ਾ ਭਾਈ ਸਾਹਿਬ ਵੱਲ ਚਲਾ ਦਿੱਤਾ ਪਰ ਉਹ ਉਨ੍ਹਾਂ ਤੱਕ ਨਹੀਂ ਪਹੁੰਚ ਸਕਿਆ। ਜਦੋਂ ਭਾਈ ਬਿਧੀ ਚੰਦ ਨੇ ਪਲਟਵਾਂ ਵਾਰ ਕੀਤਾ ਤਾਂ ਬੇਗ ਭਗੌੜਾ ਹੋ ਗਿਆ। ਜਦੋਂ ਉਸ ਦੇ ਕੰਨਾਂ ਵਿੱਚ ਬੁਜ਼ਦਿਲ ਦੀ ਆਵਾਜ਼ ਪਈ ਤਾਂ ਉਹ ਮੁੜ ਵਾਰ ਕਰਨ ਲੱਗਾ, ਪਰ ਜਦੋਂ ਭਾਈ ਬਿਧੀ ਚੰਦ ਨੇ ਉਸ ਵੱਲ ਤੀਰ ਚਲਾਇਆ ਤਾਂ ਉਹ ਉਸ ਦੀ ਛਾਤੀ ਨੂੰ ਵਿੰਨ੍ਹ ਗਿਆ। ਤੀਰ ਲੱਗਦੇ ਸਾਰ ਹੀ ਬੇਗ ਹੇਠਾਂ ਡਿੱਗ ਪਿਆ ਅਤੇ ਦੁਨੀਆ ਤੋਂ ਤੁਰ ਗਿਆ।
ਦੂਸਰੀ ਜੰਗ ਅਤੇ ਕਰਮ ਚੰਦ ਦੀ ਹਾਰ
ਇਸ ਤਰ੍ਹਾਂ ਦੂਸਰੀ ਜੰਗ ਦੇ ਸਮੇਂ ਭਾਈ ਬਿਧੀ ਚੰਦ ਦੀ ਸਿੱਧੀ ਟੱਕਰ ਕਰਮ ਚੰਦ ਨਾਲ ਹੋ ਗਈ ਅਤੇ ਉਹ ਮੈਦਾਨ ਛੱਡ ਕੇ ਭੱਜ ਗਿਆ। ਉਹ ਆਪ ਤਾਂ ਬਚ ਗਿਆ ਪਰ ਉਸ ਦੇ ਉਕਸਾਉਣ ’ਤੇ ਨਵਾਬ ਨੇ ਸਿੱਖਾਂ ਉੱਪਰ ਜ਼ੋਰਦਾਰ ਹਮਲਾ ਕਰ ਦਿੱਤਾ। ਨਤੀਜੇ ਵਜੋਂ ਨਵਾਬ, ਉਸ ਦਾ ਪੁੱਤਰ ਅਤੇ ਸਾਥੀ ਇਸ ਜੰਗ ਵਿੱਚ ਮਾਰੇ ਗਏ। ਇਸ ਤਰ੍ਹਾਂ ਗੁਰੂਕਿਆਂ ਦਾ ਪੱਲਾ ਭਾਰੀ ਰਿਹਾ।
ਜਦੋਂ ਕਾਬਲ ਤੋਂ ਆ ਰਹੇ ਭਾਈ ਕਰੋੜੀ ਮੱਲ ਦੇ ਦੋ ਘੋੜੇ ਦਿਲਬਾਗ ਤੇ ਗੁਲਬਾਗ ਲਾਹੌਰ ਵਿੱਚ ਅਨਾਇਤ ਉੱਲਾ ਨੇ ਖੋਹ ਲਏ ਤਾਂ ਸੰਗਤ ਵੱਲੋਂ ਇਸ ਗੱਲ ਦਾ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਕੋਲ ਕੀਤਾ ਗਿਆ। ਗੁਰੂ ਸਾਹਿਬ ਨੇ ਸੰਗਤ ਨੂੰ ਹੌਸਲਾ ਦਿੰਦਿਆਂ ਕਿਹਾ, ‘ਕਰੋੜੀ ਮੱਲ ਦੀ ਭੇਟਾ ਬਿਧੀ ਚੰਦ ਆਪੇ ਹੀ ਲੈ ਆਵੇਗਾ।’
ਇਹ ਕੰਮ ਭਾਵੇਂ ਔਖਾ ਸੀ, ਪਰ ਗੁਰੂ ਸਾਹਿਬ ਨੂੰ ਆਪਣੇ ਅੰਗ-ਸੰਗ ਜਾਣ ਕੇ ਭਾਈ ਬਿਧੀ ਚੰਦ ਨੇ ਹਾਮੀ ਭਰ ਦਿੱਤੀ। ਇਹ ਕੰਮ ਭਾਈ ਸਾਹਿਬ ਨੂੰ ਬਹੁਤ ਹੀ ਤਰਕੀਬ ਨਾਲ ਕਰਨਾ ਪਿਆ। ਜੋਸ਼ ਤੇ ਹੋਸ਼ ਦਾ ਸੁਮੇਲ ਬਣਾ ਕੇ ਉਹ ਲਾਹੌਰ ਪਹੁੰਚ ਗਏ ਅਤੇ ਭਾਈ ਜੀਵਨ ਦੇ ਘਰ ਜਾ ਟਿਕਾਣਾ ਕੀਤਾ। ਇੱਥੇ ਰਹਿ ਕੇ ਉਨ੍ਹਾਂ ਨੇ ਇੱਕ ਘਾਹੀ ਦਾ ਭੇਸ ਧਾਰਨ ਕੀਤਾ ਅਤੇ ਆਪਣੇ ਮਕਸਦ (ਘੋੜਾ ਲਿਆਉਣ) ਵਿੱਚ ਸਫਲ ਹੋ ਗਏ।
ਆਪਣੇ ਅਧੂਰੇ ਕੰਮ (ਦੂਸਰਾ ਘੋੜਾ ਲਿਆਉਣ) ਨੂੰ ਪੂਰਾ ਕਰਨ ਲਈ ਭਾਈ ਬਿਧੀ ਚੰਦ ਨੇ ਲਾਹੌਰ ਵੱਲ ਨੂੰ ਮੁੜ ਚਾਲੇ ਪਾ ਦਿੱਤੇ। ਇਸ ਵਾਰੀ ਦਾ ਪੜਾਅ ਉਨ੍ਹਾਂ ਵੱਲੋਂ ਭਾਈ ਬੋਹੜੂ ਦੇ ਘਰ ਵਿੱਚ ਕੀਤਾ ਗਿਆ। ਭਾਈ ਬੋਹੜੂ ਕੋਲੋਂ ਸਾਰੀ ਜਾਣਕਾਰੀ ਲੈ ਕੇ ਉਨ੍ਹਾਂ ਨੇ ਇੱਕ ਨਜ਼ੂਮੀ ਦਾ ਭੇਸ ਧਾਰਨ ਕੀਤਾ ਅਤੇ ਗੁਰੂ ਘਰ ਦੇ ਦੋਖੀਆਂ ਦੀ ਅਕਲ ’ਤੇ ਪਰਦਾ ਪਾ ਕੇ ਦੂਸਰਾ ਘੋੜਾ ਵੀ ਲੈ ਆਏ।
ਤੀਸਰੀ ਜੰਗ ਦਾ ਆਗਾਜ਼
ਭਾਈ ਬਿਧੀ ਚੰਦ ਦੇ ਇਸ ਦਲੇਰੀ ਅਤੇ ਤਰਕੀਬ ਭਰੇ ਢੰਗ ਨਾਲ ਘੋੜੇ ਕੱਢ ਲਿਆਉਣ ਨਾਲ ਤੀਸਰੀ ਜੰਗ ਦਾ ਮੁੱਢ ਵੀ ਬੱਝਦਾ ਹੈ। ਇਸ ਜੰਗ ਲਈ ਅਨਾਇਤ ਉੱਲਾ ਨੇ ਲੱਲਾ ਬੇਗ, ਉਸ ਦੇ ਭਰਾ ਕਮਰ ਬੇਗ, ਮੁੱਗਲੀ ਬੇਗ ਅਤੇ ਬਹਿਲੋਲ ਖਾਂ ਨੂੰ ਦਸ ਹਜ਼ਾਰ ਫ਼ੌਜ ਦੇ ਕੇ ਭੇਜਿਆ, ਪਰ ਉਹ ਨਥਾਣੇ ਦੇ ਸਥਾਨ ’ਤੇ ਹਾਰ ਗਏ।
ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਕਸ਼ਮੀਰ ਤੋਂ ਆ ਰਹੀ ਸੰਗਤ ਜਦੋਂ ਪੱਟੀ ਦੇ ਕੋਲ ਦੀ ਲੰਘ ਰਹੀ ਸੀ ਤਾਂ ਮੀਂਹ ਪੈ ਜਾਣ ਕਾਰਨ ਉਨ੍ਹਾਂ ਦੇ ਤਿੰਨ ਕੀਮਤੀ ਦੁਸ਼ਾਲਿਆਂ ਵਿੱਚੋਂ ਦੋ ਭਿੱਜ ਗਏ। ਇਨ੍ਹਾਂ ਭਿੱਜੇ ਹੋਏ ਦੋ ਦੁਸ਼ਾਲਿਆਂ ਨੂੰ ਗੁਰੂ ਕੀ ਸੰਗਤ ਵੱਲੋਂ ਪੱਟੀ ਦੇ ਬਦਾਮੀ ਬਾਗ ਵਿੱਚ ਬੈਠ ਕੇ ਸੁਕਾਇਆ ਜਾ ਰਿਹਾ ਸੀ। ਇਸ ਗੱਲ ਦੀ ਭਿਣਕ ਜਦੋਂ ਪੱਟੀ ਦੇ ਮਿਰਜ਼ਿਆਂ ਨੂੰ ਪਈ ਤਾਂ ਉਨ੍ਹਾਂ ਨੇ ਉਹ ਕੀਮਤੀ ਦੁਸ਼ਾਲੇ ਖਰੀਦਣੇ ਚਾਹੇ ਪਰ ਸੰਗਤ ਵੱਲੋਂ ਗੁਰੂ ਕੀ ਅਮਾਨਤ ਕਹਿ ਕੇ ਵੇਚਣ ਤੋਂ ਇਨਕਾਰ ਕਰ ਦਿੱਤਾ ਗਿਆ।
‘ਤਕੜੇ ਦਾ ਸੱਤੀਂ ਵੀਹੀਂ ਸੌ’ ਦੀ ਕਹਾਵਤ ਮੁਤਾਬਿਕ ਹਾਕਮਾਂ ਨੇ ਉਹ ਦੁਸ਼ਾਲੇ ਜ਼ਬਰਦਸਤੀ ਖੋਹ ਲਏ। ਇਸ ਘਟਨਾ ਵਿੱਚ ਇੱਕ ਦੁਸ਼ਾਲਾ ਬਚ ਗਿਆ ਜਿਸ ਨੂੰ ਸੁੱਕਣੇ ਨਹੀਂ ਪਾਇਆ ਗਿਆ ਸੀ। ਉਸ ਨੂੰ ਨਾਲ ਲੈ ਕੇ ਸੰਗਤ ਗੁਰੂ ਸਾਹਿਬ ਕੋਲ ਪਹੁੰਚ ਗਈ।
ਪੱਟੀ ਵੱਲ ਰਵਾਨਾ ਹੋਣਾ
ਜਦੋਂ ਸੰਗਤ ਵੱਲੋਂ ਆਪਣੇ ਨਾਲ ਹੋਈ ਇਸ ਘਟਨਾ ਨੂੰ ਬਿਆਨ ਕਰਕੇ ਪਛਤਾਵਾ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ‘ਕੋਈ ਗੱਲ ਨਹੀਂ ਤੁਹਾਡੇ ਵੱਲੋਂ ਸਾਡੇ ਕੋਲ ਪਹੁੰਚ ਗਏ ਹਨ, ਬਾਕੀ ਦਾ ਲੇਖਾ ਭਾਈ ਬਿਧੀ ਚੰਦ ਆਪੇ ਕਰ ਲਵੇਗਾ।’ ਇਹ ਬਚਨ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਨੂੰ ਥਾਪੜਾ ਦੇ ਕੇ ਪੱਟੀ ਸ਼ਹਿਰ ਨੂੰ ਰਵਾਨਾ ਕਰ ਦਿੱਤਾ।
ਪੱਟੀ ਪਹੁੰਚ ਕੇ ਭਾਈ ਬਿਧੀ ਚੰਦ ਨੇ ਕੁਝ ਦੁਸ਼ਾਲੇ ਮੋਢੇ ’ਤੇ ਰੱਖ ਕੇ ਦੁਸ਼ਾਲੇ ਵੇਚਣ ਦਾ ਹੋਕਾ ਦਿੱਤਾ। ਇਹ ਆਵਾਜ਼ ਜਦੋਂ ਹਾਕਮਾਂ ਦੇ ਕੰਨੀਂ ਪਈ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਉਨ੍ਹਾਂ ਦੇ ਦੁਸ਼ਾਲੇ ਦੇਖਣ ਤੋਂ ਬਾਅਦ ਉਸ ਨੂੰ ਉਹ ਦੁਸ਼ਾਲੇ ਵੀ ਦਿਖਾਏ ਜਿਹੜੇ ਸੰਗਤ ਕੋਲੋਂ ਖੋਹੇ ਸਨ। ਜਦੋਂ ਪੱਟੀ ਦੇ ਹਾਕਮਾਂ ਵੱਲੋਂ ਲੁੱਟ ਦੇ ਮਾਲ (ਦੁਸ਼ਾਲਿਆਂ) ਦਾ ਮੁੱਲ ਪੁਆਉਣਾ ਚਾਹਿਆ ਤਾਂ ਭਾਈ ਬਿਧੀ ਚੰਦ ਵੱਲੋਂ ਉਨ੍ਹਾਂ ਦਾ ਮੁੱਲ ਬਹੁਤ ਹੀ ਘੱਟ ਪਾਇਆ ਗਿਆ। ਮੁੱਲ ਘੱਟ ਪੈਣ ’ਤੇ ਪੱਟੀ ਦੇ ਮਿਰਜ਼ਿਆਂ ਵੱਲੋਂ ਖੋਹੇ ਹੋਏ ਦੁਸ਼ਾਲੇ ਵੇਚਣ ਤੋਂ ਇਨਕਾਰ ਕਰ ਦਿੱਤਾ ਗਿਆ।
ਦੁਸ਼ਾਲੇ ਵਾਪਸ ਲੈਣੇ
ਇਨਕਾਰੀ ਹੋਣ ਤੋਂ ਬਾਅਦ ਜਦੋਂ ਬੇਗਮਾਂ ਉਨ੍ਹਾਂ ਦੁਸ਼ਾਲਿਆਂ ਨੂੰ ਸੰਭਾਲ ਰਹੀਆਂ ਸਨ ਤਾਂ ਉਹ ਟਿਕਾਣਾ ਭਾਈ ਸਾਹਿਬ ਦੇ ਨਜ਼ਰੀਂ ਪੈ ਗਿਆ। ਬਾਹਰ ਆ ਕੇ ਉਹ ਇੱਕ ਦਰਜ਼ੀ ਕੋਲ ਗਏ ਅਤੇ ਇੱਕ ਬੁਰਕਾ ਤਿਆਰ ਕਰਵਾਇਆ। ਉਸ ਬੁਰਕੇ ਨੂੰ ਪਹਿਨ ਕੇ ਭਾਈ ਬਿਧੀ ਚੰਦ ਨੇ ਇੱਕ ਔਰਤ ਦਾ ਭੇਸ ਧਾਰਨ ਕਰ ਲਿਆ ਅਤੇ ਉਸ ਚੁਬਾਰੇ ਵਿੱਚ ਚੜ੍ਹ ਗਏ ਜਿੱਥੇ ਬੇਗਮਾਂ ਨੇ ਉਹ ਦੁਸ਼ਾਲੇ ਸੰਭਾਲੇ ਹੋਏ ਸਨ। ਕੋਈ ਖਾਸ ਰਿਸ਼ਤੇਦਾਰ ਸਮਝ ਕੇ ਜਦੋਂ ਬੇਗਮਾਂ ਮਿਲਣ ਵਾਸਤੇ ਚੁਬਾਰੇ ਵਿੱਚ ਆਈਆਂ ਤਾਂ ਭਾਈ ਸਾਹਿਬ ਨੇ ਦਰਵਾਜ਼ੇ ਦੀ ਕੁੰਡੀ ਲਾ ਕੇ ਤਲਵਾਰ ਕੱਢ ਲਈ। ਇੱਕ ਮਰਦ ਦੇ ਹੱਥ ਵਿੱਚ ਤਲਵਾਰ ਦੇਖ ਕੇ ਬੇਗਮਾਂ ਦਾ ਉਪਰਲਾ ਸਾਹ ਉੱਪਰ ਤੇ ਹੇਠਲਾ ਹੇਠਾਂ ਰਹਿ ਗਿਆ।
ਭੱਠੀ ਵਿੱਚੋਂ ਸੁਰੱਖਿਅਤ ਨਿਕਲਣਾ
ਬੇਗਮਾਂ ਕੋਲੋਂ ਦੁਸ਼ਾਲੇ ਵਾਪਸ ਲੈ ਕੇ ਭਾਈ ਬਿਧੀ ਚੰਦ ਮਹਿਲਾਂ ’ਚੋਂ ਬਾਹਰ ਆ ਗਏ। ਇਸ ਘਟਨਾ ਦਾ ਪਤਾ ਲੱਗਣ ’ਤੇ ਹਾਕਮਾਂ ਨੇ ਸ਼ਹਿਰ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ। ਬਚ ਕੇ ਨਿਕਲਣ ਲਈ ਭਾਈ ਸਾਹਿਬ ਨੂੰ ਇੱਕ ਭਠਿਆਰੇ ਦੇ ਭੱਖਦੇ ਹੋਏ ਗਰਮ ਭੱਠ ਵਿੱਚ ਛਾਲ ਮਾਰ ਕੇ ਲੁਕਣਾ ਪਿਆ। ਇੱਧਰ ਡਰੋਲੀ ਭਾਈ ਵਿੱਚ ਬੈਠੇ ਛੇਵੇਂ ਪਾਤਸ਼ਾਹ ਨੇ ਠੰਢੇ ਜਲ ਨਾਲ ਇਸ਼ਨਾਨ ਕਰਕੇ ਪਿਆਰੇ ਸਿੱਖ ਨੂੰ ਤੱਤੀ ਵਾਅ ਨਹੀਂ ਲੱਗਣ ਦਿੱਤੀ, ਜਿਸ ਸਦਕਾ ਉਹ ਭੱਖਦੇ ਭੱਠ ਵਿੱਚੋਂ ਵੀ ਸਹੀ-ਸਲਾਮਤ ਬਾਹਰ ਆ ਗਏ।
ਗੁਰੂ ਸਾਹਿਬ ਵੱਲੋਂ ਸਨਮਾਨ ਅਤੇ ਅੰਤਿਮ ਬਚਨ
ਆਪਣੇ ਮਿਸ਼ਨ ਨੂੰ ਪੂਰਾ ਕਰਕੇ ਜਦੋਂ ਭਾਈ ਬਿਧੀ ਚੰਦ ਨੇ ਡਰੋਲੀ ਭਾਈ ਪਹੁੰਚ ਕੇ ਦੁਸ਼ਾਲੇ ਗੁਰੂ ਸਾਹਿਬ ਨੂੰ ਭੇਟ ਕੀਤੇ, ਤਾਂ ਗੁਰੂ ਜੀ ਨੇ ਉਨ੍ਹਾਂ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਫ਼ੁਰਮਾਇਆ ਸੀ: ਬਿਧੀ ਚੰਦ ਛੀਨਾ ਗੁਰੂ ਕਾ ਸੀਨਾ॥
ਸੰਪਰਕ: 94631-32719

