DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭਗਤ ਕਬੀਰ ਜੀ: ਬਾਣੀ ਅਤੇ ਸੁਨੇਹਾ

ਭਗਤ ਕਬੀਰ ਜੀ ਦੇ ਜਨਮ ਤੇ ਮੁੱਢਲੇ ਜੀਵਨ ਬਾਰੇ ਪ੍ਰਮਾਣਿਕ ਸਰੋਤਾਂ ਦੀ ਘਾਟ ਕਾਰਨ ਅੰਦਾਜ਼ਨ ਵੇਰਵੇ ਹੀ ਮਿਲਦੇ ਹਨ। ਉਨ੍ਹਾਂ ਦੇ ਜਨਮ ਬਾਰੇ ਕੁਝ ਰਲਦੀਆਂ-ਮਿਲਦੀਆਂ ਕਥਾਵਾਂ ਵੀ ਮਿਲਦੀਆਂ ਹਨ। ਬਹੁਤੇ ਵਿਦਵਾਨਾਂ ਨੇ ਭਗਤ ਕਬੀਰ ਦਾ ਜਨਮ 1455 ਬਿਕਰਮੀ ਦੇ ਜੇਠ...

  • fb
  • twitter
  • whatsapp
  • whatsapp
Advertisement

ਭਗਤ ਕਬੀਰ ਜੀ ਦੇ ਜਨਮ ਤੇ ਮੁੱਢਲੇ ਜੀਵਨ ਬਾਰੇ ਪ੍ਰਮਾਣਿਕ ਸਰੋਤਾਂ ਦੀ ਘਾਟ ਕਾਰਨ ਅੰਦਾਜ਼ਨ ਵੇਰਵੇ ਹੀ ਮਿਲਦੇ ਹਨ। ਉਨ੍ਹਾਂ ਦੇ ਜਨਮ ਬਾਰੇ ਕੁਝ ਰਲਦੀਆਂ-ਮਿਲਦੀਆਂ ਕਥਾਵਾਂ ਵੀ ਮਿਲਦੀਆਂ ਹਨ। ਬਹੁਤੇ ਵਿਦਵਾਨਾਂ ਨੇ ਭਗਤ ਕਬੀਰ ਦਾ ਜਨਮ 1455 ਬਿਕਰਮੀ ਦੇ ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਮੰਨਿਆ ਹੈ, ਜੋ 1398 ਈ. ਦਾ ਵਰ੍ਹਾ ਬਣਦਾ ਹੈ। ਵਿਦਵਾਨਾਂ ਨੇ ਭਗਤ ਕਬੀਰ ਦੇ ਜੀਵਨ ਕਾਲ ਨੂੰ 1398 ਈ. ਤੋਂ 1518 ਈ. ਤੱਕ ਤੈਅ ਕੀਤਾ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਉਨ੍ਹਾਂ ਦੇ ਪਿਤਾ ਦਾ ਨਾਂ ਨੀਰੂ ਅਤੇ ਮਾਤਾ ਦਾ ਨਾਂ ਨੀਮਾ ਸੀ, ਜੋ ਬਨਾਰਸ ਸ਼ਹਿਰ ਦੇ ਬਾਹਰਵਾਰ ਰਹਿੰਦੇ ਸਨ। ਬਚਪਨ ਤੋਂ ਹੀ ਉਨ੍ਹਾਂ ਦਾ ਝੁਕਾਅ ਪਰਮਾਰਥ ਵੱਲ ਸੀ। ਬਨਾਰਸ ਵਿੱਚ ਰਹਿਣ ਕਰ ਕੇ ਉਨ੍ਹਾਂ ਨੂੰ ਕਰਮ-ਕਾਂਡਾਂ ਦੇ ਕਈ ਖੋਖਲੇ ਪੱਖਾਂ ਦਾ ਗਿਆਨ ਹੋ ਗਿਆ ਸੀ ਤੇ ਉਹ ਬਾਹਰਮੁਖੀ ਭਗਤੀ ਤੇ ਪੂਜਾ-ਪਾਠ ਦੀ ਬਜਾਇ ਕਿਸੇ ਉਚੇਰੇ ਸਤਿ ਦੀ ਭਾਲ ਵਿੱਚ ਰਹਿੰਦੇ ਸਨ।

ਭਗਤ ਕਬੀਰ ਦੀ ਬਾਣੀ ਨਾਲ ਸਬੰਧਤ ਕਈ ਗ੍ਰੰਥ ਉਪਲਬਧ ਹਨ। ਗੁਰਮੁਖੀ ਲਿਪੀ ਵਿੱਚ ਕਬੀਰ ਬਾਣੀ ਦਾ ਪ੍ਰਮਾਣਿਕ ਸੰਗ੍ਰਹਿ ਸਰਿਫ ਆਦਿ ਗ੍ਰੰਥ ਹੀ ਹੈ। ਉਂਜ ਕਬੀਰ ਗ੍ਰੰਥਾਵਲੀ, ਕਬੀਰ ਬੀਜਕ, ਕਬੀਰ ਰਚਨਾਵਲੀ, ਕਬੀਰ ਸ਼ਬਦਾਵਲੀ, ਕਬੀਰ ਬਾਣੀ ਸੰਗ੍ਰਹਿ, ਕਬੀਰ ਸਾਖੀ ਸੰਗ੍ਰਹਿ ਆਦਿ ਸਿਰਲੇਖਾਂ ਅਧੀਨ ਗ੍ਰੰਥਾਂ ਵਿੱਚ ਕਬੀਰ ਬਾਣੀ ਦਰਜ ਹੈ। ਆਦਿ ਗ੍ਰੰਥ ਵਿੱਚ ਦਰਜ ਕਬੀਰ ਬਾਣੀ ਅਤੇ ਦੂਜੇ ਗ੍ਰੰਥਾਂ ਵਿੱਚ ਦਰਜ ਕਬੀਰ ਬਾਣੀ ਵਿੱਚ ਕਈ ਵਖਰੇਵੇਂ ਹਨ। ਭਗਤ ਕਬੀਰ ਜੀ ਨੂੰ ਸਮਕਾਲ ਦੇ ਉੱਤਰੀ ਭਾਰਤ ਵਿੱਚ ਪ੍ਰਚੱਲਿਤ ਪ੍ਰਮੁੱਖ ਕਾਵਿ ਰੂਪਾਂ ਅਤੇ ਰਾਗਾਂ ਦਾ ਭਰਪੂਰ ਗਿਆਨ ਸੀ। ਉਨ੍ਹਾਂ ਨੇ ਵੱਖ-ਵੱਖ ਕਾਵਿ-ਰੂਪਾਂ ਤੇ ਰਾਗਾਂ ਅਨੁਸਾਰ ਬਾਣੀ ਦੀ ਰਚਨਾ ਕੀਤੀ।

Advertisement

ਆਦਿ ਗ੍ਰੰਥ ਵਿੱਚ ਸ਼ਾਮਲ ਭਗਤ ਕਬੀਰ ਜੀ ਦੀ ਬਾਣੀ ਸ਼ਬਦਾਂ, ਸਲੋਕਾਂ, ਬਾਵਨ ਅੱਖਰੀ, ਥਿਤੀ, ਵਾਰ ਆਦਿ ਦੇ ਰੂਪਾਂ ਵਿੱਚ ਦਰਜ ਹੈ। ਆਦਿ ਗ੍ਰੰਥ ਵਿੱਚ ਦਰਜ 31 ਰਾਗਾਂ ’ਚੋਂ ਕਬੀਰ ਸਾਹਿਬ ਨੇ 17 ਰਾਗਾਂ ਵਿੱਚ ਬਾਣੀ ਰਚੀ। ਸੰਤ ਕਬੀਰ ਰਾਗਾਂ ਦੀ ਡੂੰਘੀ ਸੂਝ ਰੱਖਦੇ ਸਨ। ਉਨ੍ਹਾਂ ਨੇ 225 ਸ਼ਬਦਾਂ ਦੀ ਰਚਨਾ ਕੀਤੀ, ਜਿਨ੍ਹਾਂ ਦਾ ਰਾਗਾਂ ਅਨੁਸਾਰ ਵੇਰਵਾ ਇਸ ਤਰ੍ਹਾਂ ਹੈ: 2 ਸ਼ਬਦ (ਸਿਰੀ ਰਾਗ), 74 ਸ਼ਬਦ (ਰਾਗ ਗਉੜੀ), 37 ਸ਼ਬਦ (ਰਾਗ ਆਸਾ), 2 ਸ਼ਬਦ (ਰਾਗ ਗੂਜਰੀ), 11 ਸ਼ਬਦ (ਰਾਗ ਸੋਰਠਿ), 5 ਸ਼ਬਦ (ਰਾਗ ਧਨਾਸਰੀ), 1 ਸ਼ਬਦ (ਰਾਗ ਤਿਲੰਗ), 5 ਸ਼ਬਦ (ਰਾਗ ਸੂਹੀ), 12 ਸ਼ਬਦ (ਰਾਗ ਬਿਲਾਵਲ), 11 ਸ਼ਬਦ (ਰਾਗ ਗੋਂਡ), 12 ਸ਼ਬਦ (ਰਾਗ ਰਾਮਕਲੀ), 11 ਸ਼ਬਦ (ਰਾਗ ਮਾਰੂ), 6 ਸ਼ਬਦ (ਰਾਗ ਕੇਦਾਰਾ), 20 ਸ਼ਬਦ (ਰਾਗ ਭੈਰਉ), 8 ਸ਼ਬਦ (ਰਾਗ ਬਸੰਤ), 3 ਸ਼ਬਦ (ਰਾਗ ਸਾਰੰਗ), 5 ਸ਼ਬਦ (ਰਾਗ ਪ੍ਰਭਾਤੀ) ਅਤੇ ਇੱਕ ਬਾਵਨ ਅੱਖਰੀ, ਥਿਤੀ, ਸਤਵਾਰਾ (ਰਾਗ ਗਉੜੀ) ਬਾਣੀ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ 243 ਸਲੋਕਾਂ ਦੀ ਰਚਨਾ ਵੀ ਕੀਤੀ।

Advertisement

ਆਪਣੀ ਬਾਣੀ ਨੂੰ ਰਾਗ ਪ੍ਰਬੰਧ ਵਿੱਚ ਬੰਨ੍ਹ ਕੇ ਲੈਅਬੱਧ ਤੇ ਸੰਗੀਤਮਈ ਬਣਾਉਣ ਵਿੱਚ ਕਬੀਰ ਸਾਹਿਬ ਨੂੰ ਵਿਸ਼ੇਸ਼ ਮੁਹਾਰਤ ਹਾਸਲ ਸੀ। 17 ਰਾਗਾਂ ਵਿੱਚ ਰਾਗਬੱਧ ਭਗਤ ਕਬੀਰ ਬਾਣੀ ਦੀ ਹਰੇਕ ਰਚਨਾ ’ਤੇ ਰਾਗ ਦਾ ਨਾਂ ਦਰਜ ਕੀਤਾ ਗਿਆ। ਬਾਣੀ ਦੀ ਅੰਦਰੂਨੀ ਬਣਤਰ ਦੇ ਸੁਭਾਅ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਰਾਗ ਭਗਤ ਕਬੀਰ ਦੀ ਬਾਣੀ ਦਾ ਰਚਨਾਮੂਲਕ ਤੱਤ ਹੈ।

ਕਬੀਰ ਜੀ ਨੇ ਜਗਿਆਸੂ ਦੀ ਰੂਹਾਨੀ ਅਵਸਥਾ ਦੇ ਅਧਿਆਤਮਿਕ ਅਨੁਭਵ ਨੂੰ ‘ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ’ (ਆਦਿ ਗ੍ਰੰਥ, ਪੰਨਾ 334) ਦੇ ਬਰਾਬਰ ਦੱਸਿਆ ਹੈ। ਭਗਤ ਕਬੀਰ ਜਦੋਂ ਆਪਣੀ ਬਾਣੀ ਰਾਹੀਂ ਇਸ ਅਵਸਥਾ ਤੱਕ ਪਹੁੰਚੇ ਸਾਧਕ ਨਾਲ ਸੰਵਾਦ ਰਚਾਉਂਦੇ ਹਨ ਤਾਂ ਉਨ੍ਹਾਂ ਦੇ ਬੋਲ ਸੁਰਬੱਧ ਆਵਾਜ਼ ਵਿੱਚ ਪੈਦਾ ਹੁੰਦੇ ਹਨ ਤੇ ਰਾਗ ਦੇ ਰੂਪ ਵਿੱਚ ਵਗਦੇ ਹਨ। ਭਗਤ ਕਬੀਰ ਦੀ ਰਾਗਬੱਧ ਬਾਣੀ ਸਮੇਂ ਤੇ ਸਥਾਨ ਦੀ ਸੀਮਾ ਨੂੰ ਉਲੰਘ ਕੇ ਕੁੱਲ ਬ੍ਰਹਿਮੰਡ ਦੇ ਪ੍ਰਾਣੀਆਂ ਤੱਕ ਸੰਚਾਰ ਕਰਦੀ ਹੈ। ਸੰਤ ਕਬੀਰ ਦੀ ਬਾਣੀ ਦਾ ਰਾਗ ਪ੍ਰਬੰਧ ਸਥਾਨਕ ਵਾਤਾਵਰਨ ਨੂੰ ਰਾਗ ਦੇ ਰਸ ਵਿੱਚ ਰੰਗ ਦਿੰਦਾ ਹੈ। ਕਬੀਰ ਬਾਣੀ ਦਾ ਸਮੁੱਚਾ ਰਚਨਾ ਪ੍ਰਬੰਧ ਮਨ ਨੂੰ ਕਾਬੂ ਵਿੱਚ ਰੱਖਣ ਮਗਰੋਂ ਪ੍ਰਭੂ ਦੀ ਬੰਦਗੀ ਕਰਨ ਲਈ ਕਹਿੰਦਾ ਹੈ। ਗਿਆਨ, ਕਰਮ ਤੇ ਭਗਤੀ ਨੂੰ ਕਬੀਰ ਸਾਹਿਬ ਨੇ ਰੱਬ ਦੀ ਬੰਦਗੀ ਲਈ ਮੁੱਖ ਆਧਾਰ ਬਣਾਇਆ ਹੈ। ਕਬੀਰ ਸਾਹਿਬ ਇਸ ਨੂੰ ਸਹਿਜ ਸਾਧਨਾ ਕਹਿੰਦੇ ਹਨ। ਕਬੀਰ ਜੀ ਨੇ ਆਪਣੀ ਬਾਣੀ ਵਿੱਚ ਗੁਰੂ ਅਤੇ ਗੁਰੂ ਭਗਤੀ ਦੀ ਮਹਿਮਾ ਦਾ ਗਾਇਨ ਕੀਤਾ ਹੈ। ਉਨ੍ਹਾਂ ਨੇ ਨਾਮ ਦੀ ਅੰਤਰਮੁਖ ਸਾਧਨਾ ਦਾ ਨਿਰੋਲ ਰੂਹਾਨੀ ਉਪਦੇਸ਼ ਦਿੱਤਾ ਹੈ। ਨਾਮ ਦਾ ਅੰਤਰਮੁਖ ਅਭਿਆਸ ਹੀ ਪਰਮਪਦ ਦੀ ਪ੍ਰਾਪਤੀ ਲਈ ਅਸਲ ਸਾਧਨ ਹੈ।

ਕਬੀਰ ਸਾਹਿਬ ਦੀ ਬੰਦਗੀ ਵਿੱਚ ਮਨ ਦੀ ਖੋਜ, ਹਰੀ ਦੇ ਸਿਮਰਨ, ਗੁਰੂ ਦੀ ਕਿਰਪਾ, ਗਿਆਨ ਦੇ ਚਾਨਣ, ਭਰਮਾਂ ਤੋਂ ਮੁਕਤੀ, ਸਤਿਸੰਗ ਲਈ ਉਤਾਵਲੇਪਨ ਅਤੇ ਮਰਜੀਵੜੇ ਬਣਨ ਦੀ ਲੋਚਾ ਸ਼ਾਮਲ ਹੈ। ਇਸੇ ਚਾਹ, ਕਰਮ ਤੇ ਆਸਰੇ ਵਿੱਚੋਂ ਹੀ ਸਰਬ-ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਭਗਤ ਕਬੀਰ ਜੀ ਮਨੁੱਖ ਨੂੰ ਆਪਣਾ ਮੂਲ ਪਛਾਣਨ ਅਤੇ ਮੂਲ ਪ੍ਰਤੀ ਸਮਰਪਿਤ ਹੋਣ ਦੀ ਲੋੜ ’ਤੇ ਵੀ ਜ਼ੋਰ ਦਿੰਦੇ ਹਨ। ਉਸ ਦੇ ਹੁਕਮ ਦੀ ਪਛਾਣ ਕਰਨੀ ਵੀ ਜ਼ਰੂਰੀ ਹੈ। ਅਜਿਹਾ ਕਰ ਕੇ ਮਨੁੱਖ ਹਰਿ ਜਨ ਜਾਂ ਉੱਤਮ ਭਗਤ ਦੀ ਪਦਵੀ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ ਤੇ ਗਿਆਨ ਮਾਰਗ ਦਾ ਪਾਂਧੀ ਬਣ ਸਕਦਾ ਹੈ। ਮਨੁੱਖੀ ਮਨ ਜਦੋਂ ਭਰਮ-ਮੁਕਤ ਹੋਵੇਗਾ ਤਾਂ ਉਹ ਗਿਆਨ ਵੱਲ ਵਧ ਸਕੇਗਾ। ਅਨੇਕਾਂ ਉਦਾਹਰਣਾਂ, ਮਿਸਾਲਾਂ ਤੇ ਵਿਹਾਰਕ ਜੀਵਨ ’ਚੋਂ ਘਟਨਾਵਾਂ ਦੇ ਆਧਾਰ ’ਤੇ ਕਬੀਰ ਜੀ ਮਨੁੱਖ ਨੂੰ ਦਾਰਸ਼ਨਿਕ ਸੇਧ ਦਿੰਦੇ ਹਨ। ਮਨੁੱਖ ਬਾਰੇ ਆਪਣਾ ਸੰਕਲਪ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ।

ਭਗਤ ਕਬੀਰ ਨੇ ਜਾਤ, ਧਰਮ, ਕੁੱਲ, ਮਾਇਆ ਆਦਿ ਉੱਪਰ ਆਧਾਰਿਤ ਭੇਦਾਂ ਨੂੰ ਰੱਦ ਕੀਤਾ ਹੈ। ਕਬੀਰ ਬਾਣੀ ਅਨੁਸਾਰ ਮਨੁੱਖੀ ਸੱਭਿਆਚਾਰ ਦਾ ਕੇਂਦਰੀ ਧੁਰਾ ਉਹੀ ਮਨੁੱਖ ਹੋਵੇਗਾ, ਜੋ ਸਭ ਮਨੁੱਖਾਂ ’ਚ ਇੱਕ ਜੋਤ ਨੂੰ ਵਰਤਦਾ ਵੇਖੇਗਾ। ਕਬੀਰ ਜੀ ਬੰਦੇ ਦੇ ਅਰਥ ਤੈਅ ਕਰਦਿਆਂ ਉਸ ਨੂੰ ਪਰਿਭਾਸ਼ਿਤ ਕਰਦਿਆਂ ਫ਼ਰਮਾਉਂਦੇ ਹਨ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।

(ਆਦਿ ਗ੍ਰੰਥ, ਪੰਨਾ 1349)

ਸਮਾਜਿਕ ਤੌਰ ’ਤੇ ਮਨੁੱਖੀ ਏਕਤਾ ਤੇ ਬਰਾਬਰੀ ਵਿੱਚ ਕਬੀਰ ਸਾਹਿਬ ਦਾ ਦ੍ਰਿੜ੍ਹ ਵਿਸ਼ਵਾਸ ਹੈ। ਕਬੀਰ ਬਾਣੀ ਦਾ ਉਦੇਸ਼ ਮਨੁੱਖਤਾ ਦੀ ਬਰਾਬਰੀ ਨੂੰ ਦ੍ਰਿੜ੍ਹ ਕਰਾਉਂਦਾ ਹੈ। ਕਬੀਰ ਸਾਹਿਬ ਮਨੁੱਖੀ ਬਰਾਬਰੀ ਦੇ ਸੰਕਲਪ ਨੂੰ ਪੱਕਾ ਕਰਦੇ ਹਨ ਤੇ ਜਾਤ-ਪਾਤ ਪ੍ਰਣਾਲੀ ’ਤੇ ਆਧਾਰਿਤ ਵੰਡੀਆਂ ਨੂੰ ਰੱਦ ਕਰਦੇ ਹਨ। ਕਬੀਰ ਬਾਣੀ ਵਿੱਚੋਂ ਕਬੀਰ ਸਾਹਿਬ ਦੀ ਸ਼ਖ਼ਸੀਅਤ ਦਾ ਜੋ ਬਿੰਬ ਪ੍ਰਗਟ ਹੁੰਦਾ ਹੈ, ਉਹ ਭਗਤ, ਸੰਤ, ਸੁਧਾਰਕ ਤੇ ਸੂਰਮੇ ਵਾਲਾ ਬਿੰਬ ਹੈ। ਆਤਮਿਕ ਤੌਰ ’ਤੇ ਉਹ ਪ੍ਰਭੂ, ਰਾਮ, ਅੱਲ੍ਹਾ ਨਾਲ ਇੱਕਸੁਰ ਹਨ। ਇਸੇ ਲਈ ਉਨ੍ਹਾਂ ਨੇ ਕਪਟੀ ਬਿਰਤੀ, ਭਰਮਾਂ, ਪਾਖੰਡਾਂ, ਪਾਪਾਂ, ਆਡੰਬਰਾਂ ਆਦਿ ਦਾ ਡਟ ਕੇ ਵਿਰੋਧ ਕੀਤਾ। ਕਬੀਰ ਸਾਹਿਬ ਬਹੁਤੀ ਥਾਈਂ ਸਵੈ ਨੂੰ ਮੁਖ਼ਾਤਿਬ ਹੁੰਦੇ ਹਨ। ਉਨ੍ਹਾਂ ਨੇ ਇੱਕ ਪਰਮਾਤਮਾ ਦੀ ਭਗਤੀ ਕਰਨ, ਨਾਮ ਸਿਮਰਨ ਵਿੱਚ ਲੀਨ ਰਹਿਣ ਤੇ ਰੂਹਾਨੀ ਤੌਰ ’ਤੇ ਬਲਵਾਨ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਭਗਤ ਕਬੀਰ ਨੇ ਬਾਣੀ ਵਿੱਚ ਮਨ, ਨਾਮ, ਬੁੱਧੀ, ਮੀਤ, ਆਤਮਾ, ਜੀਵਨ ਦੀ ਛਿਨ-ਭੰਗਰਤਾ, ਨਾਸ਼ਵਾਨਤਾ, ਮੌਤ, ਮੁਕਤੀ, ਆਤਮਿਕ ਜੀਵਨ, ਪ੍ਰਭੂ ਦੀ ਬੇਅੰਤਤਾ, ਮਨੁੱਖ ਦੀ ਤੁੱਛਤਾ, ਪ੍ਰਭੂ-ਮਿਲਾਪ ਲਈ ਤਾਂਘ ਬਿਹਬਲਤਾ, ਨੈਤਿਕਤਾ, ਨੇਕ ਕਰਮ ਕਰਨ ਆਦਿ ਸਰੋਕਾਰਾਂ ਬਾਰੇ ਨਿੱਠ ਕੇ ਗੱਲ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਹਨ ਕਿ ਜੋ ਮਨੁੱਖ ਜੀਉਂਦੇ ਜੀਅ ਮਰਨ ਦੀ ਜੁਗਤੀ ਸਿੱਖ ਲੈਂਦੇ ਹਨ, ਉਹ ਅੰਦਰਲੇ ਪੰਜ ਰੂਹਾਨੀ ਮੰਡਲਾਂ ਦਾ ਆਨੰਦ ਮਾਣਦੇ ਹਨ। ਉਨ੍ਹਾਂ ਦੀ ਹਉਮੈ ਮਿਟ ਜਾਂਦੀ ਹੈ। ਇਹ ਜੁਗਤੀ ਵੀ ਮਨੁੱਖ ਸਤਿਗੁਰਾਂ ਦੀ ਕਿਰਪਾ ਨਾਲ ਹੀ ਸਿੱਖਦਾ ਹੈ ਤੇ ਆਤਮ-ਗਿਆਨ ਦੀ ਅਵਸਥਾ ਤੱਕ ਪਹੁੰਚਦਾ ਹੈ।

ਭਗਤ ਕਬੀਰ ਜੀ ਦੱਸਦੇ ਹਨ ਕਿ ਸਿਮਰਨ ਰਾਹੀਂ ਹੀ ‘ਜੀਵਤ ਪਾਵਹੁ ਮੋਖ ਦੁਆਰ’ ਦੀ ਅਵਸਥਾ ਪਾਉਣੀ ਸੰਭਵ ਹੈ। ਉਹ ਮਨੁੱਖ ਨੂੰ ਨਫ਼ਰਤ ਦੀ ਥਾਂ ’ਤੇ ਪ੍ਰੇਮ, ਈਰਖਾ ਦੀ ਥਾਂ ’ਤੇ ਸਹਿਨਸ਼ੀਲਤਾ, ਭਰਮਾਂ/ਸ਼ੰਕਿਆਂ ਦੀ ਥਾਂ ’ਤੇ ਸ਼ਰਧਾ, ਖ਼ੁਦਗ਼ਰਜ਼ੀ ਦੀ ਥਾਂ ’ਤੇ ਸੇਵਾ ਤੇ ਤਿਆਗ ਅਤੇ ਪ੍ਰਭੂ ਨੂੰ ਬਾਹਰੋਂ ਲੱਭਣ ਦੀ ਥਾਂ ’ਤੇ ਉਸ ਨੂੰ ਅੰਦਰੋਂ ਲੱਭਣ ਦੀ ਸਿੱਖਿਆ ਦਿੰਦੇ ਹਨ। ਕਬੀਰ ਸਾਹਿਬ ਦਾ ਪ੍ਰਭੂ ਸਰਬਸ਼ਕਤੀਮਾਨ ਹੈ। ਉਹੀ ਉਨ੍ਹਾਂ ਦਾ ਪ੍ਰਭੂ ਪਰਮੇਸ਼ਵਰ ਹੈ। ਉਨ੍ਹਾਂ ਦਾ ਪ੍ਰਭੂ ਪੂਰਨ, ਅਮਰ, ਅਵਿਨਾਸ਼ੀ ਹੈ। ਉਹ ਸਦਾ ਇੱਕ ਰੰਗ, ਇੱਕ ਰੂਪ, ਇੱਕ ਰਸ ਰਹਿਣ ਵਾਲਾ ਸਤਿ ਹੈ। ਭਗਤ ਕਬੀਰ ਸਿਮਰਨ ਕਰਨ, ਧਿਆਨ ਧਰਨ ਤੇ ਸ਼ਬਦ-ਧੁਨ ਨਾਲ ਜੁੜਨ ਲਈ ਕਹਿੰਦੇ ਹਨ। ਉਹ ਕਰਮ ਕਰਨ ਤੇ ਮਨ ਨੂੰ ਅਡੋਲ ਰੱਖਣ ਲਈ ਵੀ ਕਹਿੰਦੇ ਹਨ। ਉਹ ਰੂਹਾਨੀ ਮਾਰਗ ਦੇ ਕੁਝ ਅਸੂਲ ਧਾਰਨ ਕਰਨ ਲਈ ਵੀ ਕਹਿੰਦੇ ਹਨ। ਕਬੀਰ ਸਾਹਿਬ ਫ਼ਰਮਾਉਂਦੇ ਹਨ ਕਿ ਸੰਤ ਅਖਵਾਉਣਾ ਸੌਖਾ ਹੈ ਪਰ ਸੰਤ ਬਣਨਾ ਤਲਵਾਰ ਦੀ ਧਾਰ ਉੱਤੇ ਚੱਲਣ ਬਰਾਬਰ ਹੁੰਦਾ ਹੈ। ਸੱਚਾ ਸੰਤ ਹਮੇਸ਼ਾ ਸ਼ਾਂਤ ਤੇ ਅਡੋਲ ਰਹਿੰਦਾ ਹੈ। ਸੰਤਾਂ ਦਾ ਮਾਰਗ ਨਾਮ ਦਾ ਮਾਰਗ ਹੈ। ਉਹ ਨਾਮ ਦੀ ਪੂੰਜੀ ਕਮਾਉਂਦੇ ਤੇ ਜੋੜਦੇ ਹਨ। ਉਹ ਸਿਰਫ਼ ਨਾਮ ਦੀ ਚਾਹ ਰੱਖਦੇ ਹਨ ਤੇ ਨਾਮ ਵਿੱਚ ਹੀ ਸਮਾਉਣਾ ਚਾਹੁੰਦੇ ਹਨ। ਨਾਮ ਨੂੰ ਕਬੀਰ ਜੀ ਪ੍ਰਭੂ ਦੀ ਕਰਤਾਰੀ ਸ਼ਕਤੀ ਮੰਨਦੇ ਹਨ।

ਕਬੀਰ ਬਾਣੀ ਵਿੱਚ ਉੱਤਮ ਸਾਹਿਤ ਦੇ ਅਨੇਕ ਗੁਣ ਮੌਜੂਦ ਹਨ। ਇਹ ਬਾਣੀ ਉੱਤਮ ਦਰਜੇ ਦੀ ਅਧਿਆਤਮਿਕ ਕਾਵਿ-ਰਚਨਾ ਹੈ। ਕਬੀਰ ਬਾਣੀ ਵਿੱਚੋਂ ਉਨ੍ਹਾਂ ਦੀ ਸਾਧਨਾ ਦਾ ਕੇਂਦਰ-ਬਿੰਦੂ ਮਨ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਉਹ ਮਨ ਨੂੰ ਖੋਜਣ ਤੇ ਇਸ ਨੂੰ ਕਾਬੂ ਵਿੱਚ ਰੱਖਣ ਦੀ ਲੋੜ ’ਤੇ ਬਲ ਦਿੰਦੇ ਹਨ। ‘ਮਨ ਕੇ ਅੰਧੇ’ ਮਨੁੱਖ ਨੂੰ ਕਬੀਰ ਸਾਹਿਬ ਅਨੇਕ ਦਲੀਲਾਂ ਨਾਲ ਸਮਝਾਉਂਦੇ ਹਨ ਤੇ ਮਨ-ਪੰਖੇਰੂ ਨੂੰ ਜ਼ਾਬਤੇ ਵਿੱਚ ਰੱਖਣ ਲਈ ਕਹਿੰਦੇ ਹਨ। ਮਨ ਨੂੰ ਮੰਦ ਰੁਚੀਆਂ ਵੱਲ ਝੁਕਣ ਤੋਂ ਰੋਕਣ ਲਈ ਉਹ ਨਾਮ ਦੀ ਲਿਵ ਲਗਾਉਣ ਲਈ ਕਹਿੰਦੇ ਹਨ। ਕਬੀਰ ਜੀ ਸਮਝਦੇ ਹਨ ਕਿ ਜਦ ਤੱਕ ਜੀਵ-ਆਤਮਾ ਨੂੰ ਅੰਦਰੋਂ ਸ਼ਬਦ ਦਾ ਪ੍ਰਕਾਸ਼ ਵਿਖਾਈ ਨਹੀਂ ਦਿੰਦਾ, ਆਤਮਾ ਅੰਨ੍ਹੀ ਹੀ ਰਹਿੰਦੀ ਹੈ। ਸ਼ਬਦ ਦਾ ਪ੍ਰਕਾਸ਼ ਵੇਖ ਕੇ ਰੂਹਾਨੀ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਬਾਣੀ ਮਨੁੱਖੀ ਜੀਵ ਨੂੰ ਪਰਮਾਤਮਾ ਨਾਲ ਪ੍ਰੇਮ ਕਰਨ, ਉਸ ਨਾਲ ਅਭੇਦ ਹੋ ਕੇ ਉਸ ਦੇ ਵਸਲ ਦਾ ਅਦੁੱਤੀ ਆਨੰਦ ਹਾਸਲ ਕਰਨ ਦਾ ਸੁਨੇਹਾ ਦਿੰਦੀ ਹੈ। ਕਬੀਰ ਸਾਹਿਬ ਕਹਿੰਦੇ ਹਨ ਕਿ ਮਨੁੱਖ ਕਈ ਤਰ੍ਹਾਂ ਦੇ ਡਰ ਤੋਂ ਪਰੇਸ਼ਾਨ ਹੈ। ਸਭ ਤੋਂ ਵੱਡਾ ਡਰ ਮੌਤ ਦਾ ਹੈ। ਹਰ ਤਰ੍ਹਾਂ ਦੇ ਡਰ ਦਾ ਮੂਲ ਕਾਰਨ ਹਉਮੈ, ਮੈਂ, ਮੇਰੀ ਤੇ ਅਗਿਆਨਤਾ ਹੈ। ਹਿਰਦੇ ਵਿੱਚ ਜਦੋਂ ਪ੍ਰਭੂ ਦਾ ਸੱਚਾ ਭਉ ਪੈਦਾ ਹੋ ਜਾਂਦਾ ਹੈ ਤਾਂ ਹਉਮੈ ਅਤੇ ਉਸ ਤੋਂ ਪੈਦਾ ਹੋਣ ਵਾਲੇ ਹਰ ਪੱਧਰ ਦੇ ਦੁਨਿਆਵੀ ਡਰ ਹਟ ਜਾਂਦੇ ਹਨ। ਭਗਤ ਕਬੀਰ ਅਨੁਸਾਰ ਆਪਣੇ ਆਪ ਨੂੰ ਆਪਣੇ ‘ਪ੍ਰੀਤਮ’ ਉੱਤੋਂ ਕੁਰਬਾਨ ਕਰ ਦੇਣ ਦਾ ਨਾਂ ਹੀ ਰੂਹਾਨੀ ਪ੍ਰੇਮ ਹੈ।

ਸੰਪਰਕ: 98885-10185

Advertisement
×