ਸਿੱਖ ਕੌਮ ਦੇ ਮਹਾਨ ਸ਼ਹੀਦ ਤਾਰਾ ਸਿੰਘ ਵਾਂ
ਸਮਾਂ ਸਿੱਖ ਇਤਿਹਾਸ 18ਵੀਂ ਸਦੀ ਦਾ ਵਿੱਚ ਬੜੇ ਸੰਘਰਸ਼ ਦਾ ਸਮਾਂ ਰਿਹਾ। ਉਸ ਵੇਲੇ ਦਿੱਲੀ ਦੇ ਤਖ਼ਤ ’ਤੇ ਮੁਹੰਮਦ ਸ਼ਾਹ ਰੰਗੀਲੇ ਦਾ ਰਾਜ ਸੀ ਅਤੇ ਪੰਜਾਬ ਦੀ ਵਾਗਡੋਰ ਗਵਰਨਰ ਜ਼ਕਰੀਆ ਖਾਨ ਦੇ ਹੱਥ ਸੀ। ਜ਼ਕਰੀਆ ਖਾਨ ਨੇ 1726 ਈ: ਤੋਂ...
ਸਮਾਂ ਸਿੱਖ ਇਤਿਹਾਸ 18ਵੀਂ ਸਦੀ ਦਾ ਵਿੱਚ ਬੜੇ ਸੰਘਰਸ਼ ਦਾ ਸਮਾਂ ਰਿਹਾ। ਉਸ ਵੇਲੇ ਦਿੱਲੀ ਦੇ ਤਖ਼ਤ ’ਤੇ ਮੁਹੰਮਦ ਸ਼ਾਹ ਰੰਗੀਲੇ ਦਾ ਰਾਜ ਸੀ ਅਤੇ ਪੰਜਾਬ ਦੀ ਵਾਗਡੋਰ ਗਵਰਨਰ ਜ਼ਕਰੀਆ ਖਾਨ ਦੇ ਹੱਥ ਸੀ। ਜ਼ਕਰੀਆ ਖਾਨ ਨੇ 1726 ਈ: ਤੋਂ ਲੈ ਕੇ 1745 ਈ: ਤੱਕ ਪੰਜਾਬ ’ਤੇ ਰਾਜ ਕਰਦਿਆਂ ਸਿੱਖਾਂ ਦੀ ਹੋਂਦ ਖ਼ਤਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਉਸ ਦੇ ਅਤਿਆਚਾਰਾਂ ਦਾ ਮੁਕਾਬਲਾ ਕਰਦਿਆਂ ਸਿੱਖ ਮਰਜੀਵੜੇ ਜੰਗਲਾਂ-ਬੇਲਿਆਂ ਵਿੱਚ ਜੀਵਨ ਬਤੀਤ ਕਰਦੇ ਸਨ। ਉਨ੍ਹਾਂ ਸੂਰਬੀਰ ਯੋਧਿਆਂ ’ਚੋਂ ਹੀ ਸਿੱਖ ਕੌਮ ਦੇ ਮਹਾਨ ਯੋਧੇ ਤਾਰਾ ਸਿੰਘ ‘ਵਾਂ’ ਹੋਏ, ਜਿਨ੍ਹਾਂ ਨੇ ਉਸ ਬਿਖੜੇ ਸਮੇਂ ਵਿੱਚ ਤਨ, ਮਨ ਅਤੇ ਧਨ ਨਾਲ ਪੰਥ ਦੀ ਸੇਵਾ ਕਰਕੇ ਨਾਮਣਾ ਖੱਟਿਆ।
ਪਿੰਡ ਵਾਂ ਦੇ ਵਾਸੀ ਗੁਰਦਾਸ ਸਿੰਘ ਬੁੱਟਰ (ਜੱਟ) ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕੋਲੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਬਾਣਾ ਧਾਰਨ ਕਰ ਲਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਮੁਗਲਾਂ ਵੱਲੋਂ ਕੀਤੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਭੇਜਿਆ ਤਾਂ ਭਾਈ ਗੁਰਦਾਸ ਸਿੰਘ ਬੁੱਟਰ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਗਲਾਂ ਨਾਲ ਕੀਤੇ ਕਈ ਯੁੱਧਾਂ ਵਿੱਚ ਸ਼ਾਮਲ ਹੋ ਕੇ ਆਪਣੀ ਤਾਕਤ ਦੇ ਜੌਹਰ ਦਿਖਾਏ। ਭਾਈ ਗੁਰਦਾਸ ਸਿੰਘ ਬੁੱਟਰ ਦੇ ਘਰ ਪੰਜ ਪੁੱਤਰ ਪੈਦਾ ਹੋਏ– ਤਾਰਾ ਸਿੰਘ, ਭਾਗ ਸਿੰਘ, ਸੰਗਤ ਸਿੰਘ, ਨੱਥੂ ਸਿੰਘ ਅਤੇ ਕੱਥੂ ਸਿੰਘ। ਉਨ੍ਹਾਂ ਦੇ ਵੱਡੇ ਪੁੱਤਰ ਤਾਰਾ ਸਿੰਘ ਦਾ ਜਨਮ 1702 ਈ: ਵਿੱਚ ਹੋਇਆ, ਜਿਸ ਨੇ ਆਪਣੇ ਪਿਤਾ ਵਾਂਗ ਪੂਰਨ ਗੁਰਸਿੱਖ ਜੀਵਨ ਅਪਣਾਇਆ। ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੇ ਜਥੇ ਕੋਲੋਂ ਅੰਮ੍ਰਿਤ ਪਾਨ ਕੀਤਾ। ਬਾਬਾ ਤਾਰਾ ਸਿੰਘ ਵਾਂ ਮਿੱਠ-ਬੋਲੜੇ, ਘੋੜ-ਸਵਾਰੀ ਤੇ ਤੀਰ-ਅੰਦਾਜ਼ੀ ਵਿੱਚ ਨਿਪੁੰਨ ਸਨ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਤਤਪਰ ਰਹਿੰਦੇ ਸਨ।
ਬਾਬਾ ਤਾਰਾ ਸਿੰਘ ਵਾਂ ਨੇ ਆਪਣੇ ਪਿੰਡ ਦੇ ਬਾਹਰ ਉੱਚਾ ਵਾੜਾ ਬਣਾਇਆ ਹੋਇਆ ਸੀ। ਇਹ ਵਾੜਾ ਮੁਗਲ ਹਾਕਮਾਂ ਦੇ ਸਤਾਏ ਸਿੰਘਾਂ ਲਈ ਅਰਾਮਗਾਹ ਸੀ, ਜਿੱਥੇ ਉਹ ਲੰਗਰ-ਪਾਣੀ ਛਕਦੇ ਅਤੇ ਫੱਟੜ ਸਿੰਘਾਂ ਤੇ ਘੋੜਿਆਂ ਦੀ ਮੱਲ੍ਹਮ-ਪੱਟੀ ਵੀ ਕਰਦੇ ਸਨ। ਬਾਬਾ ਜੀ ਦਾ ਇਲਾਕੇ ਵਿੱਚ ਬਹੁਤ ਪਿਆਰ ਅਤੇ ਸਤਿਕਾਰ ਸੀ ਜਿਸ ਕਰਕੇ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਸਿੰਘ ਅੰਮ੍ਰਿਤਧਾਰੀ ਹੋ ਗਏ ਸਨ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਹਕੂਮਤ ਦੇ ਨਸ਼ੇ ਵਿੱਚ ਸਿੱਖਾਂ ਦੇ ਖੇਤਾਂ ਵਿੱਚ ਆਪਣੀਆਂ ਘੋੜੀਆਂ ਖੁੱਲ੍ਹੀਆਂ ਛੱਡ ਕੇ ਸਿੱਖਾਂ ਦੀਆਂ ਫਸਲਾਂ ਉਜਾੜ ਦਿੰਦਾ ਸੀ, ਜਿਸ ਕਰਕੇ ਇਲਾਕੇ ਦੇ ਸਿੱਖ ਚੌਧਰੀ ਸਾਹਿਬ ਰਾਏ ਤੋਂ ਬਹੁਤ ਦੁਖੀ ਸਨ। ਭੜਾਣਾ ਪਿੰਡ ਦੇ ਦੋ ਸਿੱਖਾਂ, ਮਾਲੀ ਸਿੰਘ ਅਤੇ ਗੁਰਬਖਸ਼ ਸਿੰਘ ਨੇ ਜਦੋਂ ਚੌਧਰੀ ਸਾਹਿਬ ਰਾਏ ਨੂੰ ਖੇਤਾਂ ਵਿੱਚ ਫਸਲ ਦਾ ਘੋੜੀਆਂ ਵੱਲੋਂ ਕੀਤਾ ਉਜਾੜਾ ਬੰਦ ਕਰਨ ਦੀ ਬੇਨਤੀ ਕੀਤੀ ਤਾਂ ਉਹ ਅੱਗਿਓਂ ਦੋਹਾਂ ਸਿੱਖਾਂ ਨੂੰ ਡਰਾਉਣ ਲੱਗਾ ਅਤੇ ਕਹਿਣ ਲੱਗਾ, ‘ਦੌੜ ਜਾਓ, ਤੁਹਾਡੇ ਕੇਸ ਕੱਟ ਕੇ, ਰੱਸੇ ਬਣਾ ਕੇ ਇਨ੍ਹਾਂ ਘੋੜੀਆਂ ਨੂੰ ਬੰਨ੍ਹਾਂਗਾ।’ ਦੋਹਾਂ ਸਿੱਖਾਂ ਨੇ ਪਿੰਡ ਮੂਸੇ ਦੇ ਸਰਦਾਰ ਬਘੇਲ ਸਿੰਘ ਅਤੇ ਅਮਰ ਸਿੰਘ ਦੋ ਸਕੇ ਭਰਾਵਾਂ ਨੂੰ ਚੌਧਰੀ ਸਾਹਿਬ ਰਾਏ ਵੱਲੋਂ ਕਹੀਆਂ ਗੱਲਾਂ ਦੱਸੀਆਂ ਤਾਂ ਉਨ੍ਹਾਂ ਨੇ ਚੌਧਰੀ ਸਾਹਿਬ ਰਾਏ ਦੀਆਂ ਘੋੜੀਆਂ ਚੋਰੀ ਕਰਕੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਨੂੰ ਵੇਚ ਦਿੱਤੀਆਂ ਅਤੇ ਪੈਸੇ ਬਾਬਾ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੇ।
ਜਦੋਂ ਚੌਧਰੀ ਸਾਹਿਬ ਰਾਏ ਆਪਣੀਆਂ ਘੋੜੀਆਂ ਦੀ ਤਲਾਸ਼ ਵਿੱਚ ਤਾਰਾ ਸਿੰਘ ਵਾਂ ਦੇ ਵਾੜੇ ਵਿੱਚ ਗਿਆ ਤਾਂ ਉੱਥੇ ਸਿੰਘਾਂ ਨੇ ਉਸ ਦੀ ‘ਸੇਵਾ’ ਕੀਤੀ। ਉਸ ਨੇ ਰੋਂਦੇ-ਕੁਰਲਾਉਂਦੇ ਪੱਟੀ ਦੇ ਫੌਜਦਾਰ ਜਾਫਰ ਬੇਗ ਨੂੰ ਦੱਸਿਆ ਕਿ ਬਾਬਾ ਤਾਰਾ ਸਿੰਘ ਵਾਂ ਦਾ ਵਾੜਾ ਬਾਗ਼ੀਆਂ ਦਾ ਅੱਡਾ ਬਣਿਆ ਹੋਇਆ ਹੈ। ਇਹ ਸੁਣ ਕੇ ਜਾਫਰ ਬੇਗ ਨੇ ਸ਼ਾਹੀ ਫੌਜ ਲੈ ਕੇ ਸਵੇਰੇ ਤੜਕੇ ਬਾਬਾ ਜੀ ਦੇ ਵਾੜੇ ’ਤੇ ਹਮਲਾ ਕਰ ਦਿੱਤਾ। ਵਾੜੇ ਵਿੱਚ ਰਹਿੰਦੇ ਸਿੰਘਾਂ ਨੇ ਵੀ ਮੋਰਚੇ ਸੰਭਾਲ ਲਏ ਅਤੇ ਬਹੁਤ ਸਾਰੀ ਸ਼ਾਹੀ ਫੌਜ ਮੌਤ ਦੇ ਘਾਟ ਉਤਾਰ ਦਿੱਤੀ ਪਰ ਜਾਫਰ ਬੇਗ ਮੈਦਾਨ ’ਚੋਂ ਦੌੜ ਗਿਆ। ਉਸ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਆਪਣੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਵਿਥਿਆ ਸੁਣਾਈ।
ਜਦੋਂ ਸੂਬੇਦਾਰ ਜ਼ਕਰੀਆ ਖਾਨ ਨੇ ਹਾਰੇ ਹੋਏ ਜਾਫਰ ਬੇਗ ਦੀਆਂ ਗੱਲਾਂ ਸੁਣੀਆਂ ਤਾਂ ਉਹ ਗੁੱਸੇ ਵਿੱਚ ਲਾਲ-ਪੀਲਾ ਹੋ ਗਿਆ। ਉਸ ਨੇ ਆਪਣੇ ਪ੍ਰਮੁੱਖ ਜਰਨੈਲ ਮੋਮਨ ਖਾਨ ਦੀ ਅਗਵਾਈ ਹੇਠ 2200 ਘੋੜ-ਸਵਾਰ ਭੇਜ ਕੇ ਬਾਬਾ ਤਾਰਾ ਸਿੰਘ ਵਾਂ ਦੇ ਵਾੜੇ ’ਤੇ ਹਮਲਾ ਕਰ ਦਿੱਤਾ। ਜਦੋਂ ਸ਼ਾਹੀ ਫੌਜ ਦਾ ਜਰਨੈਲ ਤਕੀ ਬੇਗ ਅੱਗੇ ਵਧਿਆ ਤਾਂ ਬਾਬਾ ਤਾਰਾ ਸਿੰਘ ਵਾਂ ਨੇ ਆਪਣੇ ਨੇਜ਼ੇ ਨਾਲ ਉਸ ਦੇ ਮੂੰਹ ’ਤੇ ਵਾਰ ਕੀਤਾ। ਉਹ ਚੀਕਾਂ ਮਾਰਦਾ ਪਿੱਛੇ ਨੂੰ ਦੌੜਿਆ। ਉਸ ਦੇ ਮੂੰਹ ’ਚੋਂ ਲਹੂ ਵਗਦਾ ਦੇਖ ਕੇ ਪ੍ਰਮੁੱਖ ਜਰਨੈਲ ਮੋਮਨ ਖਾਨ ਨੇ ਜਰਨੈਲ ਤਕੀ ਬੇਗ ਨੂੰ ਕਿਹਾ, ‘ਖਾਨ ਜੀ ਪਾਨ ਚੱਬ ਰਹੇ ਹੋ?’ ਜਰਨੈਲ ਤਕੀ ਬੇਗ ਨੇ ਬਾਬਾ ਤਾਰਾ ਸਿੰਘ ਵਾਂ ਵੱਲ ਇਸ਼ਾਰਾ ਕਰਕੇ ਕਿਹਾ, ‘ਹਾਂ! ਤੂੰ (ਮੋਮਨ ਖਾਨ) ਵੀ ਛੇਤੀ ਜਾ, ਬਾਬਾ ਜੀ ਪਾਨ ਵੰਡ ਰਹੇ ਹਨ, ਜਾ ਕੇ ਲੈ ਆ।’ ਪਰ ਇਸ ਜੰਗ ਵਿੱਚ ਬਾਬਾ ਤਾਰਾ ਸਿੰਘ ਵਾਂ ਆਪਣੇ ਕਈ ਬਹਾਦਰ ਸੂਰਬੀਰ ਸਿੰਘਾਂ ਸਮੇਤ ਸ਼ਾਹੀ ਫੌਜ ਨਾਲ ਡਟਵਾਂ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ। ਬਾਬਾ ਜੀ ਵੱਲੋਂ ਸਿੱਖ ਪੰਥ ਲਈ ਦਿੱਤੀ ਕੁਰਬਾਨੀ ਨੇ ਸਿੱਖ ਕੌਮ ਵਿੱਚ ਨਵੀਂ ਰੂਹ ਫੂਕੀ। ਸਿੱਖਾਂ ਵਿੱਚ ਮੁਗਲਾਂ ਵਿਰੁੱਧ ਰੋਸ ਦੀ ਲਹਿਰ ਦੌੜ ਗਈ। ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ ਯਾਦ ਵਿੱਚ ਪਿੰਡ ਵਾਂ ਵਿੱਚ ਬਹੁਤ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ, ਜਿੱਥੇ ਸੰਗਤ ਨਤਮਸਤਕ ਹੁੰਦੀ ਹੈ। ਵਾਂ ਪਿੰਡ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਤਹਿਸੀਲ ਕਸੂਰ ਵਿੱਚ ਪੈਂਦਾ ਸੀ ਪਰ ਹੁਣ ਇਹ ਪਿੰਡ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦਾ ਹੈ। ਪਿੰਡ ਵਾਂ ਦੇ ਨਜ਼ਦੀਕ ਪਿੰਡ ਡੱਲ ਹੋਣ ਕਰਕੇ ਇਹ ‘ਡੱਲ-ਵਾਂ’ ਕਰਕੇ ਵੀ ਮਸ਼ਹੂਰ ਹੈ।
ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੇ ਕੁਨਬੇ ’ਚੋਂ ਕੁਝ ਲੋਕ ਜ਼ਿਲ੍ਹਾ ਜਲੰਧਰ ਬਲਾਕ ਭੋਗਪੁਰ ਦੇ ਪਿੰਡ ਬੁੱਟਰਾਂ ਵਿੱਚ ਰਹਿ ਰਹੇ ਹਨ, ਜਿਸ ਕਰਕੇ ਬਾਬਾ ਜੀ ਦੇ ਪੈਰੋਕਾਰਾਂ ਨੇ ਪਿੰਡ ਬੁੱਟਰਾਂ ਵਿੱਚ ਵੀ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ ਯਾਦ ਵਿੱਚ ਦੋ ਗੁਰਦੁਆਰੇ ਬਣਾਏ ਹਨ ਜਿੱਥੇ ਇਲਾਕੇ ਦੀ ਸੰਗਤ ਨਤਮਸਤਕ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵੱਲੋਂ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ‘ਵਾਂ’ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਜਲੰਧਰ ਦੇ ਪਿੰਡ ਬੁੱਟਰਾਂ ਵਿੱਚ ਵੀ ਸੰਗਤ ਵੱਲੋਂ ਇਹ ਦਿਹਾੜਾ ਪੂਰੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਸੰਪਰਕ: 98150-76546

