ਕੌਮਾਗਾਟਾਮਾਰੂ ਜਹਾਜ਼ ਦੇ ਨਾਇਕ ਬਾਬਾ ਗੁਰਦਿੱਤ ਸਿੰਘ
ਬਾਬਾ ਗੁਰਦਿੱਤ ਸਿੰਘ ਸੰਧੂ ਉੱਘੇ ਸਮਾਜ ਸੁਧਾਰਕ, ਦੇਸ਼ ਭਗਤ ਅਤੇ ਕੌਮਾਗਾਟਾਮਾਰੂ ਜਹਾਜ਼ ਦੇ ਨਾਇਕ ਸਨ। ਉਨ੍ਹਾਂ ਨੇ ਨਾ ਸਿਰਫ਼ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ, ਸਗੋਂ ਵਿਦੇਸ਼ਾਂ ਵਿੱਚ ਹੁੰਦੇ ਨਸਲਵਾਦ ਵਿਰੁੱਧ ਵੀ ਡੱਟ ਕੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ...
ਬਾਬਾ ਗੁਰਦਿੱਤ ਸਿੰਘ ਸੰਧੂ ਉੱਘੇ ਸਮਾਜ ਸੁਧਾਰਕ, ਦੇਸ਼ ਭਗਤ ਅਤੇ ਕੌਮਾਗਾਟਾਮਾਰੂ ਜਹਾਜ਼ ਦੇ ਨਾਇਕ ਸਨ। ਉਨ੍ਹਾਂ ਨੇ ਨਾ ਸਿਰਫ਼ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ, ਸਗੋਂ ਵਿਦੇਸ਼ਾਂ ਵਿੱਚ ਹੁੰਦੇ ਨਸਲਵਾਦ ਵਿਰੁੱਧ ਵੀ ਡੱਟ ਕੇ ਆਵਾਜ਼ ਬੁਲੰਦ ਕੀਤੀ।
ਉਨ੍ਹਾਂ ਦਾ ਜਨਮ 22 ਜੁਲਾਈ 1861 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲੀ ਵਿੱਚ ਸੰਧੂ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਦਾਦਾ ਜੀ ਸਿੱਖ ਫ਼ੌਜ ਵਿੱਚ ਅਫਸਰ ਸਨ ਪਰ ਉਨ੍ਹਾਂ ਦੇ ਪਿਤਾ ਹੁਕਮ ਸਿੰਘ ਸਧਾਰਨ ਅਤੇ ਛੋਟੇ ਕਿਸਾਨ ਸਨ। 1870 ਵਿੱਚ ਮੌਸਮੀ ਬਰਸਾਤ ਨਾ ਹੋਣ ਕਾਰਨ ਹੁਕਮ ਸਿੰਘ ਨੂੰ ਗੁਜ਼ਾਰੇ ਲਈ ਘਰੋਂ ਦੂਰ ਮਲੇਸ਼ੀਆ ਦੇ ਤਾਈਪਿੰਗ ਸ਼ਹਿਰ ਵਿੱਚ ਜਾਣਾ ਪਿਆ, ਜਿੱਥੇ ਉਹ ਥੋੜ੍ਹੇ ਸਮੇਂ ਵਿੱਚ ਨਿਬੇੜੇ ਜਾਣ ਵਾਲੇ ਕੰਮਾਂ ਦੇ ਠੇਕੇਦਾਰ ਬਣ ਗਏ। ਉਨ੍ਹਾਂ ਦਾ ਵੱਡਾ ਪੁੱਤਰ ਪਹਿਲੂ ਸਿੰਘ ਬਾਅਦ ਵਿੱਚ ਉਨ੍ਹਾਂ ਕੋਲ ਚਲਾ ਗਿਆ ਪਰ ਗੁਰਦਿੱਤ ਸਿੰਘ ਪਿੰਡ ਵਿੱਚ ਹੀ ਰਹੇ, ਜਿੱਥੇ ਪੱਕਾ ਸਕੂਲ ਨਾ ਹੋਣ ਕਾਰਨ ਉਨ੍ਹਾਂ ਨੇ ਸਥਾਨਕ ਧਰਮਸ਼ਾਲਾ ਦੇ ਨਿਗਰਾਨ ਕੋਲੋਂ ਗੁਰਮੁਖੀ ਪੜ੍ਹਨੀ ਅਤੇ ਲਿਖਣੀ ਸਿੱਖੀ। ਉਹ ਨਿਪੁੰਨ ਘੋੜਸਵਾਰ ਸਨ, ਜਿਨ੍ਹਾਂ ਦੀ ਭਾਰਤੀ ਫ਼ੌਜ ਦੇ ਘੋੜਸਵਾਰ ਯੂਨਿਟ ਵਿੱਚ ਭਰਤੀ ਹੋਣ ਦੀ ਇੱਛਾ ਸੀ, ਪਰ ਭਰਤੀ ਕਰਨ ਵਾਲੇ ਬੋਰਡ ਨੇ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਉਹ ਮਿੱਥੀਆਂ ਗਈਆਂ ਸਰੀਰਕ ਯੋਗਤਾਵਾਂ ਪੂਰੀਆਂ ਨਹੀਂ ਕਰਦੇ ਸਨ।
1885 ਵਿੱਚ ਉਹ ਆਪਣੇ ਪਿਤਾ ਕੋਲ ਮਲੇਸ਼ੀਆ ਚਲੇ ਗਏ, ਜਿੱਥੇ ਉਹ ਸਫਲ ਠੇਕੇਦਾਰ ਅਤੇ ਵਪਾਰੀ ਬਣੇ। 1885 ਵਿੱਚ ਹੀ ਗੁਰਦਿੱਤ ਸਿੰਘ ਦਾ ਵਿਆਹ ਹੋ ਗਿਆ। ਪਹਿਲੇ ਵਿਆਹ ਤੋਂ ਉਨ੍ਹਾਂ ਦੇ ਘਰ ਦੋ ਧੀਆਂ ਅਤੇ ਇੱਕ ਪੁੱਤਰ ਪੈਦਾ ਹੋਇਆ, ਪਰ ਇਨ੍ਹਾਂ ਤਿੰਨਾਂ ਦੀ ਹੀ ਮੌਤ ਹੋ ਗਈ। 1904 ਵਿੱਚ ਉਨ੍ਹਾਂ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਦੂਜੀ ਪਤਨੀ ਨੇ, ਬਲਵੰਤ ਸਿੰਘ ਨਾਂ ਦੇ ਪੁੱਤਰ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਉਨ੍ਹਾਂ ਦਾ ਵਾਰਸ ਬਣਿਆ।
1908 ਵਿੱਚ ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ, ਜਿਸ ਕਰ ਕੇ ਭਾਰਤੀਆਂ ਵਿੱਚ ਬਹੁਤ ਨਾਰਾਜ਼ਗੀ ਸੀ। ਜਦੋਂ ਗੁਰਦਿੱਤ ਸਿੰਘ 1913 ਵਿੱਚ ਆਪਣੇ ਕਾਰੋਬਾਰ ਸਬੰਧੀ ਹਾਂਗਕਾਂਗ ਗਏ ਅਤੇ ਉੱਥੇ ਪੰਜਾਬੀਆਂ ਨੇ ਉਨ੍ਹਾਂ ਨੂੰ ਇਸ ਨਰਾਜ਼ਗੀ ਬਾਰੇ ਦੱਸਿਆ, ਤਾਂ ਗੁਰਦਿੱਤ ਸਿੰਘ ਨੇ ਉਨ੍ਹਾਂ ਨੂੰ ਕੈਨੇਡਾ ਪਹੁੰਚਾਉਣ ਦਾ ਫ਼ੈਸਲਾ ਕੀਤਾ। ਇਸ ਦੇ ਚਲਦਿਆਂ ਉਨ੍ਹਾਂ ਨੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ ਅਤੇ ਜਪਾਨੀਆਂ ਤੋਂ ‘ਕੌਮਾਗਾਟਾਮਾਰੂ’ ਸਮੁੰਦਰੀ ਜਹਾਜ਼ ਕਿਰਾਏ (ਲੀਜ਼) ’ਤੇ ਲਿਆ, ਜਿਸ ਦਾ ਨਾਂ ਬਦਲ ਕੇ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ। ਉਨ੍ਹਾਂ ਨੇ ਇਸ ਜਹਾਜ਼ ਰਾਹੀਂ 1914 ਵਿੱਚ ਹਾਂਗਕਾਂਗ ਤੋਂ ਭਾਰਤੀਆਂ ਦੇ ਜਥੇ ਨੂੰ ਕੈਨੇਡਾ ਲਿਜਾਣ ਲਈ ਸਮੁੰਦਰੀ ਯਾਤਰਾ ਸ਼ੁਰੂ ਕੀਤੀ। ਅਜਿਹਾ ਨਵੇਂ ਕੈਨੇਡੀਅਨ ਪਰਵਾਸੀ ਕਾਨੂੰਨ ਨੂੰ ਚੁਣੌਤੀ ਦੇਣ ਲਈ ਕੀਤਾ ਗਿਆ ਸੀ, ਜਿਸ ਕਾਨੂੰਨ ਦਾ ਮਕਸਦ ਭਾਰਤੀਆਂ ਦੇ ਆਉਣ ਨੂੰ ਬੰਦ ਕਰਨਾ ਸੀ। ਉਸ ਕਾਨੂੰਨ ਮੁਤਾਬਕ ਸਾਰੇ ਲੋਕਾਂ ਨੂੰ, ਚਾਹੇ ਉਹ ਕਿਸੇ ਵੀ ਦੇਸ਼ ਦੀ ਨਾਗਰਿਕਤਾ ਵਾਲੇ ਹੋਣ, ਕੈਨੇਡਾ ਵਿੱਚ ਦਾਖ਼ਲ ਹੋਣ ਦੀ ਮਨਾਹੀ ਸੀ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਦਾ ਉਸ ਦੇਸ਼ ਵਿੱਚ ਜਨਮ ਹੋਇਆ ਹੋਵੇ ਜਾਂ ਉਹ ਆਪਣੇ ਨਾਗਰਿਕਤਾ ਵਾਲੇ ਦੇਸ਼ ਤੋਂ ਸਿੱਧੇ ਕੈਨੇਡਾ ਆਏ ਹੋਣ। ਉਸ ਸਮੇਂ ਭਾਰਤ ਤੋਂ ਕੈਨੇਡਾ ਲਈ ਕੋਈ ਸਿੱਧੀ ਜਹਾਜ਼ ਸੇਵਾ ਨਹੀਂ ਸੀ ਅਤੇ ਕੈਨੇਡਾ ਦੀ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਜਾਰੀ ਕਰਨ ਦਾ ਮਕਸਦ ਖ਼ਾਸ ਕਰਕੇ ਭਾਰਤੀਆਂ ਨੂੰ ਰੋਕਣਾ ਹੀ ਸੀ।
ਇਸ ਜਹਾਜ਼ ਦੇ ਚੱਲਣ ਤੋਂ ਕੁਝ ਸਮਾਂ ਪਹਿਲਾਂ ਗੁਰਦਿੱਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜਹਾਜ਼ ਦੇ ਸਫ਼ਰ ਦੀ ਅੰਤਿਮ ਮਨਜ਼ੂਰੀ ਮਿਲਣ ਤੱਕ ਬਹੁਤ ਸਾਰੇ ਯਾਤਰੀਆਂ ਨੇ ਆਪਣੀਆਂ ਬੁੱਕ ਕੀਤੀਆਂ ਹੋਈਆਂ ਸੀਟਾਂ ਰੱਦ ਕਰਵਾ ਦਿੱਤੀਆਂ ਸਨ। ਗੁਰਦਿੱਤ ਸਿੰਘ ਦੇ ਰਿਹਾਅ ਹੋਣ ਤੋਂ ਬਾਅਦ ਇਹ ਜਹਾਜ਼ 4 ਅਪਰੈਲ 1914 ਨੂੰ ਹਾਂਗਕਾਂਗ ਤੋਂ ਕੈਨੇਡਾ ਲਈ ਰਵਾਨਾ ਹੋਇਆ। ਹਾਂਗਕਾਂਗ ਤੋਂ ਇਸ ਵਿੱਚ 165 ਮੁਸਾਫ਼ਰ ਸਵਾਰ ਹੋਏ। ਸ਼ੰਘਾਈ ਤੋਂ 111, ਮੌਜੀ ਤੋਂ 86 ਅਤੇ ਯੋਕੋਹਾਮਾ ਤੋਂ 14 ਹੋਰ ਮੁਸਾਫਰ ਇਸ ਵਿੱਚ ਸਵਾਰ ਹੋਏ। ਕੁੱਲ 376 ਮੁਸਾਫਰਾਂ ਨੂੰ ਲੈ ਕੇ ਇਹ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ’ਤੇ ਪਹੁੰਚ ਗਿਆ। ਕੈਨੇਡੀਅਨ ਸਰਕਾਰੀ ਅਧਿਕਾਰੀਆਂ ਨੇ ਸਾਰੇ ਮੁਸਾਫ਼ਰਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਕੁਝ ਕੁ ਨੂੰ ਉਤਰਨ ਦਿੱਤਾ ਅਤੇ ਜਹਾਜ਼ ਉੱਥੇ ਦੋ ਮਹੀਨੇ ਲਈ ਖੜ੍ਹਾ ਰਿਹਾ। ਇਸ ਦੌਰਾਨ ਗੁਰਦਿੱਤ ਸਿੰਘ ਨੇ ਮੁਸਾਫ਼ਰਾਂ ਨੂੰ ਉਤਾਰਨ ਲਈ ਗੱਲਬਾਤ ਰਾਹੀਂ ਅਧਿਕਾਰੀਆਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜੋ ਨਾਕਾਮ ਰਹੀਆਂ। ਇਸ ਦੌਰਾਨ ਉਨ੍ਹਾਂ ਨੂੰ ਵੈਨਕੂਵਰ ਦੇ ਸਿੱਖ ਭਾਈਚਾਰੇ ਵੱਲੋਂ ਭਰਵਾਂ ਸਹਿਯੋਗ ਮਿਲਿਆ। ਤਣਾਅ ਉਸ ਵੇਲੇ ਵਧਣ ਲੱਗਾ ਜਦੋਂ ਰਾਸ਼ਨ ਜਾਂ ਖਾਣ-ਪੀਣ ਦੀ ਕਮੀ ਮਹਿਸੂਸ ਹੋਈ। ਕੈਨੇਡੀਅਨ ਅਧਿਕਾਰੀਆਂ ਨੇ ਜਦੋਂ ਕਿਸ਼ਤੀ ਰਾਹੀਂ ਕੌਮਾਗਾਟਾਮਾਰੂ ਜਹਾਜ਼ ’ਤੇ ਧੱਕੇ ਨਾਲ ਚੜ੍ਹਨ ਦੀ ਕੋਸ਼ਿਸ਼ ਕੀਤੀ, ਤਾਂ ਛੋਟੀ ਤੇ ਹਿੰਸਕ ਝੜਪ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਪਿੱਛੇ ਹਟਾ ਦਿੱਤਾ ਗਿਆ ਅਤੇ ਅੰਤ ਵਿੱਚ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਕੈਨੇਡਾ ਦੀ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਲਈ ਰਾਸ਼ਨ ਅਤੇ ਤੇਲ ਮੁਹੱਈਆ ਕਰਵਾਇਆ।
29 ਸਤੰਬਰ 1914 ਨੂੰ ਕੌਮਾਗਾਟਾਮਾਰੂ ਜਹਾਜ਼ ਕਲਕੱਤਾ ਨੇੜੇ ਬਜ-ਬਜ ਘਾਟ ’ਤੇ ਆ ਲੱਗਾ। ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਿੱਖ ਸਾਥੀ ਭਾਰਤੀ-ਬਰਤਾਨਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਬਾਗ਼ੀ ਬਣ ਗਏ ਸਨ। ਉਨ੍ਹਾਂ ਦੇ ਜਹਾਜ਼ ਦੀ ਇਸ ਸ਼ੱਕ ਨਾਲ ਤਲਾਸ਼ੀ ਲਈ ਗਈ ਕਿ ਉਹ ਕਿਤੇ ਭਾਰਤ ਨੂੰ ਹਥਿਆਰ ਤਾਂ ਨਹੀਂ ਲਿਆ ਰਹੇ। ਕਲਕੱਤੇ ਵਿੱਚ ਵਿਸ਼ੇਸ਼ ਰੇਲ ਗੱਡੀ ਤਿਆਰ ਰੱਖੀ ਗਈ ਤਾਂ ਜੋ ਸਾਰੇ ਮੁਸਾਫ਼ਰਾਂ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਘਰੋਂ-ਘਰੀ ਵਾਪਸ ਭੇਜਿਆ ਜਾ ਸਕੇ। 17 ਗੈਰ-ਸਿੱਖ ਮੁਸਾਫ਼ਰਾਂ ਨੇ ਸਰਕਾਰ ਦੇ ਹੁਕਮ ਮੰਨੇ ਅਤੇ ਰੇਲ ਗੱਡੀ ਵਿੱਚ ਚੜ੍ਹ ਗਏ। ਸਿੱਖ ਮੁਸਾਫ਼ਰਾਂ ਨੇ ਇਨਕਾਰ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਆਪਣੇ ਸਿਰ ਉੱਪਰ ਰੱਖ ਕੇ ਸ਼ਹਿਰ ਵੱਲ ਰਵਾਨਾ ਹੋ ਗਏ। ਬਰਤਾਨਵੀ ਫ਼ੌਜ ਅਤੇ ਪੁਲੀਸ ਨੇ ਉਨ੍ਹਾਂ ਨੂੰ ਵਾਪਸ ਰੇਲਵੇ ਸਟੇਸ਼ਨ ਜਾਣ ਲਈ ਮਜਬੂਰ ਕੀਤਾ ਅਤੇ ਇੱਥੇ ਮੁੱਠਭੇੜ ਦੀ ਘਟਨਾ ਵਾਪਰ ਗਈ। ਇਸ ਵਿੱਚ 18 ਸਿੱਖ ਮਾਰੇ ਗਏ ਅਤੇ 25 ਜ਼ਖ਼ਮੀ ਹੋ ਗਏ। ਪੁਲੀਸ ਨੇ ਗ੍ਰਿਫ਼ਤਾਰੀਆਂ ਕੀਤੀਆਂ ਪਰ ਗੁਰਦਿੱਤ ਸਿੰਘ ਬਚ ਨਿਕਲੇ ਅਤੇ ਜਾਂਬਾਜ਼ੀ ਦੇ ਕੰਮਾਂ ਅਤੇ ਨਾਟਕੀ ਢੰਗਾਂ ਨਾਲ ਆਪਣੀ ਗ੍ਰਿਫ਼ਤਾਰੀ ਤੋਂ ਸੱਤ ਸਾਲ ਬਚਦੇ ਰਹੇ।
ਅਖੀਰ ਵਿੱਚ, 15 ਨਵੰਬਰ 1921 ਨੂੰ ਉਨ੍ਹਾਂ ਨੇ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਉੱਥੋਂ ਦੇ ਗੁਰਦੁਆਰੇ ਦੇ ਧਾਰਮਿਕ ਇਕੱਠ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਆਪ ਨੂੰ ਪੁਲੀਸ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਕੈਦ ਕਰ ਲਿਆ ਗਿਆ, ਪਰ ਤਿੰਨ ਮਹੀਨੇ ਬਾਅਦ 28 ਫ਼ਰਵਰੀ 1922 ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰੇ ਪੰਜਾਬ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। 7 ਮਾਰਚ 1922 ਨੂੰ ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ’ਤੇ ਦੋਸ਼ ਲਾਏ ਗਏ ਕਿ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਗ਼ੀ ਭਾਸ਼ਣ ਦਿੱਤਾ ਸੀ। 4 ਸਾਲ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। 1926 ਵਿੱਚ ਸਰਮੁੱਖ ਸਿੰਘ ਝਬਾਲ ਦੇ ਜੇਲ੍ਹ ਜਾਣ ਕਾਰਨ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੰਮ ਕੀਤਾ।
ਸਾਲ 1926 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਹਾਟੀ ਇਜਲਾਸ ਦੌਰਾਨ ਬਾਬਾ ਗੁਰਦਿੱਤ ਸਿੰਘ ਜੀ ਨੇ ਆਪਣੇ 50 ਸਿੱਖ ਨੁਮਾਇੰਦਿਆਂ ਸਮੇਤ ਰੋਸ ਵਜੋਂ ਵਾਕਆਊਟ ਕੀਤਾ। ਉਨ੍ਹਾਂ ਦੇ ਇਸ ਬਾਈਕਾਟ ਦਾ ਕਾਰਨ ਇਹ ਸੀ ਕਿ ਕਾਂਗਰਸ ਨੇ ਆਪਣੇ ਮਤੇ ਵਿੱਚ ਸਿੱਖ ਰਿਆਸਤ ਨਾਭਾ ਦੇ ਹਾਕਮ ਨੂੰ ਅੰਗਰੇਜ਼ਾਂ ਵੱਲੋਂ ਧੱਕੇ ਨਾਲ ਗੱਦੀਓਂ ਲਾਹੇ ਜਾਣ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ, ਜਦਕਿ ਇਸ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਇੱਕ ਵੱਡਾ ਅੰਦੋਲਨ ਲੜ ਰਿਹਾ ਸੀ। 1931 ਤੋਂ 1933 ਦੇ ਸਮੇਂ ਦੌਰਾਨ ਗੁਰਦਿੱਤ ਸਿੰਘ ਨੂੰ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਕਾਰਨ ਤਿੰਨ ਵਾਰ ਫਿਰ ਗ੍ਰਿਫ਼ਤਾਰ ਕੀਤਾ ਗਿਆ। 1937 ਵਿੱਚ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਹਲਕਾ ਸਰਹਾਲੀ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਪਰ ਉਹ ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਕੈਰੋਂ ਤੋਂ ਹਾਰ ਗਏ। 24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਜ਼ਿਲ੍ਹਾ ਤਰਨ ਤਾਰਨ ਦੇ ਸਰਹਾਲੀ ਕਲਾਂ ਵਿੱਚ ਬਾਬਾ ਜੀ ਦੇ ਨਾਂ ’ਤੇ ‘ਬਾਬਾ ਗੁਰਦਿੱਤ ਸਿੰਘ ਕੌਮਾਗਾਟਾਮਾਰੂ ਆਈ ਟੀ ਆਈ’ ਬਣੀ ਹੋਈ ਹੈ।
ਸੰਪਰਕ: 94179-90040

