ਰੂਹਾਨੀਅਤ ਅਤੇ ਸਾਂਝੀਵਾਲਤਾ ਦਾ ਪ੍ਰਤੀਕ: ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ, ਵੇਰਕਾ
ਗੁਰਦੁਆਰੇ ਗੁਰੂ ਸਾਹਿਬ ਦੇ ਉਹ ਪਵਿੱਤਰ ਦਰ ਹਨ, ਜਿੱਥੇ ਸਿਰਫ ਸਿੱਖ ਭਾਈਚਾਰੇ ਦਾ ਹੀ ਨਹੀਂ, ਸਗੋਂ ਉਸ ਹਰੇਕ ਪ੍ਰਾਣੀ ਦਾ ਸਿਰ ਸ਼ਰਧਾ ਨਾਲ ਝੁਕਦਾ ਹੈ, ਜਿਹੜਾ ‘ਸਰਬੱਤ ਦੇ ਭਲੇ’ ਵਾਲੀ ਮਹਾਨ ਸਿੱਖ-ਵਿਚਾਰਧਾਰਾ ਦੀ ਥੋੜ੍ਹੀ-ਬਹੁਤੀ ਵੀ ਸਮਝ ਰੱਖਦਾ ਹੈ। ਗੁਰੂ ਘਰ...
ਗੁਰਦੁਆਰੇ ਗੁਰੂ ਸਾਹਿਬ ਦੇ ਉਹ ਪਵਿੱਤਰ ਦਰ ਹਨ, ਜਿੱਥੇ ਸਿਰਫ ਸਿੱਖ ਭਾਈਚਾਰੇ ਦਾ ਹੀ ਨਹੀਂ, ਸਗੋਂ ਉਸ ਹਰੇਕ ਪ੍ਰਾਣੀ ਦਾ ਸਿਰ ਸ਼ਰਧਾ ਨਾਲ ਝੁਕਦਾ ਹੈ, ਜਿਹੜਾ ‘ਸਰਬੱਤ ਦੇ ਭਲੇ’ ਵਾਲੀ ਮਹਾਨ ਸਿੱਖ-ਵਿਚਾਰਧਾਰਾ ਦੀ ਥੋੜ੍ਹੀ-ਬਹੁਤੀ ਵੀ ਸਮਝ ਰੱਖਦਾ ਹੈ। ਗੁਰੂ ਘਰ ਦੀਆਂ ਬਰੂਹਾਂ ਹਰ ਧਰਮ, ਜਾਤ ਅਤੇ ਰੰਗ-ਨਸਲ ਦੇ ਭੇਦਭਾਵ ਤੋਂ ਮੁਕਤ ਹਨ। ਇਸੇ ਵਿਸ਼ਾਲ ਸੋਚ ਅਤੇ ਸਮਝ ਸਦਕਾ ਹੀ ਗੁਰਦੁਆਰਿਆਂ ਵਿੱਚ ਸਿੱਖ ਸ਼ਰਧਾਲੂਆਂ ਦੇ ਨਾਲ-ਨਾਲ ਗ਼ੈਰ-ਸਿੱਖ ਸ਼ਰਧਾਲੂਆਂ ਦੀ ਹਾਜ਼ਰੀ ਵੀ ਵੱਡੀ ਗਿਣਤੀ ਵਿੱਚ ਲੱਗਦੀ ਰਹਿੰਦੀ ਹੈ। ਇਹ ਹਾਜ਼ਰੀ ਗੁਰੂ ਸਾਹਿਬਾਨ ਵੱਲੋਂ ਆਰੰਭ ਕੀਤੇ ਗਏ ‘ਸਾਂਝੀਵਾਲਤਾ’ ਦੇ ਮਿਸ਼ਨ ਪ੍ਰਤੀ ਮਨੁੱਖਤਾ ਵੱਲੋਂ ਭਰੇ ਜਾਂਦੇ ਹਾਂ-ਪੱਖੀ ਹੁੰਗਾਰੇ ਦਾ ਪ੍ਰਤੀਕ ਹੈ। ਇਹ ਹੁੰਗਾਰਾ ਦਰਸਾਉਂਦਾ ਹੈ ਕਿ ਗੁਰੂ ਦਾ ਦਰ ਸਭ ਲਈ ਸਾਂਝਾ ਹੈ। ਇਸੇ ਤਰ੍ਹਾਂ ਦੇ ਅਥਾਹ ਸ਼ਰਧਾ ਭਰਪੂਰ ਹੁੰਗਾਰੇ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਕਸਬਾ ਵੇਰਕਾ ਦੀ ਜਰਨੈਲੀ ਸੜਕ ’ਤੇ ਸਥਿਤ ‘ਗੁਰਦੁਆਰਾ ਨਾਨਕਸਰ ਸਾਹਿਬ (ਪਾਤਸ਼ਾਹੀ ਪਹਿਲੀ)’ ਤੋਂ ਮਿਲ ਜਾਂਦੀ ਹੈ, ਜਿੱਥੇ ਰੂਹਾਨੀਅਤ ਅਤੇ ਆਸਥਾ ਦਾ ਅਨੂਠਾ ਸੰਗਮ ਦੇਖਣ ਨੂੰ ਮਿਲਦਾ ਹੈ।
ਇਸ ਗੁਰਦੁਆਰੇ ਨਾਲ ਜੁੜੇ ਇਤਿਹਾਸਕ ਤੱਥ ਇਹ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ, ਜੋ ਸਮੁੱਚੀ ਲੋਕਾਈ ਦੇ ਕਲਿਆਣ ਲਈ ਉਦਾਸੀਆਂ (ਲੰਮੀਆਂ ਯਾਤਰਾਵਾਂ) ’ਤੇ ਨਿਕਲੇ ਹੋਏ ਸਨ, ਜਗਤ ਨੂੰ ਤਾਰਦੇ ਹੋਏ ਆਪਣੇ ਪਰਮ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਨਗਰ ਬਟਾਲੇ ਵੱਲ ਨੂੰ ਜਾ ਰਹੇ ਸਨ। ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਵਾਲੇ ਇਸ ਕਲਿਆਣਕਾਰੀ ਸਫ਼ਰ ਦੌਰਾਨ ਰਸਤੇ ਵਿੱਚ ਆਰਾਮ ਕਰਨ ਲਈ ਉਹ ਕੁਝ ਸਮੇਂ ਲਈ ਅੰਮ੍ਰਿਤਸਰ ਤੋਂ ਤਕਰੀਬਨ ਅੱਠ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਵੇਰਕਾ ਦੇ ਇੱਕ ਜੰਡ ਦੇ ਦਰੱਖਤ ਹੇਠ ਵਿਸ਼ਰਾਮ ਕਰਨ ਲੱਗੇ। ਇਸ ਸ਼ਾਂਤਮਈ ਵਿਸ਼ਰਾਮ ਦੌਰਾਨ ਗੁਰੂ ਸਾਹਿਬ ਜੀ ਦੀ ਲਿਵ ਉਸ ਅਕਾਲ ਪੁਰਖ ਕਰਤਾਰ ਨਾਲ ਲੱਗ ਗਈ ਅਤੇ ਆਲਾ-ਦੁਆਲਾ ਇਲਾਹੀ ਨੂਰ ਨਾਲ ਭਰ ਗਿਆ। ਇਸ ਲਿਵ ਦੇ ਦੌਰਾਨ ਹੀ ਨਗਰ ਵੇਰਕਾ ਦੀ ਇੱਕ ਦੁਖਿਆਰੀ ਮਾਈ ਆਪਣੇ ਸੋਕਾਗ੍ਰਸਤ (ਸੁੱਕੇ ਹੋਏ ਸਰੀਰ ਵਾਲੇ/ਬਿਮਾਰ) ਬੱਚੇ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਸਨਮੁੱਖ ਆਈ। ਮਾਂ ਦੀ ਮਮਤਾ ਆਪਣੇ ਬੱਚੇ ਦੀ ਮਾੜੀ ਹਾਲਤ ਦੇਖ ਕੇ ਤੜਫ਼ ਰਹੀ ਸੀ। ਉਸ ਨੇ ਇਸ ਬਿਮਾਰੀ ਦਾ ਬਹੁਤ ਇਲਾਜ ਕਰਵਾਇਆ ਸੀ, ਪਰ ਹਰ ਤਰ੍ਹਾਂ ਦੀ ਇਲਾਜ-ਪ੍ਰਣਾਲੀ ਅਪਣਾਉਣ ਦੇ ਬਾਵਜੂਦ ਉਸ ਬੱਚੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ ਅਤੇ ਉਹ ਦਿਨ-ਬ-ਦਿਨ ਸੁੱਕਦਾ ਜਾ ਰਿਹਾ ਸੀ। ਹਰ ਪਾਸਿਓਂ ਨਿਰਾਸ਼ ਹੋ ਚੁੱਕੀ ਉਸ ਮਾਈ ਨੇ ਗੁਰੂ ਸਾਹਿਬ ਨੂੰ ਆਪਣੀ ਦੁੱਖਾਂ ਭਰੀ ਦਾਸਤਾਨ ਸੁਣਾਈ ਅਤੇ ਆਪਣੇ ਬੱਚੇ ਦੀ ਤੰਦਰੁਸਤੀ ਲਈ ਬਹੁਤ ਹੀ ਦੀਨ ਭਾਵ ਨਾਲ ਅਰਜੋਈ ਕੀਤੀ। ਮਾਈ ਦੀ ਅਜਿਹੀ ਤਰਸਯੋਗ ਹਾਲਤ ਅਤੇ ਬੱਚੇ ਦੀ ਪੀੜਾ ਨੂੰ ਦੇਖ ਕੇ ਗੁਰੂ ਸਾਹਿਬ ਮਿਹਰ ਦੇ ਘਰ ਵਿੱਚ ਆ ਗਏ। ਬਖ਼ਸ਼ਿਸ਼ ਕਰਦਿਆਂ ਉਨ੍ਹਾਂ ਨੇ ਮਾਈ ਨੂੰ ਕਿਹਾ ਕਿ ਉਸ ਜੰਡ ਦੇ ਨੇੜੇ ਹੀ ਬਣੀ ਹੋਈ ਇੱਕ ਛੱਪੜੀ ਵਿੱਚ ਉਹ ਆਪਣੇ ਬੱਚੇ ਨੂੰ ਇਸ਼ਨਾਨ ਕਰਵਾ ਲਿਆਵੇ।
ਰੱਬੀ ਨੂਰ ਗੁਰੂ ਨਾਨਕ ਦੇਵ ਦਾ ਹੁਕਮ ਪਾ ਕੇ ਨਗਰ ਵੇਰਕਾ ਦੀ ਉਸ ਦੁਖਿਆਰਨ ਮਾਈ ਨੇ ਪੂਰਨ ਭਰੋਸੇ ਨਾਲ ਜਦੋਂ ਆਪਣੇ ਸੋਕਾਗ੍ਰਸਤ ਬੱਚੇ ਨੂੰ ਉਸ ਛੱਪੜੀ ਦੇ ਜਲ ਨਾਲ ਇਸ਼ਨਾਨ ਕਰਵਾਉਣਾ ਸ਼ੁਰੂ ਕੀਤਾ ਤਾਂ ਉਸ ਬੱਚੇ ਦਾ ਸਰੀਰ ਕੁਦਰਤੀ ਤੌਰ ’ਤੇ ਹਰਿਆ-ਭਰਿਆ (ਸਿਹਤਯਾਬ) ਹੋਣ ਲੱਗਾ। ਬੱਚੇ ਦੇ ਸਰੀਰ ’ਤੇ ਆਈ ਇਹ ਤੰਦਰੁਸਤੀ ਦੀ ਹਰਿਆਲੀ, ਉਸ ਮਾਈ ਦੇ ਵਿਹੜੇ ਦੀ ਸਦੀਵੀ ਖੁਸ਼ਹਾਲੀ ਬਣ ਗਈ। ਜਦੋਂ ਉਹ ਬਿਮਾਰ ਬੱਚਾ ਪੂਰੀ ਤਰ੍ਹਾਂ ਨਰੋਆ ਅਤੇ ਠੀਕ ਹੋ ਗਿਆ ਤਾਂ ਆਪਣੇ ਬੱਚੇ ਨੂੰ ਮੁੜ ਤੋਂ ਸਿਹਤਮੰਦ ਹੋਇਆ ਦੇਖ ਕੇ ਵੇਰਕਾ ਨਗਰ ਦੀ ਉਸ ਮਾਈ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਦੇ ਹੰਝੂ ਵਹਿ ਤੁਰੇ। ਪੂਰੀ ਤਰ੍ਹਾਂ ਪ੍ਰਸੰਨਚਿੱਤ ਹੋ ਕੇ ਉਹ ਮਾਈ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ’ਤੇ ਢਹਿ ਪਈ ਅਤੇ ਸ਼ੁਕਰਾਨਾ ਕਰਨ ਲੱਗੀ। ਇਸ ਅਥਾਹ ਪ੍ਰਸੰਨਤਾ ਨੇ ਉਸ ਮਾਈ ਦੇ ਮਨ ਅੰਦਰ ਸੇਵਾ-ਭਾਵਨਾ ਨੂੰ ਬਹੁਤ ਬਲ ਬਖ਼ਸ਼ਿਆ, ਜਿਸ ਦੀ ਬਦੌਲਤ ਉਹ ਤੁਰੰਤ ਆਪਣੇ ਘਰ ਗਈ ਅਤੇ ਬੜੀ ਸ਼ਰਧਾ ਨਾਲ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਦੇ ਛਕਣ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਈ। ਗੁਰੂ ਸਾਹਿਬ ਨੇ ਪ੍ਰਸ਼ਾਦਾ-ਪਾਣੀ ਛਕਣ ਤੋਂ ਬਾਅਦ ਉਸ ਮਾਈ ਅਤੇ ਨਗਰ ਵਾਸੀਆਂ ਨੂੰ ਇਹ ਇਲਾਹੀ ਵਰਦਾਨ ਦਿੰਦਿਆਂ ਫ਼ਰਮਾਇਆ:
‘ਮਾਈ! ਆਉਣ ਵਾਲੇ ਸਮੇਂ ਵਿੱਚ ਜਿਹੜਾ ਵੀ ਪ੍ਰਾਣੀ ਇਸ ਛੱਪੜੀ ਦੇ ਜਲ ਵਿੱਚ ਸੱਚੀ ਸ਼ਰਧਾ ਅਤੇ ਭਾਵਨਾ ਨਾਲ ਇਸ਼ਨਾਨ ਕਰੇਗਾ, ਅਕਾਲ ਪੁਰਖ ਦੀ ਮਿਹਰ ਸਦਕਾ ਉਸ ਦੇ ਸਾਰੇ ਸਰੀਰਕ ਅਤੇ ਮਾਨਸਿਕ ਦੁੱਖ ਦੂਰ ਹੋਇਆ ਕਰਨਗੇ। ਇੱਥੇ ਇੱਕ ਧਰਮਸ਼ਾਲਾ ਬਣਾ ਕੇ ਆਉਂਦੇ-ਜਾਂਦੇ ਮੁਸਾਫ਼ਿਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪ੍ਰਸ਼ਾਦਾ ਛਕਾਉਣਾ ਅਤੇ ਸਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।’
ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਪਵਿੱਤਰ ਬੋਲਾਂ ’ਤੇ ਪੂਰਨ ਪਹਿਰਾ ਦਿੰਦਿਆਂ ਉਸ ਮਾਈ ਅਤੇ ਸਮੁੱਚੇ ਨਗਰ ਵੇਰਕਾ ਦੇ ਵਾਸੀਆਂ ਵੱਲੋਂ ਰਲ-ਮਿਲ ਕੇ ਇਸ ਮੁਬਾਰਕ ਸਥਾਨ ’ਤੇ ਧਰਮਸ਼ਾਲਾ ਦੀ ਉਸਾਰੀ ਕਰਵਾਈ ਗਈ। ਜਿਸ ਛੱਪੜੀ ਵਿੱਚ ਬੱਚੇ ਨੇ ਇਸ਼ਨਾਨ ਕੀਤਾ ਸੀ, ਉਸ ਦੀ ਜਗ੍ਹਾ ਇੱਕ ਸੁੰਦਰ ਅਤੇ ਪਵਿੱਤਰ ਸਰੋਵਰ ਬਣਾਇਆ ਗਿਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇੱਥੋਂ ਲਾਹਾ ਲੈ ਸਕਣ। ਸੰਗਤ ਦੇ ਇਸੇ ਸ਼ਰਧਾਮਈ ਉਪਰਾਲੇ ਦਾ ਮੌਜੂਦਾ ਵਿਕਸਿਤ ਰੂਪ ਹੀ 'ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ' ਹੈ, ਜਿਹੜਾ ਅੱਜ-ਕੱਲ੍ਹ ਅੰਮ੍ਰਿਤਸਰ-ਬਟਾਲਾ ਰੋਡ ’ਤੇ ਸੁਸ਼ੋਭਿਤ ਹੈ। ਅਜੋਕੇ ਸਮੇਂ ਵਿੱਚ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਲਈ ਦੂਰ-ਦੁਰਾਡੇ ਤੋਂ ਚੱਲ ਕੇ ਵੱਡੀ ਗਿਣਤੀ ਸੰਗਤ ਹੁੰਮ-ਹੁਮਾ ਕੇ ਆਉਂਦੀ ਹੈ ਅਤੇ ਅਥਾਹ ਸ਼ਰਧਾ ਨਾਲ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਤਮਿਕ ਤੇ ਸਰੀਰਕ ਲਾਹੇ ਪ੍ਰਾਪਤ ਕਰਦੀ ਹੈ।
ਇਸ ਇਤਿਹਾਸਕ ਗੁਰਦੁਆਰੇ ਦੇ ਪ੍ਰਬੰਧ ਅਤੇ ਸੇਵਾ-ਸੰਭਾਲ ਦੀ ਸਮੁੱਚੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਭੂਰੀ ਵਾਲੇ ਸੰਤ-ਮਹਾਂਪੁਰਖਾਂ ਕੋਲ ਹੈ। ਇਨ੍ਹਾਂ ਵੱਲੋਂ ਗੁਰੂ ਘਰ ਦੀ ਇਮਾਰਤ, ਲੰਗਰ ਅਤੇ ਸਰੋਵਰ ਦੀ ਸੇਵਾ ਨੂੰ ਬਹੁਤ ਹੀ ਸੁਚੱਜੇ, ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਜਾ ਰਿਹਾ ਹੈ।
ਇਸ ਪਵਿੱਤਰ ਸਥਾਨ ’ਤੇ ਹਰ ਸਾਲ ਮਾਰਚ ਮਹੀਨੇ ਦੇ ਆਖਰੀ ਹਫ਼ਤੇ (ਖਾਸ ਕਰਕੇ 25 ਤੇ 26 ਤਰੀਕ ਨੂੰ) ਜੋੜ-ਮੇਲਾ ਮਨਾਇਆ ਜਾਂਦਾ ਹੈ। ਇਸ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਵਿੱਚ ਵਿਸ਼ੇਸ਼ ਕਰਕੇ ਮਝੈਲੀ (ਮਾਝੇ ਦੇ ਖੇਤਰ) ਅਤੇ ਹੋਰ ਨਾਲ ਲੱਗਦੇ ਇਲਾਕਿਆਂ ਦੀ ਸੰਗਤ ਵੱਲੋਂ ਬਹੁਤ ਭਰਵੀਂ ਗਿਣਤੀ ਵਿੱਚ ਹਾਜ਼ਰੀ ਲਵਾਈ ਜਾਂਦੀ ਹੈ। ਪੰਜਾਬੀ ਸੱਭਿਆਚਾਰ ਅਤੇ ਖੇਡ-ਪ੍ਰੇਮ ਦੀ ਝਲਕ ਪੇਸ਼ ਕਰਦੇ ਇਸ ਮੇਲੇ ਦੇ ਦੋਵੇਂ ਦਿਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਕਬੱਡੀ ਦੇ ਫਸਵੇਂ ਮੈਚ ਬਹੁਤ ਹੀ ਦੇਖਣਯੋਗ ਹੁੰਦੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਮੇਰੇ ਆਪਣੇ ਨਗਰ (ਚੋਹਲਾ ਸਾਹਿਬ) ਦੇ ਗੱਭਰੂਆਂ ਸਮੇਤ ਹੋਰ ਵੱਖ-ਵੱਖ ਇਲਾਕਿਆਂ ਦੀਆਂ ਨਾਮਵਰ ਟੀਮਾਂ ਆਪੋ-ਆਪਣੇ ਖੇਡ ਜੌਹਰ ਦਿਖਾਉਂਦੀਆਂ ਹਨ। ਇਸ ਮੇਲੇ ਵਿੱਚ ਜਿੱਥੇ ਨੌਜਵਾਨਾਂ ਦੀ ਖੇਡ ਦਰਸ਼ਕਾਂ ਦਾ ਮਨ ਮੋਂਹਦੀ ਹੈ, ਉੱਥੇ ਹੀ ਵੱਡੀ ਉਮਰ ਦੇ ਤਜਰਬੇਕਾਰ ਖਿਡਾਰੀਆਂ (ਉਰਫ਼ ਬਾਬਿਆਂ) ਦੀ ਕਬੱਡੀ ਇਸ ਮੇਲੇ ਦੀ ਖਿੱਚ ਦਾ ਕਾਰਨ ਬਣਦੀ ਹੈ, ਜਿਸ ਨੂੰ ਦੇਖਣ ਲਈ ਲੋਕ ਉਚੇਚੇ ਤੌਰ ’ਤੇ ਇਕੱਠੇ ਹੁੰਦੇ ਹਨ। ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਮੇਲਾ ਕਮੇਟੀ ਅਤੇ ਪ੍ਰਬੰਧਕਾਂ ਵੱਲੋਂ ਹਰ ਸਾਲ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ, ਜਿਨ੍ਹਾਂ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਆਦਿ ਵਰਗੇ ਵੱਡੇ ਇਨਾਮ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਇਹ ਮੇਲਾ ਇਲਾਕੇ ਦੀ ਆਪਸੀ ਸਾਂਝ ਅਤੇ ਗੁਰੂ ਘਰ ਪ੍ਰਤੀ ਅਥਾਹ ਪ੍ਰੇਮ ਦਾ ਪ੍ਰਤੀਕ ਬਣ ਕੇ ਅਮਿੱਟ ਛਾਪ ਛੱਡਦਾ ਹੈ।
ਸੰਪਰਕ: 94631-32719

