DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਰਤ ਅਤੇ ਭਗਤੀ ਦਾ ਸੁਮੇਲ ਭਗਤ ਧੰਨਾ ਜੀ

ਭਗਤੀ ਦਾ ਮਾਰਗ ਵਿਹਲੜਾਂ, ਨਿਕੰਮਿਆਂ ਅਤੇ ਪਾਖੰਡੀਆਂ ਦਾ ਮਾਰਗ ਨਹੀਂ ਹੈ, ਸਗੋਂ ਇਸ ਮਾਰਗ ਦੇ ਪਾਂਧੀਆਂ/ਭਗਤਾਂ ਨੇ ਕਿਰਤ ਨਾਲ ਜੁੜ ਕੇ ਹੀ ਕਰਤਾਰ ਨਾਲ ਜੁੜਨ ਦੀ ਹਾਮੀ ਭਰੀ ਹੈ। ਭਗਤ ਜਨਾਂ ਵੱਲੋਂ ਇਹ ਹਾਮੀ ਸਿਰਫ਼ ਗੱਲੀਂ-ਬਾਤੀਂ ਹੀ ਨਹੀਂ, ਸਗੋਂ ਵਿਹਾਰਕ...

  • fb
  • twitter
  • whatsapp
  • whatsapp
Advertisement

ਭਗਤੀ ਦਾ ਮਾਰਗ ਵਿਹਲੜਾਂ, ਨਿਕੰਮਿਆਂ ਅਤੇ ਪਾਖੰਡੀਆਂ ਦਾ ਮਾਰਗ ਨਹੀਂ ਹੈ, ਸਗੋਂ ਇਸ ਮਾਰਗ ਦੇ ਪਾਂਧੀਆਂ/ਭਗਤਾਂ ਨੇ ਕਿਰਤ ਨਾਲ ਜੁੜ ਕੇ ਹੀ ਕਰਤਾਰ ਨਾਲ ਜੁੜਨ ਦੀ ਹਾਮੀ ਭਰੀ ਹੈ। ਭਗਤ ਜਨਾਂ ਵੱਲੋਂ ਇਹ ਹਾਮੀ ਸਿਰਫ਼ ਗੱਲੀਂ-ਬਾਤੀਂ ਹੀ ਨਹੀਂ, ਸਗੋਂ ਵਿਹਾਰਕ ਰੂਪ ਵਿੱਚ (ਹੱਥੀਂ ਕਿਰਤ ਕਰਕੇ) ਵੀ ਭਰੀ ਗਈ ਹੈ। ਮੱਧ ਕਾਲ ਵਿੱਚ ਉੱਭਰੀ ਭਗਤੀ ਲਹਿਰ ਨਾਲ ਜੁੜੇ ਭਗਤ ਸਾਹਿਬਾਨ ਸਰੀਰਕ ਤੌਰ ’ਤੇ ਕਿਰਤ ਨਾਲ ਅਤੇ ਮਾਨਸਿਕ ਤੌਰ ’ਤੇ ਪਰਮੇਸ਼ਰ ਨਾਲ ਜੁੜੇ ਰਹੇ ਹਨ। ਭਗਤੀ ਲਹਿਰ ਨਾਲ ਵਾਬਸਤਾ ਇਨ੍ਹਾਂ ਭਗਤਾਂ ਨੇ ਜਿੱਥੇ ਮਨੁੱਖ ਦੇ ਅਧਿਆਤਮਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉੱਥੇ ਆਪਣੇ ਸਮਾਜਿਕ ਸਰੋਕਾਰਾਂ ਨੂੰ ਵੀ ਬਣਾਈ ਰੱਖਿਆ ਹੈ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਰਹੇ ਹਨ। ਇਲਾਕਾਈ ਅਤੇ ਭਾਸ਼ਾਈ ਹੱਦਬੰਦੀ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਇਹ ਮਹਾਂਪੁਰਖ ਆਪਣੀ ਸਰਬ-ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਹਾਮੀ ਰਹੇ ਹਨ।

ਅਥਾਹ ਸ਼ਰਧਾ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿੱਚ ਰੰਗ ਕੇ ਅਜਿਹੇ ਵੱਡਮੁੱਲੇ ਅਤੇ ਪਵਿੱਤਰ ਬਚਨ ਉਚਾਰਣ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵਿਆਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ ਹੈ। ਇਸ ਟੇਕ ਸਦਕਾ ਹੀ ਇਹ ਭਗਤ ਉਸ ਪਰਮ ਪਿਤਾ ਨਾਲ ਇਕਸੁਰ ਹੁੰਦੇ ਰਹੇ ਹਨ। ਸੋਚ ਪੱਖੋਂ ਉੱਚੇ ਅਤੇ ਵਿਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ ਹੈ। ਇਸ ਚਾਲ ਦੀ ਗਵਾਹੀ ਤੀਸਰੇ ਗੁਰੂ ਅਮਰਦਾਸ ਜੀ ਆਪਣੀ ਬਾਣੀ ‘ਆਨੰਦ ਸਾਹਿਬ’ ਦੀ 14ਵੀਂ ਪਾਉੜੀ ਵਿੱਚ ਇਸ ਤਰ੍ਹਾਂ ਭਰਦੇ ਹਨ:

Advertisement

ਭਗਤਾ ਕੀ ਚਾਲ ਨਿਰਾਲੀ॥

Advertisement

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥

ਇਸ ਨਿਰਾਲੀ ਚਾਲ ਕਰਕੇ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਘੱਟ ਹੀ ਆਉਂਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜ਼ਮਾਉਣ ਦਾ ਕੋਈ ਕੋਝਾ ਯਤਨ ਕੀਤਾ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ ਹੈ। ਇਸ ਗੱਲ ਦੀ ਤਸਦੀਕ ਕਰਦੇ ਹੋਏ ਚੌਥੇ ਗੁਰੂ ਰਾਮਦਾਸ ਜੀ ਇੰਝ ਫ਼ੁਰਮਾਉਂਦੇ ਹਨ:

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥

ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖਰ ਛੋਹ ਜਾਂਦੀ ਹੈ ਤਾਂ ਉਸ ਵੇਲੇ ਰੱਬ ਨੂੰ ਵੀ ਇਨ੍ਹਾਂ ਭਗਤਾਂ ਦੀ ਗ਼ੁਲਾਮੀ ਕਰਨੀ ਪੈ ਜਾਂਦੀ ਹੈ। ਅਜਿਹੀ ਹੀ ਗ਼ੁਲਾਮੀ ਰੱਬ ਨੂੰ ਧੰਨੇ ਭਗਤ ਦੀ ਵੀ ਕਰਨੀ ਪਈ ਸੀ, ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ। ਜੱਟਕੀ ਜ਼ਿੱਦ ਤੇ ਅਟੱਲ ਭਰੋਸੇ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਅਤੇ ਇਸ ਬਖ਼ਸ਼ਿਸ਼ ਦੀ ਬਦੌਲਤ ਆਪਣੇ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਜੀ ਦਾ ਜਨਮ 20 ਅਪਰੈਲ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਭਾਈ ਭੋਲਾ ਅਤੇ ਮਾਤਾ ਦਾ ਨਾਮ ਧੰਨੋ ਸੀ। ਉਨ੍ਹਾਂ ਦਾ ਸ਼ੁਮਾਰ ਉਨ੍ਹਾਂ ਸਿਦਕਵਾਨਾਂ ’ਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ‘ਕਾਰ’ (ਕਿਰਤ) ਵੱਲ ਅਤੇ ਦਿਲ ‘ਯਾਰ’ (ਪ੍ਰਭੂ) ਵੱਲ ਲਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾ ਸਿਰਫ਼ ਦਰਸ਼ਨ ਹੀ ਕੀਤੇ, ਸਗੋਂ ਉਸ ਨੂੰ ਆਪਣੇ ਕੰਮ-ਕਾਜ ਦਾ ਹਿੱਸਾ ਵੀ ਬਣਾ ਲਿਆ।

ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਹੋਏ ਬੜੇ ਧਿਆਨ ਨਾਲ ਦੇਖਿਆ। ਦੇਖਣ ਮਗਰੋਂ ਭਗਤ ਜੀ ਦੇ ਮਨ ਵਿੱਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਪ੍ਰਚੰਡ ਇੱਛਾ ਕਾਰਨ ਉਨ੍ਹਾਂ ਨੇ ਉਸ ਪੰਡਿਤ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿੱਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦੱਖਣਾ ਦੇ ਰੂਪ ਵਿੱਚ ਦੇਣ ਲਈ ਕਿਹਾ, ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਤੋਂ ਬਾਅਦ ਉਸ ਪੰਡਿਤ ਨੇ ਸਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ।

ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਾਧਾਰਨ ਪੱਥਰ (ਭਗਵਾਨ ਸਮਝ ਕੇ) ਦਾ ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕੀਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ ਤੇਰਵੀਂ ਪਾਉੜੀ ਵਿੱਚ ਇਸ ਤਰ੍ਹਾਂ ਭਰੀ ਹੈ:

ਠਾਕੁਰ ਨੋ ਨ੍ਹਵਾਲਿਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ॥

ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ॥

ਹਉਂ ਭੀ ਮੁਹੁ ਨ ਜੂਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ॥

ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥

ਭੋਲਾ ਭਾਉ ਗੋਬਿੰਦੁ ਮਿਲਾਵੈ॥

ਪੰਜਵੇਂ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ, ਉੱਥੇ ਭਗਤ ਧੰਨਾ ਜੀ ਨੂੰ ‘ਧੰਨੈ ਸੇਵਿਆ ਬਾਲ ਬੁਧਿ’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਵੀ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਗ 487 ਉੱਪਰ ਸੁਸ਼ੋਭਿਤ ਆਪਣੇ ਇੱਕ ਹੋਰ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਪੰਜਵੇਂ ਨਾਨਕ ਫ਼ੁਰਮਾਉਂਦੇ ਹਨ:

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥

ਗੁਰੂ ਅਰਜਨ ਦੇਵ ਜੀ ਇਨ੍ਹਾਂ ਪਾਵਨ ਪੰਕਤੀਆਂ ਰਾਹੀਂ ਇਹ ਸੰਕੇਤ ਦੇ ਰਹੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀ-ਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਨਾਲ ਜਿੱਥੇ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵਿਦਾਸ ਅਤੇ ਸੈਣ ਆਦਿ) ਨੇ ਰੱਬੀ ਪਿਆਰ ਨੂੰ ਹਾਸਲ ਕਰ ਲਿਆ ਸੀ, ਤਾਂ ਭਗਤੀ ਦੀ ਇਹ ਵਿਧੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਦੀ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਾਖਿਆਤ ਰੂਪ ਵਿੱਚ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਦਿੱਤੇ ਸਨ। ਗੱਲ ਸਿਰਫ਼ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਆਪਣੇ ਜ਼ਿੰਮੇ ਲੈ ਲਏ ਸਨ। ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਉਚਾਰਦੇ ਹਨ:

ਗੋਪਾਲ ਤੇਰਾ ਆਰਤਾ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥

ਭਗਤ ਧੰਨਾ ਜੀ ਦੀ ਧੰਨਤਾ ਇਸ ਗੱਲ ਵਿੱਚ ਵੀ ਹੈ ਕਿ ਜਿੱਥੇ ਕੁੱਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮਹਿਸੂਸਦੇ ਹਨ, ਉੱਥੇ ਉਹ ਧੜੱਲੇ ਨਾਲ ਆਖ ਰਹੇ ਹਨ:

ਘਰ ਕੀ ਗੀਹਨਿ ਚੰਗੀ॥

ਜਨੁ ਧੰਨਾ ਲੇਵੈ ਮੰਗੀ॥

ਔਰਤਾਂ ਅਤੇ ਕਿਰਤ ਦੇ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰੱਜਵਾਂ ਅਤੇ ਫਬਵਾਂ ਸਤਿਕਾਰ ਕਰਦਿਆਂ ਹੀ ਬਾਣੀ ਕੇ ਬੋਹਿਥ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਣ ਕਰਨ ਵਾਲੇ ਛੇ ਗੁਰੂ ਸਾਹਿਬਾਨ, ਗਿਆਰਾਂ ਭੱਟਾਂ, ਚਾਰ ਗੁਰੂ ਦੇ ਨਿਕਟਵਰਤੀਆਂ ਅਤੇ 15 ਭਗਤਾਂ ਦੀ ਬਾਣੀ ਨੂੰ ਇੱਕ ਲੜੀ (ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ) ਵਿੱਚ ਪਰੋਇਆ ਸੀ, ਤਾਂ ਉਸ ਵਿੱਚ ਭਗਤ ਧੰਨਾ ਜੀ ਦੇ ਤਿੰਨ ਪਵਿੱਤਰ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵੀ ਸ਼ਾਮਿਲ ਕਰ ਲਏ ਸਨ।

ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਈਸਵੀ ਨੂੰ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਭਗਤੀ-ਭਾਵਨਾ ਜਿੱਥੇ ਪਖੰਡਵਾਦ ਤੋਂ ਨਿਰਲੇਪ ਹੈ, ਉੱਥੇ ਸੱਚੀ ਤੇ ਸੁੱਚੀ ਕਿਰਤ ਕਰਦਿਆਂ ਕਰਤਾਰ ਨਾਲ ਜੁੜਨ ਦੀ ਇੱਕ ਅਤਿ ਉੱਤਮ ਮਿਸਾਲ ਵੀ ਹੈ।

ਸੰਪਰਕ: 94631-32719

Advertisement
×