ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਮਈ
ਪਹਿਲਵਾਨਾਂ ਤੋਂ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਤੋਂ ਇਕ ਦਿਨ ਮਗਰੋਂ ਦਿੱਲੀ ਪੁਲੀਸ ਨੇ ਅੱਜ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਜੰਤਰ ਮੰਤਰ ਦੀ ਥਾਂ ਸ਼ਹਿਰ ਵਿੱਚ ਕੋਈ ਹੋਰ ਢੁੱਕਵੀਂ ਥਾਂ ਰੋਸ ਮੁਜ਼ਾਹਰੇ ਲਈ ਮੁਹੱਈਆ ਕਰਵਾਈ ਜਾਵੇਗੀ। ਪੁਲੀਸ ਨੇ ਕਿਹਾ ਕਿ ਪਹਿਲਵਾਨਾਂ ਦੇ ਪਿਛਲੇ ਰਿਕਾਰਡ ਤੇ ਐਤਵਾਰ ਦੇ ਵਤੀਰੇ ਨੂੰ ਵੇਖਦੇ ਹੋਏ, ਉਨ੍ਹਾਂ ਨੂੰ ਜੰਤਰ-ਮੰਤਰ ‘ਤੇ ਮੁੜ ਧਰਨਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨਵੀਂ ਦਿੱਲੀ ਦੇ ਡੀਸੀਪੀ ਨੇ ਹਿੰਦੀ ਵਿੱਚ ਕੀਤੇ ਟਵੀਟ ‘ਚ ਕਿਹਾ, ”ਪਹਿਲਵਾਨਾਂ ਵੱਲੋਂ ਜੰਤਰ ਮੰਤਰ ‘ਤੇ ਲਾਇਆ ਧਰਨਾ ਬੜੇ ਆਰਾਮ ਨਾਲ ਚੱਲ ਰਿਹਾ ਸੀ। ਐਤਵਾਰ ਨੂੰ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਕਾਨੂੰਨ ਤੋੜਿਆ ਤੇ ਲਗਾਤਾਰ ਕੀਤੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ। ਲਿਹਾਜ਼ਾ ਅਸੀਂ ਧਰਨੇ ਵਾਲੀ ਥਾਂ ਖਾਲੀ ਕਰਵਾ ਕੇ ਉਥੇ ਲੱਗਿਆ ਧਰਨਾ ਖ਼ਤਮ ਕਰਵਾ ਦਿੱਤਾ।” ਪੁਲੀਸ ਅਧਿਕਾਰੀ ਨੇ ਕਿਹਾ, ”ਪਹਿਲਵਾਨ ਜੇਕਰ ਭਵਿੱਖ ਵਿਚ ਮੁੜ ਧਰਨਾ ਲਾਉਣ ਲਈ ਅਰਜ਼ੀ ਦਿੰਦੇ ਹਨ, ਤਾਂ ਉਨ੍ਹਾਂ ਨੂੰ ਜੰਤਰ ਮੰਤਰ ਦੀ ਥਾਂ ਕਿਸੇ ਹੋਰ ਢੁੱਕਵੀਂ ਥਾਂ ‘ਤੇ ਰੋਸ ਮੁਜ਼ਾਹਰਾ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ।” ਚੇਤੇ ਰਹੇ ਕਿ ਐਤਵਾਰ ਨੂੰ ਨਵੀਂ ਸੰਸਦ ਵੱਲ ਵਧ ਰਹੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਰੋਕੇ ਜਾਣ ਮੌਕੇ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ ਸੀ। ਇਸ ਮਗਰੋਂ ਪੁਲੀਸ ਨੇ ਸਾਕਸ਼ੀ, ਵਿਨੇਸ਼ ਤੇ ਬਜਰੰਗ ਸਣੇ ਹੋਰਨਾਂ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਨ੍ਹਾਂ ਪਹਿਲਵਾਨਾਂ ਨੂੰ ਹਾਲਾਂਕਿ ਮਗਰੋਂ ਛੱਡ ਦਿੱਤਾ ਗਿਆ, ਪਰ ਦਿੱਲੀ ਪੁਲੀਸ ਨੇ ਐਤਵਾਰ ਦੇਰ ਰਾਤ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਣੇ ਹੋਰਨਾਂ ਪ੍ਰਦਰਸ਼ਨਕਾਰੀਆਂ ਖਿਲਾਫ਼ ਦੰਗੇ ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ‘ਚ ਵਿਘਨ ਪਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪਹਿਲਵਾਨਾਂ ਨੂੰ ਹਿਰਾਸਤ ‘ਚ ਲੈਣ ਦੌਰਾਨ ਦਿੱਲੀ ਪੁਲੀਸ ਨੇ ਜੰਤਰ ਮੰਤਰ ‘ਤੇ ਧਰਨੇ ਵਾਲੀ ਥਾਂ ਲੱਗੇ ਤੰਬੂ-ਬੰਬੂ ਪੁੱਟ ਕੇ ਥਾਂ ਖਾਲੀ ਕਰਵਾ ਦਿੱਤੀ ਸੀ। ਦਿੱਲੀ ਪੁਲੀਸ ਦੀ ਪੀਆਰਓ ਸੁਮਨ ਨਲਵਾ ਨੇ ਕਿਹਾ ਕਿ ਪੁਲੀਸ ਮੁਲਾਜ਼ਮ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਸਨ, ਪਰ ਐਤਵਾਰ ਦੀ ਘਟਨਾ ਨੇ ਉਨ੍ਹਾਂ ਨੂੰ ਇਹ ਸਿਖਰਲਾ ਕਦਮ ਚੁੱਕਣ ਤੇ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਲਈ ਮਜਬੂਰ ਕੀਤਾ। ਅਧਿਕਾਰੀ ਨੇ ਕਿਹਾ ਕਿ ਪਹਿਲਵਾਨਾਂ ਨੇ 17 ਮਈ ਨੂੰ ਮਾਰਚ ਕੱਢਣ ਸਬੰਧੀ ਇਜਾਜ਼ਤ ਮੰਗੀ ਸੀ ਤੇ 23 ਮਈ ਨੂੰ ਉਨ੍ਹਾਂ ਮੋਮਬੱਤੀ ਮਾਰਚ ਵੀ ਕੱਢਿਆ, ਪਰ ‘ਲੰਘੇ ਦਿਨ ਉਨ੍ਹਾਂ ਜੋ ਕੁਝ ਕੀਤਾ, ਉਹ ਅਮਨ ਤੇ ਕਾਨੂੰਨ ਦੇ ਖਿਲਾਫ਼ ਸੀ।” ਪੀਆਰਓ ਨੇ ਕਿਹਾ, ”ਉਨ੍ਹਾਂ (ਪਹਿਲਵਾਨਾਂ) ਦੇ ਪਿਛਲੇ ਰਿਕਾਰਡ ਤੇ ਲੰਘੇ ਦਿਨ ਦੇ ਵਤੀਰੇ ਨੂੰ ਵੇਖਦੇ ਹੋਏ…ਹੁਣ ਜੰਤਰ ਮੰਤਰ ‘ਤੇ ਧਰਨੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਉਹ ਲਿਖਤੀ ਅਰਜ਼ੀ ਦਿੰਦੇ ਹਨ ਤਾਂ ਅਸੀਂ ਕਿਸੇ ਹੋਰ ਥਾਂ ਧਰਨਾ ਲਾਉਣ ਦੀ ਪ੍ਰਵਾਨਗੀ ਦੇ ਸਕਦੇ ਹਾਂ।” -ਪੀਟੀਆਈ
ਮਹਿਲਾ ਪਹਿਲਵਾਨਾਂ ਦੀਆਂ ਤਸਵੀਰਾਂ ਛੇੜਛਾੜ ਕਰਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ: ਬਜਰੰਗ

ਚੰਡੀਗੜ੍ਹ: ਪਹਿਲਵਾਨ ਬਜਰੰਗ ਪੂਨੀਆ ਨੇ ਦਿੱਲੀ ਪੁਲੀਸ ਵੱਲੋਂ ਐਤਵਾਰ ਨੂੰ ਹਿਰਾਸਤ ‘ਚ ਲਏ ਮਹਿਲਾ ਪਹਿਲਵਾਨਾਂ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਪੂਨੀਆ ਨੇ ਦਾਅਵਾ ਕੀਤਾ ਕਿ ਇਨ੍ਹਾਂ ਤਸਵੀਰਾਂ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਕੇ ਆਈਟੀ ਸੈੱਲ ਵੱਲੋਂ ਅੱਗੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਗ਼ਮਾ ਜੇਤੂ ਵਿਨੇਸ਼ ਫੋਗਾਟ ਤੇ ਉਸ ਦੀ ਭੈਣ ਸੰਗੀਤਾ ਫੋਗਾਟ ਹਿਰਾਸਤ ‘ਚ ਲਏ ਜਾਣ ਮਗਰੋਂ ਤੇ ਪੁਲੀਸ ਵੱਲੋਂ ਅਣਪਛਾਤੀ ਥਾਂ ‘ਤੇ ਲਿਜਾਣ ਮੌਕੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਬਜਰੰਗ ਨੇ ਐਤਵਾਰ ਦੇਰ ਰਾਤ ਕੀਤੇ ਟਵੀਟ ‘ਚ ਕਿਹਾ, ”ਆਈਟੀ ਸੈੈੱਲ ‘ਚ ਬੈਠੇ ਲੋਕ ਇਨ੍ਹਾਂ ਤਸਵੀਰਾਂ ਨੂੰ ਅੱਗੇ ਫੈਲਾ ਰਹੇ ਹਨ। ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਫ਼ਰਜ਼ੀ ਤਸਵੀਰਾਂ ਪਾਉਣ ਵਾਲਿਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਜਾਵੇਗੀ।” ਉਧਰ ਵਿਨੇਸ਼ ਤੇ ਕੁਝ ਹੋਰਨਾਂ ਪਹਿਲਵਾਨਾਂ ਨੇ ਬਜਰੰਗ ਦੇ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਉਧਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੁਲੀਸ ਹਿਰਾਸਤ ‘ਚ ਰਿਹਾਅ ਹੋਣ ਤੋਂ ਫੌਰੀ ਮਗਰੋਂ ਕਿਹਾ ਕਿ ਏਸੀਪੀ ਪ੍ਰਦੀਪ ਕੁਮਾਰ ਨੇ ਪੁਲੀਸ ਥਾਣੇੇ ਵਿੱਚ ਲੁਕਵੇਂ ਤਰੀਕੇ ਨਾਲ ਮਹਿਲਾ ਪਹਿਲਵਾਨਾਂ ਦੀਆਂ ਨਿੱਜੀ ਵੀਡੀਓਜ਼ ਰਿਕਾਰਡ ਕੀਤੀਆਂ। ਨਿਊਜ਼ 24 ਵੱਲੋਂ ਯੂਟਿਊਬ ‘ਤੇ ਪਾਈ ਇਕ ਵੀਡੀਓ ਵਿੱਚ ਵਿਨੇਸ਼ ਇਹ ਕਹਿੰਦੀ ਸੁਣਦੀ ਹੈ, ”ਘੱਟੋ ਘੱਟੋ 7 ਤੇ 8 ਵੀਡੀਓਜ਼ ਸਨ। ਅਸੀਂ ਉਨ੍ਹਾਂ ਨੂੰ ਫੜ ਲਿਆ ਤੇ ਵੀਡੀਓਜ਼ ਡਿਲੀਟ ਕਰਵਾਈਆਂ, ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਵੀਡੀਓਜ਼ ਪਹਿਲਾਂ ਹੀ ਕਿਸੇ ਨੂੰ ਭੇਜੀਆਂ ਹਨ ਜਾਂ ਨਹੀਂ।” ਇਸ ਦੌਰਾਨ ਵਿਨੇਸ਼ ਨੇ ਅੱਜ ਟਵੀਟ ਕੀਤਾ, ”ਦਰਿਆ ਅਬ ਤੇਰੀ ਖ਼ੈਰ ਨਹੀਂ, ਬੂੰਦੋਂ ਨੇ ਬਗਾਵਤ ਕਰ ਲੀ ਹੈ। ਨਾਦਾਂ ਨਾ ਸਮਝ ਰੇ ਬੁਜ਼ਦਿਲ, ਲਹਿਰੋਂ ਨੇ ਬਗ਼ਾਵਤ ਕਰ ਲੀ ਹੈ। ਹਮ ਪਰਵਾਨੇ ਹੈ ਮੌਤ ਸਾਮਾਨ, ਮਰਨੇ ਕਾ ਕਿਸਕੋ ਖ਼ੌਫ ਯਹਾਂ। ਰੇ ਤਲਵਾਰ ਤੁਝੇ ਝੁਕਨਾ ਹੋਗਾ, ਗਰਦਨ ਨੇ ਬਗਾਵਤ ਕਰ ਲੀ ਹੈ।।”
ਪਹਿਲਵਾਨਾਂ ਨੂੰ ਹੁੱਲੜਬਾਜ਼ੀ ਕਰਨ ਖਿਲਾਫ਼ ਚਿਤਾਵਨੀ ਦਿੱਤੀ ਸੀ: ਐੱਫਆਈਆਰ
ਨਵੀਂ ਦਿੱਲੀ: ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਣੇ ਹੋਰਨਾਂ ਖਿਲਾਫ਼ ਦਰਜ ਐੱਫਆਈਆਰ ‘ਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਪਹਿਲਵਾਨਾਂ ਨੇ ਪੁਲੀਸ ਦੀ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਹੁੱਲੜਬਾਜ਼ੀ ਕਰਨ ਨਾਲ ‘ਦੇਸ਼ ਦੀ ਸਾਖ਼ ਨੂੰ ਢਾਹ’ ਲੱਗੇਗੀ ਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐੱਫਆਈਆਰ ਵਿੱਚ ਕਿਹਾ ਗਿਆ ਕਿ ਝੜਪ ਦੌਰਾਨ ਘੱਟੋ-ਘੱਟ 15 ਸੁਰੱਖਿਆ ਕਰਮੀ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ ਬਹੁਗਿਣਤੀ ਮਹਿਲਾ ਪੁਲੀਸ ਕਰਮੀਆਂ ਦੀ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਬਾਰਾਖੰਬਾ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਮਾਧਵ ਦੀ ਸ਼ਿਕਾਇਤ ‘ਤੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ਮੁਤਾਬਕ ਪਹਿਲਵਾਨਾਂ ਨੂੰ ਨਵੇਂ ਸੰਸਦ ਭਵਨ ਵੱਲ ਵਧਣ ਤੋਂ ਰੋਕਣ ਮੌਕੇ ਹੋਈ ਖਿੱਚ-ਧੂਹ ਦੌਰਾਨ ਮਾਧਵ ਜ਼ਖ਼ਮੀ ਹੋ ਗਿਆ ਸੀ। -ਪੀਟੀਆਈ
ਧੀਆਂ ‘ਤੇ ਹੋਏ ਜ਼ੁਲਮ ਦਾ ਬਦਲਾ ਲਵਾਂਗੇ: ਖਾਪਾਂ
ਚਰਖੀ ਦਾਦਰੀ (ਪ੍ਰਦੀਪ ਸਾਹੂ): ਦਿੱਲੀ ਵਿੱਚ ਐਤਵਾਰ ਨੂੰ ਪੁਲੀਸ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਕੀਤੀ ਵਧੀਕੀ ਤੋਂ ਦੁਖੀ ਖਾਪਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਧੀਆਂ ਨਾਲ ਹੋਏ ਜ਼ੁਲਮ ਦਾ ਬਦਲਾ ਲੈਣਗੇ ਤੇ ਇਸ ਲਈ ਖਾਪਾਂ ਕੁਝ ਵੀ ਕਰਨ ਲਈ ਤਿਆਰ ਹਨ। ਖਾਪਾਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਕੇਂਦਰ ਸਰਕਾਰ ਦੀ ਸ਼ਹਿ ‘ਤੇ ਧਰਨਾਕਾਰੀ ਪਹਿਲਵਾਨਾਂ ਦੇ ਤੰਬੂ ਪੁੱਟ ਕੇ ਗ਼ਲਤ ਕੀਤਾ ਤੇ ਹੁਣ ਖਾਪ ਪੰਚਾਇਤਾਂ ਪਿੰਡ ਪਿੰਡ ਜਾ ਕੇ ਅੰਦੋਲਨ ਨੂੰ ਵੱਡਾ ਰੂਪ ਦੇਣਗੀਆਂ। ਪਿੰਡ ਪੱਧਰ ‘ਤੇ ਕਮੇਟੀਆਂ ਬਣਾ ਕੇ ਖਿਡਾਰੀਆਂ ਦੀ ਹਮਾਇਤ ਵਿੱਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਖਾਪ ਪ੍ਰਤੀਨਿਧਾਂ ਨੇ ਚੇਤਾਵਨੀ ਦਿੱਤੀ ਕਿ ਉਹ ਲੋੜ ਪੈਣ ‘ਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹਨ। ਚਰਖੀ ਦਾਦਰੀ ਦੇ ਰੋਜ਼ ਗਾਰਡਨ ਵਿਚ ਸਰਵਜਾਤੀ ਸਰਵਖਾਪ ਮਹਾਪੰਚਾਇਤ ਵਿੱਚ ਫੋਗਾਟ, ਸ਼ਿਓਰਾਣ, ਸਾਂਗਵਾਨ, ਸਤਗਾਮਾ, ਪੰਵਾਰ ਸਣੇ ਦਰਜਨ ਦੇ ਕਰੀਬ ਖਾਪਾਂ ਤੋਂ ਇਲਾਵਾ ਕਿਸਾਨ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਮਗਰੋਂ ਪਰਸ਼ੂਰਾਮ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁਤਲੇ ਵੀ ਫੂਕੇ ਗਏ।