ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਨਵੰਬਰ
ਛੋਟੇ ਕਿਸਾਨਾਂ ਨੂੰ ਸਰਕਾਰ ਦੀਆਂ ਪਰਾਲੀ ਦੇ ਨਿਪਟਾਰੇ ਸਬੰਧੀ ਕੋਸ਼ਿਸ਼ਾਂ ਦਾ ਕੋਈ ਲਾਭ ਨਹੀਂ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ 18 ਅਕਤੂਬਰ ਨੂੰ ਲਹਿਰਾਗਾਗਾ ਤੋਂ ਪੰਜ ਕਿਲੋਮਟਰ ਦੂਰ ਭੁਟਾਲ ਕਲਾਂ-ਖੰੰਡੇਬਾਦ-ਕਾਲਬਨਜਾਰਾ ਵਿਚਾਲੇ ਵਰਬੀਓ ਗੈਸ ਪਲਾਂਟ ਦਾ ਉਦਘਾਟਨ ਕਰ ਕੇ ਇਲਾਕੇ ਅੰਦਰ ਪਰਾਲੀ ਸਾੜਨ ਦਾ ਕੰਮ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ 15 ਦਿਨ ਬੀਤਣ ਤੋਂ ਬਾਅਦ ਵੀ ਭੁਟਾਲ ਕਲਾਂ-ਖੰਡੇਬਾਦ ਦੀ ਫੈਕਟਰੀ ਦੇ 200 ਮੀਟਰ ਦੇ ਘੇਰੇ ਅੰਦਰ ਆਉਂਦੇ ਕਿਸਾਨ ਅੱਜ ਵੀ ਕਣਕ ਬੀਜਨ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨੂੰ ਮਜਬੂਰ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਫੈਕਟਰੀ ਪ੍ਰਬੰਧਕ ਛੇਟੇ ਕਿਸਾਨਾਂ ਦੀ ਪਰਾਲੀ ਇਕੱਠੀ ਨਹੀਂ ਕਰਦੇ। ਉਨ੍ਹਾਂ ਪਰਾਲੀ ਲੈਣ ਲਈ ਪਲਾਂਟ ਦੇ ਪ੍ਰਬੰਧਕਾਂ ‘ਤੇ ਸਿਫਾਰਿਸ਼ ਮੰਨਣ ਜਾਂ ਪੈਸੇ ਲੈਣ ਦਾ ਦੋਸ਼ ਵੀ ਲਾਇਆ। ਉੱਧਰ, ਪਰਾਲੀ ਨੂੰ ਅੱਗ ਲਾਉਣ ਵਿੱਚ ਸੰਗਰੂਰ ਜ਼ਿਲ੍ਹਾ ਪਹਿਲੇ ਨੰਬਰ ‘ਤੇ ਹੋਣ ਦੀ ਚਰਚਾ ਹੈ। ਦੂਜੇ ਪਾਸੇ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਅਤੇ 70-72 ਫੀਸਦੀ ਖੇਤਰ ਦੀ ਸਫਾਈ ਕਰਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਖ਼ਿਲਾਫ਼ ਕੇਸ ਕਰ ਕੇ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਏਸ਼ੀਆ ਦੇ ਸਭ ਤੋਂ ਵੱਡੇ ਇਸ ਵਰਬੀਓ ਗੈਸ ਪਲਾਂਟ ਨਾਲ ਇਲਾਕੇ ਦੇ 45000 ਏਕੜ ਖੇਤੀਯੋਗ ਰਕਬੇ ਵਿੱਚੋਂ ਪਰਾਲੀ ਇਕੱਠੀ ਹੋਵੇਗੀ ਅਤੇ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਇਲਾਕੇ ਦੇ ਕਿਸਾਨ ਜਗਸੀਰ ਸਿੰਘ ਤੇ ਹੋਰਾਂ ਨੇ ਦੋਸ਼ ਲਾਇਆ ਕਿ ਇਹ ਵਰਬਿਓ ਗੈਸ ਪਲਾਂਟ ਭੁਟਾਲ ਕਲਾਂ ਉਨ੍ਹਾਂ ਦੇ ਕਿਸੇ ਕੰਮ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਪਰਾਲੀ ਉਵੇਂ ਦੀ ਉਵੇਂ ਪਈ ਹੈ ਅਤੇ ਉਨ੍ਹਾਂ ਕੋਲ ਹੁਣ ਇਸ ਨੂੰ ਅੱਗ ਲਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਦਸ ਦਿਨਾਂ ਦਾ ਸਮਾਂ ਹੈ। ਕਣਕ ਲਾਉਣ ਲਈ ਸਮੇਂ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਐੱਸਡੀਐੱਮ ਲਹਿਰਾਗਾਗਾ ਸੂਬਾ ਸਿੰਘ ਨੇ ਸੰਪਰਕ ਕਰਨ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਦਿੱਕਤ ਹੈ ਤਾਂ ਉਹ ਫੈਕਟਰੀ ਦੇ ਪ੍ਰਬੰਧਕ ਸ੍ਰੀ ਜੈਨ ਜਾਂ ਐੱਸਡੀਐੱਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਛੋਟੇ ਕਿਸਾਨ ਨਾਲ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ। ਗੈਰ ਰਜਿਸਟਡ ਕਿਸਾਨ ਵੀ ਫੈਕਟਰੀ ਨਾਲ ਸੰਪਰਕ ਕਰ ਸਕਦੇ ਹਨ। ਸੀਜ਼ਨ ਕਰ ਕੇ ਮਸ਼ੀਨਰੀ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਸਾਲ ਹੋਣ ਕਰ ਕੇ ਮੁਸ਼ਕਲ ਪੇਸ਼ ਆ ਸਕਦੀ ਹੈ ਪਰ ਪ੍ਰਸ਼ਾਸਨ ਨੇ ਤਹਿਸੀਲਦਾਰ, ਨਾਇਬ ਤਹਿਸ਼ੀਦਾਰ ਦੀ ਪੱਕੀ ਡਿਊਟੀ ਲਾਈ ਹੈ ਅਤੇ ਹਰ ਰੋੋਜ਼ ਇਸ ਸਬੰਧੀ ਸਮੀਖਿਆ ਕੀਤੀ ਜਾਂਦੀ ਹੈ।