ਪੱਤਰ ਪ੍ਰੇਰਕ
ਪੱਟੀ, 26 ਮਈ
ਇਲਾਕੇ ਦੇ ਪਿੰਡ ਉਬੋਕੇ ਦੇ ਨੌਜਵਾਨ ਹਰਜੀਤ ਸਿੰਘ ਪੁੱਤਰ ਸਵਰਨ ਸਿੰਘ ਨੇ ਅੱਜ ਪੁਲੀਸ ਕੋਲੋਂ ਇਨਸਾਫ਼ ਨਾ ਮਿਲਣ ਕਰਕੇ ਜ਼ਹਿਰੀਲੀ ਦਵਾਈ ਪੀ ਲਈ। ਉਸ ਦੀ ਹਾਲਤ ਨੂੰ ਨਾਜ਼ੁਕ ਹੋਣ ਕਰਕੇ ਸਵਿਲ ਹਸਪਤਾਲ ਪੱਟੀ ਦੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਹਰਜੀਤ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਹੋਣ ਕਰਕੇ 1 ਮਈ 2023 ਨੂੰ ਕੁਝ ਲੋਕਾਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਵਿੱਚ ਗੋਲੀਆਂ ਮਾਰੀਆਂ ਪਰ ਉਨ੍ਹਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣੋ ਬਚ ਗਿਆ। ਉਨ੍ਹਾਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲੀਸ ਚੌਕੀ ਕੈਰੋਂ ਦੇ ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ ਨੂੰ ਦਰਖ਼ਾਸਤ ਦਿੱਤੀ। ਇਸ ਤੋਂ ਇਲਾਵਾ ਉਹ ਡੀਐੱਸਪੀ ਪੱਟੀ ਅਤੇ ਐੱਸਐੱਸਪੀ ਤਰਨਤਾਰਨ ਨੂੰ ਮਿਲ ਕੇ ਇਨਸਾਫ਼ ਲਈ ਫ਼ਰਿਆਦ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਉਹ ਆਪਣੇ ਲੜਕੇ ਅਤੇ ਮੋਹਤਬਰਾਂ ਨੂੰ ਨਾਲ ਲੈ ਕਿ ਪੁਲੀਸ ਥਾਣਾ ਸਿਟੀ ਪੱਟੀ ਗਏ ਜਿੱਥੇ ਅੇੈਸਐੱਚਓ ਹਰਪ੍ਰੀਤ ਸਿੰਘ ਨੇ ਇਸ ਕੇਸ ਦਾ ਰਾਜ਼ੀਨਾਮਾ ਕਰਵਾਉਣ ਲਈ ਉਨ੍ਹਾਂ ਦੇ ਲੜਕੇ ਹਰਜੀਤ ਸਿੰਘ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦੱਸਣਯੋਗ ਹੈ ਕਿ ਨੌਜਵਾਨ ਹਰਜੀਤ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀਣ ਤੋਂ ਪਹਿਲਾਂ ਵੀਡੀਓ ਬਣਾ ਕਿ ਪੁਲੀਸ ਚੌਕੀ ਕੈਰੋਂ ਦੇ ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ ‘ਤੇ ਇਲਜ਼ਾਮ ਲਗਾਏ ਕਿ ਉਸ ਦੀ ਦਰਖਾਸਤ ‘ਤੇ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਕਤ ਥਾਣੇਦਾਰ ਨੇ ਉਸ ਨੂੰ ਧਮਕਾਇਆ ਕਿ ਉਹ ਉਸ ਅਤੇ ਉਸ ਦੇ ਪਰਿਵਾਰ ਉਪਰ ਪਰਚਾ ਦਰਜ ਕਰਵਾ ਦੇਵੇਗਾ ਜਿਸ ਕਾਰਣ ਉਹ ਜ਼ਹਿਰੀਲੀ ਦਵਾਈ ਪੀ ਰਿਹਾ ਹੈ। ਜੇਕਰ ਉਸ ਦੀ ਮੌਤ ਹੁੰਦੀ ਹੈ ਤਾਂ ਪੁਲੀਸ ਥਾਣੇਦਾਰ ਬਲਵਿੰਦਰ ਸਿੰਘ ਤੇ ਉਸ ਦੇ ਘਰ ਗੋਲੀਆਂ ਮਾਰਨ ਵਾਲੇ ਜ਼ਿੰਮੇਵਾਰ ਹੋਣਗੇ।
ਪੁਲੀਸ ਨੇ ਦੋਸ਼ ਨਕਾਰੇ
ਕੈਰੋਂ ਪੁਲੀਸ ਚੌਕੀ ਦੇ ਇੰਚਾਰਜ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੀਡੀਆ ਇਸ ਮਾਮਲੇ ‘ਤੇ ਜਾਣਕਾਰੀ ਲਈ ਪੁਲੀਸ ਥਾਣਾ ਸਿਟੀ ਪੱਟੀ ਨਾਲ ਗੱਲ ਕਰ ਸਕਦਾ ਹੈ। ਥਾਣਾ ਸਿਟੀ ਪੱਟੀ ਦੇ ਐੱਸਐੱਚ ਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਘਰ ਗੋਲੀਆਂ ਵੱਜਣ ਦੀ ਘਟਨਾ ਉਨ੍ਹਾਂ ਦੀ ਤਇਨਾਤੀ ਤੋਂ ਪਹਿਲਾਂ ਦੀ ਹੈ ਤੇ ਪੁਲੀਸ ਮੁਤਾਬਕ ਉਕਤ ਘਟਨਾ ਸ਼ੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਤੇ ਕੱਲ੍ਹ ਦੋਵੇ ਧਿਰਾਂ ਪੁਲੀਸ ਥਾਣੇ ਅੰਦਰ ਇੱਕਠੀਆਂ ਹੋਈਆਂ ਸੀ ਅਤੇ ਦੋਹਾਂ ਧਿਰਾਂ ਨੇ ਸਹਿਮਤੀ ਨਾਲ ਅੱਜ ਰਾਜ਼ੀਨਾਮੇ ਲਈ ਇੱਕਠੇ ਹੋਣਾ ਸੀ। ਡੀਐੱਸਪੀ ਪੱਟੀ ਸਤਨਾਮ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਸਬੰਧੀ ਤੱਥਾਂ ਦੀ ਜਾਂਚ ਕਰਨਗੇ ਤੇ ਪੁਲੀਸ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਜਾਵੇਗਾ।