ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਮਈ
ਦਿੱਲੀ ਵਿਖੇ ਇਨਸਾਫ਼ ਮੰਗ ਰਹੀਆਂ ਦੇਸ਼ ਦੀਆਂ ਪਹਿਲਵਾਨ ਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਖਿੱਚ-ਧੂਹ ਕਰਦਿਆਂ ਬਦਸਲੂਕੀ ਨਾਲ ਹਿਰਾਸਤ ‘ਚ ਲੈਣ ਅਤੇ ਪੁਲੀਸ ਕੇਸ ਦਰਜ ਕਰਨ ਦੇ ਵਿਰੋਧ ਵਿਚ ਅੱਜ ਵੱਖ-ਵੱਖ ਸਮਾਜ ਸੇਵੀਆਂ ਅਤੇ ਖਿਡਾਰੀਆਂ ਵਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ਼ ਭੂਸ਼ਨ ਸ਼ਰਨ ਸਿੰਘ ਦਾ ਪੁਤਲਾ ਫ਼ੂਕਿਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਵਿਖੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੱਤਾ ਅਤੇ ਜਨਿਸ਼ੀ ਸ਼ੋਸ਼ਣ ਦੇ ਦੋਸ਼ ਹੇਠ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅੱਜ ਸਮਾਜ ਸੇਵੀ ਸਤਿੰਦਰ ਸੈਣੀ ਦੀ ਅਗਵਾਈ ਹੇਠ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁੰਨ ਅਤੇ ਖ਼ਿਡਾਰੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਪੁਤਲਾ ਲੈ ਕੇ ਡੀਸੀ ਦਫ਼ਤਰ ਅੱਗੇ ਪੁੱਜੇ। ਡੀਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਪੁਲੀਸ ਬੈਰੀਕੇਡ ਨਾਲ ਪੁਤਲਾ ਖੜਾ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਪੁਤਲੇ ਨੂੰ ਸੁੱਟਿਆ ਗਿਆ ਅਤੇ ਬਾਅਦ ਵਿਚ ਪੁਤਲੇ ਨੂੰ ਫੂਕਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਿੰਦਰ ਸੈਣੀ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਖਿਡਾਰੀ ਸੰਜੇ ਕੁਮਾਰ ਨੇ ਕਿਹਾ ਕਿ ਦੇਸ਼ ਦੀਆਂ ਪਹਿਲਵਾਨ ਧੀਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਉਪਰ ਲਗਾਏ ਜਨਿਸ਼ੀ ਸ਼ੋਸ਼ਣ ਦੇ ਦੋਸ਼ ਅਤਿ ਗੰਭੀਰ ਹਨ। ਇਸ ਮੌਕੇ ਖਿਡਾਰੀਆਂ ‘ਚ ਸਤਿੰਦਰਜੀਤ ਸਿੰਘ, ਸੰਦੀਪ ਸੈਣੀ, ਓਮ ਪ੍ਰਕਾਸ਼ ਗਰਗ, ਪ੍ਰਿਤਪਾਲ ਸਿੰਘ, ਭਲਵਾਨ ਕੇਵਲ ਸਿੰਘ, ਭਲਵਾਨ ਗੁਰਬਖਸ਼ ਸਿੰਘ, ਸੋਨੂੰ ਸੈਣੀ, ਬਾਕਸਰ ਅਲੀ ਖਾਨ, ਪਰਮਾ ਨੰਦ ਤੇ ਮੇਵਾ ਸਿੰਘ ਮੌਜੂਦ ਸਨ।