ਮੁਕੇਸ਼ ਕੁਮਾਰ
ਚੰਡੀਗੜ੍ਹ, 8 ਜੂਨ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ-38 ਨੇੜੇ ਸਥਿਤ ਡੱਡੂ ਮਾਜਰਾ ਵਿੱਚ ਲਗਾਏ ਜਾਣ ਵਾਲੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਤਜਵੀਜ਼ ਦਾ ਵਿਰੋਧ ਜਾਰੀ ਹੈ। ਇਸ ਪ੍ਰਾਜੈਕਟ ਦੇ ਵਿਰੋਧ ਵਿੱਚ ਡੱਡੂ ਮਾਜਰਾ ਵਾਸੀਆਂ ਅਤੇ ‘ਆਪ’ ਕੌਂਸਲਰ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਮੂਹਰੇ ਇੱਥੇ ਇਹ ਪਲਾਂਟ ਨਾ ਲਗਾਉਣ ਦੀ ਅਰਜੋਈ ਕੀਤੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਇਥੇ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਲਈ ਸਮੱਸਿਆ ਬਣੇ ਡੰਪਿੰਗ ਗਰਾਊਂਡ ਦੀ ਸਮੱਸਿਆ ਦੇ ਹੱਲ ਲਈ ਇੱਕ ਪਾਸੇ ਇੱਥੇ ਕੂੜੇ ਦੇ ਪਹਾੜ ਨੂੰ ਖਤਮ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਇਸ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕਰ ਰਿਹਾ ਹੈ ਜਦਕਿ ਦੂਜੇ ਪਾਸੇ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਇੱਥੇ ਇੱਕ ਨਵਾਂ ਗਾਰਬੇਜ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਤਜਵੀਜ਼ ਨੂੰ ਪਾਸ ਕੀਤਾ ਜਾ ਰਿਹਾ ਹੈ।
ਧਰਨੇ ਵਿੱਚ ਸ਼ਾਮਲ ‘ਆਪ’ ਕੌਂਸਲਰ ਨੇ ਕਿਹਾ ਕਿ ਲੰਘੀ 6 ਮਈ ਨੂੰ ਹੋਈ ਨਿਗਮ ਦੇ ਹਾਊਸ ਦੀ ਮੀਟਿੰਗ ਵਿੱਚ ਧੋਖੇ ਨਾਲ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਡੱਡੂਮਾਜਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਨਵਾਂ ਪ੍ਰੋਸੈਸਿੰਗ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ, ਭਾਵੇਂ ਕੁਝ ਵੀ ਹੋ ਜਾਵੇ। ਪਿੰਡ ਡੱਡੂਮਾਜਰਾ ਦੇ ਲੋਕਾਂ ਨੇ ‘ਆਪ’ ਕੌਂਸਲਰ ਕੁਲਦੀਪ ਸਿੰਘ ਟੀਟਾ ਦੀ ਅਗਵਾਈ ਹੇਠ ਨਗਰ ਨਿਗਮ ਖ਼ਿਲਾਫ਼ ਮੋਰਚਾ ਖੋਲ੍ਹ ਕੇ ਇੱਥੇ ਡੱਡੂ ਮਾਜਰਾ ਡੰਪਿੰਗ ਗਰਾਊਂਡ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਪਲਾਂਟ ਦੇ ਵਿਰੋਧ ਵਿੱਚ ‘ਆਪ’ ਆਗੂ ਪ੍ਰੇਮ ਗਰਗ ਨੇ ਲੰਘੇ ਦਨਿ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਡੱਡੂ ਮਾਜਰਾ ਵਿੱਚ ਸਰਵੇਖਣ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਨਿਗਮ ਦੀ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨੂੰ ਲੈ ਕੇ ਪਾਸ ਕੀਤੇ ਗਏ ਮਤੇ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਸੀ। ਦੂਜੇ ਪਾਸੇ ਨਗਰ ਨਿਗਮ ਦੇ ਇਸ ਪ੍ਰਾਜੈਕਟ ਦੇ ਵਿਰੋਧ ਵਿੱਚ ਇਲਾਕੇ ਦੇ ਵਸਨੀਕ ਵੀ ਸੜਕਾਂ ‘ਤੇ ਆ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਇੱਥੇ ਪਹਿਲਾਂ ਹੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਾਂ। ਹੁਣ ਉਹ ਸਮੂਹ ਕਲੋਨੀ ਵਾਸੀ ਕਿਸੇ ਕੀਮਤ ‘ਤੇ ਇੱਥੇ ਹੋਰ ਪਲਾਂਟ ਨਹੀਂ ਲੱਗਣ ਦੇਣਗੇ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨੇ ਨਿਗਮ ਦੇ ਪ੍ਰਸਤਾਵਿਤ ਪਲਾਂਟ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਰੋਸ ਮੁਜ਼ਾਹਰੇ ਵਿੱਚ ਸਮੂਹ ਕਲੋਨੀ ਵਾਸੀਆਂ ਨੇ ਹਿੱਸਾ ਲਿਆ।