ਆਤਿਸ਼ ਗੁਪਤਾ
ਚੰਡੀਗੜ੍ਹ, 29 ਮਈ
ਚੰਡੀਗੜ੍ਹ ਟ੍ਰਾਈਸਿਟੀ ‘ਚ ਅੱਜ ਸ਼ਾਮ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਟ੍ਰਾਈਸਿਟੀ ਦੀਆਂ ਸੜਕਾਂ ਨੂੰ ਜਲ-ਥਲ ਕਰ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਪਰ ਦੂਜੇ ਪਾਸੇ ਸੜਕਾਂ ‘ਤੇ ਵਾਹਨ ਚਲਾਉਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਰਕੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ। ਮਈ ਮਹੀਨੇ ਦੇ ਆਖੀਰ ਵਿੱਚ ਬਦਲੇ ਮੌਸਮ ਕਰਕੇ ਤਾਪਮਾਨ ਵਿੱਚ ਵੀ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਵੀ 30, 31 ਮਈ ਤੇ 1 ਜੂਨ ਤੱਕ ਹਲਕਾ ਮੀਂਹ ਤੇ 30-40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 27.9 ਐੱਮਐੱਮ ਮੀਂਹ ਪਿਆ, ਜਦੋਂ ਕਿ ਮੁਹਾਲੀ ਤੇ ਪੰਚਕੂਲਾ ‘ਚ ਵੀ ਸ਼ਾਮ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਨਵਾਂ ਗਾਉਂ ਤੇ ਨਿਊ ਚੰਡੀਗੜ੍ਹ ਵਾਲੇ ਪਾਸੇ ਕੁਝ ਥਾਵਾਂ ‘ਤੇ ਗੜੇਮਾਰੀ ਵੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ 1.9 ਡਿਗਰੀ ਸੈਲਸੀਅਸ ਘੱਟ ਹਨ। ਮੁਹਾਲੀ ਦਾ ਵੱਧ ਤੋਂ ਵੱਧ ਤਾਪਮਾਨ 36.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 19.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਪੰਚਕੂਲਾ ‘ਚ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਸਿਟੀ ਬਿਊਟੀਫੁੱਲ ‘ਚ ਦੁਪਹਿਰ ਸਮੇਂ ਛਾਈ ਕਾਲੀ ਘਟਾ ਕਰਕੇ ਦਿਨ ਸਮੇਂ ਹੀ ਸ਼ਾਮ ਵਰਗਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸੁਖਨਾ ਝੀਲ, ਰੌਕ ਗਾਰਡਨ ਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ‘ਤੇ ਵੀ ਸੈਲਾਨੀਆਂ ਦੀ ਭੀੜ ਲੱਗੀ ਰਹੀ। ਅਤਿ ਦੀ ਗਰਮੀ ਕਰਕੇ ਸ਼ਹਿਰ ਦੀਆਂ ਸੁੰਨ-ਸਾਨ ਪਈਆਂ ਸੜਕਾਂ ‘ਤੇ ਵੀ ਲੋਕਾਂ ਦੀ ਚਹਿਲ-ਪਹਿਲ ਲੱਗੀ ਰਹੀ।
ਦੋ ਘੰਟੇ ਪਏ ਮੀਂਹ ਕਾਰਨ ਨਿਊ ਚੰਡੀਗੜ੍ਹ ਦੀਆਂ ਮੁੱਖ ਸੜਕਾਂ ਨੇ ਧਾਰਿਆ ਛੱਪੜ ਦਾ ਰੂਪ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਦੁਪਹਿਰ ਵੇਲੇ ਕਰੀਬ ਦੋ ਘੰਟੇ ਹੋਈ ਭਾਰੀ ਬਾਰਸ਼ ਨੇ ਨਿਊ ਚੰਡੀਗੜ੍ਹ ਇਲਾਕੇ ਦੀਆਂ ਮੁੱਖ ਸੜਕਾਂ ਛੱਪੜ ਦਾ ਰੂਪ ਧਾਰ ਗਈਆਂ। ਤੇਜ਼ ਹਵਾਵਾਂ ਚੱਲਣ ਮਗਰੋਂ ਬਾਰਸ਼ ਹੋਣ ਕਾਰਨ ਬਿਜਲੀ ਸਪਲਾਈ ਵੀ ਕੁਝ ਸਮਾਂ ਠੱਪ ਰਹੀ। ਬਾਰਸ਼ ਦਾ ਪਾਣੀ ਨਿਊ ਚੰਡੀਗੜ੍ਹ ਦੀਆਂ ਖਸਤਾ ਹਾਲ ਸੜਕਾਂ ਵਿੱਚ ਭਰ ਗਿਆ। ਪਿੰਡ ਬੂਥਗੜ੍ਹ ਤੋਂ ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ਜਾਣ ਵਾਲੀ ਮੁੱਖ ਪੀ-ਫੋਰ ਮਾਰਗ ਉਤੇ ਓਮੈਕਸ ਰਾਣੀਮਾਜਰਾ ਟੀ ਪੁਆਇੰਟ ਕੋਲ ਪਿਛਲੇ ਕਾਫੀ ਸਮੇਂ ਤੋਂ ਕੱਚਾ ਰਸਤਾ ਹੋਣ ਕਰਕੇ ਬਾਰਸ਼ਾਂ ਦਾ ਪਾਣੀ ਸੜਕ ਵਿੱਚ ਹੀ ਖੜ੍ਹ ਰਿਹਾ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਨਵਾਂ ਗਾਉਂ ਵਿਖੇ ਜਨਤਾ ਕਲੋਨੀ, ਦਸ਼ਮੇਸ਼ ਨਗਰ ਸਮੇਤ ਪਿੰਡ ਛੋਟੀ ਕਰੌਰਾਂ ਵਿਖੇ ਵੀ ਗਲੀਆਂ ਵਿੱਚ ਪਾਣੀ ਖੜ੍ਹ ਗਿਆ। ਲੋਕਾਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਗੰਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲ ਦੇ ਆਧਾਰ ਉਤੇ ਉਪਰਾਲੇ ਕੀਤੇ ਜਾਣ।