ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਜੂਨ
ਬਿਨਾਂ ਕਿਸੇ ਸ਼ਿਕਾਇਤ ਸਿਆਸੀ ਦਬਾਅ ਅਧੀਨ ਲਲਤੋਂ ਕਲਾਂ ਪਾਵਰਕੌਮ ਦੇ ਜੂਨੀਅਰ ਇੰਜਨੀਅਰ ਚਮਕੌਰ ਸਿੰਘ ਦੀ ਬਦਲੀ ਨੂੰ ਰੱਦ ਕਰਵਾਉਣ ਲਈ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਕੁਝ ਧਾਰਮਿਕ ਸੰਗਠਨਾਂ ਨੇ ਵੀ ਲਲਤੋਂ ਕਲਾਂ ਮੰਡਲ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਅਤੇ ਬਦਲੀ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕੌਮ ਪਹਿਲਾਂ ਹੀ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ, ਬਿਜਲੀ ਮੁਲਾਜ਼ਮ ਆਗੂ ਚਮਕੌਰ ਸਿੰਘ ਦੀ ਬਦਲੀ ਬਿਨਾਂ ਕਿਸੇ ਸ਼ਿਕਾਇਤ ਤੋਂ ਕਰ ਦਿੱਤੀ ਗਈ ਹੈ। ਕਈ ਪੰਚਾਇਤਾਂ ਵੱਲੋਂ ਚਮਕੌਰ ਸਿੰਘ ਦੇ ਹੱਕ ਵਿੱਚ ਮਤੇ ਪਾ ਕੇ ਬਦਲੀ ਰੱਦ ਕਰਨ ਲਈ ਪਾਵਰਕੌਮ ਦੇ ਸੀਐੱਮਡੀ ਅਤੇ ਬਿਜਲੀ ਮੰਤਰੀ ਨੂੰ ਮੰਗ-ਪੱਤਰ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਰਸੂਖ਼ਦਾਰ ਵਿਅਕਤੀ ਵੱਲੋਂ ਪਿੰਡ ਦਾਦ ਦੀ ਅਣ-ਅਧਿਕਾਰਤ ਕਲੋਨੀ ਵਿੱਚ ਨਵਾਂ ਬਿਜਲੀ ਕੁਨੈਕਸ਼ਨ ਲਾਉਣ ਲਈ ਚਮਕੌਰ ਸਿੰਘ ਜੇਈ ਨਾਲ ਦੁਰਵਿਹਾਰ ਕਰਦਿਆਂ ਧਮਕੀਆਂ ਦਿੱਤੀਆਂ ਸਨ। ਹਾਲਾਂਕਿ ਚਮਕੌਰ ਸਿੰਘ ਨਾ ਉਸ ਇਲਾਕੇ ਦਾ ਨਿਗਰਾਨ ਹੈ ਅਤੇ ਨਾ ਹੀ ਨਵੇਂ ਕੁਨੈਕਸ਼ਨ ਉਸ ਦੇ ਅਧਿਕਾਰ ਖੇਤਰ ਵਿੱਚ ਹਨ। ਇਸ ਸਬੰਧੀ ਪੁਲੀਸ ਚੌਕੀ ਲਲਤੋਂ ਕਲਾਂ ਵਿੱਚ ਸ਼ਿਕਾਇਤ ਤੋਂ ਭੜਕੇ ਰਸੂਖ਼ਦਾਰ ਨੇ ਸਿਆਸੀ ਦਬਾਅ ਹੇਠ ਚਮਕੌਰ ਸਿੰਘ ਦੀ ਬਦਲੀ ਕਰਵਾ ਦਿੱਤੀ। ਇਸ ਮੌਕੇ ਭਾਕਿਯੂ ਏਕਤਾ (ਉਗਰਾਹਾਂ) ਦੇ ਸੁਖਵੰਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਕਿਸਾਨ-ਮਜ਼ਦੂਰ ਲੋਕ ਅੰਦੋਲਨ ਦੇ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ, ਰਾਜਿੰਦਰ ਸਿੰਘ ਰਾਜੂ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਇਕਬਾਲ ਸਿੰਘ, ਏਟਕ ਦੇ ਆਗੂ ਕਰਤਾਰ ਸਿੰਘ ਨੇ ਸੰਬੋਧਨ ਕੀਤਾ।