ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੂਨ
ਸਥਾਨਕ ਅਕਾਲ ਡਿਗਰੀ ਕਾਲਜ ਫਾਰ ਵਿਮੈੱਨ ਦੇ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਕਾਲਜ ਮੈਨੇਜਮੈਂਟ ਕਮੇਟੀ ਖ਼ਿਲਾਫ਼ ਅਣਮਿਥੇ ਸਮੇਂ ਲਈ ਆਰੰਭਿਆ ਗਿਆ ਰੋਸ ਧਰਨਾ ਤੇ ਲੜੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤੇ ਅਕਾਲ ਬਚਾਓ ਮੰਚ ਨੇ ਅੱਜ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਰੋਸ ਧਰਨੇ ‘ਚ ਸ਼ਮੂਲੀਅਤ ਕੀਤੀ ਤੇ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਸਹਾਇਕ ਪ੍ਰੋਫ਼ੈਸਰਾਂ ਨੂੰ ਸੇਵਾਵਾਂ ਤੋਂ ਫਾਰਗ ਕਰਨ ਦੇ ਫ਼ੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੱਤਾ। ਧਰਨਾਕਾਰੀਆਂ ਨੇ ਸਹਾਇਕ ਪ੍ਰੋਫ਼ੈਸਰਾਂ ਦੀ ਸੁਣਵਾਈ ਕਰਨ ਅਤੇ ਕਾਲਜ ਨੂੰ ਸਰਕਾਰੀ ਕਾਲਜ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ।
ਰੋਸ ਧਰਨੇ ਤੇ ਲੜੀਵਾਰ ਭੁੱਖ ਹੜਤਾਲ ਦੇ ਚੌਥੇ ਦਿਨ ਅੱਜ ਸਹਾਇਕ ਪ੍ਰੋਫ਼ੈਸਰ ਡਾ. ਕਰਮਜੀਤ ਕੌਰ ਤੇ ਡਾ. ਸੋਨੀਆ ਭੁੱਖ ਹੜਤਾਲ ‘ਤੇ ਬੈਠੀਆਂ। ਇਸ ਮੌਕੇ ਸਹਾਇਕ ਪ੍ਰੋਫ਼ੈਸਰਾਂ ਨੇ ਕਿਹਾ ਕਿ ਪਿਛਲੇ ਲਗਪਗ ਅੱਠ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਦਸ ਸਹਾਇਕ ਪ੍ਰੋਫ਼ੈਸਰਾਂ ਨੂੰ ਬਿਨਾਂ ਕਾਰਨ ਦੱਸਿਆਂ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾ ਕਾਲਜ ਮੈਨੇਜਮੈਂਟ ਨੇ ਕੋਈ ਨੋਟਿਸ ਦਿੱਤਾ ਤੇ ਨਾ ਹੀ ਸਰਵਿਸ ਸਕਿਓਰਿਟੀ ਐਕਟ 1974 ਤਹਿਤ ਡਾਇਰੈਕਟਰ ਡੀਪੀਆਈ ਕਾਲਜਾਂ ਦੀ ਪ੍ਰਵਾਨਗੀ ਲਈ ਹੈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਬੀਏ ਕੋਰਸ ਵਿੱਚ ਸੇਵਾਵਾਂ ਨਿਭਾਅ ਰਹੇ ਸਹਾਇਕ ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਫਾਰਗ ਕਰਨਾ ਇੱਕ ਤਾਨਾਸ਼ਾਹੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸਹਾਇਕ ਪ੍ਰੋਫ਼ੈਸਰਾਂ ਦੇ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ, ਜਥੇਬੰਦੀ ਉਸ ਵਿੱਚ ਭਰਵੀਂ ਸ਼ਮੂਲੀਅਤ ਕਰੇਗੀ। ਰੋਸ ਧਰਨੇ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ।