ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਮਾਰਚ
ਕਦੇ ਘਰਾਂ ਵਿਚ ਕੜੀਆਂ, ਬਾਲਿਆਂ ਤੇ ਸਤੀਰਾਂ ਵਿਚ ਆਲ੍ਹਣੇ ਬਣਾ ਕੇ ਆਪਣੇ ਬੱਚੇ ਪਾਲਦੀਆਂ ਚਹਿ-ਚਹਾਉਂਦੀਆਂ ਘਰੇਲੂ ਚਿੜੀਆਂ ਅੱਜ ਕੱਲ੍ਹ ਪੰਜਾਬ ਵਿਚੋਂ ਖ਼ਾਤਮੇ ਦੀ ਕਗਾਰ ‘ਤੇ ਹਨ ਪਰ ਲਛਮਣ ਦਾਸ ਨੇ ਇਸ ਸਮੇਂ ਪzwnj;zwnj;ਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਵਿਚ 400 ਤੋਂ ਵੱਧ ਚਿੜੀਆਂ ਰੱਖੀਆਂ ਹੋਈਆਂ ਹਨ। ਪਟਿਆਲਾ ਦੇ ਜੰਗਲਾਤ ਵਿਭਾਗ ਨੇ ਲਛਮਣ ਦਾਸ ਨੂੰ ‘ਟੋਨੀ ਸਪੈਰੋਮੈਨ’ ਦਾ ਨਾਮ ਦਿੱਤਾ।
ਲਣਮਣ ਦਾਸ ਨੇ ਦੱਸਿਆ ਕਿ ਉਹ ਪਹਿਲਾਂ ਲਾਲ ਬਾਗ਼ ਵਿਚ ਰਹਿੰਦਾ ਸੀ, ਜਿੱਥੇ ਉਸ ਦੇ ਪੁਰਾਣੇ ਬਣੇ ਘਰ ਦੇ ਅੰਦਰ ਘਰੇਲੂ ਚਿੜੀਆਂ ਆਮ ਰਹਿੰਦੀਆਂ ਸਨ, ਪਰ ਜਦੋਂ 2004 ਵਿਚ ਉਹ ਗੁਰੂ ਨਾਨਕ ਨਗਰ ਵਿਚ ਆਇਆ ਤਾਂ ਇੱਥੇ ਘਰੇਲੂ ਚਿੜੀਆਂ ਦਾ ਕਿਤੇ ਨਾਮ ਨਿਸ਼ਾਨ ਵੀ ਨਹੀਂ ਸੀ। ਇੱਕ ਦਨਿ ਉਸ ਨੇ 22 ਨੰਬਰ ਫਾਟਕ ਤੋਂ ਆਲ੍ਹਣੇ ਲਿਆਂਦੇ ਤੇ ਦੋ ਬਣਾਉਟੀ ਚਿੜੀਆਂ ਵੀ ਲਿਆ ਕੇ ਉਨ੍ਹਾਂ ਆਲ੍ਹਣਿਆਂ ਵਿਚ ਰੱਖ ਦਿੱਤੀਆਂ। ਹੌਲੀ ਹੌਲੀ ਉਸ ਆਲ੍ਹਣੇ ਵਿਚ ਚਿੜੀਆਂ ਦਾ ਜੋੜਾ ਆ ਕੇ ਰਹਿਣ ਲੱਗ ਪਿਆ। ਹੌਲੀ ਹੌਲੀ ਚਿੜੀਆਂ ਦੀ ਗਿਣਤੀ ਵਧਣ ਲੱਗ ਪਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਕਾਨ ਦੀਆਂ ਤਿੰਨਾਂ ਮੰਜ਼ਿਲਾ ‘ਤੇ ਹੀ ਆਲ੍ਹਣੇ ਲਟਕਾ ਦਿੱਤੇ। ਹੁਣ ਘਰ ਚਿੜੀਆਂ ਦੀ ਗਿਣਤੀ ਚਾਰ ਸੌ ਤੋਂ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਚਿੜੀਆਂ ਨੂੰ ਰੋਟੀ, ਬਾਜਰੇ ਦੇ ਦਾਣੇ ਤੇ ਕੰਗਣੀ ਖੁਰਾਕ ਵਜੋਂ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਚਿੜੀਆਂ ‘ਤੇ ਖੁਰਾਕ ਤੋਂ ਇਲਾਵਾ ਹਜ਼ਾਰ ਕੁ ਰੁਪਏ ਖ਼ਰਚ ਆ ਜਾਂਦਾ ਹੈ। ਲਛਮਣ ਦਾਸ ਨੇ ਕਿਹਾ ਕਿ ਪਹਿਲਾਂ ਪਹਿਲਾਂ ਉਸਦੀ ਮਾਤਾ ਉਸ ਦੀ ਮਦਦ ਕਰਦੀ ਸੀ, ਹੁਣ ਸਾਰਾ ਪਰਿਵਾਰ ਹੀ ਇਨ੍ਹਾਂ ਚਿੜੀਆਂ ਦੀ ਰਖਵਾਲੀ ਕਰਨ ਵਿਚ ਲੱਗਿਆ ਹੋਇਆ ਹੈ। ਇਨ੍ਹਾਂ ਚਿੜੀਆਂ ਦੀ ਰਖਵਾਲੀ ਕਰਨ ਕਰਕੇ ਜੰਗਲਾਤ ਵਿਭਾਗ ਨੇ ਉਸ ਨੂੰ ਟੋਨੀ ਸਪੈਰੋਮੈਨ ਦਾ ਨਾਮ ਦਿੱਤਾ ਹੋਇਆ ਹੈ।