ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਅੱਜ ਪਿੰਡ ਸੰਗਤਪੁਰਾ ਵਿੱਚ ਨਹਿਰੀ ਵਿਭਾਗ ਦੀ ਨਿਲਾਮ ਰੈਸਟ ਹਾਊਸ ਦੇ ਕਬਜ਼ਾ ਵਾਰੰਟ ਖ਼ਿਲਾਫ਼ ਜਿੱਥੇ ਕਿਸਾਨਾਂ ਨੇ ਮੋਰਚਾ ਸੰਭਾਲਿਆ, ਉੱਥੇ ਜ਼ਮੀਨ ਦਾ ਕਬਜ਼ਾ ਲੈਣ ਲਈ ਕੋਈ ਵੀ ਸਰਕਾਰੀ ਅਧਿਕਾਰੀ ਕਬਜ਼ਾ ਲੈਣ ਲਈ ਨਹੀਂ ਪਹੁੰਚਿਆ। ਨਹਿਰੀ ਵਿਭਾਗ ਦੇ ਐੱਸਡੀਓ ਅਨੁਸਾਰ ਅੱਜ ਸੁਰੱਖਿਆ ਲਈ ਪੁਲੀਸ ਨਾ ਮਿਲਣ ਕਰਕੇ ਬੋਲੀ ਭਵਿੱਖ ਵਿੱਚ ਕਰਵਾਈ ਜਾਵੇਗੀ।
ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਰੈਸਟ ਹਾਊਸ ਦੇ ਵਾਰ-ਵਾਰ ਵਾਰੰਟ ਕਬਜ਼ਾ ਲੈ ਕੇ ਰੈਸਟ ਹਾਊਸ ਦੇ ਖ਼ਰੀਦਦਾਰ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ।
ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੂੰ ਇਹ ਲੱਗਦਾ ਹੈ ਕਿ ਸਵਿਲ ਪ੍ਰਸ਼ਾਸਨ, ਪੁਲੀਸ ਬਲ ਨਾਲ 24 ਸਾਲ ਪਹਿਲਾਂ ਵੇਚੇ ਇਸ ਰੈਸਟ ਹਾਊਸ ਦਾ ਕਬਜ਼ਾ ਲੈ ਲਵੇਗਾ ਤਾਂ ਇਹ ਉਸ ਦਾ ਵੱਡਾ ਭੁਲੇਖਾ ਹੋਵੇਗਾ। ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਕਿਸੇ ਕਿਸਾਨ ਤੋਂ ਜ਼ਮੀਨ ਦਾ ਕਬਜ਼ਾ ਨਹੀਂ ਲਿਆ ਜਾਵੇਗਾ ਸਗੋਂ ਜ਼ਮੀਨ ਦੀ ਬਣਦੀ ਕੀਮਤ ਤੋਂ ਵੀ ਘੱਟ ਕੀਮਤ ਲੈ ਕੇ ਉਸ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇਗਾ ਪਰ ਦੂਸਰੇ ਪਾਸੇ ਸਭ ਤੋਂ ਵੱਧ ਬੋਲੀ ਉੱਪਰ ਇਸ ਜ਼ਮੀਨ ਦੇ ਖ਼ਰੀਦਦਾਰ ਨੂੰ ਪੈਸੇ ਭਰਨ ਦੇ ਬਾਵਜੂਦ ਵਾਰ-ਵਾਰ ਵਾਰੰਟ ਕਬਜ਼ਾ ਲੈ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜ਼ਮੀਨ ਦੇ ਖ਼ਰੀਦਦਾਰ ਦੀਪਇੰਦਰਪਾਲ ਸਿੰਘ ਕਿਹਾ ਕਿ ਉਨ੍ਹਾਂ ਵਿਭਾਗ ਨੂੰ ਆਪਣੇ ਵੱਲੋਂ ਖ਼ਰੀਦੀ ਜ਼ਮੀਨ ਦੀ ਸਾਰੀ ਕੀਮਤ ਅਦਾ ਕਰ ਚੁੱਕੇ ਹਨ ਪਰ ਉਨ੍ਹਾਂ ਕੋਲੋਂ ਇਹ ਜ਼ਮੀਨ ਖੋਹਣ ਲਈ ਵਿਭਾਗ ਨੇ 6.71 ਲੱਖ ਰੁਪਏ ਦਾ ਚੈੱਕ ਕੈਸ਼ ਹੀ ਨਹੀਂ ਕਰਵਾਇਆ ਹੈ।