ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੂਨ
ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬੇ ਭਰ ਵਿੱਚ ਪਾਵਰਕੌਮ ਦੇ ਉਪ ਮੰਡਲ ਅਤੇ ਮੰਡਲ ਦਫ਼ਤਰਾਂ ਅੱਗੇ ਰੋਸ ਧਰਨਿਆਂ ਦੇ ਉਲੀਕੇ ਪ੍ਰੋਗਰਾਮ ਤਹਿਤ ਇੱਥੇ ਪਾਵਰਕੌਮ ਦੇ ਦਿਹਾਤੀ ਮੰਡਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਭਾਕਿਯੂ ਏਕਤਾ ਅਜ਼ਾਦ ਦੇ ਜ਼ਿਲ੍ਹਾ ਆਗੂ ਰਾਜਪਾਲ ਸਿੰਘ ਮੰਗਵਾਲ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ‘ਚ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਚੋਣ ਵਾਅਦੇ ਮੁਤਾਬਕ ਬਿਨਾ ਸ਼ਰਤ 300 ਯੂਨਿਟ ਦੀ ਬਿਜਲੀ ਮੁਆਫ਼ੀ ਦੀ ਸਹੂਲਤ ਸਾਰੇ ਲੋਕਾਂ ਨੂੰ ਦੇਵੇ ਅਤੇ ਘਰੇਲੂ ਬਿਜਲੀ ਮੀਟਰ ਸੜ ਜਾਣ ਦੀ ਸੂਰਤ ਵਿੱਚ ਜ਼ਬਰੀ ਪ੍ਰੀਪੇਡ/ਸਮਾਰਟ ਮੀਟਰ ਲਾਉਣ ਲਈ ਮਜਬੂਰ ਕਰਨਾ ਬੰਦ ਕਰਕੇ ਪਹਿਲਾਂ ਵਾਲੀ ਤਕਨੀਕ ਦੇ ਮੀਟਰ ਲਾਉਣੇ ਯਕੀਨੀ ਬਣਾਵੇ। ਘਰੇਲੂ ਬਿਜਲੀ ਸਪਲਾਈ ਅਧੀਨ ਸਾਰੇ ਓਵਰਲੋਡ ਗਰਿੱਡ, ਫੀਡਰ ਅਤੇ ਟਰਾਂਸਫ਼ਾਰਮਰਾਂ ਨੂੰ ਡੀ-ਲੋਡ ਕਰਕੇ ਵੱਡੇ-ਵੱਡੇ ਪੀਸੀ ਕੱਟ ਲਾਉਣੇ ਬੰਦ ਕੀਤੇ ਜਾਣ। ਖੇਤੀ ਮੋਟਰਾਂ ਦੇ ਲੋਡ ਵਧਾਉਣ ਲਈ ਵੀਡੀਐੱਸ ਸਕੀਮ ਤਹਿਤ ਸਰਵਿਸ ਫ਼ੀਸ 200 ਪ੍ਰਤੀ ਹਾਰਸ ਪਾਵਰ ਕੀਤੀ ਜਾਵੇ ਤੇ ਇਹ ਸਕੀਮ ਸਾਰਾ ਸਾਲ ਚਾਲੂ ਰੱਖੀ ਜਾਵੇ। ਇੱਕ ਪੋਲ ‘ਤੇ ਰੱਖੇ ਸਾਰੇ ਟਰਾਂਸਫਾਰਮਰਾਂ ਨੂੰ ਜੋੜੇ ਖੰਭਿਆਂ ਉੱਤੇ ਕੀਤਾ ਜਾਵੇ। ਖੇਤੀ ਮੋਟਰਾਂ ਦੀ ਹਾਰਸ ਪਾਵਰ 20 ਹਾਰਸ ਪਾਵਰ ਤੋਂ ਵਧਾ ਕੇ 30 ਹਾਰਸ ਪਾਵਰ ਤੱਕ ਕੀਤਾ ਜਾਵੇ, ਪੁਰਾਣੀਆਂ ਨਕਾਰਾ ਤਾਰਾਂ ਤੇ ਖੰਭਿਆਂ ਨੂੰ ਬਦਲਿਆ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਖੱਜਲ-ਖੁਆਰੀ ਘਟਾਉਣ ਲਈ ਵਾਧੂ ਟਰਾਂਸਫਾਰਮਰ ਤੇ ਲੋੜੀਂਦਾ ਸਾਜ਼ੋ-ਸਾਮਾਨ ਡਵੀਜ਼ਨ ਪੱਧਰ ‘ਤੇ ਉਪਲੱਬਧ ਕਰਵਾਇਆ ਜਾਵੇ। 1992 ਤੋਂ ਸਕਿਉਰਟੀਆਂ ਭਰੀ ਬੈਠੇ ਪੰਜ ਏਕੜ ਤੱਕ ਦੇ ਸਾਰੇ ਮਾਲਕ ਕਿਸਾਨਾਂ ਨੂੰ ਕੁਨੈਕਸ਼ਨ ਜਾਰੀ ਕੀਤੇ ਜਾਣ। ਸ਼ਿਕਾਇਤ ਕੇਂਦਰਾਂ ਦੇ ਘੱਟੋ-ਘੱਟ ਚਾਰ ਮੁਲਾਜ਼ਮ ਪੱਕੇ ਭਰਤੀ ਕੀਤੇ ਜਾਣ ਤੇ ਖਾਲੀ ਪਈਆਂ ਸਾਰੀਆਂ ਅਸਾਮੀਆਂ ‘ਤੇ ਪੱਕੀ ਭਰਤੀ ਕੀਤੀ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਝੋਨਾਂ ਲਾਉਣ ਦੀ ਤਰੀਕ 10 ਜੂਨ ਕੀਤੀ ਜਾਵੇ ਤੇ ਘੱਟ ਸਮਾਂ ਲੈਣ ਵਾਲੀਆਂ ਬਾਸਮਤੀ ਕਿਸਮਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਤੇ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਧਰਨੇ ਨੂੰ ਰਾਜਪਾਲ ਸਿੰਘ ਮੰਗਵਾਲ, ਮੁਖਤਿਆਰ ਸਿੰਘ ਖੁਰਾਣਾ, ਨਾਨਕ ਸਿੰਘ ਥਲੇਸਾਂ, ਨਾਜਰ ਸਿੰਘ ਬਲਵਾੜ ਕਲਾਂ ਅਤੇ ਮਨਦੀਪ ਸਿੰਘ ਛੰਨਾਂ ਨੇ ਸੰਬੋਧਨ ਕੀਤਾ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਨਦਾਮਪੁਰ ਦੇ ਪਾਵਰਕੌਮ ਐੱਸਡੀਓ ਦਫ਼ਤਰ ਅੱਗੇ ਧਰਨਾ ਲਗਾਇਆ। ਯੂਨੀਅਨ ਦੇ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਜਸਵੰਤ ਸਿੰਘ ਸਦਰਪੁਰ ਅਤੇ ਬਲਾਕ ਆਗੂ ਬਲਵਿੰਦਰ ਸਿੰਘ ਲੱਖੇਵਾਲ ਨੇ ਦੱਸਿਆ ਕਿ ਧਰਨੇ ਉਪਰੰਤ ਪਾਵਰਕੌਮ ਦੇ ਐੱਸਡੀਓ ਗੁਰਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਇਹ ਮੰਗ ਪੱਤਰ ਸਰਕਾਰ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਾਵਰਕੌਮ ਦੇ ਐਕਸੀਅਨ ਦੇ ਮੁੱਖ ਦਫ਼ਤਰਾਂ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਲਾਕ ਪ੍ਰਧਾਨ ਲੀਲਾ ਸਿੰਘ ਚੋਟੀਆਂ ਤੇ ਲਾਭ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਘਰੇਲੂ ਬਿਜਲੀ ਮੀਟਰ ਸੜਣ ‘ਤੇ ਜ਼ਬਰੀ ਪ੍ਰੀਪੇਡ/ਸਮਾਰਟ ਮੀਟਰ ਲਾਏ ਜਾ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਘਰੇਲੂ ਬਿਜਲੀ ਸਪਲਾਈ ਅਧੀਨ ਸਾਰੇ ਓਵਰਲੋਡ ਗਰਿੱਡ, ਫੀਡਰਤੇ ਟਰਾਂਸਫਾਰਮਰਾਂ ਨੂੰ ਡੀ ਲੋਡ ਕਰਕੇ ਬਿਜਲੀ ਕੱਟ ਲਾਉਣੇ ਬੰਦ ਕੀਤੇ ਜਾਣ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਬਿਨਾ ਸ਼ਰਤ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਸੂਰਜਮੁਖੀ ਦੀ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ।
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਚਿੱਪ ਵਾਲੇ ਮੀਟਰਾਂ ਅਤੇ ਪਾਵਰਕੌਮ ਨਾਲ ਸਬੰਧਿਤ ਹੋਰਨਾਂ ਕਿਸਾਨੀ ਮੰਗਾਂ ਸਬੰਧੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸਥਾਨਕ ਪਾਵਰਕੌਮ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਸੂਬਾ ਆਗੂ ਜਸਵਿੰਦ ਸਿੰਘ ਲੌਂਗੋਵਾਲ ਨੇ ਮੰਗ ਕੀਤੀ ਕਿ ਝੋਨੇ ਦੀ ਬਿਜਾਈ ਲਈ 10 ਜੂਨ ਤੋਂ ਨਿਰਵਿਘਨ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਤੋਂ ਇਲਾਵਾ ਕਿਸਾਨੀ ਨਾਲ ਸੰਬੰਧਿਤ 15 ਹੋਰ ਮੰਗਾਂ ਦੀ ਪੂਰਤੀ ਲਈ ਐੱਸਡੀਓ ਲੌਂਗੋਵਾਲ ਨੂੰ ਮੰਗ ਪੱਤਰ ਦਿੱਤਾ ਗਿਆ।
ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਇੱਥੇ ਅੱਜ ਜਸਵੀਰ ਸਿੰਘ ਮੈਦੇਵਾਸ ਦੀ ਅਗਵਾਈ ਹੇਠ ਪਾਵਰਕੌਮ ਚੀਮਾ ਦੇ ਐੱਸਡੀਓ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਗੋਵਾਲ ਤੇ ਹੈਪੀ ਨਮੋਲ, ਮਤਵਾਲ ਨਮੋਲ, ਸਤਪਾਲ ਤੋਲਾਵਾਲ, ਕ੍ਰਿਸ਼ਨ ਤੋਲਾਵਾਲ, ਹਰਬੰਸ ਤੋਲਾਵਾਲ, ਤੇਜ ਸ਼ਾਹਪੁਰ, ਜੱਗਰ ਸ਼ਾਹਪੁਰ, ਪਰਮਜੀਤ ਮੈਦੇਵਾਸ, ਨਿਰਭੈ ਸਿੰਘ, ਰਾਮਪਾਲ ਸ਼ਰਮਾ, ਦਰਸ਼ਨ ਨੀਲੋਵਾਲ, ਗੁਰਜਿੰਦਰ ਝਾੜੋਂ ਅਤੇ ਸੁਖਦੇਵ ਚੀਮਾ ਨੇ ਸੰਬੋਧਨ ਕੀਤਾ।