ਬੀਰਬਲ ਰਿਸ਼ੀ
ਸ਼ੇਰਪੁਰ, 28 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋ. ਓਂਕਾਰ ਸਿੰਘ ਦੇ ਯਤਨਾਂ ਸਦਕਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਨੌਵੇਂ ਅਤੇ ਦਸਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਨਗਰ ਮੂਲੋਵਾਲ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਅੰਮ੍ਰਿਤਸਰ ਤੱਕ ਤਕਰੀਬਨ ਸਾਢੇ ਕੁ ਪੰਜ ਮਹੀਨੇ ਪਹਿਲਾਂ ਪੀਆਰਟੀਸੀ ਬਰਨਾਲਾ ਡਿੱਪੂ ਦੀ ਚਲਾਈ ਬੱਸ ਬਿਨਾ ਕਿਸੇ ਅਗਾਊਂ ਜਾਣਕਾਰੀ ਦੇ ਬੰਦ ਕਰ ਦਿੱਤੀ ਗਈ। ਉਂਜ ਉਕਤ ਬੱਸ ਹੁਣ ਮੁੱਖ ਮੰਤਰੀ ਦੇ ਹਲਕੇ ਦੇ ਧੂਰੀ, ਮੂਲੋਵਾਲ ਤੇ ਹੋਰ ਪਿੰਡਾਂ ਦੀ ਥਾਂ ਹੁਣ ਬਰਨਾਲਾ ਤੋਂ ਅੰਮ੍ਰਿਤਸਰ ਨੂੰ ਚੱਲ ਰਹੀ ਹੈ। ਅੱਜ ਸਵੇਰੇ ਸਮੇਂ ਅੰਮ੍ਰਿਤਸਰ ਨੂੰ ਗੁਰੂ ਘਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਜਿਸ ਤੋਂ ਇਲਾਕੇ ਦੇ ਲੋਕ ਪੀਆਰਟੀਸੀ ਬਰਨਾਲਾ ਡਿੱਪੂ ਦੇ ਇਸ ਲੋਕ ਵਿਰੋਧੀ ਫੈਸਲੇ ਤੋਂ ਗੁੱਸੇ ਵਿੱਚ ਹਨ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਮੰਗ ਕੀਤੀ ਕਿ ਬੱਸ ਤੁਰੰਤ ਚਾਲੂ ਕੀਤੀ ਜਾਵੇ। ਵਿਭਾਗੀ ਮੁਲਾਜ਼ਮ ਵੱਲੋਂ ਸਿਰਫ਼ ਬੱਸ ਬੰਦ ਹੋਣ ਦੀ ਪੁਸ਼ਟੀ ਕੀਤੀ ਗਈ। ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।