ਐੱਨਪੀ ਧਵਨ
ਪਠਾਨਕੋਟ, 26 ਮਈ
ਪਠਾਨਕੋਟ ਪੁਲੀਸ ਨੇ ਇੱਕ ਨੌਕਰੀ ਘੁਟਾਲੇ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਧੋਖਾ ਦਿੰਦੇ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਡਾ. ਰਾਜ ਕੁਮਾਰ ਪੁੱਤਰ ਬੂਟੀ ਰਾਮ ਵਾਸੀ ਕਬੀਰ ਦਾਸ ਕਲੌਨੀ, ਸਰਨਾ (ਪਠਾਨਕੋਟ) ਅਤੇ ਲੱਖਾ ਰਾਮ ਪੁੱਤਰ ਮੰਗਲ ਰਾਮ ਵਾਸੀ ਜ਼ੀਰਕਪੁਰ, ਮੁਹਾਲੀ ਵੱਜੋਂ ਹੋਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਧੋਖਾਧੜੀ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤ ਹਰਪ੍ਰੀਤ ਸਿੰਘ ਅਤੇ ਰਜਿੰਦਰ ਕੁਮਾਰ ਨੇ ਪਠਾਨਕੋਟ ਪੁਲੀਸ ਦੇ ਆਰਥਿਕ ਅੰਕੜਾ ਵਿੰਗ ਨੂੰ ਆਪਣੀਆਂ ਸ਼ਿਕਾਇਤਾਂ ਦਿੱਤੀਆਂ ਜਿਸ ‘ਤੇ ਵਿੰਗ ਦੀ ਇੰਚਾਰਜ ਗੁਰਪ੍ਰੀਤ ਕੌਰ ਨੇ ਜਾਂਚ ਦੌਰਾਨ ਦਸਤਾਵੇਜ਼ਾਂ ਦੇ ਫਰਜ਼ੀ ਰੂਪ ਦਾ ਪਰਦਾਫਾਸ਼ ਕੀਤਾ। ਆਈਪੀਸੀ ਦੀਆਂ ਧਾਰਾਵਾਂ 420, 467, 468, 471 ਆਦਿ ਤਹਿਤ ਦਰਜ ਕੀਤੀ ਗਈ ਐਫਆਈਆਰ ‘ਤੇ ਕਾਰਵਾਈ ਕਰਦੇ ਹੋਏ, ਥਾਣਾ ਡਵੀਜ਼ਨ ਨੰਬਰ 1 ਦੇ ਐਸਐਚਓ ਇੰਸਪੈਕਟਰ ਮਨਦੀਪ ਸਲਗੋਤਰਾ ਦੀ ਟੀਮ ਨੇ ਧੋਖੇਬਾਜ਼ਾਂ ਦੇ ਇੱਕ ਨੈਟਵਰਕ ਦਾ ਪਤਾ ਲਗਾਇਆ ਅਤੇ 89 ਲੱਖ ਤੋਂ ਵੱਧ ਦੀ ਰਕਮ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ।
ਤਫਤੀਸ਼ ਦੌਰਾਨ ਮੁਲਜ਼ਮ ਰਾਜ ਕੁਮਾਰ ਨੇ ਇਸ ਅਪਰਾਧਿਕ ਧੰਦੇ ਵਿੱਚ ਸ਼ਾਮਲ ਆਪਣੇ ਸਾਥੀਆਂ ਬਾਰੇ ਜਾਣਕਾਰੀ ਦਿੱਤੀ। ਸਾਥੀਆਂ ਦੀ ਸੂਚੀ ਵਿੱਚ ਵੱਖ-ਵੱਖ ਥਾਵਾਂ ਦੇ ਵਿਅਕਤੀ ਸ਼ਾਮਲ ਹਨ। ਮੁਲਜ਼ਮਾਂ ਨੇ ਵੱਖ-ਵੱਖ ਵਿਅਕਤੀਆਂ ਤੋਂ ਪੈਸੇ ਲਏ ਹਨ ਜਨਿ੍ਹਾਂ ਨੂੰ ਐਫਸੀਆਈ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਫਿਰ ਫੰਡ ਲੱਖਾ ਰਾਮ ਨੂੰ ਟਰਾਂਸਫਰ ਕਰ ਦਿੱਤੇ ਗਏ ਅਤੇ ਦਿੱਲੀ ਸਥਿਤ ਕੁਝ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ। ਲਗਪਗ 19 ਵਿਅਕਤੀ ਇਨ੍ਹਾਂ ਦੇ ਇਸ ਫਰਜ਼ੀ ਨੌਕਰੀ ਘੁਟਾਲਿਆਂ ਦਾ ਸ਼ਿਕਾਰ ਹੋਏ। ਧੋਖਾਧੜੀ ਵਾਲੇ ਲੈਣ-ਦੇਣ ਦੀ ਇਕੱਠੀ ਹੋਈ ਕੁੱਲ ਰਕਮ 89,52,000 ਰੁਪਏ ਹੈ।