ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਜੂਨ
ਇਥੋਂ ਦੀ ਆਮ ਆਦਮੀ ਪਾਰਟੀ ਵਿਚ ਪਿਆ ਕਲੇਸ਼ ਉਦੋਂ ਹੋਰ ਤਿੱਖਾ ਹੋ ਗਿਆ ਜਦੋਂ ਆਪ ਦੇ 7 ਆਗੂਆਂ ਜਨਿ੍ਹਾਂ ਨੂੰ ਜਬਰੀ ਵਸੂਲੀ ਕਰਨ ਅਤੇ ਹੋਰ ਦੋਸ਼ਾਂ ਅਧੀਨ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਸੀ, ਨੇ ਵੱਡੇ ਖੁਲਾਸੇ ਕਰ ਦਿੱਤੇ। ਅੱਜ ਜ਼ਮਾਨਤ ‘ਤੇ ਆਉਣ ਤੋਂ ਕਰੀਬ 4 ਹਫ਼ਤੇ ਬਾਅਦ ਉਹ ਪਹਿਲੀ ਵਾਰ ਖੁੱਲ੍ਹ ਕੇ ਲੋਕਾਂ ਸਾਹਮਣੇ ਆਏ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਤੇ ਨਗਰ ਕੌਂਸਲ ਅਧਿਕਾਰੀਆਂ ਨੇ ਸਿੱਧੇ ਤੇ ਅਸਿੱਧੇ ਤੌਰ ‘ਤੇ ਵੱਡੀ ਕੁਰੱਪਸ਼ਨ ਨੂੰ ਲੁਕਾਉਣ ਲਈ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ।
ਇਸ ਮੌਕੇ ਗੁਰਦੀਪ ਸਿੰਘ ਦੀਪੂ, ਰਾਜਵੀਰ ਸ਼ਰਮਾ, ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਤਰਿੰਦਰ ਸਿੰਘ ਗਿੱਲ, ਰਾਜ ਕੁਮਾਰ ਜੱਸਲ ਅਤੇ ਪ੍ਰਸ਼ਾਂਤ ਡੰਗ ਨੇ ਕਿਹਾ ਕਿ ਸ਼ਹਿਰ ਵਿਚ ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ ਅਤੇ ਇਸ ਗੱਲ ਦਾ ਸਬੂਤ ਹੈ ਕਿ ਪੁਲੀਸ ਆਮ ਤੌਰ ‘ਤੇ ਅਜਿਹੀਆਂ ਸੰਗੀਨ ਧਰਾਵਾਂ ‘ਤੇ ਵੀ ਕਈ ਹਫਤੇ ਕਾਰਵਾਈ ਨਹੀਂ ਕਰਦੀ ਪ੍ਰੰਤੂ ਸਾਡੇ ‘ਤੇ ਮਿੰਟਾਂ ਵਿਚ ਹੀ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਵੀ ਪਾ ਦਿੱਤੀ, ਜੋ ਬਨਿ੍ਹਾਂ ਕਿਸੇ ਵੱਡੇ ਦਬਾਅ ਤੋਂ ਨਹੀਂ ਹੋ ਸਕਦਾ। ਉਪਰੋਕਤ ਆਗੂਆਂ ਨੇ ਕਿਹਾ ਕਿ ਕੌਂਸਲ ਦੀਆਂ ਦੁਕਾਨਾਂ ਤੇ ਲੈਟਰ ਰਾਤ ਸਮੇਂ ਨਜਾਇਜ਼ ਤੌਰ ‘ਤੇ ਪੁਲੀਸ ਦੀ ਸਰਪ੍ਰਸਤੀ ਵਿਚ ਬਦਲੇ ਜਾ ਰਹੇ ਸਨ ਅਤੇ ਅਸੀਂ ਸਰਕਾਰੀ ਜਾਇਦਾਦ ‘ਤੇ ਕੀਤੀ ਜਾ ਰਹੀ ਨਾਜਾਇਜ਼ ਕਾਰਵਾਈ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਾਰਟੀ ਦੇ ਵੱਡੇ ਅਹੁਦੇ ਹਨ ਅਤੇ ਉਨ੍ਹਾਂ ਦਾ ਫਰਜ਼ ਹੈ ਕਿ ਉਹ ਕਿਸੇ ਵੀ ਗਲਤ ਕੰਮ ਨੂੰ ਰੋਕਣ।