ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੂਨ
ਜਰਮਨੀ ਵਿੱਚ ਬੀਤੀ 25 ਜੂਨ ਨੂੰ ਖਤਮ ਹੋਈਆਂ ਸਪੈਸ਼ਲ ਓਲੰਪਿਕ ਵਿਸ਼ਵ ਸਮਰ ਖੇਡਾਂ ਵਿੱਚੋਂ ਤਗ਼ਮੇ ਜਿੱਤ ਕੇ ਪਰਤੇ ਪੰਜਾਬ ਦੇ ਖਿਡਾਰੀਆਂ ਦਾ ਇੱਥੇ ਪਹੁੰਚਣ ‘ਤੇ ਡਿਸਟ੍ਰਿਕ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ ਲੁਧਿਆਣਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਅਨੁਸਾਰ ਇੰਨ੍ਹਾਂ ਖੇਡਾਂ ਵਿੱਚ 190 ਦੇਸ਼ਾਂ ਦੇ ਸੱਤ ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ। ਭਾਰਤ ਵੱਲੋਂ ਗਏ ਖਿਡਾਰੀਆਂ ਨੇ 76 ਸੋਨੇ, 75 ਚਾਂਦੀ ਅਤੇ 51 ਕਾਂਸੇ ਦੇ ਤਗ਼ਮੇ ਜਿੱਤੇ। ਇੰਨਾਂ ਵਿੱਚੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਗਏ ਖਿਡਾਰੀਆਂ ਨੇ ਅਥਲੈਟਿਕ, ਰੋਲਰ ਸਕੈਟਿੰਗ, ਬਾਸਕਟਬਾਲ, ਫੁਟਬਾਲ ਅਤੇ ਹੈਂਡਬਾਲ ਵਿੱਚ ਤਗ਼ਮੇ ਹਾਸਲ ਕੀਤੇ। ਇੰਨਾਂ ਖਿਡਾਰੀਆਂ ‘ਚ ਅੰਮ੍ਰਿਤਸਰ ਦੇ ਐੱਮਡੀ ਨਿਸਾਰ ਨੇ ਰੋਲਰ ਸਕੇਟਿੰਗ ਵਿੱਚ, ਲੁਧਿਆਣਾ ਦੇ ਜਤਿੰਦਰ ਸਿੰਘ ਨੇ ਫੁਟਬਾਲ ‘ਚ, ਫਰੀਦਕੋਟ ਦੇ ਹਰਜੀਤ ਸਿੰਘ ਨੇ ਫੁਟਬਾਲ ਵਿੱਚ ਸੋਨੇ ਦੇ ਤਗ਼ਮੇ ਜਿੱਤੇ। ਇਸੇ ਤਰ੍ਹਾਂ ਰੋਪੜ ਦੀ ਪ੍ਰੀਆ ਦੇਵੀ ਨੇ ਬਾਸਕਟਬਾਲ ਟੀਮ ਵਿੱਚ ਚਾਂਦੀ, ਅੰਮ੍ਰਿਤਸਰ ਦੀ ਸੀਤਾ ਅਤੇ ਰੇਨੂ ਨੇ ਰੋਲਰ ਸਕੇਟਿੰਗ, ਲੁਧਿਆਣਾ ਦੀ ਜਯੋਤੀ ਕੌਰ ਨੇ ਯੂਨੀਫਾਈਡ ਫੁਟਬਾਲ ਟੀਮ ਵਿੱਚੋਂ ਕਾਂਸੇ ਦਾ ਤਗ਼ਮਾ ਹਾਸਲ ਕਰਕੇ ਦੇਸ਼, ਸੂਬੇ ਅਤੇ ਜ਼ਿਲ੍ਹਿਆਂ ਦਾ ਨਾਂ ਰੌਸ਼ਨ ਕੀਤਾ। ਇੰਨਾਂ ਖਿਡਾਰੀਆਂ ਅਤੇ ਨਾਲ ਗਏ ਕੋਚਾਂ ਦਾ ਐਸੋਸੀਏਸ਼ਨ ਵੱਲੋਂ ਸਥਾਨਕ ਹੋਟਲ ਵਿੱਚ ਸਨਮਾਨ ਵੀ ਕੀਤਾ ਗਿਆ। ਸੂਬਾ ਸਰਕਾਰ ਵੱਲੋਂ ਆਈਐੱਫਸੀ, ਸਪੈਸ਼ਲ ਸੈਕਟਰੀ ਸਪੋਰਟਸ ਐਂਡ ਯੂਥ ਸਰਵਿਸ ਡਾ. ਐੱਸਪੀ ਆਨੰਦ ਕੁਮਾਰ, ਅਦਿਤਿਆ ਮਦਾਨ ਅਤੇ ਐੱਸਡੀਐੱਮ ਸਮਰਾਲਾ ਕੁਲਦੀਪ ਬਾਵਾ ਨੇ ਜੀ ਆਇਆਂ ਆਖੀ। ਇਸ ਮੌਕੇ ਕਰਨਲ ਕਰਮਿੰਦਰ ਸਿੰਘ, ਅਸ਼ੋਕ ਅਰੋੜਾ, ਅਨਿਲ ਗੋਇਲ, ਸੁਰੇਸ਼ ਠਾਕੁਰ, ਓਮਾ ਸ਼ੰਕਰ, ਸੂਰਤ ਸਿੰਘ ਦੁੱਗਲ, ਮਨਦੀਪ ਸਿੰਘ ਬਰਾੜ, ਪਰਮਜੀਤ ਸਚਦੇਵਾ, ਨਿਰੰਜਨ ਕੁਮਾਰ, ਐਸਕੇ ਕੋਚਰ, ਕੁਲਦੀਪ ਕੌਸ਼ਲ, ਐਡਵੋਕੇਟ ਬਿਕਰਮ ਸਿੱਧੂ ਅਤੇ ਅਸ਼ੋਕ ਸਲਾਰੀਆ ਆਦਿ ਹਾਜ਼ਰ ਸਨ।