Karan Aujla ਦੇ ਲਾਈਵ ਸ਼ੋਅ ’ਚ ਹੰਗਾਮਾ: ਪ੍ਰਸ਼ੰਸਕ ਨੇ ਸਟੇਜ ’ਤੇ ਸੁੱਟੀ ਜੈਕੇਟ, ਗੁੱਸਾ ਆਊਟ ਆਫ਼ ਕੰਟਰੋਲ!
ਲਾਈਵ ਕੰਸਰਟ ’ਚ ਪ੍ਰਸ਼ੰਸਕ ਦੀ ਹਰਕਤ ’ਤੇ ਗਾਇਕ ਨੇ ਰੋਕਿਆ ਸ਼ੋਅ
ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਆਪਣੇ ਆਸਟਰੇਲੀਆ ਦੌਰੇ ਦੇ ‘ਪੀ-ਪੌਪ ਕਲਚਰ ਟੂਰ’ ਦੌਰਾਨ ਇੱਕ ਅਣਸੁਖਾਵੀਂ ਘਟਨਾ ਕਾਰਨ ਚਰਚਾ ਵਿੱਚ ਹਨ। ਐਡਿਲੇਡ ’ਚ ਕਰਵਾਏ ਲਾਈਵ ਸ਼ੋਅ ਦੌਰਾਨ ਇੱਕ ਫੈਨ ਵੱਲੋਂ ਸਟੇਜ ’ਤੇ ਜੈਕਟ ਸੁੱਟਣ ਤੋਂ ਬਾਅਦ ਗਾਇਕ ਨੇ ਕੁਝ ਸਮੇਂ ਲਈ ਆਪਣੀ ਪਰਫਾਰਮੈਂਸ ਰੋਕ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮਾਈਕ ’ਤੇ ਬੋਲਦਿਆਂ ਕਰਨ ਔਜਲਾ ਨੇ ਸ਼ੁਰੂਆਤ ’ਚ ਸਖ਼ਤ ਨਾਰਾਜ਼ਗੀ ਜਤਾਈ ਅਤੇ ਹਿੰਮਤ ਹੋਣ ’ਤੇ ਸਿੱਧੇ ਸਾਹਮਣੇ ਆਉਣ ਦੀ ਚੁਣੌਤੀ ਦਿੱਤੀ। ਪ੍ਰਸ਼ੰਸਕ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਤੰਜ ਕੱਸਦਿਆਂ ਪੁੱਛਿਆ ਕਿ ਕੀ ਉਹ ਪਾਗਲ ਹੈ। ਹਾਲਾਂਕਿ, ਮਾਹੌਲ ਨੂੰ ਸੰਭਾਲਦਿਆਂ ਔਜਲਾ ਨੇ ਜਲਦ ਹੀ ਆਪਣਾ ਗੁੱਸਾ ਸ਼ਾਂਤ ਕਰ ਲਿਆ ਅਤੇ ਕਿਹਾ, “ਮੈਨੂੰ ਨਹੀਂ ਪਤਾ ਤੁਸੀਂ ਪਿਆਰ ’ਚ ਹੋ ਜਾਂ ਗੁੱਸੇ ’ਚ, ਪਰ ਅਜਿਹਾ ਨਾ ਕਰੋ ਪਿਆਰੇ, ਮੈਂ ਇੱਥੇ ਮਜ਼ਾਕ ਬਣਾਉਣ ਨਹੀਂ ਆਇਆ, ਸਮਾਂ ਬਰਬਾਦ ਨਾ ਕਰੋ।”
ਇਸ ਤੋਂ ਬਾਅਦ ਉਨ੍ਹਾਂ ਉਸੇ ਜੈਕਟ ’ਤੇ ਆਟੋਗ੍ਰਾਫ ਦੇ ਕੇ ਮਾਮਲੇ ਨੂੰ ਸੁਲਝਾ ਲਿਆ। ਜ਼ਿਕਰਯੋਗ ਹੈ ਕਿ ਕਰਨ ਔਜਲਾ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਲੇਖਕ ਵਜੋਂ ਕੀਤੀ ਸੀ ਅਤੇ ਸਾਲ 2014 ’ਚ ਜੱਸੀ ਗਿੱਲ ਦੇ ਗਾਣੇ ‘ਰੇਂਜ’ ਤੋਂ ਉਨ੍ਹਾਂ ਨੂੰ ਵੱਖਰੀ ਪਛਾਣ ਮਿਲੀ। ਲਗਾਤਾਰ ਹਿੱਟ ਗੀਤ ਲਿਖਣ ਕਾਰਨ ਉਨ੍ਹਾਂ ਨੂੰ ‘ਗੀਤਾਂ ਦੀ ਮਸ਼ੀਨ’ ਕਿਹਾ ਜਾਂਦਾ ਹੈ।

