‘ਸਾਂਝਾ ਕਰਨ ਤੋਂ ਪਹਿਲਾਂ ਸੋਚੋ’: ਜਾਅਲੀ ਤਸਵੀਰਾਂ ਵਾਇਰਲ ਹੋਣ ਮਗਰੋਂ Giorgia Meloni ਦੀ ਚੇਤਾਵਨੀ
ਇਟਲੀ ਦੀ ਪ੍ਰਧਾਨ ਮੰਤਰੀ ਨੇ ਡੀਪਫੇਕ ਅਤੇ ਏਆਈ ਦੀ ਦੁਰਵਰਤੋਂ ’ਤੇ ਜਤਾਈ ਚਿੰਤਾ
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਨੇ ਸੋਸ਼ਲ ਮੀਡੀਆ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀਆਂ ਆਪਣੀਆਂ ਅਸ਼ਲੀਲ ਅਤੇ ਜਾਅਲੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਮੇਲੋਨੀ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਇੰਟਰਨੈੱਟ ’ਤੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀ ਅਤੇ ਤਸਵੀਰਾਂ ਬਾਰੇ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪ੍ਰਧਾਨ ਮੰਤਰੀ ਨੇ ਖ਼ੁਦ ਇੱਕ ਅਜਿਹੀ ਤਸਵੀਰ ਸਾਂਝੀ ਕਰਕੇ ਸੱਚਾਈ ਸਾਹਮਣੇ ਲਿਆਂਦੀ ਅਤੇ ਵਿਅੰਗ ਕਰਦਿਆਂ ਕਿਹਾ ਕਿ ਏਆਈ ਬਣਾਉਣ ਵਾਲੇ ਨੇ ਉਨ੍ਹਾਂ ਦੀ ਦਿੱਖ ਨੂੰ ‘ਕਾਫ਼ੀ ਸੁਧਾਰ’ ਦਿੱਤਾ ਹੈ, ਪਰ ਇਹ ਮਾਮਲਾ ਨਿੱਜੀ ਹਮਲਿਆਂ ਤੋਂ ਕਿਤੇ ਵੱਧ ਗੰਭੀਰ ਹੈ। ਮੇਲੋਨੀ ਨੇ ਕਿਹਾ, “ ਡੀਪਫੇਕ ਇੱਕ ਖ਼ਤਰਨਾਕ ਹਥਿਆਰ ਹੈ ਕਿਉਂਕਿ ਇਹ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਅਤੇ ਨੁਕਸਾਨ ਪਹੁੰਚਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਉਹ ਆਪਣਾ ਬਚਾਅ ਕਰਨ ਦੇ ਸਮਰੱਥ ਹਨ, ਪਰ ਆਮ ਨਾਗਰਿਕਾਂ ਲਈ ਅਜਿਹੇ ਹਮਲੇ ਘਾਤਕ ਹੋ ਸਕਦੇ ਹਨ।
Girano in questi giorni diverse mie foto false, generate con l’intelligenza artificiale e spacciate per vere da qualche solerte oppositore.
Devo riconoscere che chi le ha realizzate, almeno nel caso in allegato, mi ha anche migliorata parecchio. Ma resta il fatto che, pur di… pic.twitter.com/or44qru2qj
— Giorgia Meloni (@GiorgiaMeloni) May 5, 2026
ਜ਼ਿਕਰਯੋਗ ਹੈ ਕਿ ਮੇਲੋਨੀ ਪਹਿਲਾਂ ਹੀ ਦੋ ਸਾਲ ਪੁਰਾਣੇ ਇੱਕ ਮਾਮਲੇ ਵਿੱਚ ਕਾਨੂੰਨੀ ਲੜਾਈ ਲੜ ਰਹੀ ਹੈ, ਜਿੱਥੇ ਇੱਕ ਵਿਅਕਤੀ ’ਤੇ ਉਸ ਦੀਆਂ ਅਸ਼ਲੀਲ ਡੀਪਫੇਕ ਤਸਵੀਰਾਂ ਬਣਾਉਣ ਦਾ ਦੋਸ਼ ਲਾਇਆ ਗਿਆ ਸੀ। ਇਟਲੀ ਪਹਿਲਾ ਯੂਰਪੀਅਨ ਦੇਸ਼ ਹੈ ਜਿਸ ਨੇ ਏਆਈ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਅਤੇ ਡੀਪਫੇਕ ਰਾਹੀਂ ਨੁਕਸਾਨ ਪਹੁੰਚਾਉਣ ਵਾਲਿਆਂ ਲਈ ਸਖ਼ਤ ਸਜ਼ਾਵਾਂ ਦਾ ਕਾਨੂੰਨ ਬਣਾਇਆ ਹੈ। ਮੇਲੋਨੀ ਨੇ ਲੋਕਾਂ ਨੂੰ ’ਪਹਿਲਾਂ ਪੜਤਾਲ ਕਰੋ, ਫਿਰ ਵਿਸ਼ਵਾਸ ਕਰੋ’ ਦੀ ਸਲਾਹ ਦਿੱਤੀ ਹੈ।

