DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Telegram Banned In India: ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ !

ਨੀਟ (NEET UG 2026) ਦੀ ਮੁੜ-ਪ੍ਰੀਖਿਆ ਕਾਰਨ ਕੇਂਦਰ ਸਰਕਾਰ ਦਾ ਸਖ਼ਤ ਫ਼ੈਸਲਾ; NTA ਨੇ ਕਿਹਾ- ਐਪ ਦੇ ‘ਮੈਸੇਜ ਐਡੀਟਿੰਗ’ ਫੀਚਰ ਰਾਹੀਂ ਬਣਾਏ ਜਾ ਰਹੇ ਸਨ ਝੂਠੇ ਸਬੂਤ

  • fb
  • twitter
  • whatsapp
  • whatsapp
featured-img featured-img
ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ
Advertisement

ਦੇਸ਼ ਦੀ ਸਭ ਤੋਂ ਵਧੇਰੇ ਚਰਚਿਤ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ ਯੂਜੀ 2026’ (NEET UG) ਦੀ ਦੁਬਾਰਾ ਹੋਣ ਜਾ ਰਹੀ ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਬੇਹੱਦ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਪੇਪਰ ਲੀਕ ਕਰਨ ਵਾਲੇ ਸੰਗਠਿਤ ਨੈੱਟਵਰਕ ਅਤੇ ਸਾਈਬਰ ਠੱਗਾਂ ਵੱਲੋਂ ਮੈਸੇਜਿੰਗ ਐਪ ‘ਟੈਲੀਗ੍ਰਾਮ’ (Telegram) ਦੀ ਵੱਡੇ ਪੱਧਰ ’ਤੇ ਹੋ ਰਹੀ ਦੁਰਵਰਤੋਂ ਨੂੰ ਦੇਖਦਿਆਂ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਭਾਰਤ ਵਿੱਚ ਟੈਲੀਗ੍ਰਾਮ ’ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਮੁਤਾਬਕ ਧੋਖੇਬਾਜ਼ ਇਸ ਪਲੇਟਫਾਰਮ ਰਾਹੀਂ ਫ਼ਰਜ਼ੀ ਪੇਪਰ ਵੇਚ ਰਹੇ ਸਨ ਅਤੇ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੇ ਸਨ।

ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦੋ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪਹਿਲੇ ਫੈਸਲੇ ਤਹਿਤ ਸੂਚਨਾ ਤਕਨਾਲੋਜੀ (IT) ਐਕਟ, 2000 ਦੀ ਧਾਰਾ 69-ਏ ਦੇ ਤਹਿਤ 22 ਜੂਨ 2026 ਤੱਕ ਭਾਰਤ ਵਿੱਚ ਟੈਲੀਗ੍ਰਾਮ ਦੀ ਵਰਤੋਂ ’ਤੇ ਪੂਰੀ ਰੋਕ ਲਗਾ ਦਿੱਤੀ ਗਈ ਹੈ, ਤਾਂ ਜੋ 21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕੇ। ਦੂਜੇ ਨਿਰਦੇਸ਼ ਤਹਿਤ ਟੈਲੀਗ੍ਰਾਮ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ 30 ਜੂਨ ਤੱਕ ਭਾਰਤ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਸੰਦੇਸ਼ਾਂ ਨੂੰ ਬਦਲਣ (Message-Editing Feature) ਦੀ ਸਹੂਲਤ ਨੂੰ ਪੂਰੀ ਤਰ੍ਹਾਂ ਬੰਦ ਕਰੇ। ਐਨ.ਟੀ.ਏ. (NTA) ਮੁਤਾਬਕ ਇਹ ਕਾਰਵਾਈ ਕਈ ਗਰੁੱਪਾਂ ਅਤੇ ਚੈਨਲਾਂ ਨੂੰ ਡਿਲੀਟ ਕਰਨ ਦੇ ਬਾਵਜੂਦ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਕੀਤੀ ਗਈ ਹੈ।

Advertisement

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੈਲੀਗ੍ਰਾਮ ’ਤੇ ‘PAPER LEAKED NEET’, ‘Re-NEET 2026’ ਅਤੇ ‘Private Mafia’ ਵਰਗੇ ਨਾਵਾਂ ਹੇਠ ਚੈਨਲ ਚਲਾ ਕੇ ਪੀਡੀਐੱਫ (PDF) ਫਾਈਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਮੀਦਵਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਐਨ.ਟੀ.ਏ. ਨੇ ਖੁਲਾਸਾ ਕੀਤਾ ਕਿ ਠੱਗ ਟੈਲੀਗ੍ਰਾਮ ਦੇ ‘ਐਡਿਟ ਫੀਚਰ’ ਦੀ ਖ਼ਤਰਨਾਕ ਦੁਰਵਰਤੋਂ ਕਰ ਰਹੇ ਸਨ। ਉਹ ਪ੍ਰੀਖਿਆ ਤੋਂ ਪਹਿਲਾਂ ਕੋਈ ਸਾਧਾਰਨ ਮੈਸੇਜ ਪਾਉਂਦੇ ਸਨ ਅਤੇ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਉਸੇ ਪੁਰਾਣੇ ਮੈਸੇਜ ਨੂੰ ਐਡਿਟ ਕਰਕੇ ਅਸਲ ਸਵਾਲ ਪੱਤਰ ਅਪਲੋਡ ਕਰ ਦਿੰਦੇ ਸਨ, ਜਿਸ ਨਾਲ ਪੁਰਾਣੇ ਸਮੇਂ (Timestamp) ਮੁਤਾਬਕ ਇਹ ਲੱਗਦਾ ਸੀ ਕਿ ਪੇਪਰ ਪ੍ਰੀਖਿਆ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ। ਇਸ ਤਰ੍ਹਾਂ ਪੇਪਰ ਲੀਕ ਹੋਣ ਦੇ ਝੂਠੇ ਸਬੂਤ ਘੜੇ ਜਾ ਰਹੇ ਸਨ।

Advertisement

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਚਿਤਾਵਨੀ, “ਅਫ਼ਵਾਹਾਂ ਨੂੰ ਆਪਣੀ ‘ਨੀਟ 2026’ ਦੀ ਯਾਤਰਾ ਦਾ ਫੈਸਲਾ ਨਾ ਕਰਨ ਦਿਓ। ਪ੍ਰੀਖਿਆ ਤੋਂ ਪਹਿਲਾਂ ਕਿਸੇ ਵੀ, ਬਿਲਕੁਲ ਕਿਸੇ ਵੀ ਵਿਅਕਤੀ ਕੋਲ ਸਵਾਲ ਪੱਤਰ ਦੀ ਪਹੁੰਚ ਨਹੀਂ ਹੁੰਦੀ। ਅਜਿਹੇ ਦਾਅਵੇ ਸੌ ਫੀਸਦੀ ਧੋਖਾਧੜੀ ਹਨ। ਵਿਦਿਆਰਥੀ ਸਿਰਫ਼ ਅਧਿਕਾਰਤ ਅਪਡੇਟਸ ’ਤੇ ਹੀ ਭਰੋਸਾ ਕਰਨ।”

ਇਸ ਮਾਮਲੇ ਵਿੱਚ ਭਾਰਤੀ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ (I4C) ਅਤੇ ਵੱਖ-ਵੱਖ ਰਾਜਾਂ ਦੀ ਪੁਲੀਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਇਕਾਈ (EOU) ਨੇ ਵਿਦਿਆਰਥੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ, ਜਦਕਿ ਅਹਿਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਨੇ ਇੱਕ ਅੰਤਰ-ਰਾਜੀ ਸਾਈਬਰ ਠੱਗ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗ 8 ਟੈਲੀਗ੍ਰਾਮ ਚੈਨਲ ਚਲਾ ਰਿਹਾ ਸੀ ਅਤੇ ਫਰਜ਼ੀ ਖਾਤਿਆਂ ਰਾਹੀਂ ਕਰੀਬ 1.5 ਕਰੋੜ ਰੁਪਏ ਦਾ ਲੈਣ-ਦੇਣ ਕਰ ਚੁੱਕਾ ਸੀ। ਐਨ.ਟੀ.ਏ. ਨੇ ਮੰਨਿਆ ਕਿ ਟੈਲੀਗ੍ਰਾਮ ਦੀ ਜਾਇਜ਼ ਪੜ੍ਹਾਈ ਲਈ ਵਰਤੋਂ ਕਰਨ ਵਾਲੇ ਲੱਖਾਂ ਵਿਦਿਆਰਥੀਆਂ ਨੂੰ ਇਸ ਪਾਬੰਦੀ ਨਾਲ ਪਰੇਸ਼ਾਨੀ ਜ਼ਰੂਰ ਹੋਵੇਗੀ, ਪਰ ਪ੍ਰੀਖਿਆ ਦੀ ਪਵਿੱਤਰਤਾ ਅਤੇ ਸੁਰੱਖਿਆ ਨੂੰ ਬਹਾਲ ਰੱਖਣ ਲਈ ਇਹ ਬੇਹੱਦ ਜ਼ਰੂਰੀ ਸੀ।

Advertisement
×