‘ਅੱਗ ’ਚ ਘਿਓ ਪਾਉਣਾ ਬੰਦ ਕਰੋ’; ਹੁਣ ਰਿਤਿਕ ਰੌਸ਼ਨ ਤੇ ਭੜਕੀ ਕੰਗਨਾ ਰਣੌਤ
ਸੋਸ਼ਲ ਮੀਡੀਆ ’ਤੇ ਵਾਇਰਲ ਟਰੈਂਡ ’ਤੇ ਰਿਤਿਕ ਦੇ ਬਿਆਨ ਤੋਂ ਬਾਅਦ ਕੰਗਨਾ ਨੇ ਸ਼ੇਅਰ ਕੀਤੀ ਪੋਸਟ; ਸਬਾ ਆਜ਼ਾਦ ਦਾ ਵੀ ਕੀਤਾ ਜ਼ਿਕਰ
ਸੋਸ਼ਲ ਮੀਡੀਆ ’ਤੇ ਬੌਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਅਦਾਕਾਰ ਰਿਤਿਕ ਰੋਸ਼ਨ ਨਾਲ ਜੁੜਿਆ ਇੱਕ ਟਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਤੇ ਰਿਤਿਕ ਰੋਸ਼ਨ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹੁਣ ਇਸ ਮਾਮਲੇ ਵਿੱਚ ਕੰਗਨਾ ਰਣੌਤ ਨੇ ਰਿਤਿਕ ’ਤੇ ਤਿੱਖਾ ਨਿਸ਼ਾਨਾ ਸੇਧਦਿਆਂ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਅੱਗ ’ਚ ਘਿਓ ਨਾ ਪਾਉਣ ਦੀ ਨਸੀਹਤ ਦਿੱਤੀ ਹੈ।
ਦਰਅਸਲ, ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ‘ਕੌਕਰੋਚ ਜਨਤਾ ਪਾਰਟੀ’ (CJP) ਦੇ ਬੁਲਾਰੇ ਸੌਰਭ ਦਾਸ ਨੇ ਇੱਕ ਇੰਟਰਵਿਊ ਦੌਰਾਨ ਕੰਗਨਾ ’ਤੇ ਟਿੱਪਣੀ ਕਰਦਿਆਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਦੋਸਤਾਂ ਅਨੁਸਾਰ ਕੰਗਨਾ ਉਨ੍ਹਾਂ ਦੇ ਪਿੱਛੇ ਇਸ ਲਈ ਪਈ ਹੋਈ ਹੈ ਕਿਉਂਕਿ ਉਨ੍ਹਾਂ ਦੀ ਸ਼ਕਲ ਰਿਤਿਕ ਰੋਸ਼ਨ ਨਾਲ ਮਿਲਦੀ-ਜੁਲਦੀ ਹੈ। ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ‘The world owes an apology to Hrithik Roshan’ (ਦੁਨੀਆ ਰਿਤਿਕ ਰੋਸ਼ਨ ਤੋਂ ਮੁਆਫ਼ੀ ਦੀ ਹੱਕਦਾਰ ਹੈ) ਟਰੈਂਡ ਕਰਨ ਲੱਗਾ ਅਤੇ ਲੋਕਾਂ ਨੇ ਕੰਗਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਟਰੈਂਡ ’ਤੇ ਰਿਤਿਕ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਹ ਉਦੋਂ ਤੱਕ ਇੰਤਜ਼ਾਰ ਕਰਨਗੇ ਜਦੋਂ ਤੱਕ ਮਾਮਲੇ ਦਾ ਸਹੀ ਸੰਦਰਭ (Context) ਸਾਹਮਣੇ ਨਹੀਂ ਆਉਂਦਾ।
ਰਿਤਿਕ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਰਿਤਿਕ ਨਾਲ ਜੁੜੀ ਖ਼ਬਰ ਦਾ ਆਰਟੀਕਲ ਸ਼ੇਅਰ ਕਰਦਿਆਂ ਲਿਖਿਆ, “ਡੀਅਰ ਰਿਤਿਕ, ਮੈਨੂੰ ਖ਼ੁਸ਼ੀ ਹੈ ਕਿ ਤੁਹਾਨੂੰ ਆਪਣਾ ਪਰਫੈਕਟ ਮੈਚ ਮਿਲ ਗਿਆ ਹੈ। ਤੁਸੀਂ ਅਤੇ ਸਬਾ ਆਜ਼ਾਦ ਇੱਕ ਦੂਜੇ ਨਾਲ ਬਹੁਤ ਚੰਗੇ ਲੱਗਦੇ ਹੋ।”
ਕੰਗਨਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਲਿਖਿਆ, “ ਤੁਸੀਂ ਇੱਕ ਕਮਿਟਿਡ ਰਿਲੇਸ਼ਨਸ਼ਿਪ ਵਿੱਚ ਹੋ ਅਤੇ ਕਿਸੇ ਔਰਤ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਇਸ ਦੀ ਬਜਾਏ ਤੁਹਾਨੂੰ ਉਨ੍ਹਾਂ ਲੋਕਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਜੋ ਤੁਹਾਡੇ ਨਾਂ ਦੀ ਵਰਤੋਂ ਕਰਕੇ ਮੈਨੂੰ ਪਰੇਸ਼ਾਨ ਅਤੇ ਬੁੱਲੀ ਕਰ ਰਹੇ ਹਨ।”
ਆਪਣੀ ਪੋਸਟ ਦੇ ਅਖ਼ੀਰ ਵਿੱਚ ਕੰਗਨਾ ਨੇ ਲਿਖਿਆ, “ਅੱਗ ’ਚ ਘਿਓ ਪਾਉਣਾ ਅਤੇ ਆਪਣੇ ਪਾਰਟਨਰ ਨੂੰ ਸ਼ਰਮਿੰਦਾ ਕਰਨਾ ਬੰਦ ਕਰੋ। ਉਮੀਦ ਹੈ ਕਿ ਤੁਹਾਨੂੰ ਸਹੀ ਗੱਲ ਸਮਝ ਆਵੇਗੀ ਅਤੇ ਤੁਸੀਂ ਬੇਮਤਲਬ ਦੀਆਂ ਗੱਲਾਂ ਕਰਨਾ ਬੰਦ ਕਰ ਦਿਓਗੇ।”
ਜ਼ਿਕਰਯੋਗ ਹੈ ਕਿ ਕੰਗਨਾ ਅਤੇ ਰਿਤਿਕ ਵਿਚਾਲੇ ਵਿਵਾਦ ਸਾਲਾਂ ਪੁਰਾਣਾ ਹੈ, ਜਦੋਂ ਕੰਗਨਾ ਨੇ ਇੱਕ ਇੰਟਰਵਿਊ ਦੌਰਾਨ ਰਿਤਿਕ ਨੂੰ ‘ਸਿਲੀ ਐਕਸ’ (Silly Ex) ਕਿਹਾ ਸੀ। ਉਸ ਸਮੇਂ ਰਿਤਿਕ ਨੇ ਕੰਗਨਾ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਅਦਾਕਾਰਾ ਨੂੰ ਲੀਗਲ ਨੋਟਿਸ ਵੀ ਭੇਜਿਆ ਸੀ। ਰਿਤਿਕ ਦਾ ਦਾਅਵਾ ਸੀ ਕਿ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਨਕਲੀ ਈਮੇਲ ਆਈਡੀ ਬਣਾ ਕੇ ਕੰਗਨਾ ਨਾਲ ਗੱਲ ਕਰ ਰਿਹਾ ਸੀ, ਜਦੋਂਕਿ ਕੰਗਨਾ ਦਾ ਕਹਿਣਾ ਸੀ ਕਿ ਉਹ ਈਮੇਲ ਆਈਡੀ ਖ਼ੁਦ ਰਿਤਿਕ ਨੇ ਹੀ ਉਨ੍ਹਾਂ ਨੂੰ ਦਿੱਤੀ ਸੀ।

