Special On Atal Death Anniversary: ਸਿਆਸਤ ’ਚ ਮਤਭੇਦ ਸਨ, ਮਨਭੇਦ ਨਹੀਂ: ਨਹਿਰੂ ਅਤੇ ਵਾਜਪਾਈ ਦੇ ਅਨੋਖੇ ਰਿਸ਼ਤੇ ਦੀ ਕਹਾਣੀ
ਸਿਆਸੀ ਵਿਰੋਧ ਦੇ ਬਾਵਜੂਦ ਆਪਸੀ ਸਤਿਕਾਰ ਅਤੇ ਲੋਕਤੰਤਰਿਕ ਮਰਿਆਦਾ ਦੀ ਇੱਕ ਮਿਸਾਲੀ ਉਦਾਹਰਨ
ਅੱਜ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੱਠਵੀਂ ਬਰਸੀ ਦੇ ਮੌਕੇ ’ਤੇ ਦੇਸ਼ ਭਰ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਹੋਰਨਾਂ ਪ੍ਰਮੁੱਖ ਆਗੂਆਂ ਨੇ ਨਵੀਂ ਦਿੱਲੀ ਸਥਿਤ ‘ਸਦੈਵ ਅਟਲ’ ਸਮਾਰਕ ’ਤੇ ਪਹੁੰਚ ਕੇ ਉਨ੍ਹਾਂ ਨੂੰ ਨਮਨ ਕੀਤਾ। ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਕੁਝ ਸਬੰਧ ਅਜਿਹੇ ਰਹੇ ਹਨ, ਜਿਨ੍ਹਾਂ ਵਿੱਚ ਵਿਚਾਰਧਾਰਕ ਦੂਰੀਆਂ ਦੇ ਬਾਵਜੂਦ ਨਿੱਜੀ ਸਤਿਕਾਰ ਦੀ ਗਰਿਮਾ ਕਦੇ ਘੱਟ ਨਹੀਂ ਹੋਈ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਅਟਲ ਬਿਹਾਰੀ ਵਾਜਪਾਈ ਦਾ ਰਿਸ਼ਤਾ ਇਸ ਦੀ ਇੱਕ ਸ਼ਾਨਦਾਰ ਉਦਾਹਰਨ ਹੈ।
ਅਟਲ ਬਿਹਾਰੀ ਵਾਜਪਾਈ ਨੇ ਇੱਕ ਵਾਰ ਸੰਸਦ ਵਿੱਚ ਜ਼ਿਕਰ ਕੀਤਾ ਸੀ ਕਿ ਨਹਿਰੂ ਨਾਲ ਉਨ੍ਹਾਂ ਦੇ ਕਈ ਮੁੱਦਿਆਂ ’ਤੇ ਗੰਭੀਰ ਮਤਭੇਦ ਸਨ। ਇੱਕ ਪ੍ਰਸੰਗ ਸੁਣਾਉਂਦਿਆਂ ਵਾਜਪਾਈ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੰਸਦ ਵਿੱਚ ਨਹਿਰੂ ’ਤੇ ਤਨਜ਼ ਕੱਸਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਵਿਅਕਤੀਤਵ ਵਿੱਚ ‘ਚਰਚਿਲ ਵੀ ਹੈ ਅਤੇ ਚੈਂਬਰਲੇਨ ਵੀ।’ ਇਹ ਟਿੱਪਣੀ ਸਿਆਸੀ ਤੌਰ ’ਤੇ ਕਾਫ਼ੀ ਤਿੱਖੀ ਸੀ, ਪਰ ਨਹਿਰੂ ਨੇ ਇਸ ਨੂੰ ਨਿੱਜੀ ਤੌਰ ’ਤੇ ਨਹੀਂ ਲਿਆ। ਉਸੇ ਸ਼ਾਮ ਇੱਕ ਰਾਤਰੀ ਭੋਜ ਦੌਰਾਨ ਨਹਿਰੂ ਵਾਜਪਾਈ ਨੂੰ ਮਿਲੇ ਅਤੇ ਮੁਸਕਰਾਉਂਦੇ ਹੋਏ ਕਿਹਾ, “ਅੱਜ ਤਾਂ ਬੜਾ ਜ਼ੋਰਦਾਰ ਭਾਸ਼ਣ ਦਿੱਤਾ’, ਅਤੇ ਇਹ ਕਹਿ ਕੇ ਹੱਸਦੇ ਹੋਏ ਅੱਗੇ ਲੰਘ ਗਏ।
ਜਦੋਂ ਵਾਜਪਾਈ ਨੇ ਦਫ਼ਤਰ ’ਚ ਨਹਿਰੂ ਦੀ ਤਸਵੀਰ ਵਾਪਸ ਲਗਵਾਈ
ਜਨਤਾ ਪਾਰਟੀ ਦੀ ਸਰਕਾਰ ਦੌਰਾਨ 1977 ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਬਣੇ, ਤਾਂ ਉਨ੍ਹਾਂ ਦੇ ਦਫ਼ਤਰ ਵਿੱਚੋਂ ਪੰਡਿਤ ਨਹਿਰੂ ਦੀ ਤਸਵੀਰ ਹਟਾ ਦਿੱਤੀ ਗਈ ਸੀ। ਵਾਜਪਾਈ ਨੇ ਜਦੋਂ ਉਹ ਖਾਲੀ ਥਾਂ ਦੇਖੀ ਤਾਂ ਸਕੱਤਰ ਤੋਂ ਪੁੱਛਿਆ ਕਿ ਉੱਥੇ ਕਿਸ ਦੀ ਤਸਵੀਰ ਸੀ। ਇਹ ਜਾਣਨ ਤੋਂ ਬਾਅਦ ਕਿ ਉੱਥੇ ਪੰਡਿਤ ਨਹਿਰੂ ਦੀ ਤਸਵੀਰ ਹੁੰਦੀ ਸੀ, ਵਾਜਪਾਈ ਨੇ ਤੁਰੰਤ ਉਸ ਤਸਵੀਰ ਨੂੰ ਵਾਪਸ ਉਸੇ ਥਾਂ ਲਗਾਉਣ ਦੇ ਨਿਰਦੇਸ਼ ਦਿੱਤੇ। ਉਹ ਜਾਣਦੇ ਸਨ ਕਿ ਸਿਆਸੀ ਅਸਹਿਮਤੀ ਆਪਣੀ ਥਾਂ ਹੈ, ਪਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ।
ਨਹਿਰੂ ਨੇ ਕੀਤੀ ਸੀ ਪ੍ਰਧਾਨ ਮੰਤਰੀ ਬਣਨ ਦੀ ਭਵਿੱਖਬਾਣੀ
ਪੰਡਿਤ ਨਹਿਰੂ ਵੀ ਯੁਵਾ ਅਟਲ ਬਿਹਾਰੀ ਵਾਜਪਾਈ ਦੀ ਤਰਕਸ਼ੀਲਤਾ ਤੋਂ ਬਹੁਤ ਪ੍ਰਭਾਵਿਤ ਸਨ। ਵਾਜਪਾਈ ਦੇ ਸ਼ਾਨਦਾਰ ਭਾਸ਼ਣਾਂ ਤੋਂ ਪ੍ਰਭਾਵਿਤ ਹੋ ਕੇ ਨਹਿਰੂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਨੌਜਵਾਨ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਇਹ ਗੱਲ ਬਾਅਦ ਵਿੱਚ ਸੱਚ ਸਾਬਤ ਹੋਈ ਅਤੇ ਵਾਜਪਾਈ ਤਿੰਨ ਵਾਰ (1996, 1998 ਅਤੇ 1999) ਦੇਸ਼ ਦੇ ਪ੍ਰਧਾਨ ਮੰਤਰੀ ਬਣੇ। 27 ਮਈ 1964 ਨੂੰ ਜਦੋਂ ਨਹਿਰੂ ਦਾ ਦੇਹਾਂਤ ਹੋਇਆ, ਤਾਂ ਵਾਜਪਾਈ ਬਹੁਤ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਨੇ ਨਹਿਰੂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੂੰ ‘ਇੱਕ ਸੁਪਨਾ, ਇੱਕ ਗੀਤ ਅਤੇ ਇੱਕ ਲਾਟ’ ਵਜੋਂ ਯਾਦ ਕੀਤਾ ਸੀ।
ਪੱਤਰਕਾਰੀ ਤੋਂ ਰਾਜਨੀਤੀ ਤੱਕ ਦਾ ਸਫਰ
ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਵਾਜਪਾਈ ਇੱਕ ਪੱਤਰਕਾਰ ਅਤੇ ਸੰਪਾਦਕ ਸਨ। ਉਨ੍ਹਾਂ ਨੇ ਰਾਸ਼ਟਰਧਰਮ, ਪਾਂਚਜੰਨਿਆ', ਦੈਨਿਕ ਸਵਦੇਸ਼ ਅਤੇ ਵੀਰ ਅਰਜੁਨ ਵਰਗੀਆਂ ਪੱਤ੍ਰਿਕਾਵਾਂ ਵਿੱਚ ਕੰਮ ਕੀਤਾ। ਕੌਮੀਂ ਸਵੈਮ ਸੇਵਕ ਸੰਘ (RSS) ਦੇ ਪ੍ਰਚਾਰਕ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਉਹ 1951 ਵਿੱਚ ਭਾਰਤੀ ਜਨਸੰਘ ਨਾਲ ਜੁੜੇ। 1957 ਵਿੱਚ ਬਲਰਾਮਪੁਰ ਤੋਂ ਚੋਣ ਜਿੱਤ ਕੇ ਸੰਸਦ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਭਾਸ਼ਣਾਂ ਨੇ ਰਾਸ਼ਟਰੀ ਰਾਜਨੀਤੀ ਵਿੱਚ ਉਨ੍ਹਾਂ ਦੀ ਪਛਾਣ ਨੂੰ ਮਜ਼ਬੂਤ ਕੀਤਾ, ਜੋ ਅੱਜ ਵੀ ਭਾਰਤੀ ਲੋਕਤੰਤਰ ਦੀ ਇੱਕ ਮਹਾਨ ਵਿਰਾਸਤ ਵਜੋਂ ਯਾਦ ਕੀਤਾ ਜਾਂਦਾ ਹੈ।

