‘ਜਿੰਨੇ ਝੰਡੇ ਦਿਖਾਉਣੇ ਆ, ਦਿਖਾਈ ਚੱਲੋ’: ਕੈਲਗਰੀ ਕੰਸਰਟ ’ਚ ਖ਼ਾਲਿਸਤਾਨ ਸਮਰਥਕਾਂ ’ਤੇ ਵਰ੍ਹੇ ਦਿਲਜੀਤ ਦੋਸਾਂਝ
ਪੰਜਾਬ ਲਈ ਮੇਰਾ ਪਿਆਰ ਕਿਸੇ ਸਰਟੀਫਿਕੇਟ ਦਾ ਮੁਥਾਜ ਨਹੀਂ: ਦਿਲਜੀਤ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਕੈਲਗਰੀ ਵਿੱਚ ਆਪਣੇ ‘ਔਰਾ 2026’ (Aura 2026) ਕੰਸਰਟ ਦੌਰਾਨ ਖ਼ਾਲਿਸਤਾਨ ਪੱਖੀ ਅਨਸਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸ਼ੁੱਕਰਵਾਰ ਰਾਤ ਹੋਏ ਇਸ ਸ਼ੋਅ ਦੌਰਾਨ ਜਦੋਂ ਕੁਝ ਵਿਅਕਤੀਆਂ ਨੇ ਖ਼ਾਲਿਸਤਾਨੀ ਝੰਡੇ ਲਹਿਰਾਉਣੇ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ, ਤਾਂ ਦਿਲਜੀਤ ਨੇ ਸਟੇਜ ਤੋਂ ਹੀ ਉਨ੍ਹਾਂ ਨੂੰ ਟੋਕਦਿਆਂ ਕਿਹਾ, “ਜਿੰਨੇ ਝੰਡੇ ਦਿਖਾਉਣੇ ਨੇ, ਦਿਖਾਈ ਚੱਲੋ।”
ਦਿਲਜੀਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਕੰਸਰਟ ਵਾਲੀ ਥਾਂ ’ਤੇ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਬਰਦਾਸ਼ਤ ਨਹੀਂ ਕਰਨਗੇ ਅਤੇ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹੱਕ ਵਿੱਚ ਖੜ੍ਹੇ ਹਨ, ਚਾਹੇ ਉਹ ਕਿਸਾਨ ਅੰਦੋਲਨ ਹੋਵੇ ਜਾਂ ਸੂਬੇ ਵਿੱਚ ਆਏ ਹੜ੍ਹ। ਉਨ੍ਹਾਂ ਨੇ ‘ਦਿ ਟੂਨਾਈਟ ਸ਼ੋਅ ਸਟਾਰਿੰਗ ਜਿਮੀ ਫੈਲਨ’ ਵਰਗੇ ਕੌਮਾਂਤਰੀ ਮੰਚਾਂ ’ਤੇ ਪੰਜਾਬੀਅਤ ਦਾ ਮਾਣ ਵਧਾਉਣ ਅਤੇ ਕਾਮਾਗਾਟਾਮਾਰੂ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਨ ਦਾ ਵੀ ਹਵਾਲਾ ਦਿੱਤਾ।
ਸੇਵਾ ਜਾਂ ਚੈਰਿਟੀ ਕਰਨਾ ਮੇਰਾ ਪੇਸ਼ਾ ਨਹੀਂ: ਦਿਲਜੀਤ
ਦੋਸਾਂਝ ਨੇ ਪ੍ਰਦਰਸ਼ਨਕਾਰੀਆਂ ਨੂੰ ਜਵਾਬ ਦਿੰਦਿਆਂ ਕਿਹਾ, “ਸੇਵਾ ਜਾਂ ਚੈਰਿਟੀ ਕਰਨਾ ਮੇਰਾ ਪੇਸ਼ਾ ਨਹੀਂ ਹੈ, ਇਹ ਮੇਰੀ ਮਾਂ-ਬੋਲੀ ਅਤੇ ਪੰਜਾਬ ਦੇ ਲੋਕਾਂ ਲਈ ਪਿਆਰ ਹੈ ਜੋ ਮੈਨੂੰ ਇਹ ਸਭ ਕਰਨ ਲਈ ਪ੍ਰੇਰਿਤ ਕਰਦਾ ਹੈ। ਜੇਕਰ ਫਿਰ ਵੀ ਕਿਸੇ ਨੂੰ ਸਿਰਫ਼ ਇਸ ਲਈ ਇਤਰਾਜ਼ ਹੈ ਕਿ ਮੈਂ ਕਿਸੇ ਟੀਵੀ ਸ਼ੋਅ ’ਤੇ ਜਾ ਕੇ ਬੈਠ ਗਿਆ ਹਾਂ, ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਤੁਸੀਂ ਆਪਣਾ ਵਿਰੋਧ ਜਾਰੀ ਰੱਖੋ।” ਦਿਲਜੀਤ ਦੇ ਇਸ ਦਮਦਾਰ ਜਵਾਬ ’ਤੇ ਦਰਸ਼ਕਾਂ ਨੇ ਜ਼ੋਰਦਾਰ ਤਾਲੀਆਂ ਨਾਲ ਉਨ੍ਹਾਂ ਦਾ ਸਮਰਥਨ ਕੀਤਾ।
ਖ਼ੁਫ਼ੀਆ ਰਿਪੋਰਟ ਦੇ ਦਰਮਿਆਨ ਤਣਾਅ
ਜ਼ਿਕਰਯੋਗ ਹੈ ਕਿ ਇਹ ਘਟਨਾ ਉਸੇ ਦਿਨ ਵਾਪਰੀ ਜਦੋਂ ਕੈਨੇਡਾ ਦੀ ਖ਼ੁਫ਼ੀਆ ਏਜੰਸੀ (CSIS) ਨੇ ਆਪਣੀ ਜਨਤਕ ਰਿਪੋਰਟ ਵਿੱਚ ਕੈਨੇਡਾ ਸਥਿਤ ਖ਼ਾਲਿਸਤਾਨੀ ਕੱਟੜਪੰਥੀ ਸਮੂਹਾਂ ਨੂੰ ਕੌਮੀਂ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਹੈ। ਰਿਪੋਰਟ ਵਿੱਚ ਏਅਰ ਇੰਡੀਆ ਫਲਾਈਟ 182 ਦੇ ਬੰਬ ਧਮਾਕੇ ਦੀ 40ਵੀਂ ਬਰਸੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੈਨਕੂਵਰ ਵਿੱਚ ਵੀ ਇੱਕ ਸਮਾਗਮ ਦੌਰਾਨ ਅਜਿਹੀ ਹੀ ਨਾਅਰੇਬਾਜ਼ੀ ਕਾਰਨ ਹੰਗਾਮਾ ਹੋਇਆ ਸੀ।

