London Film Festival ’ਚ ਰਾਹੁਲ ਰੌਏ ਦੀ ਸ਼ਾਰਟ ਫਿਲਮ 'ਅਮਨ' ਨੇ ਜਿੱਤਿਆ ਸਰਵੋਤਮ ਫ਼ਿਲਮ ਦਾ ਐਵਾਰਡ
ਪਛਾਣ, ਮਰਦਾਨਗੀ ਅਤੇ ਪਿਤਾ ਬਣਨ ਦੀ ਜੱਦੋ-ਜਹਿਦ ਨੂੰ ਬਿਆਨ ਕਰਦੀ ਹੈ ਫ਼ਿਲਮ 'ਅਮਨ'
ਰਾਹੁਲ ਰੌਏ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਫ਼ਿਲਮ 'ਅਮਨ' ਨੇ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਵਿਸ਼ਵ ਪ੍ਰੀਮੀਅਰ ਤੋਂ ਬਾਅਦ 70ਵੇਂ ਬੀ.ਐੱਫ.ਆਈ. ਲੰਡਨ ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਲਘੂ ਫ਼ਿਲਮ ਦਾ ਖ਼ਿਤਾਬ ਜਿੱਤ ਲਿਆ ਹੈ।
ਇਹ ਫ਼ਿਲਮ ਇੱਕ ਅਜਿਹੇ ਟਰਾਂਸ ਪੁਰਸ਼ ਦੀ ਕਹਾਣੀ ਹੈ, ਜਿਸ ਨੂੰ ਆਪਣਾ ਲਿੰਗ ਬਦਲਣ ਦੀ ਸਰਜਰੀ ਤੋਂ ਠੀਕ ਇੱਕ ਦਿਨ ਪਹਿਲਾਂ ਪਤਾ ਲੱਗਦਾ ਹੈ ਕਿ ਉਹ ਗਰਭਵਤੀ ਹੈ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਉਹ ਆਪਣੀ ਪਛਾਣ, ਮਰਦਾਨਗੀ, ਪਿਤਾ ਬਣਨ ਅਤੇ ਆਪਣੇ ਸਰੀਰ ਨਾਲ ਆਪਣੇ ਰਿਸ਼ਤੇ ਬਾਰੇ ਡੂੰਘੀ ਸੋਚ-ਵਿਚਾਰ ਵਿੱਚ ਪੈ ਜਾਂਦਾ ਹੈ। ਕਬੀਰ ਮਾਨ ਅਤੇ ਸੀਰਤ ਤਨੇਜਾ ਦੀ ਅਦਾਕਾਰੀ ਵਾਲੀ ਇਹ ਫ਼ਿਲਮ ਲਿੰਗ ਅਤੇ ਮਾਂ-ਪਿਓ ਤੇ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਸਮਾਜ ਦੀ ਰਵਾਇਤੀ ਸੋਚ ਨੂੰ ਚੁਣੌਤੀ ਦਿੰਦੀ ਹੈ।
ਜਿਊਰੀ ਮੈਂਬਰਾਂ ਹੈਲਨ ਸਿਮਨਜ਼, ਲਿਓ ਰੀਚ ਅਤੇ ਜੈਕ ਕੇਸੀ ਨੇ ਫ਼ਿਲਮ ਦੀ ਬਾਰੀਕੀ, ਸ਼ਾਨਦਾਰ ਸਿਨੇਮੈਟੋਗ੍ਰਾਫੀ ਅਤੇ ਕਹਾਣੀ ਸੁਣਾਉਣ ਦੇ ਢੰਗ ਦੀ ਭਰਪੂਰ ਸ਼ਲਾਘਾ ਕੀਤੀ। ਰਾਹੁਲ ਰੌਏ ਨੇ ਇਸ ਜਿੱਤ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਦੁਨੀਆ ਭਰ ਵਿੱਚ ਟਰਾਂਸ ਲੋਕਾਂ ਨੂੰ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ, ਇਹ ਜਿੱਤ ਬਹੁਤ ਅਰਥਪੂਰਨ ਹੈ।
ਨਿਰਮਾਤਾ ਨੀਰਜ ਚੂਰੀ ਨੇ ਕਿਹਾ ਕਿ ਇਹ ਇੱਕ ਸਾਹਸੀ ਫ਼ਿਲਮ ਹੈ ਜੋ ਪਛਾਣ ਅਤੇ ਮਨੁੱਖੀ ਕਹਾਣੀ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦੀ ਹੈ। ਯੂ.ਕੇ., ਯੂ.ਐੱਸ., ਭਾਰਤ ਅਤੇ ਫ਼ਰਾਂਸ ਦੇ ਸਹਿ-ਨਿਰਮਾਣ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ ਏਲੇ ਲਿਓਨ ਨੋਸਟਾਸ, ਅਪੂਰਵਾ ਬਖਸ਼ੀ, ਨੀਰਜ ਚੂਰੀ, ਤੁਸ਼ਾਰ ਤਿਆਗੀ ਅਤੇ ਆਬਿਦ ਅਜ਼ੀਜ਼ ਮਰਚੈਂਟ ਨੇ ਕੀਤਾ ਹੈ, ਜਦਕਿ ਡੋਮਿਨਿਕ ਵੇਲਿੰਸਕੀ, ਨਿਖਿਲ ਅਡਵਾਨੀ ਅਤੇ ਸਟੀਫਨ ਹਾਰਮਾਟੀ ਕਾਰਜਕਾਰੀ ਨਿਰਮਾਤਾ ਹਨ।
ਸਵੈ-ਸਿੱਖਿਅਤ ਭਾਰਤੀ ਫ਼ਿਲਮ ਨਿਰਮਾਤਾ ਰਾਹੁਲ ਰੌਏ ਆਪਣੀਆਂ ਫ਼ਿਲਮਾਂ ਵਿੱਚ ਲਿੰਗ ਸਿਆਸਤ, ਕੁਈਰ ਪਛਾਣ ਅਤੇ ਨਾਰੀਵਾਦ ਜਿਹੇ ਵਿਸ਼ਿਆਂ ਨੂੰ ਬਾਖ਼ੂਬੀ ਪੇਸ਼ ਕਰਦੇ ਹਨ। ਉਨ੍ਹਾਂ ਦੀਆਂ ਪਿਛਲੀਆਂ ਛੋਟੀਆਂ ਫ਼ਿਲਮਾਂ ('ਮੈਨ ਐਂਡ ਵਾਈਫ' ਅਤੇ 'ਏ ਲੱਲਾਬੀ ਫ਼ਾਰ ਯੈਲੋ ਰੋਜ਼ਿਜ਼') ਨੇ ਵੀ ਵੱਖ-ਵੱਖ ਫ਼ਿਲਮ ਮੇਲਿਆਂ ਵਿੱਚ ਕਈ ਐਵਾਰਡ ਆਪਣੇ ਨਾਂ ਕੀਤੇ ਹਨ।

