PM Modi Remarks Case: ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਮਾਮਲੇ ’ਚ ਨੋਇਡਾ ਦੀ ਨਾਬਾਲਗ ਲੜਕੀ ਵਿਰੁੱਧ ਦਰਜ ਸ਼ਿਕਾਇਤ ਵਾਪਸ
ਲੜਕੀ ਵੱਲੋਂ ਮੁਆਫ਼ੀ ਮੰਗਣ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਮੁਆਫ਼ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੇ ਕੇਸ ਲਿਆ ਵਾਪਸ
ਸੀਜੇਪੀ (CJP) ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ 15 ਸਾਲਾ ਨੋਇਡਾ ਦੀ ਲੜਕੀ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਸ਼ਿਕਾਇਤਕਰਤਾ ਨੇ ਵਾਪਸ ਲੈ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਨਾਬਾਲਗ ਲੜਕੀ ਵੱਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਏ ਜਾਣ ਅਤੇ ਪ੍ਰਧਾਨ ਮੰਤਰੀ ਵੱਲੋਂ ਉਸ ਨੂੰ ਮੁਆਫ਼ ਕਰ ਦਿੱਤੇ ਜਾਣ ਤੋਂ ਬਾਅਦ ਉਹ ਹੁਣ ਇਸ ਮਾਮਲੇ ’ਚ ਕੋਈ ਅੱਗੇ ਕਾਰਵਾਈ ਨਹੀਂ ਕਰਨਾ ਚਾਹੁੰਦੀ।
ਸ਼ਿਕਾਇਤ ਦਰਜ ਕਰਵਾਉਣ ਵਾਲੀ ਸੁਪਰੀਮ ਕੋਰਟ ਦੀ ਵਕੀਲ ਸਮ੍ਰਿਤੀ ਸਿੰਘ ਨੇ ਦੱਸਿਆ ਕਿ 29 ਜੁਲਾਈ ਨੂੰ ਨੋਇਡਾ ਦੇ ਐਕਸਪ੍ਰੈੱਸ-ਵੇਅ ਥਾਣੇ ’ਚ ਅੱਠ ਲੜਕੀਆਂ ਖ਼ਿਲਾਫ਼ ਜ਼ੀਰੋ ਐੱਫ.ਆਈ.ਆਰ. (Zero FIR) ਦਰਜ ਕੀਤੀ ਗਈ ਸੀ, ਜਿਸ ’ਚ ਇਸ 15 ਸਾਲਾ ਲੜਕੀ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ। ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 352, 353(1) ਅਤੇ 356(1) ਤਹਿਤ ਦਰਜ ਕੀਤਾ ਗਿਆ ਸੀ।
ਵਕੀਲ ਸਮ੍ਰਿਤੀ ਸਿੰਘ ਨੇ ਕਿਹਾ, “ਜਦੋਂ ਪ੍ਰਧਾਨ ਮੰਤਰੀ ਨੇ ਖ਼ੁਦ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਹੈ, ਤਾਂ ਮੈਂ ਵੀ ਇਸ ਮਾਮਲੇ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ।” ਉਨ੍ਹਾਂ ਨੇ ਇਸ ਫ਼ੈਸਲੇ ਸਬੰਧੀ ਦਿੱਲੀ ਪੁਲੀਸ ਅਤੇ ਅਪਰਾਧ ਸ਼ਾਖ਼ਾ ਨੂੰ ਵੀ ਸੂਚਿਤ ਕਰ ਦਿੱਤਾ ਹੈ।

