‘ਨਵਾਂ ਫੋਨ, ਨਵੀਂ EMI.. ਪਰ ਬਿੱਲ ਉਹੀ ਪੁਰਾਣੇ..’: IPhone 18 ਦੀ ਦੀਵਾਨਗੀ ’ਤੇ Sonu Sood ਦਾ ਤਨਜ਼
ਅਦਾਕਾਰ ਨੇ Apple ਸਟੋਰਾਂ ਬਾਹਰ ਲੱਗੀਆਂ ਲੰਮੀਆਂ ਲਾਈਨਾਂ ਦੀ ਤਸਵੀਰ ਸਾਂਝੀ ਕਰਕੇ ਸਮਾਜਿਕ ਸੁਧਾਰ ਦੀ ਦਿੱਤੀ ਸਲਾਹ
ਨਵੇਂ ਲਾਂਚ ਹੋਏ ‘ਆਈਫੋਨ 18’ (iPhone 18) ਨੂੰ ਲੈ ਕੇ ਦੇਸ਼ ਭਰ ਵਿੱਚ ਦੇਖੇ ਜਾ ਰਹੇ ਜ਼ਬਰਦਸਤ ਉਤਸ਼ਾਹ ਵਿਚਾਲੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਸੋਸ਼ਲ ਮੀਡੀਆ ’ਤੇ ਇੱਕ ਮਜ਼ੇਦਾਰ ਅਤੇ ਵਿਚਾਰਨਯੋਗ ਪੋਸਟ ਸਾਂਝੀ ਕੀਤੀ ਹੈ। ਸ਼ੁੱਕਰਵਾਰ ਨੂੰ ਐਪਲ ਸਟੋਰਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਗਾਹਕਾਂ ਦੀ ਤਸਵੀਰ ਸ਼ੇਅਰ ਕਰਦਿਆਂ ਅਦਾਕਾਰ ਨੇ ਲਿਖਿਆ, “ਨਵਾਂ ਫੋਨ, ਨਵੀਂ EMI... ਪਰ ਬਿੱਲ ਉਹੀ ਪੁਰਾਣੇ! ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਰਫ਼ ਫੋਨ ਅੱਪਗ੍ਰੇਡ ਕਰਨ ਲਈ ਹੀ ਨਹੀਂ, ਸਗੋਂ ਸਮਾਜ ਵਿੱਚ ਕੋਈ ਬਦਲਾਅ ਲਿਆਉਣ ਲਈ ਵੀ ਲਾਈਨਾਂ ਵਿੱਚ ਖੜ੍ਹੇ ਹੋਈਏ। ਅਸਲੀ ਅੱਪਗ੍ਰੇਡ ਇੱਕ ਬਿਹਤਰ ਸਮਾਜ ਬਣਾਉਣਾ ਹੈ।”
ਇਹ ਪੋਸਟ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਈਫੋਨ 18 ਪ੍ਰੋ (iPhone 18 Pro) ਅਤੇ ਆਈਫੋਨ 18 ਪ੍ਰੋ ਮੈਕਸ (iPhone 18 Pro Max) ਖਰੀਦਣ ਲਈ ਲੋਕਾਂ ਦੀਆਂ ਭਾਰੀ ਭੀੜਾਂ ਉਮੜ ਰਹੀਆਂ ਹਨ। ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਵਾਂ ਫੋਨ ਖਰੀਦਣ ਵਾਲੇ ਪਹਿਲੇ ਸਿਤਾਰਿਆਂ ਵਿੱਚੋਂ ਇੱਕ ਰਹੇ, ਜਿਨ੍ਹਾਂ ਨੂੰ ਮੁੰਬਈ ਦੇ ਐਪਲ ਬੀ.ਕੇ.ਸੀ. (BKC) ਸਟੋਰ ’ਚ ਨਵੇਂ ਡਿਵਾਈਸ ਨਾਲ ਸੈਲਫ਼ੀਆਂ ਲੈਂਦੇ ਦੇਖਿਆ ਗਿਆ।
ਸਵੇਰ ਤੋਂ ਹੀ ਐਪਲ ਸਟੋਰਾਂ ਦੇ ਬਾਹਰ ਲੋਕਾਂ ਦੀ ਭੀੜ
ਦੂਜੇ ਪਾਸੇ, ਪ੍ਰਸ਼ੰਸਕਾਂ ਲਈ ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਬੈਂਗਲੁਰੂ ਤੋਂ ਆਏ ਰਾਹੁਲ ਨਾਮਕ ਗਾਹਕ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਤੋਂ ਲਾਈਨ ’ਚ ਖੜ੍ਹਾ ਸੀ। ਉਸ ਅਨੁਸਾਰ, ਆਈਫੋਨ 7 ਤੋਂ ਲੈ ਕੇ ਹੁਣ ਤੱਕ ਹਰ ਸਾਲ ਨਵਾਂ ਮਾਡਲ ਖਰੀਦਣਾ ਉਸ ਲਈ ਇੱਕ ਸਾਲਾਨਾ ਤਿਉਹਾਰ ਵਰਗਾ ਬਣ ਚੁੱਕਾ ਹੈ, ਜਿਸ ਲਈ ਦਿੱਲੀ, ਹਰਿਆਣਾ ਅਤੇ ਮੁੰਬਈ ਵਰਗੇ ਸ਼ਹਿਰਾਂ ਤੋਂ ਵੀ ਲੋਕ ਪਹੁੰਚ ਰਹੇ ਹਨ।
ਭਾਰਤ ਵਿੱਚ 18 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋਏ ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ’ਚ ਬਲੈਕ, ਸਿਲਵਰ, ਗਲੇਸ਼ੀਅਰ ਅਤੇ ਇੱਕ ਨਵਾਂ ‘ਬਰਗੰਡੀ’ ਰੰਗ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਫੋਨਾਂ ਵਿੱਚ 48MP ਫਿਊਜ਼ਨ ਮੇਨ ਕੈਮਰਾ, ਐਪਲ ਦੀ ਨਵੀਂ A20 Pro ਚਿੱਪ ਅਤੇ ਵੇਪਰ ਚੈਂਬਰ ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ।
ਇਹ ਹਨ ਕੀਮਤਾਂ
ਕੀਮਤਾਂ ਦੀ ਗੱਲ ਕਰੀਏ ਤਾਂ ਆਈਫੋਨ 18 ਪ੍ਰੋ ਦੇ 256GB ਵੇਰੀਐਂਟ ਦੀ ਸ਼ੁਰੂਆਤੀ ਕੀਮਤ 1,64,900 ਰੁਪਏ ਹੈ, ਜਦਕਿ ਇਸ ਦੇ 512GB, 1TB ਅਤੇ 2TB ਮਾਡਲ ਕ੍ਰਮਵਾਰ 1,89,900 ਰੁਪਏ, 2,39,900 ਰੁਪਏ ਅਤੇ 3,14,900 ਰੁਪਏ ਵਿੱਚ ਮਿਲਣਗੇ। ਇਸੇ ਤਰ੍ਹਾਂ ਆਈਫੋਨ 18 ਪ੍ਰੋ ਮੈਕਸ ਦਾ 256GB ਵੇਰੀਐਂਟ 1,79,900 ਰੁਪਏ ਤੋਂ ਸ਼ੁਰੂ ਹੁੰਦਾ ਹੈ, ਜਦਕਿ ਇਸ ਦੇ 512GB, 1TB ਅਤੇ 2TB ਵੇਰੀਐਂਟਾਂ ਦੀ ਕੀਮਤ ਕ੍ਰਮਵਾਰ 2,04,900 ਰੁਪਏ, 2,54,900 ਰੁਪਏ ਅਤੇ 3,29,900 ਰੁਪਏ ਰੱਖੀ ਗਈ ਹੈ।

