NCERT ਦਾ ਵੱਡਾ ਕਦਮ: 8ਵੀਂ ਜਮਾਤ ਦੀ ਨਵੀਂ ਕਿਤਾਬ ’ਚ ‘ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ’ ਦਾ ਵਿਸ਼ਾ ਸ਼ਾਮਲ
ਪਹਿਲੀ ਵਾਰ ਪਾਠਕ੍ਰਮ ਵਿੱਚ ਅਦਾਲਤੀ ਚੁਣੌਤੀਆਂ ਅਤੇ ਪੈਂਡਿੰਗ ਕੇਸਾਂ ਦਾ ਕੀਤਾ ਗਿਆ ਜ਼ਿਕਰ
ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ ਪੁਸਤਕ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਕੀਤੀ ਹੈ। ਪਹਿਲੀ ਵਾਰ, ‘ਸਾਡੇ ਸਮਾਜ ਵਿੱਚ ਨਿਆਂਪਾਲਿਕਾ ਦੀ ਭੂਮਿਕਾ’ ਨਾਮਕ ਅਧਿਆਏ ਵਿੱਚ ‘ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ’ ਦੇ ਵਿਸ਼ੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪਹਿਲਾਂ ਦੀਆਂ ਕਿਤਾਬਾਂ ਤੋਂ ਬਿਲਕੁਲ ਵੱਖਰਾ ਹੈ, ਜੋ ਸਿਰਫ਼ ਅਦਾਲਤਾਂ ਦੇ ਢਾਂਚੇ ਬਾਰੇ ਗੱਲ ਕਰਦੀਆਂ ਸਨ।
ਹੁਣ ਵਿਦਿਆਰਥੀ ਅਦਾਲਤੀ ਪ੍ਰਣਾਲੀ ਦੀਆਂ ਚੁਣੌਤੀਆਂ, ਜਿਵੇਂ ਕਿ ਭ੍ਰਿਸ਼ਟਾਚਾਰ ਅਤੇ ਕੇਸਾਂ ਦੇ ਬੈਕਲੌਗ (ਸੁਪਰੀਮ ਕੋਰਟ ਵਿੱਚ 81,000 ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਲਗਭਗ 4.7 ਕਰੋੜ ਪੈਂਡਿੰਗ ਕੇਸ) ਬਾਰੇ ਵੀ ਪੜ੍ਹਨਗੇ।
ਕਿਤਾਬ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੱਜ ਇੱਕ Code of Conduct (ਨੈਤਿਕ ਨਿਯਮਾਂ) ਨਾਲ ਬੱਝੇ ਹੋਏ ਹਨ ਅਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਲਈ ਕਈ ਤੰਤਰ ਮੌਜੂਦ ਹਨ। ਪਾਠ ਪੁਸਤਕ ਵਿੱਚ ਜੱਜਾਂ ਨੂੰ ਹਟਾਉਣ ਲਈ ‘ਮਹਾਦੋਸ਼’ (Impeachment) ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਜਨਤਾ ਦੇ ਭਰੋਸੇ ਨੂੰ ਠੇਸ ਪਹੁੰਚਾਉਂਦਾ ਹੈ, ਜਿਸ ਨੂੰ ਸਿਰਫ਼ ਪਾਰਦਰਸ਼ਤਾ ਅਤੇ ਸਖ਼ਤ ਕਾਰਵਾਈ ਰਾਹੀਂ ਹੀ ਬਹਾਲ ਕੀਤਾ ਜਾ ਸਕਦਾ ਹੈ। ਕਿਤਾਬ ਇਹ ਵੀ ਮੰਨਦੀ ਹੈ ਕਿ ਗਰੀਬ ਅਤੇ ਪਛੜੇ ਵਰਗਾਂ ਲਈ ਅਦਾਲਤੀ ਭ੍ਰਿਸ਼ਟਾਚਾਰ ਇਨਸਾਫ਼ ਪ੍ਰਾਪਤ ਕਰਨ ਦੀ ਰਾਹ ਵਿੱਚ ਇੱਕ ਵੱਡੀ ਰੁਕਾਵਟ ਹੈ।

