Namita Thapar Controversy: ‘ਰੱਬ ਸਭ ਦੇਖ ਰਿਹਾ ਹੈ..’; ਨਮਾਜ਼ ਬਾਰੇ ਵੀਡੀਓ ਨੂੰ ਲੈ ਕੇ ਨਮਿਤਾ ਥਾਪਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ
Shark Tank India ਦੀ ਜੱਜ ਨੇ ‘ਨਰਾਜ਼ਗੀ’ ’ਤੇ ਚੁੱਕੇ ਸਵਾਲ; ਕਿਹਾ- ਮਾਤਾ ਵਿਰੁੱਧ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ
Namita Thapar Controversy: ਐਮਕਿਓਰ ਫਾਰਮਾਸਿਊਟੀਕਲ (Emcure Pharmaceuticals) ਦੀ ਐਗਜ਼ੀਕਿਊਟਿਵ ਡਾਇਰੈਕਟਰ ਅਤੇ ‘ਸ਼ਾਰਕ ਟੈਂਕ ਇੰਡੀਆ’ ਦੀ ਜੱਜ ਨਮਿਤਾ ਥਾਪਰ ਨੇ ਨਮਾਜ਼ ਦੇ ਸਿਹਤ ਲਾਭਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਹੋ ਰਹੀ ਆਪਣੀ ਟ੍ਰੋਲਿੰਗ ਦਾ ਸਖ਼ਤ ਜਵਾਬ ਦਿੱਤਾ ਹੈ। ਬੀਤੀ ਸਵੇਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇੱਕ ਭਾਵੁਕ ਵੀਡੀਓ ਵਿੱਚ ਨਮਿਤਾ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਉਨ੍ਹਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਮਾਤਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਨਾ-ਕਾਬਿਲ-ਏ-ਬਰਦਾਸ਼ਤ ਹੈ।
ਨਮਿਤਾ ਨੇ ਸਪੱਸ਼ਟ ਕੀਤਾ ਕਿ ਇੱਕ ਸਿਹਤ ਮਾਹਿਰ ਹੋਣ ਦੇ ਨਾਤੇ ਉਨ੍ਹਾਂ ਦੇ ਵਿਚਾਰ ਸਿਰਫ਼ ਸਰੀਰਕ ਅਤੇ ਮਾਨਸਿਕ ਤੰਦਰੁਸਤੀ ’ਤੇ ਆਧਾਰਿਤ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਉਹ ਯੋਗਾ ਜਾਂ ਸੂਰਿਆ ਨਮਸਕਾਰ ਵਰਗੀਆਂ ਹਿੰਦੂ ਪਰੰਪਰਾਵਾਂ ਬਾਰੇ ਗੱਲ ਕਰਦੇ ਹਨ, ਉਦੋਂ ਕੋਈ ਇਤਰਾਜ਼ ਨਹੀਂ ਜਤਾਇਆ ਜਾਂਦਾ, ਪਰ ਕਿਸੇ ਹੋਰ ਧਰਮ ਦੀ ਪ੍ਰਥਾ ਬਾਰੇ ਗੱਲ ਕਰਨ ‘ਤੇ ‘ਚੋਣਵੀਂ ਨਰਾਜ਼ਗੀ’ ਕਿਉਂ ਦਿਖਾਈ ਜਾਂਦੀ ਹੈ? ਉਨ੍ਹਾਂ ਕਿਹਾ ਕਿ ਧਰਮ ਦਾ ਅਸਲ ਮਤਲਬ ‘ਸਤਿਕਾਰ’ (Respect) ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਔਰਤਾਂ ਪ੍ਰਤੀ।
ਕੀ ਹੈ ਸਾਰਾ ਵਿਵਾਦ?
ਇਹ ਵਿਵਾਦ ਮਾਰਚ 2026 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ ਜਦੋਂ ਨਮਿਤਾ ਨੇ ਆਪਣੇ ਦੋਸਤਾਂ ਨਾਲ ਈਦ ਮਨਾਉਣ ਤੋਂ ਬਾਅਦ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਨਮਾਜ਼ ਨੂੰ ਇੱਕ ‘ਖ਼ੂਬਸੂਰਤ ਅਧਿਆਤਮਿਕ ਅਭਿਆਸ’ ਦੱਸਦਿਆਂ ਇਸ ਦੇ ਸਰੀਰਕ ਫਾਇਦਿਆਂ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਨੇ ਨਮਾਜ਼ ਦੀ ‘ਤਸ਼ਾਹੂਦ’ ਮੁਦਰਾ ਦੀ ਤੁਲਨਾ ‘ਵਜਰਾਸਣ’ ਨਾਲ ਕਰਦਿਆਂ ਇਸ ਨੂੰ ਪਾਚਨ ਪ੍ਰਣਾਲੀ ਅਤੇ ਜੋੜਾਂ ਦੀ ਸਿਹਤ ਲਈ ਲਾਹੇਵੰਦ ਦੱਸਿਆ ਸੀ।
I left for bombay at 6.30 am like the hard working professional that I am & stopped the car at 7 am to make this reel as I’ve long realised that silence is not a virtue & one must speak up when they are disrespected. Yes if wrong things happen at any workplace that are against… pic.twitter.com/rvMSu0wXz0
— Namita (@namitathapar) April 20, 2026
ਨਮਿਤਾ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਕਿ ‘ਚੁੱਪ ਰਹਿਣਾ ਕੋਈ ਗੁਣ ਨਹੀਂ ਹੈ’ ਅਤੇ ਜਦੋਂ ਕਿਸੇ ਦੀ ਇੱਜ਼ਤ ਜਾਂ ਪਰਿਵਾਰ ’ਤੇ ਹਮਲਾ ਹੋਵੇ ਤਾਂ ਬੋਲਣਾ ਜ਼ਰੂਰੀ ਹੈ। ਉਨ੍ਹਾਂ ਕਰਮਾਂ ਦਾ ਹਵਾਲਾ ਦਿੰਦੇ ਹੋਏ ਆਲੋਚਕਾਂ ਨੂੰ ਚਿਤਾਵਨੀ ਦਿੱਤੀ ਕਿ ‘ਰੱਬ ਸਭ ਕੁਝ ਦੇਖ ਰਿਹਾ ਹੈ।’ ਉਨ੍ਹਾਂ ਭਾਰਤੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਇਨਸਾਨੀਅਤ ਦੇ ਨਾਤੇ ਕੁਝ ਗਲਤ ਹੁੰਦਾ ਦੇਖਣ ਤਾਂ ਉਸ ਵਿਰੁੱਧ ਆਵਾਜ਼ ਜ਼ਰੂਰ ਬੁਲੰਦ ਕਰਨ। ਨਮਿਤਾ ਅਨੁਸਾਰ ਸ਼ਾਰਕ ਟੈਂਕ ਰਾਹੀਂ ਮਿਲੀ ਪ੍ਰਸਿੱਧੀ ਕਾਰਨ ਉਹ ਨਿੱਜੀ ਟ੍ਰੋਲਿੰਗ ਦੀ ਆਦੀ ਹੋ ਚੁੱਕੀ ਹੈ, ਪਰ ਪਰਿਵਾਰਕ ਮੈਂਬਰਾਂ ਦਾ ਅਪਮਾਨ ਉਹ ਬਰਦਾਸ਼ਤ ਨਹੀਂ ਕਰੇਗੀ।

