ਮਹਿੰਗਾਈ ਦੀ ਮਾਰ: ਥੋਕ ਮਹਿੰਗਾਈ 43 ਮਹੀਨਿਆਂ ਦੇ ਉੱਚੇ ਪੱਧਰ ’ਤੇ; ਮਈ ’ਚ 9.68 ਫ਼ੀਸਦੀ ’ਤੇ ਪਹੁੰਚੀ
ਅਨਾਜ, ਤੇਲ ਤੇ ਬਾਲਣ ਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ; ਅਮਰੀਕਾ-ਇਰਾਨ ਤਣਾਅ ਕਾਰਨ ਹੋਰ ਭੱਖ ਸਕਦੀ ਹੈ ਮਾਰਕੀਟ
ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਦੇਸ਼ ਵਿੱਚ ਥੋਕ ਮਹਿੰਗਾਈ ਦਰ (Wholesale price index) ਮਈ ਮਹੀਨੇ ਵਿੱਚ ਛਾਲ ਮਾਰ ਕੇ 9.68 ਫ਼ੀਸਦੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਪਰੈਲ ਵਿੱਚ ਇਹ 8.26 ਫ਼ੀਸਦੀ ’ਤੇ ਸੀ। ਮਈ ਵਿੱਚ ਦਰਜ ਕੀਤੀ ਗਈ ਇਹ ਮਹਿੰਗਾਈ ਪਿਛਲੇ 43 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਸਤੰਬਰ 2022 ਵਿੱਚ ਥੋਕ ਮਹਿੰਗਾਈ ਦਾ ਅੰਕੜਾ 10.70 ਫ਼ੀਸਦੀ ’ਤੇ ਪਹੁੰਚਿਆ ਸੀ। ਕੇਂਦਰੀ ਵਣਜ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਨੇ ਸਰਕਾਰ ਅਤੇ ਆਰਥਿਕ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ।
ਆਰਥਿਕ ਮਾਹਰਾਂ ਮੁਤਾਬਕ ਮਹਿੰਗਾਈ ਵਧਣ ਦਾ ਮੁੱਖ ਕਾਰਨ ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤਾਂ ਅਤੇ ਬਾਲਣ (ਫਿਊਲ) ਦੀਆਂ ਕੀਮਤਾਂ ਵਿੱਚ ਹੋਇਆ ਭਾਰੀ ਵਾਧਾ ਹੈ। ਇਸ ਤੋਂ ਇਲਾਵਾ ਅਨਾਜ ਅਤੇ ਖਾਣ ਵਾਲੇ ਤੇਲ ਵੀ ਮਹਿੰਗੇ ਹੋਏ ਹਨ। ਦਰਅਸਲ, ਅਮਰੀਕਾ ਅਤੇ ਈਰਾਨ ਵਿਚਾਲੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਖੇਤਰੀ ਤਣਾਅ ਦਾ ਅਸਰ ਸਪਲਾਈ ਚੇਨ ’ਤੇ ਪਿਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਆਮ ਵਾਂਗ ਨਾ ਹੋਈ ਤਾਂ ਮਹਿੰਗਾਈ ਦਾ ਇਹ ਗ੍ਰਾਫ਼ ਹੋਰ ਉੱਪਰ ਜਾ ਸਕਦਾ ਹੈ।
ਰੋਜ਼ਾਨਾ ਦੀਆਂ ਵਸਤਾਂ, ਬਾਲਣ ਅਤੇ ਬਿਜਲੀ ਹੋਈ ਮਹਿੰਗੀ
- ਪ੍ਰਾਇਮਰੀ ਆਰਟੀਕਲਸ: ਰੋਜ਼ਾਨਾ ਦੀ ਲੋੜ ਵਾਲੇ ਸਾਮਾਨ ਦੀ ਮਹਿੰਗਾਈ ਦਰ 3.78 ਫ਼ੀਸਦੀ ਤੋਂ ਵਧ ਕੇ 4.99 ਫ਼ੀਸਦੀ ਹੋ ਗਈ ਹੈ।
- ਫੂਡ ਇੰਡੈਕਸ: ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਥੋਕ ਮਹਿੰਗਾਈ 3.11 ਫ਼ੀਸਦੀ ਤੋਂ ਸਿੱਧੀ 4.49 ਫ਼ੀਸਦੀ ’ਤੇ ਪਹੁੰਚ ਗਈ ਹੈ।
- ਫਿਊਲ ਤੇ ਪਾਵਰ: ਬਾਲਣ ਅਤੇ ਬਿਜਲੀ ਦੇ ਖੇਤਰ ਵਿੱਚ ਸਭ ਤੋਂ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ, ਜਿੱਥੇ ਇਹ ਦਰ 24.89 ਫ਼ੀਸਦੀ ਤੋਂ ਵਧ ਕੇ 30.33 ਫ਼ੀਸਦੀ ਹੋ ਗਈ ਹੈ।
- ਮੈਨੂਫੈਕਚਰਿੰਗ ਪ੍ਰੋਡਕਟਸ: ਫੈਕਟਰੀਆਂ ਵਿੱਚ ਬਣਨ ਵਾਲੇ ਸਾਮਾਨ ਦੀ ਮਹਿੰਗਾਈ ਦਰ ਵੀ 6.68 ਫ਼ੀਸਦੀ ਤੋਂ ਵਧ ਕੇ 7.48 ਫ਼ੀਸਦੀ ਰਹੀ।
ਮਈ ’ਚ ਪ੍ਰਚੂਨ (Retail) ਮਹਿੰਗਾਈ ਵੀ 3.93 ਫ਼ੀਸਦੀ ’ਤੇ ਪਹੁੰਚੀ
ਥੋਕ ਬਾਜ਼ਾਰ ਦੇ ਨਾਲ-ਨਾਲ ਆਮ ਗਾਹਕਾਂ ਨਾਲ ਜੁੜੀ ਪ੍ਰਚੂਨ (retail) ਮਹਿੰਗਾਈ ਵੀ ਵਧੀ ਹੈ। ਮਈ ਮਹੀਨੇ ਵਿੱਚ ਇਹ ਵਧ ਕੇ 3.93 ਫ਼ੀਸਦੀ ਹੋ ਗਈ, ਜੋ ਅਪਰੈਲ ਵਿੱਚ 3.48 ਫ਼ੀਸਦੀ ਸੀ। ਪਿਛਲੇ 5 ਮਹੀਨਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਖਪਤਕਾਰ ਮਹਿੰਗਾਈ ਦਰ (CPI) ਭਾਰਤੀ ਰਿਜ਼ਰਵ ਬੈਂਕ (RBI) ਦੇ 4 ਫ਼ੀਸਦੀ ਦੇ ਤੈਅ ਹੱਦ (ਟਾਰਗੇਟ) ਦੇ ਬੇਹੱਦ ਨਜ਼ਦੀਕ ਪਹੁੰਚ ਗਈ ਹੈ।
ਆਮ ਆਦਮੀ ’ਤੇ ਕੀ ਪਵੇਗਾ ਅਸਰ?
ਜੇਕਰ ਥੋਕ ਮਹਿੰਗਾਈ ਲੰਬੇ ਸਮੇਂ ਤੱਕ ਉੱਚੇ ਪੱਧਰ ’ਤੇ ਰਹਿੰਦੀ ਹੈ, ਤਾਂ ਉਤਪਾਦਕ (ਕੰਪਨੀਆਂ) ਆਪਣਾ ਨੁਕਸਾਨ ਪੂਰਾ ਕਰਨ ਲਈ ਇਸ ਦਾ ਬੋਝ ਆਮ ਗਾਹਕਾਂ 'ਤੇ ਪਾ ਦਿੰਦੇ ਹਨ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਬਾਜ਼ਾਰ ਵਿੱਚ ਹਰ ਚੀਜ਼ ਮਹਿੰਗੀ ਹੋਣ ਦਾ ਖ਼ਦਸ਼ਾ ਹੈ। ਸਰਕਾਰ ਕੋਲ ਇਸ ਨੂੰ ਕੰਟਰੋਲ ਕਰਨ ਲਈ ਟੈਕਸਾਂ (ਜਿਵੇਂ ਐਕਸਾਈਜ਼ ਡਿਊਟੀ) ਵਿੱਚ ਕਟੌਤੀ ਕਰਨ ਦਾ ਹੀ ਰਾਹ ਬਚਦਾ ਹੈ।
ਕਿਵੇਂ ਮਾਪੀ ਜਾਂਦੀ ਹੈ ਮਹਿੰਗਾਈ?
ਦੇਸ਼ ਵਿੱਚ ਮਹਿੰਗਾਈ ਨੂੰ ਦੋ ਪੱਧਰਾਂ 'ਤੇ ਮਾਪਿਆ ਜਾਂਦਾ ਹੈ:
ਥੋਕ ਮਹਿੰਗਾਈ (WPI): ਇਹ ਉਨ੍ਹਾਂ ਕੀਮਤਾਂ ’ਤੇ ਆਧਾਰਿਤ ਹੁੰਦੀ ਹੈ, ਜੋ ਥੋਕ ਬਾਜ਼ਾਰ ਵਿੱਚ ਇੱਕ ਵਪਾਰੀ ਦੂਜੇ ਵਪਾਰੀ ਕੋਲੋਂ ਵਸੂਲਦਾ ਹੈ। ਇਸ ਵਿੱਚ ਮੈਨੂਫੈਕਚਰਡ ਪ੍ਰੋਡਕਟਸ ਦਾ ਹਿੱਸਾ ਸਭ ਤੋਂ ਵੱਧ 64.23 ਫ਼ੀਸਦੀ ਹੁੰਦਾ ਹੈ।
ਪ੍ਰਚੂਨ ਮਹਿੰਗਾਈ (CPI): ਇਹ ਉਹ ਕੀਮਤਾਂ ਹੁੰਦੀਆਂ ਹਨ ਜੋ ਆਮ ਗਾਹਕ ਦੁਕਾਨਦਾਰ ਨੂੰ ਅਦਾ ਕਰਦਾ ਹੈ। ਇਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਅਤੇ ਘਰੇਲੂ ਲੋੜਾਂ (ਹਾਊਸਿੰਗ) ਦਾ ਹਿੱਸਾ ਲਗਭਗ 45.86 ਫ਼ੀਸਦੀ ਹੁੰਦਾ ਹੈ।
