India Air Taxis: ਭਾਰਤ ਵਿੱਚ 2028 ਤੱਕ ਉਡਣਗੀਆਂ ਬਿਜਲਈ ਏਅਰ ਟੈਕਸੀਆਂ
Electric Air Taxis: ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ- 2028 ਤੱਕ ਭਾਰਤੀ ਅਸਮਾਨ ਵਿੱਚ ਨਜ਼ਰ ਆਉਣਗੀਆਂ ਏਅਰ ਟੈਕਸੀਆਂ, ਅਗਲੇ ਸਾਲ ਸ਼ੁਰੂ ਹੋਵੇਗੀ ਟੈਸਟਿੰਗ
Electric Air Taxis: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਭਾਰਤ ਦਾ ਟੀਚਾ 2028 ਤੱਕ ਦੇਸ਼ ਵਿੱਚ ਇਲੈਕਟ੍ਰਿਕ ਏਅਰ ਟੈਕਸੀਆਂ ਨੂੰ ਉਡਾਉਣ ਦਾ ਹੈ ਜਦੋਂ ਕਿ ਇਸ ਉੱਭਰਦੀ ਤਕਨੀਕ ਦੀ ਟੈਸਟਿੰਗ ਅਗਲੇ ਸਾਲ ਹੋਰ ਤੇਜ਼ ਹੋਣ ਦੀ ਉਮੀਦ ਹੈ। ਬੰਗਲੁਰੂ ਵਿੱਚ 'ਸਰਲਾ ਏਵੀਏਸ਼ਨ' (Sarla Aviation) ਦੇ ਨਵੇਂ ਮੁੱਖ ਦਫ਼ਤਰ ਦੇ ਉਦਘਾਟਨ ਮੌਕੇ ਬੋਲਦਿਆਂ ਨਾਇਡੂ ਨੇ ਕਿਹਾ ਕਿ ਇਲੈਕਟ੍ਰਿਕ ਵਰਟੀਕਲ ਟੇਕ-ਆਫ਼ ਐਂਡ ਲੈਂਡਿੰਗ (eVTOL) ਏਅਰਕ੍ਰਾਫਟ ਬੰਗਲੁਰੂ, ਮੁੰਬਈ ਅਤੇ ਦਿੱਲੀ ਵਰਗੇ ਭੀੜ-ਭੜੱਕੇ ਵਾਲੇ ਮਹਾਨਗਰਾਂ ਲਈ ਆਵਾਜਾਈ ਦਾ ਇੱਕ ਨਵਾਂ ਬਦਲ ਪੇਸ਼ ਕਰ ਸਕਦੇ ਹਨ।
ਮੰਤਰੀ ਨੇ ਉਮੀਦ ਜਤਾਈ ਕਿ ਸਰਲਾ ਏਵੀਏਸ਼ਨ ਅਗਲੇ ਸਾਲ ਪੂਰੀ ਤਰ੍ਹਾਂ ਟੈਸਟਿੰਗ ਪੜਾਅ ਵਿੱਚ ਦਾਖਲ ਹੋ ਜਾਵੇਗੀ, ਜਦੋਂ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਰੈਗੂਲੇਟਰ ਡੀ ਜੀ ਸੀ ਏ (DGCA) ਸੁਰੱਖਿਆ ਅਤੇ ਨਿਯਮਾਂ ਨੂੰ ਲੈ ਕੇ ਉਦਯੋਗ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।
ਡੀ ਜੀ ਸੀ ਏ ਨੇ ਸਰਲਾ ਏਵੀਏਸ਼ਨ ਨੂੰ ਡਿਜ਼ਾਈਨ ਆਰਗੇਨਾਈਜ਼ੇਸ਼ਨ ਅਪਰੂਵਲ ਵੀ ਦੇ ਦਿੱਤੀ ਹੈ। ਕੰਪਨੀ ਦਾ ਇਹ ਏਅਰਕ੍ਰਾਫਟ ਇੱਕ ਪਾਇਲਟ ਸਮੇਤ ਛੇ ਯਾਤਰੀਆਂ ਨੂੰ ਲਿਜਾਣ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ 7 ਇਲੈਕਟ੍ਰਿਕ ਮੋਟਰਾਂ ਦੀ ਵਰਤੋਂ ਕੀਤੀ ਜਾਵੇਗੀ।
ਸਰਲਾ ਏਵੀਏਸ਼ਨ ਦੇ ਸਹਿ-ਸਥਾਪਕ ਅਤੇ ਸੀ ਈ ਓ ਐਡਰੀਅਨ ਨੇ ਦੱਸਿਆ ਕਿ ਕੰਪਨੀ ਦਾ ਇਹ ਏਅਰਕ੍ਰਾਫਟ ਡਰੋਨ, ਹੈਲੀਕਾਪਟਰ ਅਤੇ ਰਵਾਇਤੀ ਜਹਾਜ਼ ਦੇ ਤੱਤਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਇਸ ਨੂੰ 6 ਇਲੈਕਟ੍ਰਿਕ ਮੋਟਰਾਂ ਉੱਪਰ ਚੁੱਕਣ ਲਈ ਅਤੇ ਇੱਕ ਪਿੱਛੇ ਵਾਲੀ ਮੋਟਰ ਅੱਗੇ ਵਧਾਉਣ ਲਈ ਮਦਦ ਕਰੇਗੀ। ਇਸ ਸਟਾਰਟਅੱਪ ਨੂੰ ਐਸੇਲ (Accel), ਨਿਖਿਲ ਕਾਮਥ, ਬਿੰਨੀ ਬੰਸਲ, ਸ੍ਰੀਹਰਸ਼ ਮਜੇਟੀ ਅਤੇ ਹੋਰ ਨਿਵੇਸ਼ਕਾਂ ਦਾ ਸਮਰਥਨ ਪ੍ਰਾਪਤ ਹੈ।
ਕੇਂਦਰੀ ਮੰਤਰੀ ਨਾਇਡੂ ਨੇ ਕਿਹਾ ਕਿ ਭਾਰਤ ਵਿੱਚ ਏਅਰ ਟੈਕਸੀਆਂ ਦੀ ਵਪਾਰਕ ਸਫਲਤਾ ਲਈ ਸੁਰੱਖਿਆ ਦੇ ਨਾਲ-ਨਾਲ ਕਿਫਾਇਤੀ ਹੋਣਾ ਵੀ ਬਹੁਤ ਜ਼ਰੂਰੀ ਹੈ। ਸਥਾਨਕ ਪੱਧਰ 'ਤੇ ਪਾਰਟਸ ਬਣਾਉਣ ਨਾਲ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਹ ਤਕਨੀਕ ਮਹਾਨਗਰਾਂ ਵਿੱਚ ਹਵਾਈ ਅੱਡੇ ਤੋਂ ਸ਼ਹਿਰ ਤੱਕ ਦਾ ਸਫ਼ਰ 2 ਘੰਟੇ ਤੋਂ ਘਟਾ ਕੇ 20-30 ਮਿੰਟ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਮੈਡੀਕਲ ਐਵੈਕਿਊਏਸ਼ਨ, ਏਅਰ ਐਂਬੂਲੈਂਸ ਅਤੇ ਕਾਰਗੋ ਢੋਹਣ ਲਈ ਵੀ ਕੀਤੀ ਜਾ ਸਕੇਗੀ।

