“ਮੈਨੂੰ ਨਰਿੰਦਰ ਨਾਂ ਤੋਂ ਨਫ਼ਰਤ ਹੋ ਗਈ ਹੈ..”: ਜਦੋਂ ਭਾਰਤੀ ਬਾਕਸਰ ਤੋਂ ਹਾਰ ਕੇ ਬੋਲਿਆ ਪਾਕਿਸਤਾਨੀ ਖਿਡਾਰੀ
ਰਾਸ਼ਟਰਮੰਡਲ ਖੇਡਾਂ 2026 ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਬਰਵਾਲ ਨੇ ਵਿਸ਼ਵ ਮਿਲਟਰੀ ਖੇਡਾਂ ਦੌਰਾਨ ਪਾਕਿਸਤਾਨੀ ਮੁੱਕੇਬਾਜ਼ ਨਾਲ ਹੋਈ ਦਿਲਚਸਪ ਗੱਲਬਾਤ ਦਾ ਕੀਤਾ ਖ਼ੁਲਾਸਾ
ਰਾਸ਼ਟਰਮੰਡਲ ਖੇਡਾਂ (CWG) 2026 ਦੇ ਪੁਰਸ਼ਾਂ ਦੇ 90+ ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ ਨਰਿੰਦਰ ਬਰਵਾਲ ਨੇ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਨਿਵਾਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਆਪਣੇ ਖੇਡ ਕਰੀਅਰ ਦਾ ਇੱਕ ਬਹੁਤ ਹੀ ਮਜ਼ੇਦਾਰ ਕਿੱਸਾ ਸਾਂਝਾ ਕੀਤਾ। ਬਰਵਾਲ ਨੇ 2015 ਦੀਆਂ ‘ਵਰਲਡ ਮਿਲਟਰੀ ਗੇਮਜ਼’ ਦੌਰਾਨ ਇੱਕ ਪਾਕਿਸਤਾਨੀ ਮੁੱਕੇਬਾਜ਼ ਨੂੰ ਹਰਾਉਣ ਤੋਂ ਬਾਅਦ ਉਸ ਨਾਲ ਹੋਈ ਦਿਲਚਸਪ ਗੱਲਬਾਤ ਨੂੰ ਚੇਤੇ ਕੀਤਾ।
ਘਟਨਾ ਨੂੰ ਯਾਦ ਕਰਦਿਆਂ ਬਰਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਤੋਂ ਹਾਰਨ ਤੋਂ ਬਾਅਦ ਜਦੋਂ ਦੋਵੇਂ ਖਿਡਾਰੀ ਇਲਾਜ ਲਈ ਮੈਡੀਕਲ ਰੂਮ ਵਿੱਚ ਬੈਠੇ ਸਨ, ਤਾਂ ਪਾਕਿਸਤਾਨੀ ਮੁੱਕੇਬਾਜ਼ ਨੇ ਉਨ੍ਹਾਂ ਦੇ ਜੀਵਨ ਵਿੱਚ ਵਾਰ-ਵਾਰ ‘ਨਰਿੰਦਰ’ ਨਾਂ ਦੇ ਆਉਣ ’ਤੇ ਹੈਰਾਨੀ ਪ੍ਰਗਟਾਈ ਸੀ। ਪ੍ਰਧਾਨ ਮੰਤਰੀ ਮੋਦੀ ਦੇ ਯੂ-ਟਿਊਬ ਚੈਨਲ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਬਰਵਾਲ ਨੇ ਦੱਸਿਆ, “ਪਾਕਿਸਤਾਨੀ ਬਾਕਸਰ ਨੇ ਮੈਨੂੰ ਕਿਹਾ, ਭਾਈਜਾਨ! ਆਪਕਾ ਨਾਮ ਨਰਿੰਦਰ ਹੈ, ਆਪਕੇ ਕੋਚ ਕਾ ਨਾਮ ਨਰਿੰਦਰ ਹੈ, ਆਪਕੇ ਪ੍ਰਧਾਨ ਮੰਤਰੀ ਕਾ ਨਾਮ ਨਰਿੰਦਰ ਹੈ... ਮੁਝੇ ਨਰਿੰਦਰ ਨਾਮ ਸੇ ਨਫ਼ਰਤ ਹੋ ਗਈ ਹੈ...”। ਇਸ ਮਜ਼ੇਦਾਰ ਗੱਲਬਾਤ ਨੂੰ ਸੁਣ ਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਪੂਰਾ ਕਮਰਾ ਹਾਸੇ ਨਾਲ ਗੂੰਜ ਉੱਠਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਤਗ਼ਮੇ ਜਿੱਤਣ ਵਾਲੇ ਭਾਰਤੀ ਐਥਲੀਟਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਲਗਨ, ਸਖ਼ਤ ਮਿਹਨਤ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਵਧਾਈ ਦਿੱਤੀ। ਧਿਆਨਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਕੁੱਲ 10 ਤਗ਼ਮੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੇ ਇੰਗਲੈਂਡ (1934 ਤੇ 2018) ਅਤੇ ਕੈਨੇਡਾ (1986) ਦੇ 6-6 ਸੋਨ ਤਗ਼ਮਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਗਲਾਸਗੋ ’ਚ ਸਮਾਪਤ ਹੋਈਆਂ ਇਨ੍ਹਾਂ ਖੇਡਾਂ ’ਚ ਭਾਰਤ ਨੇ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 39 ਤਗ਼ਮੇ ਜਿੱਤ ਕੇ ਤਗ਼ਮਾ ਸੂਚੀ ’ਚ ਚੌਥਾ ਸਥਾਨ ਹਾਸਲ ਕੀਤਾ। 11 ਦਿਨਾਂ ਦੇ ਸ਼ਾਨਦਾਰ ਮੁਕਾਬਲਿਆਂ ਤੋਂ ਬਾਅਦ, ਸਕਾਟਲੈਂਡ ਨੇ ਅਧਿਕਾਰਤ ਤੌਰ ’ਤੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਅਤੇ ਬੈਟਨ ਭਾਰਤ ਨੂੰ ਸੌਂਪ ਦਿੱਤਾ ਹੈ, ਜੋ ਸਾਲ 2030 ਵਿੱਚ ਅਹਿਮਦਾਬਾਦ ਵਿਖੇ ਇਨ੍ਹਾਂ ਖੇਡਾਂ ਦੇ ਸ਼ਤਾਬਦੀ ਸੰਸਕਰਨ ਦੀ ਮੇਜ਼ਬਾਨੀ ਕਰੇਗਾ।
#WATCH | "Pakistani boxer said to me 'Aapka naam Narender hai, aapke coach ka naam Narender hai, aapke Pradhan Mantri ka naam Narendra hai. Mujhe Narendra naam se nafrat ho gayi hai'..." says Heavyweight boxer and silver medallist Narender Berwal narrating his conversation with a… pic.twitter.com/qvmwO5D2sz
— ANI (@ANI) August 10, 2026

