‘ਮੈਂ ਵੀ ਸੁਧਰਨ ਵਾਲਾ ਨਹੀਂ..’; ਪੁਣੇ ‘ਚ Neha Singh Rathore ਦੀ ਗੱਲ ਸੁਣ ਕੇ ਬੋਲੇ Rahul Gandhi
‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦੌਰਾਨ ਔਰਤਾਂ ਦੀ ਸੁਰੱਖਿਆ, ਮਨੂਸਮ੍ਰਿਤੀ ਅਤੇ ਆਦਿਵਾਸੀ ਵਿਦਿਆਰਥੀਆਂ ਦੇ ਮੁੱਦਿਆਂ ’ਤੇ ਹੋਈ ਚਰਚਾ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪੁਣੇ ਵਿੱਚ ਕਰਵਾਏ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦੌਰਾਨ ਦੇਸ਼ ਦੀਆਂ ਔਰਤਾਂ ਅਤੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕੀਤਾ। ਇਸ ਦੌਰਾਨ ਆਪਣੇ ਵਿਅੰਗਮਈ ਗੀਤਾਂ ਲਈ ਜਾਣੀ ਜਾਂਦੀ ਭੋਜਪੁਰੀ ਗਾਇਕਾ ਨੇਹਾ ਸਿੰਘ ਰਾਠੌਰ ਨੇ ਸਰਕਾਰ ਤੋਂ ਸਵਾਲ ਪੁੱਛਣ ਬਦਲੇ ਮਿਲਦੀਆਂ ਧਮਕੀਆਂ ਅਤੇ ਗਾਲਾਂ ਦਾ ਮੁੱਦਾ ਚੁੱਕਿਆ। ਰਾਠੌਰ ਨੇ ਕਿਹਾ ਕਿ ਲੋਕ ਉਸ ਨੂੰ ਕਹਿੰਦੇ ਹਨ ਕਿ ਉਹ ਪੰਜ ਸਾਲਾਂ ਤੋਂ ਗਾਲਾਂ ਖਾ ਕੇ ਵੀ ਨਹੀਂ ਸੁਧਰੀ, ਪਰ ਉਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਉਹ ਸੁਧਰਨ ਵਾਲੀ ਨਹੀਂ ਹੈ। ਇਸ ’ਤੇ ਮੁਸਕਰਾਉਂਦੇ ਹੋਏ ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਮੈਨੂੰ ਵੀ ਸਾਲਾਂ ਤੋਂ ਗਾਲਾਂ ਦਿੱਤੀਆਂ ਜਾ ਰਹੀਆਂ ਹਨ, ਪਰ ਮੈਂ ਵੀ ਨਹੀਂ ਸੁਧਰ ਰਿਹਾ।”
ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਅਤੇ ਉਨ੍ਹਾਂ ਵਿਰੁੱਧ ਹੁੰਦੀ ਹਿੰਸਾ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਤਾਕਤ 70 ਕਰੋੜ ਔਰਤਾਂ ਹਨ, ਪਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਮਨੂਸਮ੍ਰਿਤੀ ਦੇ ਉਸ ਨਿਯਮ ਦੀ ਨਿਖੇਧੀ ਕੀਤੀ ਜਿਸ ਵਿੱਚ ਔਰਤ ਨੂੰ ਹਰ ਉਮਰ ਵਿੱਚ ਮਰਦਾਂ ਦੇ ਅਧੀਨ ਰੱਖਣ ਦੀ ਗੱਲ ਕਹੀ ਗਈ ਹੈ। ਰਾਹੁਲ ਨੇ ਇਸ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਔਰਤਾਂ ਦੀ ਆਪਣੀ ਵੱਖਰੀ ਪਛਾਣ ਹੈ ਅਤੇ ਉਹ ਪਿਤਾ, ਪਤੀ ਜਾਂ ਪੁੱਤਰ ਦੇ ਅਧੀਨ ਨਹੀਂ ਹਨ। ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦਾਅਵਾ ਕੀਤਾ ਕਿ ਲਗਭਗ 80 ਫੀਸਦੀ ਔਰਤਾਂ ਕਿਸੇ ਨਾ ਕਿਸੇ ਰੂਪ ਵਿੱਚ ਉਤਪੀੜਨ ਦਾ ਸਾਹਮਣਾ ਕਰਦੀਆਂ ਹਨ।
ਇਸੇ ਦੌਰਾਨ ਆਦਿਵਾਸੀ ਭਾਈਚਾਰੇ ਦੀ ਇੱਕ ਵਿਦਿਆਰਥਣ ਨੇ ਹੋਸਟਲਾਂ ਦੀ ਮਾੜੀ ਹਾਲਤ, ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ। ਇਸ ’ਤੇ ਤੁਰੰਤ ਹੁੰਗਾਰਾ ਭਰਦਿਆਂ ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦਿੱਤਾ ਅਤੇ ਕਿਹਾ, “ਮੈਨੂੰ ਉੱਥੇ ਬੁਲਾਓ, ਮੈਂ ਆ ਕੇ ਤੁਹਾਡੇ ਨਾਲ ਧਰਨੇ ’ਤੇ ਬੈਠਾਂਗਾ।” ਦੂਜੇ ਪਾਸੇ, ਸ਼ਿਵ ਸੈਨਾ (UBT) ਦੇ ਨੇਤਾ ਸੰਜੇ ਰਾਉਤ ਨੇ ਦੋਸ਼ ਲਾਇਆ ਕਿ ਭਾਜਪਾ ਰਾਹੁਲ ਗਾਂਧੀ ਤੋਂ ਡਰੀ ਹੋਈ ਹੈ, ਜਿਸ ਕਰਕੇ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਲਈ 30 ਤੋਂ ਵੱਧ ਸ਼ਰਤਾਂ ਆਇਦ ਕੀਤੀਆਂ ਸਨ।

