ਘਰੇਲੂ ਕਲੇਸ਼ ਦੌਰਾਨ ਪਤੀ ਨੇ ਕੱਟਿਆ ਪਤਨੀ ਦਾ ਨੱਕ, ਪੁਲੀਸ ਵੱਲੋਂ ਜਾਂਚ ਸ਼ੁਰੂ
ਪਤੀ ਪਤਨੀ ਦੇ ਘਰੇਲੂ ਝਗੜੇ ਸਬੰਧੀ ਇੱਕ ਨਵੇਕਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਦੋਸ਼ ਲਾਇਆ ਕਿ ਪਤੀ ਨੇ ਉਸਦਾ ਨੱਕ ਕੱਟ ਕੇ ਨਾਲੀ ਵਿੱਚ ਸੁੱਟ ਦਿੱਤਾ। ਹਰਦੋਈ ਜ਼ਿਲ੍ਹੇ ਦੇ ਸਾਂਡੀ ਥਾਨਾ ਖੇਤਰ ਦੇ ਮੁਨਸ਼ੀਗੰਜ ਮੁਹੱਲੇ ਵਿੱਚ ਵਾਪਰੀ ਘਟਨਾ...
ਪਤੀ ਪਤਨੀ ਦੇ ਘਰੇਲੂ ਝਗੜੇ ਸਬੰਧੀ ਇੱਕ ਨਵੇਕਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਦੋਸ਼ ਲਾਇਆ ਕਿ ਪਤੀ ਨੇ ਉਸਦਾ ਨੱਕ ਕੱਟ ਕੇ ਨਾਲੀ ਵਿੱਚ ਸੁੱਟ ਦਿੱਤਾ। ਹਰਦੋਈ ਜ਼ਿਲ੍ਹੇ ਦੇ ਸਾਂਡੀ ਥਾਨਾ ਖੇਤਰ ਦੇ ਮੁਨਸ਼ੀਗੰਜ ਮੁਹੱਲੇ ਵਿੱਚ ਵਾਪਰੀ ਘਟਨਾ ਸਬੰਧੀ ਮਾਮਲਾ ਪੁਲੀਸ ਕੋਲ ਪੁੱਜਿਆ ਹੈ।
ਪੁਲੀਸ ਮੁਤਾਬਕ ਜ਼ਖਮੀ ਮਹਿਲਾ ਨੂੰ ਸਾਂਡੀ ਸਥਿਤ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਭੇਜਿਆ ਗਿਆ, ਜਿੱਥੋਂ ਉਸ ਨੂੰ ਹਰਦੋਈ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਪਤੀ ਨੇ ਉਸ ਦੇ ਸਿਰ ’ਤੇ ਹਮਲਾ ਕੀਤਾ ਅਤੇ ਚਾਕੂ ਨਾਲ ਉਸ ਦੀ ਨੱਕ ਕੱਟ ਕੇ ਨਾਲੀ ਵਿੱਚ ਸੁੱਟ ਦਿੱਤੀ। ਮਹਿਲਾ ਨੇ ਦੋਸ਼ ਲਗਾਇਆ ਕਿ ਘਟਨਾ ਦੇ ਸਮੇਂ ਉਸ ਦੀ ਸੱਸ ਅਤੇ ਸਹੁਰੇ ਨੇ ਉਸ ਦੇ ਹੱਥ ਫੜੇ ਹੋਏ ਸਨ।
ਸਾਂਡੀ ਥਾਣਾ ਇੰਚਾਰਜ (ਐੱਸ.ਐੱਚ.ਓ.) ਪੁਸ਼ਪਰਾਜ ਨੇ ਦੱਸਿਆ ਕਿ ਮਹਿਲਾ ਕਰੀਬ ਤਿੰਨ ਮਹੀਨੇ ਪਹਿਲਾਂ ਕਿਸੇ ਨਾਲ ਚਲੀ ਗਈ ਸੀ ਅਤੇ ਵੀਰਵਾਰ ਨੂੰ ਦੁਬਾਰਾ ਵਾਪਸ ਆਉਣ ’ਤੇ ਪਤੀ-ਪਤਨੀ ਵਿਚਕਾਰ ਵਿਵਾਦ ਹੋ ਗਿਆ। ਥਾਣਾ ਇੰਚਾਰਜ ਅਨੁਸਾਰ, ਵਿਵਾਦ ਦੌਰਾਨ ਪਤੀ ਨੇ ਮਾਰਕੁੱਟ ਕਰਦਿਆਂ ਪਤਨੀ ਦੀ ਨੱਕ ਦੰਦਾਂ ਨਾਲ ਕੱਟ ਦਿੱਤੀ।
ਉਨ੍ਹਾਂ ਦੱਸਿਆ ਕਿ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਦੋਸ਼ੀ ਪਤੀ ਦੀਪਕ ਨੂੰ ਹਿਰਾਸਤ ਵਿੱਚ ਲੈ ਕੇ ਸ਼ਾਂਤੀ ਭੰਗ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ।
ਉੱਥੇ ਹੀ ਸਹੁਰੇ ਪੱਖ ਨੇ ਮਹਿਲਾ ’ਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਦੀ ਸੱਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਬਹੂ ਸਾਧਨਾ (27) ਢਾਈ ਮਹੀਨੇ ਪਹਿਲਾਂ ਮੁਹੱਲੇ ਦੇ ਹੀ ਇੱਕ ਨੌਜਵਾਨ ਨਾਲ ਚਲੀ ਗਈ ਸੀ। ਉਸ ਸਮੇਂ ਮਾਮਲਾ ਪੁਲੀਸ ਤੱਕ ਪਹੁੰਚਿਆ ਸੀ ਅਤੇ ਪੁਲੀਸ ਦੇ ਸਾਹਮਣੇ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਸੀ, ਜਿਸ ਤੋਂ ਬਾਅਦ ਸਾਧਨਾ ਉਸ ਨੌਜਵਾਨ ਨਾਲ ਚਲੀ ਗਈ ਸੀ।
ਸੱਸ ਨੇ ਦੱਸਿਆ ਕਿ ਅਚਾਨਕ ਪਰਤ ਕੇ ਸਾਧਨਾ ਬੱਚਿਆਂ ਨੂੰ ਆਪਣੇ ਨਾਲ ਲੈ ਜਾਣ ਲੱਗੀ। ਇਸੇ ਨੂੰ ਲੈ ਕੇ ਵਿਵਾਦ ਹੋਇਆ ਅਤੇ ਸਾਧਨਾ ਨੇ ਪਤੀ ਦੇ ਨਿੱਜੀ ਅੰਗ ਨੂੰ ਦੰਦਾਂ ਨਾਲ ਕੱਟ ਦਿੱਤਾ ਅਤੇ ਬਾਅਦ ਵਿੱਚ ਖੁਦ ਆਪਣਾ ਸਿਰ ਜ਼ਮੀਨ ’ਤੇ ਮਾਰ ਕੇ ਜ਼ਖਮੀ ਹੋ ਗਈ।
ਸਾਧਨਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਮੁਨਸ਼ੀਗੰਜ ਨਿਵਾਸੀ ਦੀਪਕ ਨਾਲ ਹੋਇਆ ਸੀ, ਜੋ ਕਿ ਪੇਸ਼ੇ ਤੋਂ ਵਾਹਨ ਚਾਲਕ ਹੈ। ਜੋੜੇ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਦੀ ਉਮਰ ਅੱਠ, ਛੇ ਅਤੇ ਤਿੰਨ ਸਾਲ ਹੈ। ਪੁਲੀਸ ਅਨੁਸਾਰ ਮਹਿਲਾ ਵੱਲੋਂ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ, ਜਦੋਂ ਕਿ ਸੱਸ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

