Gurugram hit-and-run: ਬੈਂਸਲਾ ਨੇ ਹਿੱਟ-ਐਂਡ-ਰਨ ਤੋਂ ਪਹਿਲਾਂ ਮਹਿਲਾ ਬਾਈਕਰ ’ਤੇ ਅਸ਼ਲੀਲ ਟਿੱਪਣੀਆਂ ਕੀਤੀਆਂ: ਗੁਰੂਗ੍ਰਾਮ ਪੁਲੀਸ
ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਤੇ ਜਾਂਚ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ: ਅਧਿਕਾਰੀ
ਮੰਗਲਵਾਰ ਨੂੰ ਰਾਜਸਥਾਨ ਦੇ ਦੌਸਾ ਨੇੜੇ ਗ੍ਰਿਫ਼ਤਾਰ ਕੀਤੇ ਗਏ ਕਲਿਆਣ ਬੈਂਸਲਾ ਨੇ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਪਹਿਲਾਂ ਮਹਿਲਾ ਬਾਈਕਰ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਇਹ ਜਾਣਕਾਰੀ ਪੁਲੀਸ ਨੇ ਸਾਂਝੀ ਕਰਦਿਆਂ ਦੱਸਿਆ ਕਿ ਬਾਈਕਰ ਕਾਰ ਹਾਦਸੇ ਦੌਰਾਨ ਗੁਰੂਗ੍ਰਾਮ ਦੀ ਸੜਕ 'ਤੇ ਮੀਟਰਾਂ ਤੱਕ ਘਸੀਟਦੀ ਚਲੀ ਗਈ।
ਅਪ੍ਰੀਲੀਆ ਆਰ.ਐਸ. 457 (Aprilia RS 457) ਚਲਾ ਰਹੀ ਬਾਈਕਰ ਨੂੰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਮਾਰੂਤੀ ਸੁਜ਼ੂਕੀ ਸਿਆਜ਼ ਨਾਲ ਕਥਿਤ ਤੌਰ 'ਤੇ ਟੱਕਰ ਮਾਰਨ ਦੇ ਦੋ ਦਿਨ ਬਾਅਦ ਬੈਂਸਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਗੁਰੂਗ੍ਰਾਮ ਦੇ ਡੀ.ਸੀ.ਪੀ. (ਪੂਰਬ) ਸੰਦੀਪ ਕੁਮਾਰ ਨੇ ਕਿਹਾ ਕਿ ਪੀੜਤਾ ਨੇ ਦੱਸਿਆ ਹੈ ਕਿ ਘਟਨਾ ਤੋਂ ਪਹਿਲਾਂ ਬੈਂਸਲਾ ਨੇ ਉਸ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ।
ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਤੇ ਜਾਂਚ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਡੀ.ਸੀ.ਪੀ. ਨੇ ਕਿਹਾ ਕਿ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੁਰੰਤ ਬਾਅਦ ਪੁਲੀਸ ਨੇ ਕੈਮਰੇ ਵਿੱਚ ਕੈਦ ਡਰਾਈਵਰ ਦੀ ਧੁੰਦਲੀ ਤਸਵੀਰ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਸ਼ਿਵਾਨੀ ਚੌਹਾਨ, ਜੋ ਆਪਣੀ ਪਛਾਣ 'ਸੀਆ' ( rebelwheels_sia_) ਵਜੋਂ ਕਰਵਾਉਂਦੀ ਹੈ, ਮੋਟਰਸਾਈਕਲ ਚਲਾ ਰਹੀ ਸੀ।
ਕੁਮਾਰ ਨੇ ਕਿਹਾ, ''ਸਾਨੂੰ ਪਤਾ ਲੱਗਾ ਕਿ ਦੋਸ਼ੀ ਪਲਵਲ ਦਾ ਰਹਿਣ ਵਾਲਾ ਸੀ। ਤਿੰਨ ਪੁਲੀਸ ਟੀਮਾਂ ਬਣਾਈਆਂ ਗਈਆਂ ਸਨ ਅਤੇ ਉਸ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਦੌਸਾ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇੱਕ ਹੋਰ ਵਿਅਕਤੀ ਜੋ ਘਟਨਾ ਦੇ ਸਮੇਂ ਉਸ ਦੇ ਨਾਲ ਸੀ, ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਅਸੀਂ ਹੋਰ ਵੇਰਵੇ ਦੇਵਾਂਗੇ।"
ਉਨ੍ਹਾਂ ਕਿਹਾ ਕਿ ਜਿਸ ਕਾਰ ਨੂੰ ਬੈਂਸਲਾ ਚਲਾ ਰਿਹਾ ਸੀ, ਉਹ ਉਸ ਦੇ ਇੱਕ ਦੋਸਤ ਦੀ ਸੀ। ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਗੁਰੂਗ੍ਰਾਮ ਪੁਲੀਸ ਨੇ ਸੈਕਟਰ-56 ਪੁਲੀਸ ਸਟੇਸ਼ਨ ਵਿਖੇ ਕੇਸ ਦਰਜ ਕਰ ਲਿਆ ਹੈ।
ਏ.ਸੀ.ਪੀ. (ਹੈੱਡਕੁਆਰਟਰ) ਅਭਿਲਾਸ਼ ਜੋਸ਼ੀ ਅਨੁਸਾਰ, ਐੱਫ.ਆਈ.ਆਰ. ਅਸਲ ਵਿੱਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 281 (ਲਾਪਰਵਾਹੀ ਨਾਲ ਡਰਾਈਵਿੰਗ) ਅਤੇ ਧਾਰਾ 125 (ਸੱਟ ਪਹੁੰਚਾਉਣਾ) ਤਹਿਤ ਡਰਾਈਵਰ ਵਿਰੁੱਧ ਦਰਜ ਕੀਤੀ ਗਈ ਸੀ। ਬੈਂਸਲਾ ਨੇ ਦਾਅਵਾ ਕੀਤਾ ਹੈ ਕਿ ਇਹ ਮਹਿਜ਼ ਇੱਕ ਹਾਦਸਾ ਸੀ।
ਇੱਕ ਵੀਡੀਓ ਵਿੱਚ, ਚੌਹਾਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਜੇ ਅਜਿਹਾ ਸੀ, ਤਾਂ ਉਸ ਦੇ ਟੱਕਰ ਵੱਜਣ ਅਤੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਉਹ ਮੌਕੇ 'ਤੇ ਕਿਉਂ ਨਹੀਂ ਰੁਕਿਆ।
ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਇੱਕ ਔਰਤ ਹੈ ਅਤੇ ਇਸ ਘਟਨਾ ਵਿੱਚ ਉਸਦੀ ਮੌਤ ਹੋ ਸਕਦੀ ਸੀ ਪਰ ਉਸ ਨੇ ਜੋ ਸੁਰੱਖਿਆ ਉਪਕਰਣ ਪਹਿਨੇ ਹੋਏ ਸਨ, ਜਿਸ ਕਾਰਨ ਉਸਦੀ ਜਾਨ ਬਚ ਗਈ। ਪੁਲੀਸ ਨੇ ਦੱਸਿਆ ਕਿ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਟਿਕਰੀ ਗੁਰਜਰ ਪਿੰਡ ਦਾ 32 ਸਾਲਾ ਨਿਵਾਸੀ ਬੈਂਸਲਾ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਉਸਦੇ ਦੋ ਬੱਚੇ ਹਨ।

